“ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ”
ਯਿਸੂ ਦੀ ਕੁਰਬਾਨੀ ਦੀ ਵਰ੍ਹੇਗੰਢ 2 ਅਪ੍ਰੈਲ ਨੂੰ ਮਨਾਈ ਜਾਵੇਗੀ
1. ਇਸ ਸਾਲ 2 ਅਪ੍ਰੈਲ ਇਕ ਅਹਿਮ ਤਾਰੀਖ਼ ਕਿਉਂ ਹੈ?
1 ਦੁਨੀਆਂ ਭਰ ਵਿਚ ਲੱਖਾਂ ਲੋਕ 2 ਅਪ੍ਰੈਲ 2007 ਨੂੰ ਯਿਸੂ ਦੀ ਕੁਰਬਾਨੀ ਦੀ ਵਰ੍ਹੇਗੰਢ ਮਨਾਉਣ ਲਈ ਇਕੱਠੇ ਹੋਣਗੇ। ਯਿਸੂ ਆਪਣੇ ਸਵਰਗੀ ਪਿਤਾ ਦੇ ਰਾਜ ਕਰਨ ਦੇ ਹੱਕ ਦਾ ਸਮਰਥਨ ਕਰਦਿਆਂ ਮੌਤ ਤਕ ਵਫ਼ਾਦਾਰ ਰਿਹਾ। ਆਪਣੀ ਜਾਨ ਦੇ ਕੇ ਉਸ ਨੇ ਸ਼ਤਾਨ ਦੇ ਇਸ ਦਾਅਵੇ ਨੂੰ ਝੂਠਾ ਸਾਬਤ ਕੀਤਾ ਕਿ ਇਨਸਾਨ ਆਪਣੇ ਸੁਆਰਥ ਲਈ ਪਰਮੇਸ਼ੁਰ ਦੀ ਸੇਵਾ ਕਰਦੇ ਹਨ। (ਅੱਯੂ. 2:1-5) ਇਸ ਵਰ੍ਹੇਗੰਢ ਦੇ ਪ੍ਰੋਗ੍ਰਾਮ ਵਿਚ ਸਾਨੂੰ ਯਾਦ ਕਰਾਇਆ ਜਾਵੇਗਾ ਕਿ ਮੁਕੰਮਲ ਅਤੇ ਪਾਪ-ਰਹਿਤ ਇਨਸਾਨ ਦੇ ਰੂਪ ਵਿਚ ਮਰ ਕੇ ਯਿਸੂ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਿਆ।’ (ਮੱਤੀ 20:28) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਇਹ ਮਹਾਨ ਕੁਰਬਾਨੀ ਯਹੋਵਾਹ ਅਤੇ ਯਿਸੂ ਦੇ ਬੇਮਿਸਾਲ ਪਿਆਰ ਦਾ ਸਬੂਤ ਹੈ। ਕੀ ਤੁਸੀਂ ਇਸ ਕੁਰਬਾਨੀ ਦੀ ਕਦਰ ਕਰਦਿਆਂ ਇਸ ਦੀ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ?—ਯੂਹੰ. 3:16.
2. ਅਸੀਂ ਵਰ੍ਹੇਗੰਢ ਦੇ ਪ੍ਰੋਗ੍ਰਾਮ ਤੋਂ ਫ਼ਾਇਦਾ ਲੈਣ ਲਈ ਆਪਣੇ ਮਨ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ?
