ਸੌਖੀ ਪੇਸ਼ਕਾਰੀ ਵਰਤਣੀ ਹੀ ਵਧੀਆ ਹੈ
1 ਲੋਕ ਅਕਸਰ ਛੋਟੀ ਉਮਰ ਦੇ ਪ੍ਰਕਾਸ਼ਕਾਂ ਦੀ ਗੱਲ ਨੂੰ ਧਿਆਨ ਨਾਲ ਕਿਉਂ ਸੁਣਦੇ ਹਨ ਜੋ ਉਨ੍ਹਾਂ ਨੂੰ ਰਾਜ ਦਾ ਸੰਦੇਸ਼ ਦਿੰਦੇ ਹਨ? ਇਕ ਕਾਰਨ ਤਾਂ ਇਹ ਹੈ ਕਿ ਉਹ ਸੌਖੇ ਸ਼ਬਦ ਇਸਤੇਮਾਲ ਕਰਦੇ ਹਨ। ਕੁਝ ਪ੍ਰਕਾਸ਼ਕ ਸ਼ਾਇਦ ਮਹਿਸੂਸ ਕਰਨ ਕਿ ਅਸਰਦਾਰ ਗਵਾਹੀ ਦੇਣ ਲਈ ਉਨ੍ਹਾਂ ਨੂੰ ਵੱਡੇ-ਵੱਡੇ ਤੇ ਔਖੇ ਸ਼ਬਦ ਇਸਤੇਮਾਲ ਕਰਨ ਦੀ ਲੋੜ ਹੈ। ਪਰ ਤਜਰਬੇ ਦਿਖਾਉਂਦੇ ਹਨ ਕਿ ਸੌਖੀ ਤੇ ਸਪੱਸ਼ਟ ਪੇਸ਼ਕਾਰੀ ਦੇਣੀ ਵਧੀਆ ਹੈ।
2 ਯਿਸੂ ਨੇ ਪਰਮੇਸ਼ੁਰ ਦੇ ਰਾਜ ਦਾ ਐਲਾਨ ਬੜੇ ਸੌਖੇ ਤੇ ਸਪੱਸ਼ਟ ਤਰੀਕੇ ਨਾਲ ਕੀਤਾ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਇਸੇ ਤਰ੍ਹਾਂ ਕਰਨਾ ਸਿਖਾਇਆ। (ਮੱਤੀ 4:17; 10:5-7; ਲੂਕਾ 10:1, 9) ਉਸ ਨੇ ਆਪਣੇ ਸੁਣਨ ਵਾਲਿਆਂ ਦਾ ਧਿਆਨ ਖਿੱਚਣ ਤੇ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਲਈ ਸੌਖੀਆਂ ਪ੍ਰਸਤਾਵਨਾਵਾਂ, ਸਵਾਲਾਂ ਤੇ ਦ੍ਰਿਸ਼ਟਾਂਤਾਂ ਨੂੰ ਇਸਤੇਮਾਲ ਕੀਤਾ। (ਯੂਹੰ. 4:7-14) ਆਓ ਆਪਾਂ ਉਸ ਦੀ ਮਿਸਾਲ ਤੇ ਚੱਲੀਏ ਤੇ ਆਸਾਨੀ ਨਾਲ ਸਮਝ ਆਉਣ ਵਾਲੀਆਂ ਪੇਸ਼ਕਾਰੀਆਂ ਵਰਤੀਏ।
3 ‘ਰਾਜ ਦੀ ਖ਼ੁਸ਼ ਖ਼ਬਰੀ’ ਹੀ ਉਹ ਸੰਦੇਸ਼ ਹੈ ਜਿਸ ਦਾ ਅਸੀਂ ਐਲਾਨ ਕਰਨਾ ਹੈ। (ਮੱਤੀ 24:14) ਰਾਜ ਨੂੰ ਆਪਣੀ ਗੱਲਬਾਤ ਦੇ ਮੁੱਖ ਵਿਸ਼ੇ ਵਜੋਂ ਵਰਤਣ ਨਾਲ ਤੁਹਾਨੂੰ ਆਪਣੀ ਪੇਸ਼ਕਾਰੀ ਸੌਖੀ ਰੱਖਣ ਵਿਚ ਮਦਦ ਮਿਲੇਗੀ। ਆਪਣੇ ਸੁਣਨ ਵਾਲਿਆਂ ਦੀ ਦਿਲਚਸਪੀ ਮੁਤਾਬਕ ਗੱਲਬਾਤ ਕਰੋ। ਤੀਵੀਆਂ ਰਾਜਨੀਤੀ ਦੀ ਬਜਾਇ ਆਪਣੇ ਪਰਿਵਾਰਾਂ ਵਿਚ ਜ਼ਿਆਦਾ ਦਿਲਚਸਪੀ ਰੱਖਦੀਆਂ ਹਨ। ਪਿਤਾ ਸਭ ਤੋਂ ਜ਼ਿਆਦਾ ਆਪਣੀ ਨੌਕਰੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਫ਼ਿਕਰਮੰਦ ਹੁੰਦਾ ਹੈ। ਨੌਜਵਾਨ ਆਪਣੇ ਭਵਿੱਖ ਵਿਚ ਅਤੇ ਬਜ਼ੁਰਗ ਬਿਹਤਰ ਸਿਹਤ ਤੇ ਸੁਰੱਖਿਆ ਵਿਚ ਦਿਲਚਸਪੀ ਰੱਖਦੇ ਹਨ। ਲੋਕ ਆਮ ਤੌਰ ਤੇ ਦੂਰ-ਦੁਰੇਡੇ ਇਲਾਕਿਆਂ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਬਜਾਇ ਆਪਣੇ ਇਲਾਕੇ ਵਿਚ ਵਾਪਰ ਰਹੀਆਂ ਘਟਨਾਵਾਂ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਸਾਂਝੀ ਦਿਲਚਸਪੀ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਤੋਂ ਬਾਅਦ, ਲੋਕਾਂ ਦਾ ਧਿਆਨ ਉਨ੍ਹਾਂ ਬਰਕਤਾਂ ਵੱਲ ਦਿਵਾਓ ਜਿਨ੍ਹਾਂ ਦਾ ਆਗਿਆਕਾਰੀ ਇਨਸਾਨ ਪਰਮੇਸ਼ੁਰ ਦੇ ਰਾਜ ਵਿਚ ਆਨੰਦ ਮਾਣਨਗੇ। ਇਕ ਸ਼ਾਸਤਰਵਚਨ ਦੇ ਨਾਲ-ਨਾਲ ਕੁਝ ਸੌਖੇ ਤੇ ਗਿਣੇ-ਚੁਣੇ ਸ਼ਬਦ ਤੁਹਾਡੇ ਸੁਣਨ ਵਾਲਿਆਂ ਦੀ ਦਿਲਚਸਪੀ ਨੂੰ ਜਗਾਉਣ ਦਾ ਸਭ ਤੋਂ ਬਿਹਤਰ ਜ਼ਰੀਆ ਹੋ ਸਕਦੇ ਹਨ।
4 ਤੁਸੀਂ ਇੰਜ ਗੱਲਬਾਤ ਸ਼ੁਰੂ ਕਰ ਸਕਦੇ ਹੋ:
◼ “ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਇਨਸਾਨ ਅੱਜ ਕਈ ਲਾਇਲਾਜ ਬੀਮਾਰੀਆਂ ਤੋਂ ਦੁਖੀ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਉਹ ਜਲਦੀ ਹੀ ਹਰ ਤਰ੍ਹਾਂ ਦੀਆਂ ਬੀਮਾਰੀਆਂ ਤੇ ਨਾਲ ਹੀ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ?” ਜਵਾਬ ਲਈ ਸਮਾਂ ਦਿਓ ਤੇ ਫਿਰ ਪਰਕਾਸ਼ ਦੀ ਪੋਥੀ 21:3, 4 ਪੜ੍ਹੋ।
5 ਸਪੱਸ਼ਟ ਤੇ ਸੌਖੀਆਂ ਪੇਸ਼ਕਾਰੀਆਂ ਦੇਣ ਨਾਲ ਤੁਸੀਂ ਆਪਣੇ ਇਲਾਕੇ ਵਿਚ ਰਹਿੰਦੇ ਲੋਕਾਂ ਦੇ ਮਨਾਂ ਤੇ ਦਿਲਾਂ ਤਕ ਪਹੁੰਚ ਸਕਦੇ ਹੋ ਅਤੇ ਉਨ੍ਹਾਂ ਦੀ ਯਹੋਵਾਹ ਬਾਰੇ ਅਤੇ ਸਦਾ ਦੀ ਜ਼ਿੰਦਗੀ ਦਾ ਆਨੰਦ ਲੈਣ ਦੀ ਆਸ਼ਾ ਬਾਰੇ ਸਿੱਖਣ ਵਿਚ ਮਦਦ ਕਰ ਸਕਦੇ ਹੋ।—ਯੂਹੰ. 17:3.