ਪ੍ਰਚਾਰ ਵਿਚ ਲੱਗੇ ਰਹੋ!
1 ਪਰਮੇਸ਼ੁਰ ਚਾਹੁੰਦਾ ਹੈ: “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਇਸੇ ਕਰਕੇ, ਉਸ ਨੇ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। (ਮੱਤੀ 24:14) ਨਾਲੇ ਜੇ ਅਸੀਂ ਇਸ ਗੱਲ ਦੀ ਕਦਰ ਕਰੀਏ ਕਿ ਸਾਨੂੰ ਪ੍ਰਚਾਰ ਵਿਚ ਕਿਉਂ ਲੱਗੇ ਰਹਿਣਾ ਚਾਹੀਦਾ ਹੈ, ਤਾਂ ਕਿਸੇ ਵੀ ਤਰ੍ਹਾਂ ਦੀ ਨਿਰਾਸ਼ਾ ਜਾਂ ਪਰੇਸ਼ਾਨੀ ਸਾਡਾ ਰਾਹ ਨਹੀਂ ਰੋਕ ਪਾਵੇਗੀ।
2 ਕਿਉਂ ਲੱਗੇ ਰਹੀਏ? ਦੁਨੀਆਂ ਦੇ ਲੋਕ ਐਨੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਦੇ ਹਨ ਕਿ ਉਹ ਜਾਂ ਤਾਂ ਸਾਡੀ ਗੱਲ ਭੁੱਲ ਜਾਂਦੇ ਹਨ ਜਾਂ ਇਸ ਨੂੰ ਮਾਮੂਲੀ ਜਿਹਾ ਸਮਝਦੇ ਹਨ। ਇਸ ਲਈ, ਸਾਨੂੰ ਉਨ੍ਹਾਂ ਨੂੰ ਪਰਮੇਸ਼ੁਰ ਦੀ ਮੁਕਤੀ ਦਾ ਸੁਨੇਹਾ ਵਾਰ-ਵਾਰ ਯਾਦ ਕਰਾਉਂਦੇ ਰਹਿਣਾ ਚਾਹੀਦਾ ਹੈ। (ਮੱਤੀ 24:38, 39) ਇਸ ਤੋਂ ਇਲਾਵਾ, ਲੋਕਾਂ ਦੇ ਹਾਲਾਤ ਹਮੇਸ਼ਾ ਬਦਲਦੇ ਰਹਿੰਦੇ ਹਨ। ਇੱਥੋਂ ਤਕ ਕਿ ਦੁਨੀਆਂ ਦੇ ਹਾਲਾਤ ਵੀ ਰਾਤੋ-ਰਾਤ ਬਦਲ ਸਕਦੇ ਹਨ। (1 ਕੁਰਿੰ. 7:31) ਹੋ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ ਉਨ੍ਹਾਂ ਨੂੰ ਕੱਲ੍ਹ, ਅਗਲੇ ਹਫ਼ਤੇ ਜਾਂ ਅਗਲੇ ਮਹੀਨੇ ਨਵੀਆਂ ਸਮੱਸਿਆਵਾਂ ਜਾਂ ਚਿੰਤਾਵਾਂ ਦਾ ਸਾਮ੍ਹਣਾ ਕਰਨਾ ਪਵੇ ਜਿਸ ਕਰਕੇ ਉਹ ਖ਼ੁਸ਼ ਖ਼ਬਰੀ ਬਾਰੇ ਧਿਆਨ ਨਾਲ ਸੋਚਣ। ਕੀ ਤੁਸੀਂ ਉਸ ਭੈਣ ਜਾਂ ਭਰਾ ਦੇ ਸ਼ੁਕਰਗੁਜ਼ਾਰ ਨਹੀਂ ਹੋ ਜਿਸ ਦੇ ਪ੍ਰਚਾਰ ਵਿਚ ਲੱਗੇ ਰਹਿਣ ਕਰਕੇ ਤੁਸੀਂ ਸੱਚਾਈ ਵਿਚ ਆ ਸਕੇ?
