ਦੂਜਿਆਂ ਕੋਲੋਂ ਮਦਦ ਮੰਗੋ
1 ਬਾਈਬਲ ਵਿਚ ਦੱਸੇ ਲਫ਼ਜ਼ “ਭੈੜੇ ਸਮੇਂ” ਅੱਜ ਸਾਡੇ ਦਿਨਾਂ ਲਈ ਬਿਲਕੁਲ ਢੁਕਵੇਂ ਹਨ। (2 ਤਿਮੋ. 3:1) ਇਸ ਕਰਕੇ, ਤੁਸੀਂ ਉਦੋਂ ਕੀ ਕਰ ਸਕਦੇ ਹੋ ਜਦੋਂ ਤੁਹਾਨੂੰ ਆਪਣੀ ਅਧਿਆਤਮਿਕਤਾ ਨੂੰ ਚੁਣੌਤੀ ਦੇਣ ਵਾਲੀਆਂ ਮੁਸ਼ਕਲਾਂ ਨਾਲ ਿਨੱਭਣਾ ਬੜਾ ਹੀ ਔਖਾ ਲੱਗਦਾ ਹੈ?
2 ਕੀ ਤੁਸੀਂ ਇਸ ਬਾਰੇ ਕਲੀਸਿਯਾ ਦੇ ਕਿਸੇ ਅਧਿਆਤਮਿਕ ਤੌਰ ਤੇ ਸਿਆਣੇ ਭੈਣ-ਭਰਾ ਨਾਲ ਗੱਲ-ਬਾਤ ਕਰਨ ਨੂੰ ਤਿਆਰ ਹੋ? ਸ਼ਾਇਦ ਤੁਸੀਂ ਇਸ ਕਰਕੇ ਗੱਲ ਕਰਨ ਤੋਂ ਹਿਚਕਿਚਾਉਂਦੇ ਹੋ ਕਿ ਤੁਹਾਨੂੰ ਸ਼ਰਮ ਆਉਂਦੀ ਹੈ ਜਾਂ ਤੁਸੀਂ ਦੂਸਰਿਆਂ ਤੇ ਬੋਝ ਨਹੀਂ ਬਣਨਾ ਚਾਹੁੰਦੇ ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਇਸ ਮਾਮਲੇ ਵਿਚ ਤੁਹਾਡੀ ਮਦਦ ਨਹੀਂ ਕਰ ਸਕਦਾ। ਇਹ ਸੱਚ ਹੈ ਕਿ ਸਾਨੂੰ ਆਪਣੀਆਂ ਨਿੱਜੀ ਜ਼ਿੰਮੇਵਾਰੀਆਂ ਦੀ ਦੇਖ-ਭਾਲ ਕਰਨ ਦੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਜਿਨ੍ਹਾਂ ਗੱਲਾਂ ਦਾ ਸਾਡੀ ਅਧਿਆਤਮਿਕਤਾ ਉੱਤੇ ਅਸਰ ਪੈਂਦਾ ਹੋਵੇ, ਉਨ੍ਹਾਂ ਵਿਚ ਸਾਨੂੰ ਦੂਜਿਆਂ ਕੋਲੋਂ ਬੇਝਿਜਕ ਮਦਦ ਮੰਗਣੀ ਚਾਹੀਦੀ ਹੈ।—ਗਲਾ. 6:2, 5.
3 ਕਿੱਥੋਂ ਸ਼ੁਰੂ ਕਰੀਏ: ਤੁਸੀਂ ਸ਼ਾਇਦ ਆਪਣੇ ਪੁਸਤਕ ਅਧਿਐਨ ਸੰਚਾਲਕ ਕੋਲੋਂ ਮਦਦ ਲੈਣੀ ਚਾਹੋ ਅਤੇ ਉਸ ਨੂੰ ਕਹੋ ਕਿ ਤੁਸੀਂ ਉਸ ਨਾਲ ਖੇਤਰ ਸੇਵਕਾਈ ਵਿਚ ਕੰਮ ਕਰਨਾ ਚਾਹੁੰਦੇ ਹੋ। ਇਹ ਤੁਹਾਨੂੰ ਉਸ ਨੂੰ ਇਹ ਦੱਸਣ ਦਾ ਮੌਕਾ ਦੇਵੇਗਾ ਕਿ ਤੁਸੀਂ ਅਧਿਆਤਮਿਕ ਤੌਰ ਤੇ ਤਰੱਕੀ ਕਰਨੀ ਚਾਹੁੰਦੇ ਹੋ। ਜੇ ਉਹ ਸਹਾਇਕ ਸੇਵਕ ਹੈ, ਤਾਂ ਉਸ ਨੂੰ ਦੱਸੋ ਕਿ ਤੁਹਾਨੂੰ ਅਧਿਆਤਮਿਕ ਤੌਰ ਤੇ ਮਦਦ ਦੀ ਲੋੜ ਹੈ ਅਤੇ ਉਹ ਬਜ਼ੁਰਗਾਂ ਨੂੰ ਤੁਹਾਡੀ ਮਦਦ ਕਰਨ ਲਈ ਕਹੇਗਾ। ਜਾਂ ਤੁਸੀਂ ਕਲੀਸਿਯਾ ਦੇ ਕਿਸੇ ਵੀ ਬਜ਼ੁਰਗ ਨਾਲ ਆਪਣੇ ਮਾਮਲਿਆਂ ਬਾਰੇ ਗੱਲ-ਬਾਤ ਕਰ ਸਕਦੇ ਹੋ।
