ਹਰ ਦਿਨ ਯਹੋਵਾਹ ਦੇ ਬਚਨ ਵੱਲ ਧਿਆਨ ਦਿਓ
1 ਹਰ ਦਿਨ ਸਾਡੀ ਨਿਹਚਾ ਨੂੰ ਨਵੀਆਂ-ਨਵੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸ਼ਾਇਦ ਤੁਹਾਡੀ ਜਾਣ-ਪਛਾਣ ਵਾਲੇ ਤੁਹਾਡੇ ਉੱਤੇ ਡੇਟਿੰਗ ਕਰਨ ਦਾ ਦਬਾਅ ਪਾਉਣ। ਤੁਹਾਡੇ ਅਧਿਆਪਕ ਚਾਹੁੰਦੇ ਹੋਣ ਕਿ ਤੁਸੀਂ ਪੜ੍ਹਾਈ ਕਰ ਕੇ ਅਜਿਹੀ ਨੌਕਰੀ ਕਰੋ ਜਿਸ ਤੋਂ ਤੁਹਾਨੂੰ ਜ਼ਿਆਦਾ ਪੈਸਾ ਮਿਲ ਸਕੇ ਜਾਂ ਤੁਹਾਡਾ ਮਾਲਕ ਚਾਹੁੰਦਾ ਹੋਵੇ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਘੰਟੇ ਕੰਮ ਕਰੋ। ਹੋ ਸਕਦਾ ਹੈ ਕਿ ਤੁਹਾਡੀ ਸਿਹਤ ਦਿਨ-ਬ-ਦਿਨ ਵਿਗੜ ਰਹੀ ਹੋਵੇ। ਹਾਲਾਂਕਿ ਤੁਹਾਨੂੰ ਅਜਿਹੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਦੇ ਵੀ ਕਰਨਾ ਪੈ ਸਕਦਾ ਹੈ, ਪਰ ਤੁਸੀਂ ਇਕੱਲੇ ਨਹੀਂ ਹੋ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਯਹੋਵਾਹ ਤੁਹਾਨੂੰ ਲੋੜੀਂਦੀ ਬੁੱਧ ਦੇਣ ਲਈ ਤਿਆਰ ਹੈ। ਬੁੱਧ ਹਾਸਲ ਕਰਨ ਦਾ ਇਕ ਤਰੀਕਾ ਹੈ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਦੇ ਪਾਠ ਅਤੇ ਉਸ ਹੇਠ ਦਿੱਤੀਆਂ ਗਈਆਂ ਟਿੱਪਣੀਆਂ ਨੂੰ ਪੜ੍ਹਨਾ ਜਿਸ ਰਾਹੀਂ ਤੁਸੀਂ ਯਹੋਵਾਹ ਦੇ ਬਚਨ ਨੂੰ ਰੋਜ਼ ਪੜ੍ਹ ਸਕਦੇ ਹੋ। ਕੀ ਤੁਸੀਂ ਇਸ ਇੰਤਜ਼ਾਮ ਦਾ ਪੂਰਾ ਫ਼ਾਇਦਾ ਉਠਾਉਂਦੇ ਹੋ?
2 ਮਦਦ ਮੁਹੱਈਆ ਕੀਤੀ ਗਈ ਹੈ: ਯਸਾਯਾਹ 30:20 ਵਿਚ ਯਹੋਵਾਹ ਨੂੰ “ਗੁਰੂ” ਦੱਸਿਆ ਗਿਆ ਹੈ ਅਤੇ ਉਸ ਦੇ ਸੇਵਕ ਉਸ ਕੋਲੋਂ ਮਦਦ ਲੈ ਸਕਦੇ ਹਨ। ਸਾਡੀ ਨਿਹਚਾ ਨੂੰ ਜਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਉਨ੍ਹਾਂ ਨਾਲ ਨਜਿੱਠਣ ਲਈ ਉਹ ਤੁਹਾਨੂੰ ਲੋੜੀਂਦੀ ਮਦਦ ਦੇਵੇਗਾ। ਕਿਵੇਂ? ਅਗਲੀ ਆਇਤ ਦੱਸਦੀ ਹੈ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” ਅੱਜ, ਯਹੋਵਾਹ ਆਪਣੀ “ਗੱਲ” ਬਾਈਬਲ ਅਤੇ ‘ਮਾਤਬਰ ਨੌਕਰ’ ਦੇ ਪ੍ਰਕਾਸ਼ਨਾਂ ਦੇ ਜ਼ਰੀਏ ਭੇਜਦਾ ਹੈ। (ਮੱਤੀ 24:45) ਪਹਿਰਾਬੁਰਜ ਦੇ ਪੁਰਾਣੇ ਲੇਖਾਂ ਵਿਚ ਬੁੱਧੀ ਦਾ ਖ਼ਜ਼ਾਨਾ ਪਾਇਆ ਜਾਂਦਾ ਹੈ ਅਤੇ ਇਹ ਲੇਖ ਮਸੀਹੀ ਜ਼ਿੰਦਗੀ ਦੇ ਹਰੇਕ ਪਹਿਲੂ ਉੱਤੇ ਲਾਗੂ ਹੁੰਦੇ ਹਨ। ਜੇ ਤੁਸੀਂ ਬਾਈਬਲ ਦੀ ਜਾਂਚ ਕਰੋ ਵਿਚ ਦੱਸੇ ਗਏ ਲੇਖਾਂ ਨੂੰ ਮੁੜ ਵਿਚਾਰਦੇ ਹੋ, ਤਾਂ ਤੁਸੀਂ ਬਹੁਤ ਸਾਰਾ ਗਿਆਨ ਹਾਸਲ ਕਰ ਸਕਦੇ ਹੋ ਜੋ ਕਿ ਹਰ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ।—ਯਸਾ. 48:17.
