ਪਰਮੇਸ਼ੁਰ ਦੇ ਸਾਰੇ ਅਗੰਮ ਵਾਕ ਸੱਚ ਸਾਬਤ ਹੋਣਗੇ!
1 ਯਹੋਵਾਹ ਦੇ ਗਵਾਹ ਹਮੇਸ਼ਾ ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਦਿਲਚਸਪੀ ਲੈਂਦੇ ਆ ਰਹੇ ਹਨ। ਇਸ ਕਰਕੇ ਪਿਛਲੇ ਸਾਲ ਸਾਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਸੀ ਕਿ ਜ਼ਿਲ੍ਹਾ ਮਹਾਂ-ਸੰਮੇਲਨ ਦਾ ਵਿਸ਼ਾ “ਪਰਮੇਸ਼ੁਰ ਦਾ ਅਗੰਮ ਵਾਕ” ਹੋਵੇਗਾ। ਅਸੀਂ ਇਹ ਜਾਣਨ ਲਈ ਉਤਸੁਕ ਸਾਂ ਕਿ ਯਹੋਵਾਹ ਨੇ “ਵੇਲੇ ਸਿਰ ਰਸਤ” ਵਜੋਂ ਸਾਨੂੰ ਕਿਹੜੀ ਸਿੱਖਿਆ ਦੇਣੀ ਸੀ। (ਮੱਤੀ 24:45) ਉਸ ਨੇ ਸਾਨੂੰ ਨਿਰਾਸ਼ ਨਹੀਂ ਕੀਤਾ।
2 ਮਹਾਂ-ਸੰਮੇਲਨ ਦੀਆਂ ਵਿਸ਼ੇਸ਼ਤਾਵਾਂ: ਸ਼ੁੱਕਰਵਾਰ ਦੇ ਮੂਲ-ਭਾਵ ਭਾਸ਼ਣ “ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ” ਨੇ ਰੂਪਾਂਤਰਣ ਦੇ ਬਿਰਤਾਂਤ ਨੂੰ ਚੰਗੀ ਤਰ੍ਹਾਂ ਸਮਝਾਇਆ। (ਮੱਤੀ 17:1-9) ਇਸ ਨੇ ਜ਼ਿਆਦਾ ਜ਼ੋਰ ਇਸ ਗੱਲ ਉੱਤੇ ਦਿੱਤਾ ਕਿ ਅਸੀਂ ਹੁਣ ਬਹੁਤ ਹੀ ਵਧੀਆ ਸਮੇਂ ਦੀ ਦਹਿਲੀਜ਼ ਤੇ ਖੜ੍ਹੇ ਹਾਂ, ਕਿਉਂਕਿ ਅਸੀਂ ਅੰਤ ਦੇ ਬਹੁਤ, ਬਹੁਤ ਨੇੜੇ ਆ ਪੁੱਜੇ ਹਾਂ ਅਤੇ ਨਵੀਂ ਦੁਨੀਆਂ ਨਜ਼ਦੀਕ ਹੈ! ਸਾਨੂੰ ਪਰਮੇਸ਼ੁਰ ਦੇ ਬਚਨ ਉੱਤੇ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਤਰ੍ਹਾਂ ਕਰਨ ਦਾ ਇਕ ਅਹਿਮ ਤਰੀਕਾ ਹੈ ਇਸ ਨੂੰ ਬਾਕਾਇਦਾ ਪੜ੍ਹਨਾ। ਸਾਡੇ ਬਾਈਬਲ ਅਧਿਐਨ ਨੂੰ ਹੋਰ ਜ਼ਿਆਦਾ ਫ਼ਾਇਦੇਮੰਦ ਅਤੇ ਆਨੰਦਦਾਇਕ ਬਣਾਉਣ ਲਈ ਭਾਸ਼ਣ-ਲੜੀ “ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਵਿਚ ਆਨੰਦ ਪ੍ਰਾਪਤ ਕਰੋ” ਨੇ ਵਿਵਹਾਰਕ ਸੁਝਾਅ ਦਿੱਤੇ।
