ਇਸ ਬਦਲਦੀ ਜਾ ਰਹੀ ਦੁਨੀਆਂ ਵਿਚ ਪ੍ਰਚਾਰ ਕਰਨਾ
1 ਹਾਲਾਤ ਕਿੰਨੀ ਜਲਦੀ ਬਦਲ ਸਕਦੇ ਹਨ! ਕੁਦਰਤੀ ਆਫ਼ਤ, ਆਰਥਿਕ ਸੰਕਟ, ਰਾਜਨੀਤਿਕ ਉਥਲ-ਪੁਥਲ ਜਾਂ ਕੋਈ ਹੋਰ ਗੰਭੀਰ ਘਟਨਾ ਰਾਤੋ-ਰਾਤ ਹੀ ਚਰਚਾ ਦਾ ਵਿਸ਼ਾ ਬਣ ਸਕਦੀ ਹੈ। ਪਰ ਜਲਦੀ ਹੀ ਲੋਕ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲੈਂਦੇ ਹਨ। (ਰਸੂ. 17:21; 1 ਕੁਰਿੰ. 7:31) ਇਸ ਬਦਲਦੀ ਜਾ ਰਹੀ ਦੁਨੀਆਂ ਵਿਚ ਅਸੀਂ ਲੋਕਾਂ ਦਾ ਧਿਆਨ ਕਿਵੇਂ ਖਿੱਚ ਸਕਦੇ ਹਾਂ ਤਾਂਕਿ ਅਸੀਂ ਉਨ੍ਹਾਂ ਨਾਲ ਰਾਜ ਦਾ ਸੰਦੇਸ਼ ਸਾਂਝਾ ਕਰ ਸਕੀਏ?
2 ਦੂਜਿਆਂ ਦੀਆਂ ਚਿੰਤਾਵਾਂ ਨੂੰ ਜਾਣੋ: ਲੋਕਾਂ ਦਾ ਧਿਆਨ ਖਿੱਚਣ ਦਾ ਇਕ ਤਰੀਕਾ ਹੈ ਤਾਜ਼ੀਆਂ ਘਟਨਾਵਾਂ ਬਾਰੇ ਗੱਲ ਕਰਨੀ। ਇਕ ਮੌਕੇ ਤੇ ਯਿਸੂ ਨੇ ਆਪਣੇ ਸੁਣਨ ਵਾਲਿਆਂ ਦਾ ਧਿਆਨ ਤਾਜ਼ੀਆਂ ਘਟਨਾਵਾਂ ਵੱਲ ਖਿੱਚਿਆ ਸੀ ਜਿਨ੍ਹਾਂ ਨੂੰ ਲੋਕ ਅਜੇ ਭੁੱਲੇ ਨਹੀਂ ਸਨ। ਇਸ ਤਰ੍ਹਾਂ ਕਰ ਕੇ ਉਸ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨ। (ਲੂਕਾ 13:1-5) ਇਸੇ ਤਰ੍ਹਾਂ, ਖ਼ੁਸ਼ ਖ਼ਬਰੀ ਦਿੰਦੇ ਵੇਲੇ ਸਾਨੂੰ ਵੀ ਕਿਸੇ ਤਾਜ਼ੀ ਖ਼ਬਰ ਜਾਂ ਸਥਾਨਕ ਸਮੱਸਿਆ ਵੱਲ ਲੋਕਾਂ ਦਾ ਧਿਆਨ ਖਿੱਚਣਾ ਚਾਹੀਦਾ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ। ਪਰ ਅਜਿਹੀਆਂ ਗੱਲਾਂ ਉੱਤੇ ਚਰਚਾ ਕਰਦੇ ਸਮੇਂ ਸਾਨੂੰ ਕਿਸੇ ਵੀ ਰਾਜਨੀਤਿਕ ਜਾਂ ਸਮਾਜਕ ਮੁੱਦੇ ਦਾ ਸਮਰਥਨ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ।—ਯੂਹੰ. 17:16.