3 ਇਸ ਨੂੰ ਹਰ ਦਿਨ ਪੜ੍ਹੋ: ਭਾਵੇਂ ਕਿ ਸਵੇਰ ਦਾ ਵੇਲਾ ਬਹੁਤ ਰੁਝੇਵਿਆਂ ਭਰਿਆ ਹੁੰਦਾ ਸੀ, ਪਰ ਇਕ ਭੈਣ ਦਾ ਮੁੰਡਾ ਜਦੋਂ ਨਾਸ਼ਤਾ ਕਰਦਾ ਹੁੰਦਾ ਸੀ, ਤਾਂ ਉਹ ਪਾਠ ਨੂੰ ਅਤੇ ਉਸ ਹੇਠ ਦਿੱਤੀਆਂ ਗਈਆਂ ਟਿੱਪਣੀਆਂ ਨੂੰ ਮੁੰਡੇ ਦੇ ਨਾਲ ਪੜ੍ਹਦੀ ਸੀ। ਰੋਜ਼ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਭੈਣ ਦਾ ਮੁੰਡਾ ਕੀਤੀ ਗਈ ਗੱਲ-ਬਾਤ ਅਤੇ ਪ੍ਰਾਰਥਨਾ ਸੁਣਦਾ ਸੀ। ਇਨ੍ਹਾਂ ਸ਼ਬਦਾਂ ਨੇ ਉਸ ਨੂੰ ਅਨੈਤਿਕਤਾ ਤੋਂ ਪਰੇ ਰਹਿਣ, ਦੇਸ਼-ਭਗਤੀ ਦੇ ਮਾਮਲੇ ਵਿਚ ਸਮਝੌਤਾ ਨਾ ਕਰਨ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦਲੇਰੀ ਨਾਲ ਗਵਾਹੀ ਦੇਣ ਲਈ ਤਾਕਤ ਦਿੱਤੀ। ਹਾਲਾਂਕਿ ਸਕੂਲ ਵਿਚ ਸਿਰਫ਼ ਉਹੀ ਗਵਾਹ ਸੀ, ਪਰ ਫਿਰ ਵੀ ਉਸ ਨੇ ਆਪਣੇ ਆਪ ਨੂੰ ਕਦੀ ਇਕੱਲਾ ਮਹਿਸੂਸ ਨਹੀਂ ਕੀਤਾ।
4 ਨਿਰਦੇਸ਼ਨ ਅਤੇ ਅਗਵਾਈ ਲੈਣ ਲਈ ਹਮੇਸ਼ਾ ਯਹੋਵਾਹ ਅਤੇ ਉਸ ਦੇ ਬਚਨ ਵੱਲ ਦੇਖੋ। ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਉਹ ਤੁਹਾਡੇ ਲਈ ਇਕ ਭਰੋਸੇਮੰਦ ਦੋਸਤ ਦੀ ਤਰ੍ਹਾਂ ਅਸਲੀ ਬਣ ਜਾਵੇਗਾ। ਹਰ ਦਿਨ ਉਸ ਤੋਂ ਮਦਦ ਮੰਗੋ! ਪੂਰੇ ਸੰਸਾਰ ਵਿਚ ਲੱਖਾਂ ਹੀ ਲੋਕ ਪਰਮੇਸ਼ੁਰ ਦੇ ਬਚਨ ਵਿੱਚੋਂ ਰੋਜ਼ ਸਲਾਹ ਲੈਂਦੇ ਹਨ, ਜੇਕਰ ਤੁਸੀਂ ਵੀ ਇੰਜ ਕਰੋਗੇ ਤਾਂ ‘ਤੁਹਾਡੀਆਂ ਅੱਖਾਂ ਆਪਣੇ ਗੁਰੂ ਨੂੰ ਵੇਖ’ ਰਹੀਆਂ ਹੋਣਗੀਆਂ।