3 ਪਰਮੇਸ਼ੁਰ ਦੀ ਦਇਆ ਦੀ ਰੀਸ ਕਰਨ ਲਈ: ਯਹੋਵਾਹ ਨੇ ਬੁਰੇ ਲੋਕਾਂ ਦਾ ਨਾਸ਼ ਨਾ ਕਰਨ ਵਿਚ ਹੁਣ ਤਕ ਧੀਰਜ ਧਰਿਆ ਹੈ। ਸਾਡੇ ਰਾਹੀਂ ਉਹ ਨੇਕਦਿਲ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਉਸ ਕੋਲ ਆਉਣ ਅਤੇ ਨਾਸ਼ ਤੋਂ ਬਚਣ। (2 ਪਤ. 3:9) ਜੇ ਅਸੀਂ ਲੋਕਾਂ ਨੂੰ ਪਰਮੇਸ਼ੁਰ ਦਾ ਸੁਨੇਹਾ ਨਹੀਂ ਸੁਣਾਉਂਦੇ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਦੁਸ਼ਟਾਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੀ ਚੇਤਾਵਨੀ ਨਹੀਂ ਦਿੰਦੇ, ਤਾਂ ਉਨ੍ਹਾਂ ਦੇ ਖ਼ੂਨ ਦਾ ਦੋਸ਼ ਸਾਡੇ ਤੇ ਲੱਗੇਗਾ। (ਹਿਜ਼. 33:1-11) ਭਾਵੇਂ ਲੋਕ ਹਮੇਸ਼ਾ ਖ਼ੁਸ਼ ਖ਼ਬਰੀ ਨਾ ਸੁਣਨ, ਪਰ ਸਾਨੂੰ ਨੇਕਦਿਲ ਲੋਕਾਂ ਦੀ ਇਹ ਗੱਲ ਸਮਝਣ ਵਿਚ ਮਦਦ ਕਰਨ ਲਈ ਢਿੱਲੇ-ਮੱਠੇ ਨਹੀਂ ਪੈਣਾ ਚਾਹੀਦਾ ਕਿ ਉਹ ਪਰਮੇਸ਼ੁਰ ਦੀ ਦਇਆ ਦੀ ਕਦਰ ਕਰਨ।—ਰਸੂ. 20:26, 27; ਰੋਮੀ. 12:11.
4 ਆਪਣਾ ਪਿਆਰ ਦਿਖਾਉਣ ਲਈ: ਯਹੋਵਾਹ ਪਰਮੇਸ਼ੁਰ ਨੇ ਯਿਸੂ ਮਸੀਹ ਦੇ ਜ਼ਰੀਏ ਸਾਰੀ ਧਰਤੀ ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਹੈ। (ਮੱਤੀ 28:19, 20) ਜਦੋਂ ਲੋਕ ਨਹੀਂ ਵੀ ਸੁਣਦੇ, ਤਾਂ ਵੀ ਅਸੀਂ ਉਸ ਦੇ ਹੁਕਮਾਂ ਨੂੰ ਮੰਨ ਕੇ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੀ ਭਗਤੀ ਕਰਦੇ ਹਾਂ।—1 ਯੂਹੰ. 5:3.
5 ਆਓ ਆਪਾਂ ਠਾਣ ਲਈਏ ਕਿ ਅਸੀਂ ਪ੍ਰਚਾਰ ਵਿਚ ਲੱਗੇ ਰਹਾਂਗੇ! ਇਸ ਲਈ, ਜਦ ਤਕ ਯਹੋਵਾਹ ਦਾ “ਮੁਕਤੀ ਦਾ ਦਿਨ” ਚੱਲ ਰਿਹਾ ਹੈ, ਆਓ ਆਪਾਂ ਜੋਸ਼ ਨਾਲ ਪ੍ਰਚਾਰ ਕਰਦੇ ਰਹੀਏ।—2 ਕੁਰਿੰ. 6:2.