3 ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਲੋਕਾਂ ਦੇ ਮਨਾਂ ਵਿਚ ਹੁਣ ਕੀ ਹੈ? ਸ਼ਾਇਦ ਸਭ ਤੋਂ ਬਿਹਤਰ ਤਰੀਕਾ ਹੈ ਕਿ ਅਸੀਂ ਉਨ੍ਹਾਂ ਤੋਂ ਕੋਈ ਸਵਾਲ ਪੁੱਛੀਏ ਤੇ ਫਿਰ ਉਨ੍ਹਾਂ ਦੀ ਗੱਲ ਸੁਣੀਏ। (ਮੱਤੀ 12:34) ਲੋਕਾਂ ਵਿਚ ਦਿਲਚਸਪੀ ਲੈਣ ਨਾਲ ਅਸੀਂ ਦੂਜਿਆਂ ਦੇ ਨਜ਼ਰੀਏ ਨੂੰ ਧਿਆਨ ਵਿਚ ਰੱਖਣ ਅਤੇ ਸਮਝਦਾਰੀ ਨਾਲ ਉਨ੍ਹਾਂ ਤੋਂ ਅੱਗੋਂ ਕੁਝ ਪੁੱਛਣ ਲਈ ਪ੍ਰੇਰਿਤ ਹੋਵਾਂਗੇ। ਘਰ-ਸੁਆਮੀ ਦੇ ਜਵਾਬ ਤੋਂ ਸਾਨੂੰ ਪਤਾ ਲੱਗ ਸਕਦਾ ਹੈ ਕਿ ਉਸ ਇਲਾਕੇ ਦੇ ਲੋਕਾਂ ਦੇ ਮਨਾਂ ਵਿਚ ਕੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਗਵਾਹੀ ਦੇਣ ਦਾ ਰਾਹ ਖੁੱਲ੍ਹ ਸਕਦਾ ਹੈ।
4 ਪੇਸ਼ਕਾਰੀ ਤਿਆਰ ਕਰਨੀ: ਇਸ ਬਦਲ ਰਹੀ ਦੁਨੀਆਂ ਵਿਚ ਪ੍ਰਚਾਰ ਕਰਨ ਦੀ ਤਿਆਰੀ ਲਈ ਅਸੀਂ ਪੁਸਤਿਕਾ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਨੂੰ ਇਸਤੇਮਾਲ ਕਰ ਸਕਦੇ ਹਾਂ। ਪੇਸ਼ਕਾਰੀ ਵਿਚ ਮੌਜੂਦਾ ਘਟਨਾਵਾਂ ਸ਼ਾਮਲ ਕਰਨ ਲਈ ਇਸ ਪੁਸਤਿਕਾ ਦੇ ਸਫ਼ੇ 3 ਅਤੇ 6 ਉੱਤੇ “ਅਪਰਾਧ/ਸੁਰੱਖਿਆ” ਅਤੇ “ਵਰਤਮਾਨ ਘਟਨਾਵਾਂ” ਨਾਮਕ ਵਿਸ਼ਿਆਂ ਥੱਲੇ ਮਦਦਗਾਰ ਸੁਝਾਅ ਦਿੱਤੇ ਗਏ ਹਨ। ਇਸੇ ਤਰ੍ਹਾਂ ਦੀ ਜਾਣਕਾਰੀ ਅਕਤੂਬਰ 2000 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 7 ਉੱਤੇ ਮਿਲ ਸਕਦੀ ਹੈ। ਪੇਸ਼ਕਾਰੀ ਤਿਆਰ ਕਰਦੇ ਸਮੇਂ ਬਾਈਬਲ ਦਾ ਇਕ ਢੁਕਵਾਂ ਹਵਾਲਾ ਸ਼ਾਮਲ ਕਰਨਾ ਨਾ ਭੁੱਲੋ।
5 ਜਦੋਂ ਸਾਨੂੰ ਆਪਣੇ ਖੇਤਰ ਦੇ ਲੋਕਾਂ ਦੀਆਂ ਬਦਲ ਰਹੀਆਂ ਚਿੰਤਾਵਾਂ ਦਾ ਪਤਾ ਲੱਗਦਾ ਹੈ, ਤਾਂ ਖ਼ੁਸ਼ ਖ਼ਬਰੀ ਦੀ ਪੇਸ਼ਕਾਰੀ ਨੂੰ ਉਨ੍ਹਾਂ ਮੁਤਾਬਕ ਢਾਲ਼ਣ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ਲੋਕਾਂ ਨਾਲ ਉਸ ਚਿੰਤਾ ਬਾਰੇ ਗੱਲ ਕਰਦੇ ਹਾਂ ਜੋ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਗਹਿਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਹੋਰ ਬਹੁਤ ਸਾਰੇ ਲੋਕਾਂ ਦੀ ਉਸ ਸ਼ਖ਼ਸੀਅਤ ਬਾਰੇ ਜਾਣਨ ਵਿਚ ਮਦਦ ਕਰਦੇ ਹਾਂ ਜਿਸ ਦੇ ਗੁਣ ਅਤੇ ਮਿਆਰ ਕਦੇ ਨਹੀਂ ਬਦਲਦੇ।—ਯਾਕੂ. 1:17.