ਭਾਗ 7—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਸਟੱਡੀ ਕਰਾਉਣ ਵੇਲੇ ਪ੍ਰਾਰਥਨਾ ਕਰਨੀ
1. (ੳ) ਪ੍ਰਾਰਥਨਾ ਨਾਲ ਸਟੱਡੀ ਸ਼ੁਰੂ ਤੇ ਸਮਾਪਤ ਕਰਨੀ ਕਿਉਂ ਚੰਗੀ ਗੱਲ ਹੈ? (ਅ) ਸਟੱਡੀ ਕਰਨ ਵਾਲੇ ਵਿਦਿਆਰਥੀ ਨੂੰ ਅਸੀਂ ਪ੍ਰਾਰਥਨਾ ਕਰਨ ਦੀ ਲੋੜ ਬਾਰੇ ਕਿਵੇਂ ਸਮਝਾ ਸਕਦੇ ਹਾਂ?
1 ਬਾਈਬਲ ਵਿਦਿਆਰਥੀਆਂ ਦੀ ਅਧਿਆਤਮਿਕ ਉੱਨਤੀ ਲਈ ਯਹੋਵਾਹ ਦੀ ਬਰਕਤ ਹੋਣੀ ਬਹੁਤ ਜ਼ਰੂਰੀ ਹੈ। (1 ਕੁਰਿੰ. 3:6) ਇਸ ਲਈ ਚੰਗਾ ਹੋਵੇਗਾ ਜੇ ਪ੍ਰਾਰਥਨਾ ਨਾਲ ਸਟੱਡੀ ਸ਼ੁਰੂ ਤੇ ਸਮਾਪਤ ਕੀਤੀ ਜਾਵੇ। ਜੋ ਲੋਕ ਮਸੀਹੀ ਪ੍ਰਾਰਥਨਾਵਾਂ ਤੋਂ ਵਾਕਫ਼ ਹਨ, ਉਨ੍ਹਾਂ ਨਾਲ ਪਹਿਲੀ ਸਟੱਡੀ ਤੋਂ ਹੀ ਅਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਸਕਦੇ ਹਾਂ। ਪਰ ਹੋਰਨਾਂ ਨਾਲ ਅਸੀਂ ਸ਼ਾਇਦ ਕੁਝ ਸਮੇਂ ਬਾਅਦ ਪ੍ਰਾਰਥਨਾ ਕਰਨੀ ਸ਼ੁਰੂ ਕਰਾਂਗੇ। ਤੁਸੀਂ ਜ਼ਬੂਰਾਂ ਦੀ ਪੋਥੀ 25:4, 5 ਅਤੇ 1 ਯੂਹੰਨਾ 5:14 ਵਰਤ ਕੇ ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹੋ ਕਿ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ। ਨਾਲੇ ਯੂਹੰਨਾ 15:16 ਨੂੰ ਵਰਤ ਕੇ ਤੁਸੀਂ ਸਮਝਾ ਸਕਦੇ ਹੋ ਕਿ ਯਿਸੂ ਮਸੀਹ ਦੇ ਜ਼ਰੀਏ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਕਿੰਨੀ ਜ਼ਰੂਰੀ ਹੈ।
2. ਸਟੱਡੀ ਲਈ ਜੇ ਭੈਣ ਨਾਲ ਕੋਈ ਬਪਤਿਸਮਾ-ਪ੍ਰਾਪਤ ਭਰਾ ਜਾਂ ਬਪਤਿਸਮਾ-ਰਹਿਤ ਪੁਰਸ਼ ਪ੍ਰਕਾਸ਼ਕ ਜਾਂਦਾ ਹੈ, ਤਾਂ ਕੌਣ ਪ੍ਰਾਰਥਨਾ ਕਰੇਗਾ?
2 ਸਟੱਡੀ ਵੇਲੇ ਕੌਣ ਪ੍ਰਾਰਥਨਾ ਕਰੇਗਾ? ਸਟੱਡੀ ਲਈ ਜੇ ਭੈਣ ਨਾਲ ਕੋਈ ਬਪਤਿਸਮਾ-ਪ੍ਰਾਪਤ ਭਰਾ ਜਾਂਦਾ ਹੈ, ਤਾਂ ਪ੍ਰਾਰਥਨਾ ਭਰਾ ਕਰੇਗਾ ਜਦ ਕਿ ਭੈਣ ਸਿਰ ਢੱਕ ਕੇ ਸਟੱਡੀ ਕਰਾ ਸਕਦੀ ਹੈ। (1 ਕੁਰਿੰ. 11:5, 10) ਪਰ ਜੇ ਸਟੱਡੀ ਲਈ ਕਿਸੇ ਭੈਣ ਨਾਲ ਬਪਤਿਸਮਾ-ਰਹਿਤ ਪੁਰਸ਼ ਪ੍ਰਕਾਸ਼ਕ ਜਾਂਦਾ ਹੈ, ਤਾਂ ਪ੍ਰਾਰਥਨਾ ਭੈਣ ਕਰੇਗੀ। ਇਸ ਹਾਲਤ ਵਿਚ ਉਸ ਨੂੰ ਪ੍ਰਾਰਥਨਾ ਕਰਨ ਅਤੇ ਸਟੱਡੀ ਕਰਾਉਣ ਵੇਲੇ ਸਿਰ ਢਕਣਾ ਚਾਹੀਦਾ ਹੈ।
3. ਬਾਈਬਲ ਸਟੱਡੀ ਵੇਲੇ ਕੀਤੀਆਂ ਪ੍ਰਾਰਥਨਾਵਾਂ ਵਿਚ ਕਿਹੜੀਆਂ ਗੱਲਾਂ ਕਹਿਣੀਆਂ ਉਚਿਤ ਹਨ?
3 ਪ੍ਰਾਰਥਨਾ ਵਿਚ ਕੀ ਕੁਝ ਕਿਹਾ ਜਾ ਸਕਦਾ ਹੈ: ਸਟੱਡੀ ਕਰਾਉਣ ਵੇਲੇ ਲੰਬੀਆਂ ਪ੍ਰਾਰਥਨਾਵਾਂ ਕਰਨ ਦੀ ਲੋੜ ਨਹੀਂ ਹੈ। ਆਮ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦੀ ਬਜਾਇ ਖ਼ਾਸ ਗੱਲਾਂ ਦਾ ਜ਼ਿਕਰ ਕਰਨਾ ਚਾਹੀਦਾ ਹੈ। ਮਿਸਾਲ ਲਈ, ਸਟੱਡੀ ਉੱਤੇ ਪਰਮੇਸ਼ੁਰ ਦੀ ਬਰਕਤ ਮੰਗਣ ਅਤੇ ਸਿੱਖੀਆਂ ਗੱਲਾਂ ਲਈ ਧੰਨਵਾਦ ਕਰਨ ਤੋਂ ਇਲਾਵਾ, ਯਹੋਵਾਹ ਦੀ ਵਡਿਆਈ ਕਰਨੀ ਵੀ ਚੰਗੀ ਗੱਲ ਹੈ ਕਿਉਂਕਿ ਉਹੀ ਸਿੱਖਿਆ ਦਾ ਸੋਮਾ ਹੈ। (ਯਸਾ. 54:13) ਅਸੀਂ ਅਜਿਹੀਆਂ ਗੱਲਾਂ ਵੀ ਕਹਿ ਸਕਦੇ ਹਾਂ ਜਿਸ ਤੋਂ ਜ਼ਾਹਰ ਹੋਵੇ ਕਿ ਅਸੀਂ ਵਿਦਿਆਰਥੀ ਵਿਚ ਦਿਲੋਂ ਦਿਲਚਸਪੀ ਲੈਂਦੇ ਹਾਂ ਅਤੇ ਯਹੋਵਾਹ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਸੰਗਠਨ ਦੀ ਕਦਰ ਕਰਦੇ ਹਾਂ। (1 ਥੱਸ. 1:2, 3; 2:7, 8) ਸਿੱਖੀਆਂ ਗੱਲਾਂ ਨੂੰ ਜ਼ਿੰਦਗੀ ਵਿਚ ਲਾਗੂ ਕਰਨ ਦੇ ਵਿਦਿਆਰਥੀ ਦੇ ਜਤਨਾਂ ਤੇ ਯਹੋਵਾਹ ਦੀ ਬਰਕਤ ਮੰਗੋ। ਇਸ ਨਾਲ ਉਸ ਨੂੰ “ਬਚਨ ਉੱਤੇ ਅਮਲ ਕਰਨ” ਦੀ ਅਹਿਮੀਅਤ ਪਤਾ ਲੱਗੇਗੀ।—ਯਾਕੂ. 1:22.
4. ਪ੍ਰਾਰਥਨਾ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਤੇ ਸਮਾਪਤ ਕਰਨ ਦੇ ਕਿਹੜੇ ਫ਼ਾਇਦੇ ਹੁੰਦੇ ਹਨ?
4 ਪ੍ਰਾਰਥਨਾ ਕਰਨ ਦੇ ਕਈ ਫ਼ਾਇਦੇ ਹੁੰਦੇ ਹਨ। ਇਸ ਨਾਲ ਯਹੋਵਾਹ ਦੀ ਬਰਕਤ ਮਿਲਦੀ ਹੈ। (ਲੂਕਾ 11:13) ਇਹ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਦੀ ਗੰਭੀਰਤਾ ਤੇ ਜ਼ੋਰ ਦਿੰਦੀ ਹੈ। ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਵਿਦਿਆਰਥੀ ਸਿੱਖਦਾ ਹੈ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ। (ਲੂਕਾ 6:40) ਨਾਲੇ ਜਦੋਂ ਅਸੀਂ ਦਿਲੋਂ ਪਰਮੇਸ਼ੁਰ ਲਈ ਪਿਆਰ ਅਤੇ ਉਸ ਦੇ ਬੇਮਿਸਾਲ ਗੁਣਾਂ ਲਈ ਧੰਨਵਾਦ ਨਾਲ ਭਰੀਆਂ ਪ੍ਰਾਰਥਨਾਵਾਂ ਕਰਦੇ ਹਾਂ, ਤਾਂ ਇਸ ਨਾਲ ਵਿਦਿਆਰਥੀ ਨੂੰ ਯਹੋਵਾਹ ਨਾਲ ਨਿੱਜੀ ਰਿਸ਼ਤਾ ਕਾਇਮ ਕਰਨ ਵਿਚ ਮਦਦ ਮਿਲ ਸਕਦੀ ਹੈ।