2 ਆਪਣੇ ਮਨ ਨੂੰ ਤਿਆਰ ਕਰੋ: ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਦੌਰਾਨ ਜੋ ਕੁਝ ਹੋਇਆ, ਉਸ ਉੱਤੇ ਮਨ ਲਾ ਕੇ ਸੋਚ-ਵਿਚਾਰ ਕਰਨ ਨਾਲ ਅਸੀਂ ਇਸ ਪ੍ਰੋਗ੍ਰਾਮ ਲਈ ਆਪਣੇ ਆਪ ਨੂੰ ਤਿਆਰ ਕਰ ਸਕਦੇ ਹਾਂ। (ਅਜ਼. 7:10) ਸਾਡੀ ਮਦਦ ਵਾਸਤੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2007 ਵਿਚ ਅਤੇ 2007 ਦੇ ਕਲੰਡਰ ਉੱਤੇ ਬਾਈਬਲ ਦੀਆਂ ਕੁਝ ਆਇਤਾਂ ਪੜ੍ਹਨ ਲਈ ਦਿੱਤੀਆਂ ਗਈਆਂ ਹਨ। ਇਨ੍ਹਾਂ ਆਇਤਾਂ ਵਿਚ ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ। ਜਿਨ੍ਹਾਂ ਦਿਨਾਂ ਅਤੇ ਤਾਰੀਖ਼ਾਂ ਤੇ ਇਹ ਘਟਨਾਵਾਂ ਵਾਪਰੀਆਂ ਸਨ, ਉਹ ਯਹੂਦੀ ਕਲੰਡਰ ਅਨੁਸਾਰ ਹਨ। ਯਹੂਦੀਆਂ ਦਾ ਦਿਨ ਸੂਰਜ ਡੁੱਬਣ ਤੋਂ ਸੂਰਜ ਡੁੱਬਣ ਤਕ ਹੁੰਦਾ ਸੀ। ਇਸ ਫ਼ਰਕ ਨੂੰ ਧਿਆਨ ਵਿਚ ਰੱਖਦਿਆਂ ਸਾਡੇ ਕਲੰਡਰ ਦੀਆਂ ਤਾਰੀਖ਼ਾਂ ਮੁਤਾਬਕ ਬਾਈਬਲ ਪਠਨ ਦੀ ਸੂਚੀ ਦਿੱਤੀ ਗਈ ਹੈ। ਇਸ ਜਾਣਕਾਰੀ ਨੂੰ ਦੁਬਾਰਾ ਪੜ੍ਹਨ ਅਤੇ ਪਰਮੇਸ਼ੁਰ ਦੇ ਪਿਆਰ ਦੀ ਡੂੰਘਾਈ ਉੱਤੇ ਪ੍ਰਾਰਥਨਾਪੂਰਵਕ ਮਨਨ ਕਰਨ ਨਾਲ ਅਸੀਂ ਯਿਸੂ ਦੀ ਮੌਤ ਦੀ ਵਰ੍ਹੇਗੰਢ ਦੇ ਪ੍ਰੋਗ੍ਰਾਮ ਤੋਂ ਪੂਰਾ-ਪੂਰਾ ਫ਼ਾਇਦਾ ਲੈ ਸਕਾਂਗੇ।
3. ਯਿਸੂ ਦੀ ਮੌਤ ਦੀ ਵਰ੍ਹੇਗੰਢ ਤੋਂ ਪੂਰਾ-ਪੂਰਾ ਫ਼ਾਇਦਾ ਲੈਣ ਵਿਚ ਅਸੀਂ ਨਵੇਂ ਲੋਕਾਂ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਚੁੱਕੇ ਭੈਣ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