4 ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ? ਕੀ ਕਿਸੇ ਗੱਲ ਕਰਕੇ ਤੁਹਾਡਾ ਜੋਸ਼ ਠੰਢਾ ਪੈ ਗਿਆ ਹੈ? ਕੀ ਤੁਸੀਂ ਇਕੱਲੀ ਮਾਤਾ ਜਾਂ ਇਕੱਲੇ ਪਿਤਾ ਹੋ ਜੋ ਆਪਣੇ ਬੱਚਿਆਂ ਨੂੰ ਕਲੀਸਿਯਾ ਦੇ ਨੇੜੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਵਡੇਰੀ ਉਮਰ ਹੋਣ ਕਰਕੇ ਤੁਹਾਨੂੰ ਮਦਦ ਦੀ ਲੋੜ ਹੈ? ਜਾਂ ਕੀ ਤੁਸੀਂ ਕਿਸੇ ਸਮੱਸਿਆ ਕਰਕੇ ਨਿਰਾਸ਼ ਹੋ ਗਏ ਹੋ? ਇਨ੍ਹਾਂ ਭੈੜੇ ਸਮਿਆਂ ਦਾ ਸਾਮ੍ਹਣਾ ਕਰਨਾ ਮੁਸ਼ਕਲ ਲੱਗ ਸਕਦਾ ਹੈ, ਪਰ ਅਜਿਹਾ ਕਰਨਾ ਨਾਮੁਮਕਿਨ ਨਹੀਂ ਹੈ। ਦੂਸਰੇ ਭੈਣ-ਭਰਾ ਸਾਡੀ ਮਦਦ ਕਰ ਸਕਦੇ ਹਨ।
5 ਬਜ਼ੁਰਗ ਕਿਵੇਂ ਮਦਦ ਕਰਦੇ ਹਨ: ਬਜ਼ੁਰਗ ਸੱਚੇ ਦਿਲੋਂ ਤੁਹਾਡੀ ਪਰਵਾਹ ਕਰਦੇ ਹਨ। ਉਹ ਤੁਹਾਡੀਆਂ ਗੱਲਾਂ ਧਿਆਨ ਨਾਲ ਸੁਣਨਗੇ। ਜੇ ਦੂਜੇ ਭੈਣ-ਭਰਾ ਵੀ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ, ਤਾਂ ਚਰਵਾਹੇ ਹੋਣ ਵਜੋਂ ਬਜ਼ੁਰਗ ਕਲੀਸਿਯਾ ਨੂੰ ਸਿਖਾਉਂਦੇ ਸਮੇਂ ਇਨ੍ਹਾਂ ਮੁਸ਼ਕਲਾਂ ਵੱਲ ਖ਼ਾਸ ਧਿਆਨ ਦੇਣਗੇ। ਕਿਉਂਕਿ ਉਹ “ਇੱਜੜ ਦੇ ਲਈ ਨਮੂਨਾ” ਹਨ, ਇਸ ਲਈ ਉਹ ਖ਼ੁਸ਼ੀ ਨਾਲ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਸਦਾ ਤਿਆਰ ਰਹਿੰਦੇ ਹਨ। (1 ਪਤ. 5:3) ਇਨ੍ਹਾਂ ਤਜਰਬੇਕਾਰ ਭਰਾਵਾਂ ਨੂੰ ਬਾਈਬਲ ਸਿਧਾਂਤਾਂ ਤੇ ਤਰਕ ਕਰਦੇ ਹੋਏ ਸੁਣਨ ਨਾਲ ਤੁਹਾਡੇ ਪ੍ਰਚਾਰ ਕਰਨ ਦੇ ਤਰੀਕੇ ਵਿਚ ਸੁਧਾਰ ਹੋ ਸਕਦਾ ਹੈ ਅਤੇ ਤੁਹਾਨੂੰ ਆਪਣੀ ਨਿੱਜੀ ਸਮੱਸਿਆ ਨਾਲ ਿਨੱਭਣ ਵਿਚ ਵੀ ਮਦਦ ਮਿਲ ਸਕਦੀ ਹੈ।—2 ਤਿਮੋ. 3:16, 17.
6 ਯਿਸੂ ਨੇ ਸਾਨੂੰ ਮਨੁੱਖਾਂ ਦੇ ਰੂਪ ਵਿਚ ਬਹੁਤ ਸਾਰੇ “ਦਾਨ” ਦਿੱਤੇ ਹਨ। (ਅਫ਼. 4:8) ਇਸ ਦਾ ਮਤਲਬ ਹੈ ਕਿ ਬਜ਼ੁਰਗ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਹਨ। ਅਸਲ ਵਿਚ ਉਹ ‘ਤੁਹਾਡੇ ਹਨ।’ (1 ਕੁਰਿੰ. 3:21-23) ਇਸ ਲਈ, ਹਿਚਕਿਚਾਉਣ ਦੀ ਬਜਾਇ ਖੁੱਲ੍ਹ ਕੇ ਗੱਲ ਕਰੋ। ਜੋ ਵੀ ਮਦਦ ਤੁਹਾਨੂੰ ਚਾਹੀਦੀ ਹੈ ਉਹ ਮੰਗੋ।