ਪ੍ਰਸ਼ਨ ਡੱਬੀ
◼ ਕਲੀਸਿਯਾ ਸਭਾਵਾਂ ਵਿਚ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?
ਕਲੀਸਿਯਾ ਵਿਚ ਕੀਤੀਆਂ ਜਾਂਦੀਆਂ ਪ੍ਰਾਰਥਨਾਵਾਂ ਸਾਡੀ ਭਗਤੀ ਦਾ ਇਕ ਅਹਿਮ ਹਿੱਸਾ ਹਨ। ਦੂਜਿਆਂ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਇਕ ਵਡਮੁੱਲਾ ਵਿਸ਼ੇਸ਼-ਸਨਮਾਨ ਅਤੇ ਇਕ ਵੱਡੀ ਜ਼ਿੰਮੇਵਾਰੀ ਹੈ। ਇਸ ਗੱਲ ਨੂੰ ਮੱਦੇ-ਨਜ਼ਰ ਰੱਖ ਕੇ ਬਜ਼ੁਰਗਾਂ ਨੂੰ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕਿਹੜੇ ਭਰਾ ਸਭਾਵਾਂ ਵਿਚ ਪ੍ਰਾਰਥਨਾ ਕਰਨ ਦੇ ਯੋਗ ਹਨ। ਬਪਤਿਸਮਾ ਲਏ ਹੋਏ ਭਰਾਵਾਂ ਨੂੰ ਸਿਆਣੇ ਮਸੀਹੀ ਹੋਣਾ ਚਾਹੀਦਾ ਹੈ ਜੋ ਕਲੀਸਿਯਾ ਵਿਚ ਇਕ ਚੰਗੀ ਮਿਸਾਲ ਰੱਖਦੇ ਹੋਣ ਅਤੇ ਦੂਜੇ ਉਨ੍ਹਾਂ ਦਾ ਆਦਰ ਕਰਦੇ ਹੋਣ। ਉਨ੍ਹਾਂ ਦੀਆਂ ਦਿਲੋਂ ਤੇ ਸ਼ਰਧਾ ਭਰੀਆਂ ਪ੍ਰਾਰਥਨਾਵਾਂ ਤੋਂ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਹੈ। 15 ਮਈ 1986 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਲੇਖ “ਦੂਜਿਆਂ ਸਾਮ੍ਹਣੇ ਨਿਮਰ ਮਨ ਨਾਲ ਪ੍ਰਾਰਥਨਾ ਕਰਨੀ” ਵਿਚ ਬਹੁਤ ਅਹਿਮ ਸਿਧਾਂਤ ਦੱਸੇ ਗਏ ਹਨ। ਇਹ ਸਿਧਾਂਤ ਖ਼ਾਸ ਕਰ ਉਨ੍ਹਾਂ ਭਰਾਵਾਂ ਦੀ ਮਦਦ ਕਰਦੇ ਹਨ ਜੋ ਕਲੀਸਿਯਾ ਵਿਚ ਪ੍ਰਾਰਥਨਾ ਕਰਦੇ ਹਨ।
ਬਜ਼ੁਰਗ ਉਨ੍ਹਾਂ ਭਰਾਵਾਂ ਨੂੰ ਪ੍ਰਾਰਥਨਾ ਕਰਨ ਲਈ ਨਹੀਂ ਕਹਿਣਗੇ ਜਿਨ੍ਹਾਂ ਦਾ ਚਾਲ-ਚਲਣ ਚੰਗਾ ਨਹੀਂ ਹੈ। ਜੇ ਇਕ ਭਰਾ ਸ਼ਿਕਾਇਤੀ ਹੈ ਜਾਂ ਕਿਸੇ ਦੂਜੇ ਭੈਣ-ਭਰਾ ਨਾਲ ਹੋਏ ਝਗੜੇ ਨੂੰ ਹਮੇਸ਼ਾ ਪ੍ਰਾਰਥਨਾ ਵਿਚ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਪ੍ਰਾਰਥਨਾ ਨਹੀਂ ਕਰਨ ਦੇਣੀ ਚਾਹੀਦੀ। (1 ਤਿਮੋ. 2:8) ਹੋ ਸਕਦਾ ਹੈ ਕਿ ਕਿਸ਼ੋਰ ਭਰਾ ਨੇ ਬਪਤਿਸਮਾ ਲਿਆ ਹੋਵੇ, ਪਰ ਬਜ਼ੁਰਗ ਤੈ ਕਰਨਗੇ ਕਿ ਕੀ ਉਹ ਕਲੀਸਿਯਾ ਵੱਲੋਂ ਪ੍ਰਾਰਥਨਾ ਕਰਨ ਲਈ ਅਧਿਆਤਮਿਕ ਤੌਰ ਤੇ ਸਿਆਣਾ ਹੈ ਜਾਂ ਨਹੀਂ।—ਰਸੂਲਾਂ ਦੇ ਕਰਤੱਬ 16:1, 2.
