ਦਿਲਚਸਪੀ ਜਗਾਉਣ ਲਈ ਮੌਜੂਦਾ ਘਟਨਾਵਾਂ ਬਾਰੇ ਗੱਲਬਾਤ ਕਰੋ
1 ਕੀ ਤੁਸੀਂ ਚਾਹੁੰਦੇ ਹੋ ਕਿ ਪ੍ਰਚਾਰ ਕਰਨ ਲਈ ਤੁਹਾਨੂੰ ਨਵੇਂ-ਨਵੇਂ ਸੁਝਾਅ ਮਿਲਣ ਜਿਨ੍ਹਾਂ ਨਾਲ ਤੁਹਾਨੂੰ ਸੇਵਕਾਈ ਕਰਨ ਦਾ ਮਜ਼ਾ ਆਵੇ ਅਤੇ ਬਾਈਬਲ ਦੇ ਸੰਦੇਸ਼ ਵਿਚ ਲੋਕਾਂ ਦੀ ਦਿਲਚਸਪੀ ਜਾਗੇ? ਤਾਂ ਫਿਰ ਤੁਸੀਂ ਦੁਨੀਆਂ ਭਰ ਵਿਚ ਤੇ ਸਮਾਜ ਵਿਚ ਜੋ ਕੁਝ ਵਾਪਰ ਰਿਹਾ ਹੈ ਉਨ੍ਹਾਂ ਦਾ ਜ਼ਿਕਰ ਕਰਦੇ ਹੋਏ ਗੱਲਬਾਤ ਸ਼ੁਰੂ ਕਰੋ। ਤੁਸੀਂ ਆਪਣੇ ਇਲਾਕੇ ਅਤੇ ਰਾਸ਼ਟਰੀ ਘਟਨਾਵਾਂ ਜਾਂ ਅੰਤਰਰਾਸ਼ਟਰੀ ਖ਼ਬਰਾਂ ਬਾਰੇ ਗੱਲ ਕਰ ਸਕਦੇ ਹੋ। ਦੁਨੀਆਂ ਭਰ ਵਿਚ ਕੋਈ-ਨਾ-ਕੋਈ ਘਟਨਾ ਵਾਪਰਦੀ ਹੀ ਰਹਿੰਦੀ ਹੈ। (1 ਕੁਰਿੰ. 7:31) ਆਓ ਆਪਾਂ ਹੇਠ ਲਿਖੀਆਂ ਕੁਝ ਉਦਾਹਰਣਾਂ ਤੇ ਗੌਰ ਕਰੀਏ।
2 ਰੁਪਏ-ਪੈਸੇ ਦੀ ਤੰਗੀ ਅਤੇ ਰੋਜ਼ੀ-ਰੋਟੀ ਕਮਾਉਣੀ ਇਹ ਲੋਕਾਂ ਦੀਆਂ ਆਮ ਚਿੰਤਾਵਾਂ ਹਨ। ਤੁਸੀਂ ਇਵੇਂ ਕਹਿ ਸਕਦੇ ਹੋ:
◼ “ਕੀ ਤੁਸੀਂ ਖ਼ਬਰਾਂ ਵਿਚ ਸੁਣਿਆ ਹੈ ਕਿ ਚੀਜ਼ਾਂ ਦੇ ਭਾਅ [ਚੀਜ਼ਾਂ ਦੇ ਨਾਂ ਦੱਸੋ] ਫਿਰ ਤੋਂ ਵੱਧ ਰਹੇ ਹਨ?” ਜਾਂ ਜੇ ਕਿਸੇ ਵੱਡੀ ਕੰਪਨੀ ਨੇ ਬਹੁਤ ਸਾਰੇ ਮਜ਼ਦੂਰਾਂ ਨੂੰ ਕੱਢ ਦਿੱਤਾ ਹੈ, ਤਾਂ ਤੁਸੀਂ ਬੇਰੁਜ਼ਗਾਰੀ ਬਾਰੇ ਗੱਲ ਕਰ ਸਕਦੇ ਹੋ। ਪਰ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਗੱਲਬਾਤ ਕਿਵੇਂ ਅੱਗੇ ਤੋਰਨੀ ਚਾਹੁੰਦੇ ਹੋ। ਤੁਸੀਂ ਇਹ ਸਵਾਲ ਪੁੱਛਣ ਦੁਆਰਾ ਗੱਲਬਾਤ ਅੱਗੇ ਤੋਰ ਸਕਦੇ ਹੋ: “ਕੀ ਤੁਸੀਂ ਕਦੇ ਸੋਚਿਆ ਹੈ ਕਿ ਰੋਜ਼ੀ-ਰੋਟੀ ਕਮਾਉਣੀ ਐਨੀ ਮੁਸ਼ਕਲ ਕਿਉਂ ਹੈ?” ਜਾਂ “ਕੀ ਤੁਹਾਨੂੰ ਲੱਗਦਾ ਹੈ ਕਿ ਰੋਜ਼ੀ-ਰੋਟੀ ਕਮਾਉਣ ਲਈ ਇਨਸਾਨ ਨੂੰ ਹਮੇਸ਼ਾ ਇੱਦਾਂ ਹੀ ਸਖ਼ਤ ਮਿਹਨਤ ਕਰਨੀ ਪਏਗੀ?”
