ਕੀ ਤੁਹਾਡੇ ਵਿਚ ਆਤਮ-ਬਲੀਦਾਨ ਦੀ ਭਾਵਨਾ ਹੈ?
1 ਯਿਸੂ ਮਸੀਹ ਨੇ ਮਨੁੱਖਜਾਤੀ ਲਈ ਜੋ ਕੁਝ ਵੀ ਕੀਤਾ, ਉਹ ਬਿਨਾਂ ਕਿਸੇ ਸੁਆਰਥ ਦੇ ਕੀਤਾ। ਇਸ ਗੱਲ ਤੋਂ ਪ੍ਰੇਰਿਤ ਹੋ ਕੇ ਸਾਨੂੰ ਆਪਣੀ ਕਾਬਲੀਅਤ, ਬਲ ਤੇ ਤਾਕਤ ਨੂੰ ਆਤਮ-ਬਲੀਦਾਨ ਦੀ ਭਾਵਨਾ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਬਾਈਬਲ ਤਾਕੀਦ ਕਰਦੀ ਹੈ: “ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ।” (ਰੋਮੀ. 12:1) ਸਮੇਂ-ਸਮੇਂ ਤੇ ਤੁਹਾਨੂੰ ਆਪਣੀ ਜਾਂਚ ਕਰਨ ਨਾਲ ਇਹ ਦੇਖਣ ਵਿਚ ਮਦਦ ਮਿਲੇਗੀ ਕਿ ਤੁਸੀਂ ਆਪਣੇ ਹਲਾਤਾਂ ਮੁਤਾਬਕ ਜ਼ਿਆਦਾ ਤੋਂ ਜ਼ਿਆਦਾ ਆਤਮ-ਬਲੀਦਾਨ ਦੀ ਭਾਵਨਾ ਦਿਖਾਉਂਦੇ ਹੋ ਜਾਂ ਨਹੀਂ।
2 ਬਾਈਬਲ ਦਾ ਗਿਆਨ ਲੈਣ ਦੀ ਕੋਸ਼ਿਸ਼ ਵਿਚ: ਕੀ ਤੁਸੀਂ ਬਾਕਾਇਦਾ ਬਾਈਬਲ ਪੜ੍ਹਨ ਅਤੇ ਅਧਿਐਨ ਕਰਨ ਲਈ ਸਮਾਂ ਕੱਢਦੇ ਹੋ? ਕੀ ਤੁਸੀਂ ਆਪਣੀ ਸਮਾਂ-ਸਾਰਣੀ ਮੁਤਾਬਕ ਚੱਲਦੇ ਹੋ? ਕੀ ਤੁਸੀਂ ਹਮੇਸ਼ਾ ਕਲੀਸਿਯਾ ਸਭਾਵਾਂ ਦੀ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਤਿਆਰੀ ਕਰਦੇ ਹੋ? ਜੇ ਤੁਸੀਂ ਪਰਿਵਾਰ ਦੇ ਸਿਰ ਹੋ, ਤਾਂ ਕੀ ਤੁਸੀਂ ਆਪਣੇ ਘਰਾਣੇ ਨਾਲ ਬਾਈਬਲ ਦਾ ਬਾਕਾਇਦਾ ਅਧਿਐਨ ਕਰਦੇ ਹੋ? ਉੱਪਰ ਦੱਸੇ ਕੰਮਾਂ ਨੂੰ ਕਰਨ ਲਈ ਸ਼ਾਇਦ ਤੁਹਾਨੂੰ ਟੈਲੀਵਿਯਨ, ਕੰਪਿਊਟਰ ਜਾਂ ਦੂਜੇ ਕੰਮਾਂ ਵਿਚ ਘੱਟ ਸਮਾਂ ਬਤੀਤ ਕਰਨਾ ਪਵੇ। ਇਹ ਕਿੰਨਾ ਹੀ ਛੋਟਾ ਜਿਹਾ ਬਲੀਦਾਨ ਹੈ, ਕਿਉਂਕਿ ਜੋ ਸਮਾਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਵਿਚ ਲਗਾਉਂਦੇ ਹੋ, ਉਹ ਤੁਹਾਡੀ ਸਦੀਪਕ ਜ਼ਿੰਦਗੀ ਲੈਣ ਵਿਚ ਮਦਦ ਕਰੇਗਾ!—ਯੂਹੰ.17:3.