3 ਦੂਸਰਿਆਂ ਨੂੰ ਵੀ ਸੱਦਾ ਦਿਓ: ਫਰਵਰੀ ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਲੋਕਾਂ ਨੂੰ ਇਸ ਅਹਿਮ ਪ੍ਰੋਗ੍ਰਾਮ ਦਾ ਸੱਦਾ ਦੇਣ ਦੀ ਖ਼ਾਸ ਮੁਹਿੰਮ ਬਾਰੇ ਦੱਸਿਆ ਗਿਆ ਸੀ। ਕੀ ਤੁਸੀਂ ਇਸ ਮੁਹਿੰਮ ਵਿਚ ਪੂਰਾ-ਪੂਰਾ ਹਿੱਸਾ ਲੈਣ ਦੇ ਪ੍ਰਬੰਧ ਕਰ ਲਏ ਹਨ? ਕੀ ਤੁਸੀਂ ਆਪਣੇ ਜਾਣ-ਪਛਾਣ ਦੇ ਲੋਕਾਂ ਦੀ ਲਿਸਟ ਬਣਾ ਲਈ ਹੈ ਅਤੇ ਉਨ੍ਹਾਂ ਨੂੰ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਹੈ? ਪ੍ਰੋਗ੍ਰਾਮ ਵਾਲੇ ਦਿਨ ਸ਼ਾਮ ਨੂੰ ਜਲਦੀ ਹਾਲ ਵਿਚ ਪਹੁੰਚੋ ਤਾਂਕਿ ਤੁਸੀਂ ਆਪਣੇ ਜਾਣ-ਪਛਾਣ ਵਾਲਿਆਂ ਤੇ ਹੋਰ ਲੋਕਾਂ ਦਾ ਸੁਆਗਤ ਕਰ ਸਕੋ। ਉਨ੍ਹਾਂ ਨਾਲ ਬੈਠੋ ਤਾਂਕਿ ਤੁਸੀਂ ਉਨ੍ਹਾਂ ਨਾਲ ਆਪਣੀ ਬਾਈਬਲ ਤੇ ਗੀਤ ਪੁਸਤਕ ਸਾਂਝੀ ਕਰ ਸਕੋ। ਉਨ੍ਹਾਂ ਨੂੰ ਦੂਸਰਿਆਂ ਨਾਲ ਮਿਲਾਓ। ਪ੍ਰੋਗ੍ਰਾਮ ਤੋਂ ਬਾਅਦ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿਓ। ਉਨ੍ਹਾਂ ਨੂੰ 15 ਅਪ੍ਰੈਲ ਨੂੰ ਦਿੱਤੇ ਜਾਣ ਵਾਲੇ ਖ਼ਾਸ ਭਾਸ਼ਣ ਲਈ ਵੀ ਸੱਦਾ ਦਿਓ। ਬਜ਼ੁਰਗ ਖ਼ਾਸ ਕਰਕੇ ਇਸ ਗੱਲ ਦਾ ਧਿਆਨ ਰੱਖਣਗੇ ਕਿ ਜੋ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਗਏ ਹਨ, ਉਨ੍ਹਾਂ ਨੂੰ ਯਿਸੂ ਦੀ ਮੌਤ ਦੀ ਵਰ੍ਹੇਗੰਢ ਅਤੇ ਖ਼ਾਸ ਭਾਸ਼ਣ ਲਈ ਸੱਦਾ ਦਿੱਤਾ ਜਾਵੇ।
4. ਵਰ੍ਹੇਗੰਢ ਤੋਂ ਬਾਅਦ ਅਸੀਂ ਲੋਕਾਂ ਦੀ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ?
4 ਨਿਹਚਾ ਪੱਕੀ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ: ਪ੍ਰੋਗ੍ਰਾਮ ਵਿਚ ਭਾਸ਼ਣ ਦੇਣ ਵਾਲਾ ਭਰਾ ਥੋੜ੍ਹੇ ਸ਼ਬਦਾਂ ਵਿਚ ਬਾਈਬਲ ਸਟੱਡੀ ਦੇ ਪ੍ਰਬੰਧ ਬਾਰੇ ਦੱਸੇਗਾ ਅਤੇ ਨਵੇਂ ਲੋਕਾਂ ਨੂੰ ਯਹੋਵਾਹ ਬਾਰੇ ਸਿੱਖਦੇ ਰਹਿਣ ਦੀ ਹੱਲਾਸ਼ੇਰੀ ਦੇਵੇਗਾ। ਸੋ ਤੁਸੀਂ ਜਿਨ੍ਹਾਂ ਨੂੰ ਸੱਦਿਆ ਹੈ, ਉਨ੍ਹਾਂ ਦੀ ਹੋਰ ਜਾਣਨ ਵਿਚ ਮਦਦ ਕਰਨ ਦੀ ਪੇਸ਼ਕਸ਼ ਕਰ ਸਕਦੇ ਹੋ। ਜੇ ਉਹ ਬਾਈਬਲ ਦਾ ਅਧਿਐਨ ਨਹੀਂ ਕਰ ਰਹੇ ਹਨ, ਤਾਂ ਤੁਸੀਂ ਪ੍ਰੋਗ੍ਰਾਮ ਤੋਂ ਬਾਅਦ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਮਿਲੋ ਅਤੇ ਦਿਖਾਓ ਕਿ ਬਾਈਬਲ ਅਧਿਐਨ ਕਿਵੇਂ ਕੀਤਾ ਜਾਂਦਾ ਹੈ। ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲਈ ਉਨ੍ਹਾਂ ਨੂੰ ਕਲੀਸਿਯਾ ਸਭਾਵਾਂ ਵਿਚ ਵੀ ਆਉਣ ਦੀ ਲੋੜ ਹੈ। (ਇਬ. 10:24, 25) ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਬਾਕਾਇਦਾ ਸਭਾਵਾਂ ਵਿਚ ਆਉਣ ਦਾ ਉਤਸ਼ਾਹ ਦਿਓ। ਬਜ਼ੁਰਗਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਢਿੱਲੇ ਪੈ ਚੁੱਕੇ ਭੈਣ-ਭਰਾ ਪ੍ਰੋਗ੍ਰਾਮ ਵਿਚ ਆਏ ਸਨ, ਉਨ੍ਹਾਂ ਨੂੰ ਦੁਬਾਰਾ ਮਿਲਿਆ ਜਾਵੇ ਤਾਂਕਿ ਭਾਸ਼ਣ ਵਿਚ ਦੱਸੀਆਂ ਗੱਲਾਂ ਨੂੰ ਵਰਤ ਕੇ ਉਹ ਉਨ੍ਹਾਂ ਨੂੰ ਦੁਬਾਰਾ ਸੇਵਾ ਵਿਚ ਸਰਗਰਮ ਹੋਣ ਦੀ ਹੱਲਾਸ਼ੇਰੀ ਦੇ ਸਕਣ।
5. ਵਰ੍ਹੇਗੰਢ ਦੇ ਪ੍ਰੋਗ੍ਰਾਮ ਦਾ ਸਾਡੀ ਜ਼ਿੰਦਗੀ ਤੇ ਕੀ ਅਸਰ ਪੈਣਾ ਚਾਹੀਦਾ ਹੈ?
5 ਵਰ੍ਹੇਗੰਢ ਦੇ ਪ੍ਰੋਗ੍ਰਾਮ ਵਿਚ ਸਾਨੂੰ ਇਸ ਗੱਲ ਤੇ ਡੂੰਘਾਈ ਨਾਲ ਸੋਚ-ਵਿਚਾਰ ਕਰਨ ਦਾ ਮੌਕਾ ਮਿਲਦਾ ਹੈ ਕਿ ਯਹੋਵਾਹ ਅਤੇ ਯਿਸੂ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਹੈ। ਉਨ੍ਹਾਂ ਦੇ ਪਿਆਰ ਉੱਤੇ ਸੋਚ-ਵਿਚਾਰ ਕਰਨ ਨਾਲ ਪਰਮੇਸ਼ੁਰ ਅਤੇ ਯਿਸੂ ਦੋਵਾਂ ਲਈ ਸਾਡੇ ਦਿਲ ਵਿਚ ਪਿਆਰ ਵਧਦਾ ਹੈ ਅਤੇ ਇਸ ਦਾ ਸਾਡੀ ਜ਼ਿੰਦਗੀ ਤੇ ਵੀ ਅਸਰ ਪੈਂਦਾ ਹੈ। (2 ਕੁਰਿੰ. 5:14, 15; 1 ਯੂਹੰ. 4:11) ਆਓ ਆਪਾਂ ਹੁਣੇ ਤੋਂ ਆਪਣੇ ਆਪ ਨੂੰ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਇਸ ਅਹਿਮ ਪ੍ਰੋਗ੍ਰਾਮ ਲਈ ਤਿਆਰ ਕਰੀਏ ਜਿਸ ਵਿਚ ਅਸੀਂ ‘ਪ੍ਰਭੁ ਦੀ ਮੌਤ ਦਾ ਪਰਚਾਰ ਕਰਾਂਗੇ।’—1 ਕੁਰਿੰ. 11:26.