ਦੈਨਿਕ ਪਾਠ ਲਈ ਪਰਿਵਾਰ ਦੀ ਸਮਾਂ-ਸਾਰਣੀ
1 ਜਿਹੜੇ ਮਾਪੇ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ ਉਹ ਉਨ੍ਹਾਂ ਨੂੰ ਚੰਗੀ ਖ਼ੁਰਾਕ ਦੇਣ ਲਈ ਹਰ ਰੋਜ਼ ਸਖ਼ਤ ਮਿਹਨਤ ਕਰਦੇ ਹਨ। ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਅਧਿਆਤਮਿਕ ਖ਼ੁਰਾਕ ਦੇਣੀ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। (ਮੱਤੀ 4:4) ਪੌਸ਼ਟਿਕ ਅਧਿਆਤਮਿਕ ਖ਼ੁਰਾਕ ਲਈ ਭੁੱਖ ਪੈਦਾ ਕਰਨ ਅਤੇ ‘ਮੁਕਤੀ ਲਈ ਵਧਦੇ ਜਾਣ’ ਵਿਚ ਬੱਚਿਆਂ ਦੀ ਮਦਦ ਕਰਨ ਦਾ ਇਕ ਤਰੀਕਾ ਹੈ ਪੂਰੇ ਪਰਿਵਾਰ ਦੁਆਰਾ ਮਿਲ ਕੇ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਵਿਚ ਦਿੱਤਾ ਦੈਨਿਕ ਪਾਠ ਅਤੇ ਟਿੱਪਣੀਆਂ ਪੜ੍ਹਨੀਆਂ। (1 ਪਤ. 2:2) ਪਰਿਵਾਰ ਦੀ ਸਮਾਂ-ਸਾਰਣੀ ਵਿਚ ਇਸ ਨੂੰ ਕਿਸ ਸਮੇਂ ਤੇ ਰੱਖਿਆ ਜਾ ਸਕਦਾ ਹੈ?
2 ਖਾਣਾ ਖਾਣ ਸਮੇਂ: ਦੈਨਿਕ ਪਾਠ ਦੀ ਚਰਚਾ ਕਰ ਕੇ ਦਿਨ ਦੀ ਸ਼ੁਰੂਆਤ ਕਰਨ ਨਾਲ ਪਰਿਵਾਰ ਪੂਰਾ ਦਿਨ ਯਹੋਵਾਹ ਨੂੰ ਧਿਆਨ ਵਿਚ ਰੱਖ ਸਕਦਾ ਹੈ। (ਜ਼ਬੂ. 16:8) ਇਕ ਭੈਣ ਦਾ ਮੁੰਡਾ ਜਦੋਂ ਨਾਸ਼ਤਾ ਕਰਦਾ ਹੁੰਦਾ ਸੀ, ਤਾਂ ਭੈਣ ਦੈਨਿਕ ਪਾਠ ਨੂੰ ਅਤੇ ਟਿੱਪਣੀਆਂ ਨੂੰ ਮੁੰਡੇ ਦੇ ਨਾਲ ਪੜ੍ਹਦੀ ਸੀ ਤੇ ਮੁੰਡੇ ਦੇ ਸਕੂਲ ਜਾਣ ਤੋਂ ਪਹਿਲਾਂ ਉਸ ਨਾਲ ਪ੍ਰਾਰਥਨਾ ਕਰਦੀ ਸੀ। ਇਸ ਨਾਲ ਮੁੰਡੇ ਨੂੰ ਅਨੈਤਿਕਤਾ ਤੇ ਦੇਸ਼ਭਗਤੀ ਤੋਂ ਪਰੇ ਰਹਿਣ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦਲੇਰੀ ਨਾਲ ਗਵਾਹੀ ਦੇਣ ਦੀ ਤਾਕਤ ਮਿਲੀ। ਹਾਲਾਂਕਿ ਸਕੂਲ ਵਿਚ ਸਿਰਫ਼ ਉਹੀ ਗਵਾਹ ਸੀ, ਪਰ ਫਿਰ ਵੀ ਉਸ ਨੇ ਆਪਣੇ ਆਪ ਨੂੰ ਕਦੀ ਇਕੱਲਾ ਮਹਿਸੂਸ ਨਹੀਂ ਕੀਤਾ।
3 ਜੇ ਸਵੇਰ ਨੂੰ ਦੈਨਿਕ ਪਾਠ ਦੀ ਚਰਚਾ ਕਰਨੀ ਮੁਨਾਸਬ ਨਹੀਂ ਲੱਗਦੀ, ਤਾਂ ਤੁਸੀਂ ਪੂਰਾ ਪਰਿਵਾਰ ਮਿਲ ਕੇ ਇਸ ਨੂੰ ਦਿਨ ਦੇ ਕਿਸੇ ਹੋਰ ਸਮੇਂ ਤੇ ਕਰ ਸਕਦੇ ਹੋ, ਸ਼ਾਇਦ ਸ਼ਾਮ ਨੂੰ ਖਾਣਾ ਖਾਣ ਵੇਲੇ। ਕੁਝ ਭੈਣ-ਭਰਾ ਖਾਣਾ ਖਾਣ ਵੇਲੇ ਖੇਤਰ ਸੇਵਕਾਈ ਵਿਚ ਹੋਏ ਤਜਰਬਿਆਂ ਅਤੇ ਨਿੱਜੀ ਬਾਈਬਲ ਅਧਿਐਨ ਵਿੱਚੋਂ ਚੰਗੀਆਂ ਲੱਗੀਆਂ ਗੱਲਾਂ ਦੀ ਚਰਚਾ ਵੀ ਕਰਦੇ ਹਨ। ਬਹੁਤ ਸਾਰੇ ਭੈਣ-ਭਰਾ ਯਾਦ ਕਰਦੇ ਹਨ ਕਿ ਸ਼ਾਮ ਨੂੰ ਖਾਣੇ ਵੇਲੇ ਇਹ ਗੱਲਾਂ ਕਰਨ ਵਿਚ ਬਿਤਾਏ ਪਲ ਪਰਿਵਾਰ ਲਈ ਸਭ ਤੋਂ ਜ਼ਿਆਦਾ ਖ਼ੁਸ਼ੀ ਦੇ ਪਲ ਸਨ।
4 ਰਾਤ ਨੂੰ: ਕੁਝ ਪਰਿਵਾਰਾਂ ਨੂੰ ਸੌਣ ਤੋਂ ਪਹਿਲਾਂ ਦੈਨਿਕ ਪਾਠ ਦੀ ਚਰਚਾ ਕਰਨੀ ਮੁਨਾਸਬ ਲੱਗਦੀ ਹੈ। ਇਹ ਸਮਾਂ ਉਨ੍ਹਾਂ ਲਈ ਇਕੱਠੇ ਮਿਲ ਕੇ ਪ੍ਰਾਰਥਨਾ ਕਰਨ ਦਾ ਵਧੀਆ ਮੌਕਾ ਵੀ ਹੈ। ਜਦੋਂ ਬੱਚੇ ਹਰ ਰੋਜ਼ ਤੁਹਾਨੂੰ ਯਹੋਵਾਹ ਬਾਰੇ ਗੱਲ ਕਰਦਿਆਂ ਅਤੇ ਉਸ ਨੂੰ ਪ੍ਰਾਰਥਨਾ ਕਰਦਿਆਂ ਸੁਣਦੇ ਹਨ, ਤਾਂ ਯਹੋਵਾਹ ਉਨ੍ਹਾਂ ਲਈ ਅਸਲੀ ਹਸਤੀ ਬਣ ਜਾਂਦਾ ਹੈ।
5 ਅਸੀਂ ਯਹੋਵਾਹ ਅੱਗੇ ਦੁਆ ਕਰਦੇ ਹਾਂ ਕਿ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਦੀ ਚੰਗੀ ਵਰਤੋਂ ਕਰਦੇ ਹੋਏ ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਸੱਚਾਈ ਬਿਠਾਉਣ ਦੇ ਜੋ ਜਤਨ ਕਰ ਰਹੇ ਹੋ, ਯਹੋਵਾਹ ਉਨ੍ਹਾਂ ਤੇ ਬਰਕਤ ਪਾਵੇ।