3 ਹਿੰਸਾ ਦੀਆਂ ਰਿਪੋਰਟਾਂ ਜਿਵੇਂ ਪਰਿਵਾਰਾਂ ਵਿਚ ਜਾਂ ਸਕੂਲ ਵਿਦਿਆਰਥੀਆਂ ਵਿਚਾਲੇ ਲੜਾਈ-ਝਗੜਿਆਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ। ਤੁਸੀਂ ਪੁੱਛ ਸਕਦੇ ਹੋ:
◼ “ਕੀ ਤੁਸੀਂ ਅਖ਼ਬਾਰ ਵਿਚ ਉਸ ਹਾਦਸੇ ਬਾਰੇ [ਹਾਦਸੇ ਦਾ ਨਾਂ ਦੱਸੋ] ਪੜ੍ਹਿਆ ਹੈ?” ਫਿਰ ਪੁੱਛੋ: “ਤੁਹਾਨੂੰ ਕੀ ਲੱਗਦਾ ਹੈ ਕਿ ਦੁਨੀਆਂ ਵਿਚ ਅੱਜ ਐਨੀ ਹਿੰਸਾ ਕਿਉਂ ਹੋ ਰਹੀ ਹੈ? ਜਾਂ “ਕੀ ਤੁਹਾਨੂੰ ਲੱਗਦਾ ਕਿ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਅਸੀਂ ਸਾਰੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਾਂਗੇ?”
4 ਦੁਨੀਆਂ ਦੀਆਂ ਵੱਖ-ਵੱਖ ਥਾਵਾਂ ਤੇ ਤਬਾਹਕੁਨ ਹੜ੍ਹ, ਭੁਚਾਲ ਜਾਂ ਦੇਸ਼-ਵਿਦੇਸ਼ ਵਿਚ ਹੋ ਰਹੇ ਲੜਾਈ-ਝਗੜਿਆਂ ਵਰਗੀਆਂ ਘਟਨਾਵਾਂ ਵੀ ਦਿਲਚਸਪੀ ਜਗਾ ਸਕਦੀਆਂ ਹਨ। ਮਿਸਾਲ ਵਜੋਂ ਤੁਸੀਂ ਪੁੱਛ ਸਕਦੇ ਹੋ:
◼ “ਕੀ ਇਸ ਆਫ਼ਤ [ਕੁਦਰਤੀ ਆਫ਼ਤ ਦਾ ਨਾਂ ਦੱਸੋ] ਦਾ ਜ਼ਿੰਮੇਵਾਰ ਪਰਮੇਸ਼ੁਰ ਹੈ?” ਜਾਂ ਤੁਸੀਂ ਹਾਲ ਹੀ ਵਿਚ ਸ਼ੁਰੂ ਹੋਏ ਲੜਾਈ-ਝਗੜਿਆਂ ਬਾਰੇ ਗੱਲ ਕਰਦੇ ਹੋਏ ਪੁੱਛ ਸਕਦੇ ਹੋ: “ਜੇ ਹਰ ਕੋਈ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹੈ, ਤਾਂ ਫਿਰ ਸ਼ਾਂਤੀ ਕਿਉਂ ਨਹੀਂ ਹੈ?”
5 ਅਜਿਹੀਆਂ ਘਟਨਾਵਾਂ ਦੀ ਜਾਣਕਾਰੀ ਰੱਖੋ ਜਿਨ੍ਹਾਂ ਨੂੰ ਤੁਸੀਂ ਆਪਣੀ ਗੱਲਬਾਤ ਸ਼ੁਰੂ ਕਰਨ ਲਈ ਵਰਤ ਸਕਦੇ ਹੋ। ਇਸ ਬਾਰੇ ਬਾਈਬਲ ਚਰਚੇ ਆਰੰਭ ਕਰਨਾ ਪੁਸਤਿਕਾ ਦੇ ਸਫ਼ੇ 6-7 ਉੱਤੇ ਸਿਰਲੇਖ “ਵਰਤਮਾਨ ਘਟਨਾਵਾਂ” ਹੇਠ ਮਦਦਗਾਰ ਸੁਝਾਅ ਦਿੱਤੇ ਗਏ ਹਨ। ਪਰ ਰਾਜਨੀਤਿਕ ਜਾਂ ਸਮਾਜਕ ਮੁੱਦਿਆਂ ਬਾਰੇ ਗੱਲਬਾਤ ਕਰਨ ਤੋਂ ਦੂਰ ਹੀ ਰਹੋ। ਸਗੋਂ, ਲੋਕਾਂ ਦਾ ਧਿਆਨ ਬਾਈਬਲ ਅਤੇ ਮਨੁੱਖਜਾਤੀ ਦੀਆਂ ਮੁਸ਼ਕਲਾਂ ਦੇ ਇੱਕੋ-ਇਕ ਹੱਲ, ਪਰਮੇਸ਼ੁਰ ਦੇ ਰਾਜ ਵੱਲ ਦਿਵਾਓ।