ਕੀ ਤੁਸੀਂ ਫੇਰ-ਬਦਲ ਕਰਨ ਲਈ ਤਿਆਰ ਹੋ?
1. ਇਸ ਬਦਲਦੀ ਜਾਂਦੀ ਦੁਨੀਆਂ ਵਿਚ ਸਾਨੂੰ ਕਿਹੜੇ ਫੇਰ-ਬਦਲ ਕਰਨ ਦੀ ਲੋੜ ਹੈ?
1 ਬਾਈਬਲ ਦੀ ਮੁਢਲੀ ਭਾਸ਼ਾ ਵਿਚ 1 ਕੁਰਿੰਥੀਆਂ 7:31 ਵਿਚ ਦੁਨੀਆਂ ਦੀ ਤੁਲਨਾ ਸਟੇਜ ਨਾਲ ਕੀਤੀ ਗਈ ਹੈ ਜਿੱਥੇ ਨਾਟਕ ਵਿਚ ਅਦਾਕਾਰ ਅਤੇ ਸੀਨ ਬਦਲਦੇ ਰਹਿੰਦੇ ਹਨ। ਇਸ ਬਦਲਦੀ ਜਾਂਦੀ ਦੁਨੀਆਂ ਵਿਚ ਸਾਨੂੰ ਵੀ ਸਮੇਂ-ਸਮੇਂ ਤੇ ਆਪਣੇ ਪ੍ਰਚਾਰ ਦੇ ਤਰੀਕਿਆਂ, ਆਪਣੇ ਸ਼ਡਿਉਲ ਅਤੇ ਗੱਲਬਾਤ ਕਰਨ ਦੇ ਤਰੀਕੇ ਵਿਚ ਫੇਰ-ਬਦਲ ਕਰਨ ਦੀ ਲੋੜ ਹੈ। ਕੀ ਤੁਸੀਂ ਫੇਰ-ਬਦਲ ਕਰਨ ਲਈ ਤਿਆਰ ਹੋ?
2. ਯਹੋਵਾਹ ਦੇ ਸੰਗਠਨ ਦੇ ਨਾਲ-ਨਾਲ ਚੱਲਣ ਲਈ ਸਾਨੂੰ ਕਿਉਂ ਫੇਰ-ਬਦਲ ਕਰਨਾ ਚਾਹੀਦਾ ਹੈ?
2 ਤੁਹਾਡੇ ਪ੍ਰਚਾਰ ਕਰਨ ਦੇ ਤਰੀਕੇ: ਮਸੀਹੀ ਹਮੇਸ਼ਾ ਤੋਂ ਫੇਰ-ਬਦਲ ਕਰਦੇ ਆਏ ਹਨ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪਹਿਲੀ ਵਾਰ ਪ੍ਰਚਾਰ ਕਰਨ ਲਈ ਭੇਜਿਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਨਾ ਤਾਂ ਝੋਲ਼ਾ ਤੇ ਨਾ ਹੀ ਪੈਸੇ ਲੈ ਕੇ ਜਾਣ। (ਮੱਤੀ 10:9, 10) ਪਰ ਬਾਅਦ ਵਿਚ ਯਿਸੂ ਨੇ ਇਨ੍ਹਾਂ ਹਿਦਾਇਤਾਂ ਨੂੰ ਬਦਲਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਵਿਚ ਉਸ ਦੇ ਚੇਲਿਆਂ ਦਾ ਵਿਰੋਧ ਕੀਤਾ ਜਾਣਾ ਸੀ। ਨਾਲੇ ਉਨ੍ਹਾਂ ਨੇ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਨਾ ਸੀ। (ਲੂਕਾ 22:36) ਪਿਛਲੇ ਸੌ ਸਾਲਾਂ ਵਿਚ ਯਹੋਵਾਹ ਦੀ ਸੰਸਥਾ ਨੇ ਪ੍ਰਚਾਰ ਕਰਨ ਦੇ ਅਲੱਗ-ਅਲੱਗ ਤਰੀਕੇ ਵਰਤੇ ਹਨ। ਮਿਸਾਲ ਲਈ, ਉਨ੍ਹਾਂ ਨੇ ਗਵਾਹੀ ਦੇਣ ਲਈ ਲੋਕਾਂ ਨੂੰ ਪੜ੍ਹਨ ਲਈ ਕਾਰਡ ਦਿੱਤੇ, ਰੇਡੀਓ ਰਾਹੀਂ ਅਤੇ ਲਾਊਡਸਪੀਕਰਾਂ ਵਾਲੀਆਂ ਕਾਰਾਂ ਰਾਹੀਂ ਪ੍ਰੋਗ੍ਰਾਮ ਜਾਰੀ ਕੀਤੇ। ਇਹ ਸਾਰਾ ਕੁਝ ਸਮੇਂ ਦੀ ਲੋੜ ਮੁਤਾਬਕ ਕੀਤਾ ਗਿਆ। ਅੱਜ-ਕੱਲ੍ਹ ਬਹੁਤ ਸਾਰੇ ਇਲਾਕਿਆਂ ਵਿਚ ਲੋਕ ਘਰ ਨਹੀਂ ਹੁੰਦੇ, ਇਸ ਕਰਕੇ ਘਰ-ਘਰ ਪ੍ਰਚਾਰ ਕਰਨ ਦੇ ਨਾਲ-ਨਾਲ ਸਾਨੂੰ ਪਬਲਿਕ ਥਾਵਾਂ ʼਤੇ ਜਾ ਕੇ ਜਾਂ ਕਿਸੇ ਵੀ ਵੇਲੇ ਮੌਕਾ ਮਿਲਣ ਤੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਸਾਨੂੰ ਇਹ ਵੀ ਦੱਸਿਆ ਗਿਆ ਹੈ ਕਿ ਜੇ ਲੋਕ ਦਿਨੇ ਕੰਮ ਤੇ ਹੁੰਦੇ ਹਨ, ਤਾਂ ਅਸੀਂ ਸ਼ਾਮ ਨੂੰ ਘਰ-ਘਰ ਜਾ ਕੇ ਪ੍ਰਚਾਰ ਕਰੀਏ। ਕੀ ਤੁਸੀਂ ਯਹੋਵਾਹ ਦੇ ਸਵਰਗੀ ਰਥ ਦੇ ਨਾਲ-ਨਾਲ ਚੱਲਦੇ ਹੋ ਭਾਵੇਂ ਉਹ ਜਿੱਧਰ ਨੂੰ ਵੀ ਮੁੜਦਾ ਹੈ?—ਹਿਜ਼. 1:20, 21.
3. ਆਪਣੀ ਪੇਸ਼ਕਾਰੀ ਵਿਚ ਫੇਰ-ਬਦਲ ਕਰਨ ਨਾਲ ਅਸੀਂ ਆਪਣੇ ਇਲਾਕੇ ਵਿਚ ਹੋਰ ਵਧੀਆ ਤਰੀਕੇ ਨਾਲ ਕਿਵੇਂ ਪ੍ਰਚਾਰ ਕਰ ਸਕਦੇ ਹਾਂ?
3 ਤੁਹਾਡੀ ਪੇਸ਼ਕਾਰੀ: ਤੁਹਾਡੇ ਇਲਾਕੇ ਵਿਚ ਲੋਕ ਕਿਹੜੀਆਂ ਗੱਲਾਂ ਕਰਕੇ ਪਰੇਸ਼ਾਨ ਹਨ? ਪੈਸੇ ਕਰਕੇ? ਪਰਿਵਾਰਕ ਮੁਸ਼ਕਲਾਂ ਕਰਕੇ? ਅਪਰਾਧ ਕਰਕੇ? ਸਾਡੇ ਲਈ ਇਹ ਜਾਣਨਾ ਚੰਗਾ ਹੋਵੇਗਾ ਕਿ ਸਾਡੇ ਇਲਾਕੇ ਦੇ ਲੋਕਾਂ ਨੂੰ ਕਿਹੜੀਆਂ ਸਮੱਸਿਆਵਾਂ ਹਨ ਤੇ ਉਨ੍ਹਾਂ ਦੇ ਹਾਲਾਤ ਕਿਹੋ ਜਿਹੇ ਹਨ ਤਾਂਕਿ ਅਸੀਂ ਇਨ੍ਹਾਂ ਗੱਲਾਂ ਮੁਤਾਬਕ ਆਪਣੀ ਪੇਸ਼ਕਾਰੀ ਤਿਆਰ ਕਰ ਸਕੀਏ। (1 ਕੁਰਿੰ. 9:20-23) ਜਦੋਂ ਘਰ-ਮਾਲਕ ਖੁੱਲ੍ਹ ਕੇ ਸਾਡੇ ਨਾਲ ਗੱਲ ਕਰਦਾ ਹੈ, ਤਾਂ ਉਸ ਦੀ ਗੱਲ ਸੁਣ ਕੇ ਮਾੜਾ-ਮੋਟਾ ਹੂੰ-ਹਾਂ ਕਹਿ ਕੇ ਆਪਣੀ ਤਿਆਰ ਕੀਤੀ ਹੋਈ ਪੇਸ਼ਕਾਰੀ ਦੇਣ ਦੀ ਬਜਾਇ ਚੰਗਾ ਹੋਵੇਗਾ ਜੇ ਅਸੀਂ ਉਸ ਦੀਆਂ ਗੱਲਾਂ ਮੁਤਾਬਕ ਆਪਣੀ ਪੇਸ਼ਕਾਰੀ ਬਦਲੀਏ।
4. ਸਾਨੂੰ ਬਿਨਾਂ ਦੇਰ ਕੀਤਿਆਂ ਕਿਉਂ ਫੇਰ-ਬਦਲ ਕਰਨਾ ਚਾਹੀਦਾ ਹੈ?
4 ਬਹੁਤ ਜਲਦੀ ਹੀ ਇਸ ਦੁਨੀਆਂ ਦਾ ਆਖ਼ਰੀ ਸੀਨ ਖ਼ਤਮ ਹੋ ਜਾਵੇਗਾ ਅਤੇ ਮਹਾਂਕਸ਼ਟ ਸ਼ੁਰੂ ਹੋ ਜਾਵੇਗਾ। “ਸਮਾਂ ਥੋੜ੍ਹਾ ਰਹਿ ਗਿਆ ਹੈ।” (1 ਕੁਰਿੰ. 7:29) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਬਿਨਾਂ ਦੇਰ ਕੀਤਿਆਂ ਪ੍ਰਚਾਰ ਕਰਨ ਦੇ ਤਰੀਕਿਆਂ ਵਿਚ ਫੇਰ-ਬਦਲ ਕਰੀਏ, ਤਾਂਕਿ ਅਸੀਂ ਥੋੜ੍ਹੇ ਸਮੇਂ ਵਿਚ ਜ਼ਿਆਦਾ ਪ੍ਰਚਾਰ ਕਰ ਸਕੀਏ!