3 ਬੱਚਿਆਂ ਨੂੰ ਸਿਖਲਾਈ ਦੇਣ ਵਿਚ: ਆਤਮ-ਬਲੀਦਾਨ ਦੀ ਭਾਵਨਾ ਸਿੱਖਣ ਦਾ ਸਭ ਤੋਂ ਵਧੀਆ ਸਮਾਂ ਬਚਪਨ ਦਾ ਸਮਾਂ ਹੈ। ਆਪਣੇ ਬੱਚਿਆਂ ਨੂੰ ਸਿਖਾਓ ਕਿ ਜਿਵੇਂ ਖੇਡਣ ਦਾ ਇਕ ਸਮਾਂ ਹੈ, ਉਸੇ ਤਰ੍ਹਾਂ ਕੰਮ ਕਰਨ ਦਾ ਅਤੇ ਪਰਮੇਸ਼ੁਰੀ ਕੰਮਾਂ ਨੂੰ ਕਰਨ ਦਾ ਵੀ ਇਕ ਸਮਾਂ ਹੈ। (ਅਫ਼. 6:4) ਉਨ੍ਹਾਂ ਨੂੰ ਘਰ ਦੇ ਕੁਝ ਲਾਹੇਵੰਦ ਕੰਮ ਕਰਨ ਲਈ ਦਿਓ। ਉਨ੍ਹਾਂ ਨਾਲ ਪ੍ਰਚਾਰ ਵਿਚ ਬਾਕਾਇਦਾ ਹਿੱਸਾ ਲੈਣ ਲਈ ਸਮਾਂ-ਸਾਰਣੀ ਬਣਾਓ। ਤੁਸੀਂ ਜੋ ਕੁਝ ਉਨ੍ਹਾਂ ਨੂੰ ਸਿਖਾਉਂਦੇ ਹੋ, ਉਹ ਕੰਮ ਪਹਿਲਾਂ ਆਪ ਕਰ ਕੇ ਆਪਣੀ ਚੰਗੀ ਮਿਸਾਲ ਕਾਇਮ ਕਰੋ।
4 ਕਲੀਸਿਯਾ ਦੇ ਕੰਮਾਂ ਵਿਚ: ਇਕ ਕਲੀਸਿਯਾ ਉਦੋਂ ਮਜ਼ਬੂਤ ਹੁੰਦੀ ਹੈ ਜਦੋਂ ਸਾਰੇ ਹੀ ਇਕ ਦੂਜੇ ਦੀ ਭਲਾਈ ਲਈ ਆਪਣੀ ਇੱਛਾ ਨਾਲ ਬਲੀਦਾਨ ਕਰਦੇ ਹਨ। (ਇਬ. 13:16) ਕੀ ਤੁਹਾਡੇ ਲਈ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹੋਰ ਜ਼ਿਆਦਾ ਸਮਾਂ ਲਗਾਉਣਾ ਮੁਮਕਿਨ ਹੈ? ਕੀ ਤੁਸੀਂ ਬੀਮਾਰ ਜਾਂ ਬਿਰਧ ਭੈਣ-ਭਰਾਵਾਂ ਦੀ ਮਦਦ ਕਰ ਸਕਦੇ ਹੋ, ਸ਼ਾਇਦ ਉਨ੍ਹਾਂ ਨੂੰ ਕਾਰ ਜਾਂ ਸਕੂਟਰ ਤੇ ਸਭਾਵਾਂ ਵਿਚ ਲਿਆ ਸਕਦੇ ਹੋ?
5 ਆਪਣੀ ਮਨੁੱਖੀ ਜ਼ਿੰਦਗੀ ਵਿਚ ਆਖ਼ਰੀ ਬਲੀਦਾਨ ਕਰਨ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਰਾਜ-ਹਿੱਤਾਂ ਨੂੰ ਪਹਿਲੀ ਥਾਂ ਦੇਣ ਅਤੇ ਬਾਕੀ ਦੇ ਕੰਮਾਂ ਨੂੰ ਦੂਜੀ ਥਾਂ ਦੇਣ ਦੀ ਸਲਾਹ ਦਿੱਤੀ। (ਮੱਤੀ 6:33) ਆਤਮ-ਬਲੀਦਾਨ ਦੀ ਭਾਵਨਾ ਦਿਖਾਉਣ ਨਾਲ ਸਾਨੂੰ ਯਹੋਵਾਹ ਦੀ ਸੇਵਾ ਕਰਨ ਵਿਚ ਹੋਰ ਵੀ ਜ਼ਿਆਦਾ ਖ਼ੁਸ਼ੀ ਮਿਲੇਗੀ।