ਕੀ ਤੁਸੀਂ ਮਸੀਹ ਵਾਂਗ ਪ੍ਰੇਮ ਦਿਖਾਉਂਦੇ ਹੋ?
1 ਯੂਹੰਨਾ ਰਸੂਲ ਨੇ ਆਪਣੇ ਮਾਲਕ ਦੀ ਜ਼ਿੰਦਗੀ ਦੇ ਤੌਰ-ਤਰੀਕੇ ਤੇ ਗੌਰ ਕਰਦੇ ਹੋਏ ਲਿਖਿਆ: ‘ਯਿਸੂ ਆਪਣੇ ਿਨੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰ ਕੇ ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।’ (ਯੂਹੰ. 13:1) ਇਸ ਸਮਾਰਕ ਦੌਰਾਨ, ਸਾਨੂੰ ਮਸੀਹ ਦੇ ਪਿਆਰ ਦੇ ਸਭ ਤੋਂ ਵੱਡੇ ਪ੍ਰਗਟਾਵੇ ਬਾਰੇ ਸੋਚਣਾ ਚਾਹੀਦਾ ਹੈ। ਅਸੀਂ ਆਪਣਾ ਪਿਆਰ ਉਸ ਦੀ ਰਿਹਾਈ-ਕੀਮਤ ਵਿਚ ਨਿਹਚਾ ਕਰ ਕੇ, ਜੋਸ਼ ਨਾਲ ਪ੍ਰਚਾਰ ਕਰ ਕੇ ਅਤੇ ਯਿਸੂ ਵਾਂਗ “ਅੰਤ ਤੋੜੀ” ਸਹਿ ਕੇ ਦਿਖਾ ਸਕਦੇ ਹਾਂ।—ਮੱਤੀ 24:13; 28:19, 20; ਯੂਹੰ. 3:16.
2 ਮਸੀਹ ਵਾਂਗ ਪਿਆਰ ਦਿਖਾਉਣਾ: ਧਰਤੀ ਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਹਫ਼ਤੇ ਦੌਰਾਨ ਯਿਸੂ ਨੇ ਬੜੇ ਜੋਸ਼ ਨਾਲ ਕੰਮ ਕੀਤਾ। (ਮੱਤੀ 21:23; 23:1; 24:3) ਮਸੀਹ ਦੀ ਰੀਸ ਕਰਦੇ ਹੋਏ ਅਸੀਂ ਵੀ ਇਸ ਪਿਆਰ ਤੋਂ ਪ੍ਰੇਰਿਤ ਹੋ ਕੇ ਯਹੋਵਾਹ ਦੀ ਸੇਵਾ ‘ਵੱਡੇ ਜਤਨ’ ਨਾਲ ਕਰਦੇ ਹਾਂ। (ਲੂਕਾ 13:24) ਕੀ ਤੁਸੀਂ ਅਪ੍ਰੈਲ ਦੌਰਾਨ ਪ੍ਰਚਾਰ ਲਈ ਕੀਤੇ ਗਏ ਹੋਰ ਪ੍ਰਬੰਧਾਂ ਵਿਚ ਜ਼ਿਆਦਾ ਸਮਾਂ ਬਿਤਾ ਕੇ ਇਨ੍ਹਾਂ ਦਾ ਫ਼ਾਇਦਾ ਉਠਾ ਸਕਦੇ ਹੋ?
3 ਇਸ ਸਾਲ ਦਾ ਸਮਾਰਕ ਬੁੱਧਵਾਰ ਸ਼ਾਮ, 19 ਅਪ੍ਰੈਲ ਨੂੰ ਮਨਾਇਆ ਜਾਵੇਗਾ। ਇਸ ਅਹਿਮ ਮੌਕੇ ਤੇ ਕਿੰਨੇ ਕੁ ਲੋਕ ਆਉਣਗੇ? ਜੇ ਦੇਖਿਆ ਜਾਏ, ਤਾਂ ਇਹ ਕਾਫ਼ੀ ਹੱਦ ਤਕ ਸਾਡੇ ਉੱਤੇ ਨਿਰਭਰ ਕਰਦਾ ਹੈ। ਕੀ ਤੁਸੀਂ ਉਨ੍ਹਾਂ ਵਿਅਕਤੀਆਂ ਦੀ ਲਿਸਟ ਬਣਾਈ ਹੈ ਜਿਨ੍ਹਾਂ ਨੂੰ ਤੁਸੀਂ ਬੁਲਾਉਣਾ ਚਾਹੁੰਦੇ ਹੋ ਜਿਵੇਂ ਕਿ ਬਾਈਬਲ ਵਿਦਿਆਰਥੀ ਅਤੇ ਦਿਲਚਸਪੀ ਰੱਖਣ ਵਾਲੇ ਵਿਅਕਤੀ, ਰਿਸ਼ਤੇਦਾਰ, ਕਾਰੋਬਾਰੀ ਵਾਕਫ਼ ਤੇ ਸਹਿਪਾਠੀ? ਕੀ ਤੁਸੀਂ ਉਨ੍ਹਾਂ ਨੂੰ ਮਿਲ ਕੇ ਇਸ ਬਾਰੇ ਦਿਲੀ ਸੱਦਾ ਦਿੱਤਾ ਹੈ? ਕੀ ਤੁਸੀਂ ਉਨ੍ਹਾਂ ਨੂੰ ਸਮਾਰਕ ਤੋਂ ਕੁਝ ਦਿਨ ਪਹਿਲਾਂ ਚੇਤਾ ਕਰਾਓਗੇ? ਕੀ ਉਨ੍ਹਾਂ ਨੂੰ ਸਮਾਰਕ ਵਿਚ ਆਉਣ ਲਈ ਤੁਹਾਡੀ ਮਦਦ ਦੀ ਲੋੜ ਹੈ? ਕਲੀਸਿਯਾ ਦੇ ਬਜ਼ੁਰਗ ਪ੍ਰਚਾਰ ਕੰਮ ਵਿਚ ਠੰਢੇ ਪੈ ਚੁੱਕੇ ਭੈਣ-ਭਰਾਵਾਂ ਨੂੰ ਵੀ ਸੱਦਾ ਦੇਣ ਜਾਣਗੇ। ਸਮਾਰਕ ਸਿਨੱਚਰਵਾਰ ਜਾਂ ਐਤਵਾਰ ਨੂੰ ਹੋਣ ਦੀ ਬਜਾਇ ਬੁੱਧਵਾਰ ਸ਼ਾਮ ਨੂੰ ਹੋ ਰਿਹਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਸ ਵਿਚ ਆਉਣ ਦੀ ਕੋਈ ਲੋੜ ਨਹੀਂ ਹੈ। ਸਾਰਿਆਂ ਨੂੰ ਜ਼ਰੂਰ ਆਉਣਾ ਚਾਹੀਦਾ ਹੈ।
4 ਤਿਆਰੀ ਕਰਕੇ ਆਓ: ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਮਾਰਕ ਵਿਚ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਈਏ। ਪੌਲੁਸ ਨੇ ਸੰਗੀ ਵਿਸ਼ਵਾਸੀਆਂ ਨੂੰ ਤਾਕੀਦ ਕੀਤੀ ਕਿ ਉਹ ਇਸ ਮੌਕੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਣ। (1 ਕੁਰਿੰ. 11:20-26) ਤੁਸੀਂ ਆਪਣੇ ਪਰਿਵਾਰਕ ਬਾਈਬਲ ਅਧਿਐਨ ਦੌਰਾਨ ਯੂਹੰਨਾ ਦੀ ਇੰਜੀਲ ਦੇ 13 ਤੋਂ 17 ਅਧਿਆਇ ਪੜ੍ਹ ਸਕਦੇ ਹੋ ਅਤੇ ਫਿਰ ਪਰਿਵਾਰ ਦਾ ਹਰ ਮੈਂਬਰ ਇਹ ਦੱਸੇ ਕਿ ਯਿਸੂ ਦੇ ਬਲੀਦਾਨ ਬਾਰੇ ਉਸ ਦਾ ਕੀ ਨਜ਼ਰੀਆ ਹੈ। ਇਸ ਤੋਂ ਇਲਾਵਾ, ਸਮਾਰਕ ਹਫ਼ਤੇ ਲਈ ਦਿੱਤੇ ਗਏ ਬਾਈਬਲ ਅਧਿਆਵਾਂ ਨੂੰ ਰੋਜ਼ਾਨਾ ਪੜ੍ਹਨਾ ਨਾ ਭੁੱਲੋ!
5 ਮਸੀਹ ਲਈ ਸਾਡਾ ਪਿਆਰ ਹੋਰ ਡੂੰਘਾ ਹੁੰਦਾ ਜਾਂਦਾ ਹੈ ਅਤੇ ਇਹ 19 ਅਪ੍ਰੈਲ ਤੋਂ ਬਾਅਦ ਹੋਰ ਵੀ ਵੱਧਦਾ ਜਾਵੇਗਾ। ਅਸੀਂ ਇਹ ਪੱਕਾ ਇਰਾਦਾ ਕੀਤਾ ਹੈ ਕਿ ਅਸੀਂ ਮਸੀਹ ਨਾਲ ਹਮੇਸ਼ਾ ਪਿਆਰ ਕਰਦੇ ਰਹਾਂਗੇ! ਇਸ ਸਾਲ ਦਾ ਸਮਾਰਕ ਸਮਾਰੋਹ ਇਸ ਪੱਕੇ ਇਰਾਦੇ ਤੇ ਡਟੇ ਰਹਿਣ ਵਿਚ ਸਾਡੀ ਮਦਦ ਕਰੇਗਾ।