3 ਸਿਨੱਚਰਵਾਰ ਦੁਪਹਿਰ ਨੂੰ ਅਸੀਂ ਕੁਝ ਕਾਰਨਾਂ ਉੱਤੇ ਵਿਚਾਰ ਕੀਤਾ ਕਿ ਸਾਨੂੰ ਕਿਉਂ ਇਹ ਮੰਨਣਾ ਚਾਹੀਦਾ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ। ਕੀ ਤੁਸੀਂ ਇਨ੍ਹਾਂ ਸਾਰੇ ਕਾਰਨਾਂ ਨੂੰ ਯਾਦ ਕਰ ਸਕਦੇ ਹੋ? ਐਤਵਾਰ ਸਵੇਰੇ ਜਦੋਂ ਹਬੱਕੂਕ ਦੀ ਭਵਿੱਖਬਾਣੀ ਤੇ ਵਿਚਾਰ ਕੀਤਾ ਗਿਆ, ਤਾਂ ਅਸੀਂ ਜਾਣਿਆ ਕਿ ਸਾਡੇ ਦਿਨ ਉਸ ਦੇ ਦਿਨਾਂ ਨਾਲ ਮਿਲਦੇ-ਜੁਲਦੇ ਹਨ। ਅਤੇ ਜਲਦੀ ਹੀ ਵੱਡੀਆਂ ਘਟਨਾਵਾਂ ਵਾਪਰਨ ਵਾਲੀਆਂ ਹਨ ਜਦੋਂ ਯਹੋਵਾਹ ਦੁਸ਼ਟ ਲੋਕਾਂ ਨੂੰ ਨਾਸ਼ ਕਰੇਗਾ ਅਤੇ ਧਰਮੀ ਲੋਕਾਂ ਨੂੰ ਬਚਾਏਗਾ। ਕੀ ਤੁਸੀਂ ਬਾਈਬਲ ਡਰਾਮੇ ਵਿਚ ਯਾਕੂਬ ਅਤੇ ਏਸਾਓ ਬਾਰੇ ਦੱਸੀ ਗਈ ਗੱਲ ਨੂੰ ਸਮਝਿਆ? ਸਾਨੂੰ ਯਹੋਵਾਹ ਵੱਲੋਂ ਬਰਕਤਾਂ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਦਾਸੀਨਤਾ ਤੇ ਲਾਪਰਵਾਹੀ ਵਾਲੇ ਰਵੱਈਏ ਦਾ ਵਿਰੋਧ ਕਰਨਾ ਚਾਹੀਦਾ ਹੈ।
4 ਇਕ ਨਵੀਂ ਦਿਲਚਸਪ ਕਿਤਾਬ: ਅਸੀਂ ਨਵੀਂ ਕਿਤਾਬ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਹਾਸਲ ਕਰ ਕੇ ਕਿੰਨੇ ਖ਼ੁਸ਼ ਹੋਏ। ਬੇਸ਼ੱਕ ਤੁਸੀਂ ਪਹਿਲਾਂ ਹੀ ਇਸ ਦਿਲਚਸਪ ਕਿਤਾਬ ਨੂੰ ਪੜ੍ਹ ਰਹੇ ਹੋ। ਇਸ ਕਿਤਾਬ ਨੂੰ ਰਿਲੀਜ਼ ਕਰਦੇ ਹੋਏ ਭਾਸ਼ਣਕਾਰ ਨੇ ਕਿਹਾ ਸੀ: “ਕੁਝ ਥੋੜ੍ਹੀਆਂ ਜਿਹੀਆਂ ਗੱਲਾਂ ਤੋਂ ਇਲਾਵਾ, ਦਾਨੀਏਲ ਦੀ ਪੋਥੀ ਦੀਆਂ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ।” ਕੀ ਇਹ ਸਾਡੇ ਸਮੇਂ ਦੀ ਅਹਿਮੀਅਤ ਉੱਤੇ ਜ਼ੋਰ ਨਹੀਂ ਦਿੰਦਾ?
5 ਮਹਾਂ-ਸੰਮੇਲਨ ਦੇ ਪ੍ਰੋਗ੍ਰਾਮ ਨੇ ਸਾਡੇ ਇਸ ਵਿਸ਼ਵਾਸ ਨੂੰ ਬਹੁਤ ਮਜ਼ਬੂਤ ਕੀਤਾ ਕਿ ਪਰਮੇਸ਼ੁਰ ਦੇ ਜੋ ਵਾਅਦੇ ਅਜੇ ਪੂਰੇ ਨਹੀਂ ਹੋਏ ਹਨ ਉਹ ਅੱਗੇ ਜਾ ਕੇ ਜ਼ਰੂਰ ਸੱਚ ਸਾਬਤ ਹੋਣਗੇ। ਸਾਨੂੰ ਪਰਮੇਸ਼ੁਰ ਦਾ ਅਗੰਮ ਵਾਕ ਦੂਜਿਆਂ ਨੂੰ ਲਗਾਤਾਰ ਦੱਸਣ ਲਈ ਉਤਸ਼ਾਹਿਤ ਕੀਤਾ ਗਿਆ ਹੈ!