ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਲੈਣ ਵਿਚ ਹੋਰਨਾਂ ਦੀ ਮਦਦ ਕਰੋ
ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ 12 ਅਪ੍ਰੈਲ ਨੂੰ ਮਨਾਇਆ ਜਾਵੇਗਾ
1. ਪਰਮੇਸ਼ੁਰ ਦੇ ਲੋਕ ਕਿਹੜੇ ਇਕ ਤਰੀਕੇ ਨਾਲ ਯਿਸੂ ਦੀ ਕੁਰਬਾਨੀ ਲਈ ਧੰਨਵਾਦ ਕਰਦੇ ਹਨ?
1 “ਧੰਨਵਾਦ ਹੈ ਪਰਮੇਸ਼ੁਰ ਦਾ ਉਹ ਦੇ ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ।” (2 ਕੁਰਿੰ. 9:15) ਅਸੀਂ ਪਰਮੇਸ਼ੁਰ ਦੇ ਬਹੁਤ ਧੰਨਵਾਦੀ ਹਾਂ ਕਿ ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦੇ ਕੇ ਸਾਡੇ ਉੱਤੇ ਇੰਨੀ ਕਿਰਪਾ ਕੀਤੀ। ਅਸੀਂ ਖ਼ਾਸਕਰ 12 ਅਪ੍ਰੈਲ ਨੂੰ ਮਸੀਹ ਦੀ ਮੌਤ ਦਾ ਯਾਦਗਾਰੀ ਸਮਾਰੋਹ ਮਨਾ ਕੇ ਧੰਨਵਾਦ ਕਰਾਂਗੇ।
2. ਯਾਦਗਾਰੀ ਸਮਾਰੋਹ ਵਿਚ ਯਹੋਵਾਹ ਦੇ ਗਵਾਹਾਂ ਤੋਂ ਇਲਾਵਾ ਹੋਰ ਕੌਣ ਆਉਂਦੇ ਹਨ ਤੇ ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਲੈਣ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ?
2 ਹਰ ਸਾਲ ਤਕਰੀਬਨ ਇਕ ਕਰੋੜ ਲੋਕ ਯਹੋਵਾਹ ਦੇ ਗਵਾਹਾਂ ਨਾਲ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਹੁੰਦੇ ਹਨ। ਸਮਾਰੋਹ ਵਿਚ ਆਉਣ ਨਾਲ ਉਹ ਕੁਝ ਹੱਦ ਤਕ ਮਸੀਹ ਦੀ ਕੁਰਬਾਨੀ ਲਈ ਧੰਨਵਾਦੀ ਹੁੰਦੇ ਹਨ। ਪਰ ਇਸ ਕੁਰਬਾਨੀ ਤੋਂ ਫ਼ਾਇਦਾ ਲੈਣ ਲਈ ਉਨ੍ਹਾਂ ਨੂੰ ਇਸ ਵਿਚ ਨਿਹਚਾ ਕਰਨ ਦੀ ਲੋੜ ਹੈ। (ਯੂਹੰ. 3:16, 36) ਨਿਹਚਾ ਪੈਦਾ ਕਰਨ ਵਿਚ ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? ਅਸੀਂ ਮਾਰਚ ਤੇ ਅਪ੍ਰੈਲ ਦੌਰਾਨ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਨ ਅਤੇ ਕਲੀਸਿਯਾ ਦੀਆਂ ਸਭਾਵਾਂ ਵਿਚ ਆਉਣ ਦਾ ਉਤਸ਼ਾਹ ਦੇ ਸਕਦੇ ਹਾਂ। ਇਸ ਤਰ੍ਹਾਂ ਕਰਨ ਲਈ ਅੱਗੇ ਕੁਝ ਸੁਝਾਅ ਦਿੱਤੇ ਗਏ ਹਨ।
3. ਸਮਾਰੋਹ ਲਈ ਸੱਦਾ ਦੇਣ ਲੱਗਿਆਂ ਅਸੀਂ ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰ ਸਕਦੇ ਹਾਂ?
