ਸਿੱਖਿਆ ਅਤੇ ਤੁਹਾਡੇ ਅਧਿਆਤਮਿਕ ਟੀਚੇ
1 ਜੇਕਰ ਤੁਸੀਂ ਛੋਟੇ ਹੁੰਦਿਆਂ ਹੀ ਚੰਗੀ ਮੁਢਲੀ ਸਿੱਖਿਆ ਲੈਂਦੇ ਹੋ, ਤਾਂ ਇਸ ਨਾਲ ਤੁਹਾਨੂੰ ਚੰਗੇ ਤਰੀਕੇ ਨਾਲ ਪੜ੍ਹਨਾ-ਲਿਖਣਾ ਆ ਸਕਦਾ ਹੈ ਅਤੇ ਤੁਹਾਨੂੰ ਭੂਗੋਲ, ਇਤਿਹਾਸ, ਗਣਿਤ ਤੇ ਸਾਇੰਸ ਦੀ ਆਮ ਜਾਣਕਾਰੀ ਵੀ ਪ੍ਰਾਪਤ ਹੋ ਜਾਵੇਗੀ। ਸਿੱਖਿਆ ਲੈਂਦੇ ਸਮੇਂ, ਤੁਸੀਂ ਚੰਗੇ ਤਰੀਕੇ ਨਾਲ ਸੋਚਣਾ, ਗੱਲਾਂ ਨੂੰ ਜਾਂਚਣਾ, ਸਮੱਸਿਆਵਾਂ ਨੂੰ ਸੁਲਝਾਉਣਾ ਅਤੇ ਸਿਰਜਣਾਤਮਕ ਵਿਚਾਰ ਪੇਸ਼ ਕਰਨਾ ਸਿੱਖ ਸਕਦੇ ਹੋ। ਅਜਿਹੀ ਸਕੂਲੀ ਪੜ੍ਹਾਈ ਪੂਰੀ ਜ਼ਿੰਦਗੀ ਤੁਹਾਡੇ ਕੰਮ ਆਵੇਗੀ। ਤੁਹਾਡੀ ਪੜ੍ਹਾਈ ਦਾ ਤੁਹਾਡੇ ਅਧਿਆਤਮਿਕ ਟੀਚਿਆਂ ਦੇ ਨਾਲ ਕੀ ਸੰਬੰਧ ਹੋ ਸਕਦਾ ਹੈ ਅਤੇ ਇਹ “ਬੁੱਧੀ ਅਤੇ ਸੂਝ” ਹਾਸਲ ਕਰਨ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?—ਕਹਾ. 3:21, 22, ਪਵਿੱਤਰ ਬਾਈਬਲ ਨਵਾਂ ਅਨੁਵਾਦ।
2 ਹੋਰ ਜ਼ਿਆਦਾ ਪ੍ਰਭਾਵਕਾਰੀ ਤਰੀਕੇ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦੀ ਤਿਆਰੀ ਕਰੋ: ਸਕੂਲ ਵਿਚ ਪੜ੍ਹਦੇ ਵੇਲੇ ਕਲਾਸ ਵਿਚ ਧਿਆਨ ਨਾਲ ਸੁਣੋ ਅਤੇ ਆਪਣਾ ਹੋਮਵਰਕ ਚੰਗੀ ਤਰ੍ਹਾਂ ਕਰੋ। ਜੇਕਰ ਤੁਸੀਂ ਚੰਗੀ ਤਰ੍ਹਾਂ ਪੜ੍ਹਨ ਵਿਚ ਮਾਹਰ ਹੋ ਜਾਂਦੇ ਹੋ ਅਤੇ ਆਪਣੇ ਵਿਚ ਪੜ੍ਹਨ ਦੀਆਂ ਚੰਗੀਆਂ ਆਦਤਾਂ ਬਣਾ ਲੈਂਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਹੋਰ ਜ਼ਿਆਦਾ ਆਸਾਨੀ ਨਾਲ ਜਾਂਚ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਰੱਖ ਸਕਦੇ ਹੋ। (ਰਸੂ. 