ਕਦੇ-ਕਦੇ ਪ੍ਰਚਾਰ ਦੀਆਂ ਸਭਾਵਾਂ ਵਿਚ ਗਰੁੱਪ ਦੀ ਅਗਵਾਈ ਕਰਨ ਲਈ ਕੋਈ ਵੀ ਯੋਗ ਭਰਾ ਨਹੀਂ ਹੁੰਦਾ। ਉਸ ਵੇਲੇ ਇਕ ਬਪਤਿਸਮਾ-ਪ੍ਰਾਪਤ ਭੈਣ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਉਨ੍ਹਾਂ ਲਈ ਪ੍ਰਾਰਥਨਾ ਕਰੇ। ਉਸ ਨੂੰ ਆਪਣਾ ਸਿਰ ਚੰਗੀ ਤਰ੍ਹਾਂ ਨਾਲ ਢਕਣਾ ਚਾਹੀਦਾ ਹੈ। ਇਸੇ ਤਰ੍ਹਾਂ ਜਦੋਂ ਇਕ ਯੋਗ ਭਰਾ ਪ੍ਰਚਾਰ ਲਈ ਰੱਖੀਆਂ ਕੁਝ ਸਭਾਵਾਂ ਵਿਚ ਨਹੀਂ ਆ ਸਕਦਾ, ਤਾਂ ਬਜ਼ੁਰਗਾਂ ਨੂੰ ਪਹਿਲਾਂ ਹੀ ਚਾਹੀਦਾ ਹੈ ਕਿ ਉਹ ਇਕ ਯੋਗ ਭੈਣ ਨੂੰ ਅਗਵਾਈ ਲੈਣ ਲਈ ਕਹਿਣ।
ਆਮ ਕਰਕੇ ਜਨਤਕ ਸਭਾ ਦਾ ਸਭਾਪਤੀ ਪ੍ਰਾਰਥਨਾ ਨਾਲ ਸਭਾ ਸ਼ੁਰੂ ਕਰਦਾ ਹੈ। ਪਰ ਜੇ ਕਲੀਸਿਯਾ ਵਿਚ ਕਾਫ਼ੀ ਯੋਗ ਭਰਾ ਹਨ, ਤਾਂ ਕਲੀਸਿਯਾ ਦੀਆਂ ਹੋਰ ਸਭਾਵਾਂ ਦੇ ਪ੍ਰੋਗ੍ਰਾਮ ਨੂੰ ਸ਼ੁਰੂ ਕਰਨ ਵਾਲਾ ਭਰਾ ਜਾਂ ਅਖ਼ੀਰਲਾ ਭਾਸ਼ਣ ਦੇਣ ਵਾਲਾ ਭਰਾ ਕਿਸੇ ਦੂਜੇ ਭਰਾ ਨੂੰ ਸ਼ੁਰੂਆਤੀ ਜਾਂ ਸਮਾਪਤੀ ਪ੍ਰਾਰਥਨਾ ਕਰਨ ਲਈ ਕਹਿ ਸਕਦਾ ਹੈ। ਜਿਸ ਭਰਾ ਨੂੰ ਕਲੀਸਿਯਾ ਦੀ ਸਭਾ ਵਿਚ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਹੈ, ਉਸ ਨੂੰ ਇਸ ਬਾਰੇ ਪਹਿਲਾਂ ਤੋਂ ਹੀ ਦੱਸ ਦਿੱਤਾ ਜਾਣਾ ਚਾਹੀਦਾ ਹੈ, ਤਾਂਕਿ ਉਹ ਪਹਿਲਾਂ ਹੀ ਸੋਚ ਲਵੇ ਕਿ ਉਹ ਪ੍ਰਾਰਥਨਾ ਵਿਚ ਕੀ ਕਹੇਗਾ। ਇਸ ਤਰ੍ਹਾਂ ਉਹ ਦਿਲੋਂ ਪ੍ਰਾਰਥਨਾ ਕਰ ਸਕਦਾ ਹੈ ਜੋ ਉਸ ਖ਼ਾਸ ਸਭਾ ਲਈ ਢੁਕਵੀਂ ਹੋਵੇਗੀ।
ਅਜਿਹੀਆਂ ਪ੍ਰਾਰਥਨਾਵਾਂ ਲੰਮੀਆਂ ਨਹੀਂ ਹੋਣੀਆਂ ਚਾਹੀਦੀਆਂ। ਜਦੋਂ ਇਕ ਭਰਾ ਖੜ੍ਹਾ ਹੋ ਕੇ ਸਾਫ਼ ਤੇ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰਦਾ ਹੈ, ਤਾਂ ਲੋਕ ਉਸ ਦੀ ਪ੍ਰਾਰਥਨਾ ਨੂੰ ਚੰਗੀ ਤਰ੍ਹਾਂ ਸਮਝਣਗੇ। ਇਸ ਨਾਲ ਸਾਰੇ ਲੋਕ ਧਿਆਨ ਨਾਲ ਪ੍ਰਾਰਥਨਾ ਨੂੰ ਸੁਣ ਕੇ ਆਖ਼ਰ ਵਿਚ ਦਿਲੋਂ ਕਹਿ ਸਕਣਗੇ “ਆਮੀਨ!”—1 ਇਤ. 16:36; 1 ਕੁਰਿੰ. 14:16.