3 ਬਾਈਬਲ ਸਟੱਡੀਆਂ: ਜਦੋਂ ਤੁਸੀਂ ਕਿਸੇ ਨੂੰ ਸਮਾਰੋਹ ਵਿਚ ਆਉਣ ਦਾ ਸੱਦਾ ਦਿੰਦੇ ਹੋ, ਤਾਂ ਕਿਉਂ ਨਾ ਤੁਸੀਂ ਉਸ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ? ਸਫ਼ੇ 206-8 ਉੱਤੇ “ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਨਾਲ ਰੱਬ ਦੀ ਵਡਿਆਈ ਹੁੰਦੀ ਹੈ” ਨਾਮਕ ਵਿਸ਼ੇ ਦੀ ਮਦਦ ਨਾਲ ਉਸ ਨੂੰ ਯਾਦਗਾਰੀ ਸਮਾਰੋਹ ਬਾਰੇ ਸਮਝਾਓ। ਤੁਸੀਂ ਸ਼ਾਇਦ ਇਕ ਜਾਂ ਦੋ ਭਾਗਾਂ ਵਿਚ ਇਸ ਜਾਣਕਾਰੀ ਤੇ ਵਿਚਾਰ ਕਰ ਸਕਦੇ ਹੋ। ਇਹ ਬਾਈਬਲ ਸਟੱਡੀ ਦਰਵਾਜ਼ੇ ਤੇ ਖੜ੍ਹ ਕੇ ਵੀ ਕੀਤੀ ਜਾ ਸਕਦੀ ਹੈ। ਇਸ ਜਾਣਕਾਰੀ ਤੇ ਗੌਰ ਕਰਨ ਤੋਂ ਬਾਅਦ ਵਿਅਕਤੀ ਸ਼ਾਇਦ 5ਵੇਂ ਅਧਿਆਇ “ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!” ਤੇ ਚਰਚਾ ਕਰਨ ਲਈ ਤਿਆਰ ਹੋ ਜਾਵੇ। ਪੰਜਵਾਂ ਅਧਿਆਇ ਖ਼ਤਮ ਕਰਨ ਮਗਰੋਂ ਤੁਸੀਂ ਪਹਿਲੇ ਅਧਿਆਇ ਤੋਂ ਸਟੱਡੀ ਜਾਰੀ ਰੱਖ ਸਕਦੇ ਹੋ।
4. ਮਾਰਚ ਤੇ ਅਪ੍ਰੈਲ ਦੌਰਾਨ ਅਸੀਂ ਕਿਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਸਕਦੇ ਹਾਂ?
4 ਅਸੀਂ ਕਿਨ੍ਹਾਂ ਨਾਲ ਇਸ ਤਰ੍ਹਾਂ ਬਾਈਬਲ ਸਟੱਡੀ ਸ਼ੁਰੂ ਕਰ ਸਕਦੇ ਹਾਂ? ਸ਼ਾਇਦ ਆਪਣੇ ਕੁਝ ਸਹਿਕਰਮੀਆਂ, ਸਹਿਪਾਠੀਆਂ ਜਾਂ ਗੁਆਂਢੀਆਂ ਨਾਲ। ਭਰਾ ਇਹ ਤਰੀਕਾ ਵਰਤਦੇ ਹੋਏ ਕਲੀਸਿਯਾ ਦੀਆਂ ਭੈਣਾਂ ਦੇ ਅਵਿਸ਼ਵਾਸੀ ਪਤੀਆਂ ਨਾਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਤੁਸੀਂ ਆਪਣੇ ਅਵਿਸ਼ਵਾਸੀ ਸਾਕ-ਸੰਬੰਧੀਆਂ ਨਾਲ ਵੀ ਇਸ ਤਰੀਕੇ ਨਾਲ ਸਟੱਡੀ ਸ਼ੁਰੂ ਕਰ ਸਕਦੇ ਹੋ। ਇਸ ਤੋਂ ਇਲਾਵਾ, ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਚੁੱਕੇ ਭੈਣ-ਭਰਾਵਾਂ ਨੂੰ ਸਮਾਰੋਹ ਵਿਚ ਆਉਣ ਦਾ ਸੱਦਾ ਦੇਣ ਦਾ ਖ਼ਾਸ ਜਤਨ ਕਰਾਂਗੇ। (ਲੂਕਾ 15:3-7) ਆਓ ਆਪਾਂ ਮਸੀਹ ਦੀ ਕੁਰਬਾਨੀ ਤੋਂ ਫ਼ਾਇਦਾ ਲੈਣ ਵਿਚ ਇਨ੍ਹਾਂ ਸਾਰੇ ਲੋਕਾਂ ਦੀ ਮਦਦ ਕਰੀਏ।
5. ਕਲੀਸਿਯਾ ਸਭਾਵਾਂ ਵਿਚ ਆਉਣ ਲਈ ਅਸੀਂ ਆਪਣੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਕਿਵੇਂ ਉਤਸ਼ਾਹ ਦੇ ਸਕਦੇ ਹਾਂ?