17:11) ਸਰਬਪੱਖੀ ਜਾਣਕਾਰੀ ਸੇਵਕਾਈ ਵਿਚ ਮਿਲਣ ਵਾਲੇ ਵੱਖੋ-ਵੱਖਰੇ ਪਿਛੋਕੜ ਦੇ, ਵੱਖੋ-ਵੱਖਰੀ ਦਿਲਚਸਪੀ ਦੇ ਅਤੇ ਵੱਖੋ-ਵੱਖਰੇ ਵਿਸ਼ਵਾਸਾਂ ਵਾਲੇ ਲੋਕਾਂ ਨਾਲ ਗੱਲ-ਬਾਤ ਕਰਨ ਵਿਚ ਤੁਹਾਡੀ ਮਦਦ ਕਰੇਗੀ। ਜੋ ਪੜ੍ਹਾਈ ਤੁਸੀਂ ਸਕੂਲ ਵਿਚ ਕਰਦੇ ਹੋ, ਉਹ ਤੁਹਾਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਸੰਭਾਲਣ ਵਿਚ ਮਦਦ ਕਰੇਗੀ।—2 ਤਿਮੋਥਿਉਸ 2:21; 4:11 ਦੀ ਤੁਲਨਾ ਕਰੋ।
3 ਆਪਣਾ ਗੁਜ਼ਾਰਾ ਕਰਨਾ ਸਿੱਖੋ: ਮਿਹਨਤ ਨਾਲ ਕੀਤੀ ਗਈ ਪੜ੍ਹਾਈ ਤੁਹਾਨੂੰ ਅਜਿਹੇ ਹੁਨਰ ਸਿੱਖਣ ਵਿਚ ਵੀ ਮਦਦ ਕਰੇਗੀ ਜਿਸ ਨਾਲ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਆਪਣੀ ਰੋਜ਼ੀ-ਰੋਟੀ ਕਮਾ ਸਕੋਗੇ। (1 ਤਿਮੋਥਿਉਸ 5:8 ਦੀ ਤੁਲਨਾ ਕਰੋ।) ਆਪਣੀ ਪੜ੍ਹਾਈ ਦੇ ਵਿਸ਼ਿਆਂ ਨੂੰ ਧਿਆਨ ਨਾਲ ਚੁਣੋ। ਅਜਿਹੇ ਵਿਸ਼ੇ ਚੁਣਨ ਦੀ ਬਜਾਇ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਨੌਕਰੀ ਘੱਟ-ਵੱਧ ਹੀ ਮਿਲਦੀ ਹੈ, ਕੋਈ ਅਜਿਹਾ ਕਿੱਤਾ ਜਾਂ ਹੁਨਰ ਸਿੱਖਣ ਬਾਰੇ ਸੋਚੋ ਜਿਸ ਨਾਲ ਤੁਹਾਨੂੰ ਕਿਤੇ ਵੀ ਚੰਗੀ ਨੌਕਰੀ ਮਿਲ ਸਕਦੀ ਹੈ। (ਕਹਾ. 22:29) ਜੇਕਰ ਤੁਸੀਂ ਉੱਥੇ ਸੇਵਾ ਕਰਨ ਦਾ ਫ਼ੈਸਲਾ ਕਰਦੇ ਹੋ ਜਿੱਥੇ ਪ੍ਰਚਾਰਕਾਂ ਦੀ ਲੋੜ ਜ਼ਿਆਦਾ ਹੈ ਤਾਂ ਅਜਿਹੀ ਸਿਖਲਾਈ ਤੁਹਾਨੂੰ ਉੱਥੇ ਆਪਣਾ ਗੁਜ਼ਾਰਾ ਕਰਨ ਦੇ ਯੋਗ ਬਣਾਏਗੀ।—ਰਸੂਲਾਂ ਦੇ ਕਰਤੱਬ 18:1-4 ਦੀ ਤੁਲਨਾ ਕਰੋ।
4 ਸਕੂਲ ਦੀ ਚੰਗੀ ਮੁਢਲੀ ਸਿੱਖਿਆ ਸੇਵਕਾਈ ਨੂੰ ਵਧਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਯਹੋਵਾਹ ਦੀ ਸੇਵਾ ਵਿਚ ਅੱਗੇ ਵਧਦੇ ਹੋਏ ਆਪਣਾ ਗੁਜ਼ਾਰਾ ਕਰਨ ਲਈ ਲੋੜੀਂਦੇ ਹੁਨਰ ਸਿੱਖਣ ਲਈ ਸਖ਼ਤ ਮਿਹਨਤ ਕਰੋ। ਇਸ ਤਰ੍ਹਾਂ ਤੁਹਾਡੀ ਸਕੂਲ ਦੀ ਪੜ੍ਹਾਈ ਤੁਹਾਨੂੰ ਅਧਿਆਤਮਿਕ ਟੀਚਿਆਂ ਤਕ ਪਹੁੰਚਣ ਵਿਚ ਮਦਦ ਦੇਵੇਗੀ।