5 ਕਲੀਸਿਯਾ ਸਭਾਵਾਂ: ਕਈ ਬਾਈਬਲ ਵਿਦਿਆਰਥੀਆਂ ਅਤੇ ਹੋਰ ਲੋਕਾਂ ਲਈ ਯਾਦਗਾਰੀ ਸਮਾਰੋਹ ਪਹਿਲੀ ਸਭਾ ਹੁੰਦੀ ਹੈ। ਅਸੀਂ ਆਪਣੀਆਂ ਹੋਰਨਾਂ ਕਲੀਸਿਯਾ ਸਭਾਵਾਂ ਤੋਂ ਫ਼ਾਇਦਾ ਲੈਣ ਲਈ ਉਨ੍ਹਾਂ ਨੂੰ ਕਿਵੇਂ ਉਤਸ਼ਾਹ ਦੇ ਸਕਦੇ ਹਾਂ? ਅਪ੍ਰੈਲ 2005 ਦੀ ਸਾਡੀ ਰਾਜ ਸੇਵਕਾਈ, ਸਫ਼ਾ 8 ਉੱਤੇ ਇਹ ਸੁਝਾਅ ਦਿੱਤੇ ਗਏ ਸਨ: “ਉਨ੍ਹਾਂ ਨੂੰ ਅਗਲੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸੋ ਅਤੇ ਅਗਲੇ ਪਹਿਰਾਬੁਰਜ ਅਧਿਐਨ ਜਾਂ ਕਲੀਸਿਯਾ ਪੁਸਤਕ ਅਧਿਐਨ ਵਿਚ ਚਰਚਾ ਕੀਤਾ ਜਾਣ ਵਾਲਾ ਲੇਖ ਜਾਂ ਪਾਠ ਦਿਖਾਓ। ਸਮਝਾਓ ਕਿ ਦੈਵ-ਸ਼ਾਸਕੀ ਸੇਵਕਾਈ ਸਕੂਲ ਤੇ ਸੇਵਾ ਸਭਾ ਵਿਚ ਕੀ-ਕੀ ਹੁੰਦਾ ਹੈ। ਜਦੋਂ ਤੁਸੀਂ ਸਕੂਲ ਵਿਚ ਕੋਈ ਭਾਗ ਪੇਸ਼ ਕਰਨਾ ਹੁੰਦਾ ਹੈ, ਤਾਂ ਤੁਸੀਂ ਵਿਦਿਆਰਥੀਆਂ ਨਾਲ ਆਪਣੀ ਪੇਸ਼ਕਾਰੀ ਦੀ ਰੀਹਰਸਲ ਕਰ ਸਕਦੇ ਹੋ। ਸਭਾਵਾਂ ਵਿਚ ਸਿੱਖੀਆਂ ਅਹਿਮ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰੋ। ਰਸਾਲਿਆਂ ਤੇ ਕਿਤਾਬਾਂ ਵਿੱਚੋਂ ਸਭਾਵਾਂ ਦੀਆਂ ਤਸਵੀਰਾਂ ਦਿਖਾਓ। ਪਹਿਲੀ ਸਟੱਡੀ ਤੇ ਹੀ ਉਨ੍ਹਾਂ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿਓ।”
6. ਕਿਨ੍ਹਾਂ ਦੋ ਤਰੀਕਿਆਂ ਨਾਲ ਅਸੀਂ ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਲੈਣ ਵਿਚ ਨੇਕਦਿਲ ਲੋਕਾਂ ਦੀ ਮਦਦ ਕਰ ਸਕਦੇ ਹਾਂ?
6 ਜਦੋਂ ਨੇਕਦਿਲ ਲੋਕਾਂ ਨਾਲ ਬਾਕਾਇਦਾ ਸਟੱਡੀ ਕੀਤੀ ਜਾਂਦੀ ਹੈ ਤੇ ਉਹ ਬਾਕਾਇਦਾ ਸਭਾਵਾਂ ਵਿਚ ਆਉਂਦੇ ਹਨ, ਤਾਂ ਉਹ ਸੱਚਾਈ ਵਿਚ ਜਲਦੀ ਤਰੱਕੀ ਕਰਦੇ ਹਨ। ਇਸ ਲਈ ਆਓ ਆਪਾਂ ਹੋਰਨਾਂ ਨੂੰ ਉਤਸ਼ਾਹ ਦੇਈਏ ਕਿ ਉਹ ਇਨ੍ਹਾਂ ਇੰਤਜ਼ਾਮਾਂ ਤੋਂ ਅਤੇ ਪਰਮੇਸ਼ੁਰ ਦੇ ਸਭ ਤੋਂ ਬੇਸ਼ਕੀਮਤੀ ਤੋਹਫ਼ੇ ਯਾਨੀ ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਲੈਣ।