ਸ਼ਿਸ਼ਟਾਚਾਰ—ਪਰਮੇਸ਼ੁਰ ਦੇ ਲੋਕਾਂ ਦੀ ਖ਼ਾਸੀਅਤ
1 ਅੱਜ ਲੋਕਾਂ ਵਿਚ ਬਹੁਤ ਘੱਟ ਸ਼ਿਸ਼ਟਾਚਾਰ ਪਾਇਆ ਜਾਂਦਾ ਹੈ। ਇੱਦਾਂ ਕਿਉਂ ਹੈ? ਲੋਕੀ ਇੰਨੀ ਕਾਹਲੀ ਵਿਚ ਹੁੰਦੇ ਹਨ ਕਿ ਉਹ ਅਦਬ ਵਾਲੇ ਸ਼ਬਦ ਜਿਵੇਂ “ਪਲੀਜ਼,” “ਥੈਂਕਯੂ” ਜਾਂ “ਐਕਸਕਿਊਜ਼ ਮੀ” ਕਹਿਣ ਬਾਰੇ ਘੱਟ ਹੀ ਸੋਚਦੇ ਹਨ। ਪਰਮੇਸ਼ੁਰ ਦੇ ਬਚਨ ਨੇ ਪਹਿਲਾਂ ਹੀ ਸ਼ਿਸ਼ਟਾਚਾਰ ਦੇ ਪਤਨ ਬਾਰੇ ਦੱਸ ਦਿੱਤਾ ਸੀ ਕਿ ਅੰਤ ਦੇ ਦਿਨਾਂ ਵਿਚ ਲੋਕ ‘ਆਪ ਸੁਆਰਥੀ, ਸ਼ੇਖ਼ੀਬਾਜ਼, ਹੰਕਾਰੀ, ਨਾਸ਼ੁਕਰੇ, ਨਿਰਮੋਹ, ਅਸੰਜਮੀ, ਨੇਕੀ ਦੇ ਵੈਰੀ ਅਤੇ ਕਾਹਲੇ’ ਹੋਣਗੇ। (2 ਤਿਮੋ. 3:1-4) ਅਜਿਹੀਆਂ ਸਾਰੀਆਂ ਗੱਲਾਂ ਸ਼ਿਸ਼ਟਾਚਾਰ ਦੇ ਗੁਣ ਨਹੀਂ ਹਨ। ਪਰਮੇਸ਼ੁਰ ਦੇ ਲੋਕ ਹੋਣ ਕਰਕੇ ਮਸੀਹੀਆਂ ਨੂੰ ਇਸ ਦੁਨੀਆਂ ਦੇ ਬੇਅਦਬੀ ਵਤੀਰੇ ਨੂੰ ਅਪਣਾਉਣ ਤੋਂ ਚੌਕਸ ਰਹਿਣਾ ਚਾਹੀਦਾ ਹੈ।
2 ਸ਼ਿਸ਼ਟਾਚਾਰ ਕੀ ਹੈ? ਸ਼ਿਸ਼ਟਾਚਾਰ ਨੂੰ ਇਸ ਤਰ੍ਹਾਂ ਵਰਣਨ ਕੀਤਾ ਜਾ ਸਕਦਾ ਹੈ: ਦੂਜਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ, ਦੂਜਿਆਂ ਨਾਲ ਸ਼ਾਂਤੀ ਨਾਲ ਰਹਿਣ ਦੇ ਕਾਬਲ ਹੋਣਾ। ਲਿਹਾਜ਼ਦਾਰੀ, ਮਿਲਣਸਾਰਤਾ, ਦਿਆਲਤਾ, ਨਿਮਰਤਾ, ਸਮਝਦਾਰੀ ਅਤੇ ਪਰਵਾਹ ਸ਼ਿਸ਼ਟਾਚਾਰ ਦੇ ਪਹਿਲੂ ਹਨ। ਪਰਮੇਸ਼ੁਰ ਅਤੇ ਗੁਆਂਢੀ ਨਾਲ ਪਿਆਰ ਕਰਨ ਨਾਲ ਸਾਡੇ ਵਿਚ ਇਹ ਸਾਰੇ ਗੁਣ ਪੈਦਾ ਹੁੰਦੇ ਹਨ। (ਲੂਕਾ 10:27) ਸ਼ਿਸ਼ਟਾਚਾਰ ਦਿਖਾਉਣ ਤੇ ਕੋਈ ਪੈਸਾ ਨਹੀਂ ਲੱਗਦਾ, ਪਰ ਦੂਜਿਆਂ ਨਾਲ ਚੰਗੇ ਸੰਬੰਧ ਕਾਇਮ ਕਰਨ ਵਿਚ ਇਹ ਬਹੁਤ ਹੀ ਫ਼ਾਇਦੇਮੰਦ ਹੈ।
3 ਇਸ ਮਾਮਲੇ ਵਿਚ ਯਿਸੂ ਮਸੀਹ ਨੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਉਹ ਹਮੇਸ਼ਾ ਹੀ ਇਸ ਸੁਨਹਿਰੇ ਨਿਯਮ ਉੱਤੇ ਚੱਲਦਾ ਸੀ: “ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਤਿਹੋ ਜਿਹਾ ਕਰੋ।” (ਲੂਕਾ 6:31) ਕੀ ਅਸੀਂ ਇਸ ਗੱਲ ਤੋਂ ਪ੍ਰਭਾਵਿਤ ਨਹੀਂ ਹੁੰਦੇ ਕਿ ਯਿਸੂ ਆਪਣੇ ਚੇਲਿਆਂ ਨਾਲ ਕਿੰਨੇ ਲਿਹਾਜ਼ ਅਤੇ ਪਿਆਰ ਨਾਲ ਪੇਸ਼ ਆਇਆ ਸੀ? (ਮੱਤੀ 11:28-30) ਉਸ ਨੇ ਸ਼ਿਸ਼ਟਾਚਾਰ ਸਿਖਾਉਣ ਵਾਲੀਆਂ ਕਿਤਾਬਾਂ ਵਿਚ ਦੱਸੇ ਨਿਯਮਾਂ ਮੁਤਾਬਕ ਆਪਣੇ ਵਿਚ ਸ਼ਿਸ਼ਟਾਚਾਰ ਪੈਦਾ ਨਹੀਂ ਕੀਤਾ ਸੀ। ਇਹ ਸ਼ਿਸ਼ਟਾਚਾਰ ਇਕ ਖਰੇ ਅਤੇ ਖੁੱਲ੍ਹੇ ਦਿਲ ਵਿੱਚੋਂ ਪੈਦਾ ਹੋਇਆ ਸੀ। ਸਾਨੂੰ ਉਸ ਦੀ ਵਧੀਆ ਮਿਸਾਲ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
4 ਮਸੀਹੀਆਂ ਨੂੰ ਕਦੋਂ ਸ਼ਿਸ਼ਟਾਚਾਰ ਦਿਖਾਉਣ ਦੀ ਲੋੜ ਹੈ? ਕੀ ਸਿਰਫ਼ ਖ਼ਾਸ ਮੌਕਿਆਂ ਉੱਤੇ ਜਦੋਂ ਉਹ ਚੰਗਾ ਨਾਂ ਕਮਾਉਣਾ ਚਾਹੁੰਦੇ ਹਨ? ਜਾਂ ਕੀ ਸ਼ਿਸ਼ਟਾਚਾਰ ਸਿਰਫ਼ ਦੂਜਿਆਂ ਨੂੰ ਪ੍ਰਭਾਵਿਤ ਕਰਨ ਸਮੇਂ ਹੀ ਦਿਖਾਇਆ ਜਾਣਾ ਚਾਹੀਦਾ ਹੈ? ਨਹੀਂ! ਸਾਨੂੰ ਹਰ ਵੇਲੇ ਸ਼ਿਸ਼ਟਾਚਾਰ ਦਿਖਾਉਣਾ ਚਾਹੀਦਾ ਹੈ। ਕਲੀਸਿਯਾ ਵਿਚ ਇਕ-ਦੂਜੇ ਨਾਲ ਮਿਲਣ ਸਮੇਂ ਖ਼ਾਸਕਰ ਕਿਨ੍ਹਾਂ ਤਰੀਕਿਆਂ ਨਾਲ ਸਾਨੂੰ ਸ਼ਿਸ਼ਟਾਚਾਰ ਦਿਖਾਉਣਾ ਚਾਹੀਦਾ ਹੈ?
5 ਕਿੰਗਡਮ ਹਾਲ ਵਿਚ: ਕਿੰਗਡਮ ਹਾਲ ਭਗਤੀ ਕਰਨ ਦੀ ਥਾਂ ਹੈ। ਯਹੋਵਾਹ ਨੇ ਸੱਦਾ ਦੇ ਕੇ ਸਾਨੂੰ ਇੱਥੇ ਬੁਲਾਇਆ ਹੈ। ਇਸ ਅਰਥ ਵਿਚ ਅਸੀਂ ਉਸ ਦੇ ਮਹਿਮਾਨ ਹਾਂ। (ਜ਼ਬੂ. 15:1) ਕੀ ਕਿੰਗਡਮ ਹਾਲ ਵਿਚ ਆ ਕੇ ਅਸੀਂ ਚੰਗੇ ਮਹਿਮਾਨ ਸਾਬਤ ਹੁੰਦੇ ਹਾਂ? ਕੀ ਅਸੀਂ ਆਪਣੇ ਕੱਪੜਿਆਂ ਤੇ ਹਾਰ-ਸ਼ਿੰਗਾਰ ਵੱਲ ਉਚਿਤ ਧਿਆਨ ਦਿੰਦੇ ਹਾਂ? ਯਕੀਨਨ ਅਸੀਂ ਬੇਢੰਗੇ ਕੱਪੜੇ ਨਹੀਂ ਪਾਉਣੇ ਚਾਹਾਂਗੇ। ਭਾਵੇਂ ਯਹੋਵਾਹ ਦੇ ਲੋਕ ਸੰਮੇਲਨਾਂ ਵਿਚ ਹਾਜ਼ਰ ਹੋਣ ਜਾਂ ਹਫ਼ਤਾਵਾਰ ਕਲੀਸਿਯਾ ਸਭਾਵਾਂ ਵਿਚ, ਉਹ ਆਪਣੇ ਚੰਗੇ ਪਹਿਰਾਵੇ ਲਈ ਪ੍ਰਸਿੱਧ ਹਨ ਜੋ ਪਰਮੇਸ਼ੁਰ ਦੀ ਭਗਤੀ ਕਰਨ ਵਾਲਿਆਂ ਉੱਤੇ ਬਿਲਕੁਲ ਫਬਦਾ ਹੈ। (1 ਤਿਮੋ. 2:9, 10) ਇਸ ਤਰ੍ਹਾਂ ਅਸੀਂ ਆਪਣੇ ਸਵਰਗੀ ਮੇਜ਼ਬਾਨ ਅਤੇ ਦੂਸਰੇ ਸੱਦੇ ਗਏ ਮਹਿਮਾਨਾਂ ਦੋਹਾਂ ਲਈ ਹੀ ਲਿਹਾਜ਼ ਅਤੇ ਆਦਰ ਦਿਖਾਉਂਦੇ ਹਾਂ।
6 ਇਕ ਹੋਰ ਤਰੀਕਾ ਜਿਸ ਨਾਲ ਅਸੀਂ ਸਭਾਵਾਂ ਵਿਚ ਸ਼ਿਸ਼ਟਾਚਾਰ ਦਿਖਾਉਂਦੇ ਹਾਂ, ਉਹ ਹੈ ਸਮੇਂ ਸਿਰ ਆਉਣਾ। ਇਹ ਗੱਲ ਸੱਚ ਹੈ ਕਿ ਸਮੇਂ ਸਿਰ ਆਉਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਕੁਝ ਭੈਣ-ਭਰਾ ਸ਼ਾਇਦ ਬੜੀ ਦੂਰ ਰਹਿੰਦੇ ਹਨ ਜਾਂ ਉਨ੍ਹਾਂ ਦੇ ਵੱਡੇ ਪਰਿਵਾਰ ਹੋਣ ਕਰਕੇ ਉਨ੍ਹਾਂ ਨੂੰ ਤਿਆਰ ਹੋਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਪਰ ਕੁਝ ਕਲੀਸਿਯਾਵਾਂ ਵਿਚ ਦੇਖਿਆ ਗਿਆ ਹੈ ਕਿ 25 ਪ੍ਰਤਿਸ਼ਤ ਪ੍ਰਕਾਸ਼ਕਾਂ ਨੂੰ ਸ਼ੁਰੂਆਤੀ ਗੀਤ ਅਤੇ ਪ੍ਰਾਰਥਨਾ ਤੋਂ ਬਾਅਦ ਸਭਾਵਾਂ ਵਿਚ ਆਉਣ ਦੀ ਆਦਤ ਹੈ। ਇਹ ਬੜਾ ਗੰਭੀਰ ਮਸਲਾ ਹੈ। ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸ਼ਿਸ਼ਟਾਚਾਰ ਮੰਗ ਕਰਦਾ ਹੈ ਕਿ ਅਸੀਂ ਦੂਜਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖੀਏ। ਸਾਡੇ ਖੁੱਲ੍ਹ-ਦਿਲੇ ਮੇਜ਼ਬਾਨ ਯਹੋਵਾਹ ਨੇ ਸਾਡੇ ਹੀ ਫ਼ਾਇਦੇ ਲਈ ਇਨ੍ਹਾਂ ਅਧਿਆਤਮਿਕ ਦਾਅਵਤਾਂ ਦਾ ਪ੍ਰਬੰਧ ਕੀਤਾ ਹੈ। ਅਸੀਂ ਸਮੇਂ ਸਿਰ ਸਭਾਵਾਂ ਵਿਚ ਆ ਕੇ ਆਪਣੀ ਕਦਰਦਾਨੀ ਪ੍ਰਗਟ ਕਰਦੇ ਹਾਂ ਅਤੇ ਦਿਖਾਉਂਦੇ ਹਾਂ ਕਿ ਅਸੀਂ ਉਸ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹਾਂ। ਸਭਾਵਾਂ ਵਿਚ ਦੇਰ ਨਾਲ ਆ ਕੇ ਅਸੀਂ ਸਭਾ ਵਿਚ ਪਹਿਲਾਂ ਹੀ ਹਾਜ਼ਰ ਲੋਕਾਂ ਦਾ ਧਿਆਨ ਭੰਗ ਕਰਦੇ ਹਾਂ ਅਤੇ ਉਨ੍ਹਾਂ ਪ੍ਰਤੀ ਅਨਾਦਰ ਦਿਖਾਉਂਦੇ ਹਾਂ।
7 ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਤਾਂ ਕੀ ਅਸੀਂ ਨਵੇਂ ਲੋਕਾਂ ਵੱਲ ਧਿਆਨ ਦਿੰਦੇ ਹਾਂ? ਉਨ੍ਹਾਂ ਦਾ ਸੁਆਗਤ ਕਰਨਾ ਸ਼ਿਸ਼ਟਾਚਾਰ ਦਾ ਹਿੱਸਾ ਹੈ। (ਮੱਤੀ 5:47; ਰੋਮੀ. 15:7) ਗਰਮਜੋਸ਼ੀ ਨਾਲ ਮਿਲਣਾ, ਹੱਥ ਮਿਲਾਉਣਾ ਅਤੇ ਮੁਸਕਰਾ ਕੇ ਗੱਲ ਕਰਨੀ, ਇਹ ਸਾਰੀਆਂ ਹੀ ਛੋਟੀਆਂ-ਛੋਟੀਆਂ ਗੱਲਾਂ ਹਨ, ਪਰ ਇਹ ਸਾਰੀਆਂ ਗੱਲਾਂ ਸੱਚੇ ਮਸੀਹੀਆਂ ਵਜੋਂ ਸਾਡੀ ਪਛਾਣ ਕਰਾਉਂਦੀਆਂ ਹਨ। (ਯੂਹੰ. 13:35) ਕਿੰਗਡਮ ਹਾਲ ਵਿਚ ਪਹਿਲੀ ਵਾਰ ਆਉਣ ਤੇ ਇਕ ਆਦਮੀ ਨੇ ਕਿਹਾ: “ਹਾਲਾਂਕਿ ਉਹ ਮੇਰੇ ਲਈ ਬਿਲਕੁਲ ਅਜਨਬੀ ਸਨ, ਪਰ ਇੱਥੇ ਮੈਨੂੰ ਇਕ ਦਿਨ ਵਿਚ ਇੰਨੇ ਸਾਰੇ ਸੁਹਿਰਦ ਤੇ ਦੋਸਤਾਨਾ ਲੋਕ ਮਿਲੇ ਜਿੰਨੇ ਮੈਨੂੰ ਆਪਣੀ ਪੂਰੀ ਜ਼ਿੰਦਗੀ ਆਪਣੇ ਗਿਰਜੇ ਵਿਚ ਕਦੀ ਨਹੀਂ ਮਿਲੇ। ਇਸ ਤੋਂ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਸੱਚਾਈ ਮਿਲ ਗਈ ਸੀ।” ਇਸ ਦੇ ਨਤੀਜੇ ਵਜੋਂ, ਉਸ ਨੇ ਆਪਣੀ ਜ਼ਿੰਦਗੀ ਨੂੰ ਬਦਲਿਆ ਅਤੇ ਸੱਤਾਂ ਮਹੀਨਿਆਂ ਬਾਅਦ ਉਸ ਨੇ ਬਪਤਿਸਮਾ ਲੈ ਲਿਆ। ਜੀ ਹਾਂ, ਸ਼ਿਸ਼ਟਾਚਾਰ ਦੇ ਬਹੁਤ ਚੰਗੇ ਨਤੀਜੇ ਨਿਕਲ ਸਕਦੇ ਹਨ!
8 ਜੇ ਅਸੀਂ ਅਜਨਬੀਆਂ ਨਾਲ ਅਦਬ ਨਾਲ ਪੇਸ਼ ਆਉਂਦੇ ਹਾਂ, ਤਾਂ ਕੀ ਸਾਨੂੰ “ਨਿਜ ਕਰਕੇ ਨਿਹਚਾਵਾਨਾਂ ਦੇ ਨਾਲ” ਇੱਦਾਂ ਨਹੀਂ ਕਰਨਾ ਚਾਹੀਦਾ? (ਗਲਾ. 6:10) ਇੱਥੇ ਇਹ ਸਿਧਾਂਤ ਲਾਗੂ ਹੁੰਦਾ ਹੈ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ।” (ਲੇਵੀ. 19:32) ਆਪਣੀਆਂ ਸਭਾਵਾਂ ਵਿਚ ਸਾਨੂੰ ਕਦੇ ਵੀ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
9 ਪੂਰਾ ਧਿਆਨ ਦੇਣਾ: ਕਲੀਸਿਯਾ ਸਭਾਵਾਂ ਦੌਰਾਨ, ਪਰਮੇਸ਼ੁਰ ਦੇ ਮਸੀਹੀ ਸੇਵਕ ਸਾਨੂੰ ਉਤਸ਼ਾਹਿਤ ਕਰਨ ਲਈ ਅਤੇ ਕੋਈ ਅਧਿਆਤਮਿਕ ਦਾਨ ਦੇਣ ਲਈ ਬੋਲ ਰਹੇ ਹੁੰਦੇ ਹਨ। (ਰੋਮੀ. 1:11) ਜੇ ਅਸੀਂ ਸਭਾਵਾਂ ਦੌਰਾਨ ਸੌਂ ਜਾਂਦੇ ਹਾਂ, ਚਿਊਇੰਗ ਗੰਮ ਚਬਾਉਂਦੇ ਹਾਂ, ਵਾਰ-ਵਾਰ ਆਪਣੇ ਨਾਲ ਬੈਠੇ ਵਿਅਕਤੀ ਨਾਲ ਘੁਸਰ-ਮੁਸਰ ਕਰਦੇ ਹਾਂ, ਬਿਨਾਂ ਵਜ੍ਹਾ ਵਾਰ-ਵਾਰ ਬਾਥਰੂਮ ਜਾਂਦੇ ਹਾਂ, ਕੋਈ ਹੋਰ ਹੀ ਲੇਖ ਪੜ੍ਹੀ ਜਾਂਦੇ ਹਾਂ ਜਾਂ ਸਭਾਵਾਂ ਦੌਰਾਨ ਕੋਈ ਹੋਰ ਕੰਮ ਕਰਦੇ ਹਾਂ, ਤਾਂ ਅਸੀਂ ਯਕੀਨਨ ਸ਼ਿਸ਼ਟਾਚਾਰ ਨਹੀਂ ਦਿਖਾ ਰਹੇ ਹੋਵਾਂਗੇ। ਇਸ ਗੱਲ ਵਿਚ ਬਜ਼ੁਰਗਾਂ ਨੂੰ ਮਿਸਾਲੀ ਹੋਣਾ ਚਾਹੀਦਾ ਹੈ। ਚੰਗਾ ਮਸੀਹੀ ਸ਼ਿਸ਼ਟਾਚਾਰ ਸਾਨੂੰ ਭਾਸ਼ਣਕਾਰ ਵੱਲ ਅਤੇ ਉਸ ਦੇ ਬਾਈਬਲ-ਆਧਾਰਿਤ ਸੰਦੇਸ਼ ਵੱਲ ਆਪਣਾ ਪੂਰਾ ਧਿਆਨ ਦੇ ਕੇ ਆਦਰ ਦਿਖਾਉਣ ਲਈ ਪ੍ਰੇਰਿਤ ਕਰੇਗਾ।
10 ਇਸ ਤੋਂ ਇਲਾਵਾ, ਭਾਸ਼ਣਕਾਰ ਅਤੇ ਹਾਜ਼ਰੀਨ ਦੋਹਾਂ ਲਈ ਲਿਹਾਜ਼ ਦਿਖਾਉਂਦੇ ਹੋਏ ਸਾਨੂੰ ਇਲੈਕਟ੍ਰਾਨਿਕ ਪੇਜਰ ਅਤੇ ਮੋਬਾਈਲ ਫ਼ੋਨ ਨਾਲ ਸਭਾਵਾਂ ਵਿਚ ਵਿਘਨ ਪਾਉਣ ਤੋਂ ਬਚਣਾ ਚਾਹੀਦਾ ਹੈ।
11 ਸ਼ਿਸ਼ਟਾਚਾਰ ਅਤੇ ਬੱਚੇ: ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਕੀ ਕਰਦੇ ਹਨ। ਜੇ ਬੱਚਾ ਰੋਣ ਲੱਗ ਪੈਂਦਾ ਹੈ ਜਾਂ ਸਭਾਵਾਂ ਦੌਰਾਨ ਤੰਗ ਕਰਨ ਲੱਗਦਾ ਹੈ ਜਿਸ ਨਾਲ ਦੂਜਿਆਂ ਨੂੰ ਪਰੇਸ਼ਾਨੀ ਹੁੰਦੀ ਹੈ, ਤਾਂ ਚੰਗਾ ਹੋਵੇਗਾ ਕਿ ਤੁਸੀਂ ਉਸ ਨੂੰ ਚੁੱਪ ਕਰਾਉਣ ਵਾਸਤੇ ਜਿੰਨੀ ਛੇਤੀ ਹੋ ਸਕੇ ਹਾਲ ਤੋਂ ਬਾਹਰ ਲੈ ਜਾਓ। ਕਈ ਵਾਰੀ ਇੱਦਾਂ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਯਾਦ ਰੱਖੋ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਦੂਜਿਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦੇ ਹੋ। ਤੰਗ ਕਰਨ ਵਾਲੇ ਛੋਟੇ ਬੱਚਿਆਂ ਦੇ ਮਾਪੇ ਅਕਸਰ ਹਾਲ ਦੀਆਂ ਪਿਛਲੀਆਂ ਸੀਟਾਂ ਉੱਤੇ ਬੈਠਣਾ ਪਸੰਦ ਕਰਦੇ ਹਨ ਤਾਂਕਿ ਸਭਾ ਦੌਰਾਨ ਲੋੜ ਪੈਣ ਤੇ ਜਿੰਨੀ ਛੇਤੀ ਹੋ ਸਕੇ ਬਾਹਰ ਜਾਇਆ ਜਾ ਸਕੇ ਤੇ ਦੂਜਿਆਂ ਨੂੰ ਪਰੇਸ਼ਾਨੀ ਨਾ ਹੋਵੇ। ਬਾਕੀ ਭੈਣ-ਭਰਾ ਪਿਛਲੀਆਂ ਸੀਟਾਂ ਨੂੰ ਖਾਲੀ ਛੱਡ ਕੇ ਲਿਹਾਜ਼ ਦਿਖਾ ਸਕਦੇ ਹਨ ਤਾਂਕਿ ਲੋੜ ਪੈਣ ਤੇ ਅਜਿਹੇ ਪਰਿਵਾਰ ਇਨ੍ਹਾਂ ਸੀਟਾਂ ਤੇ ਬੈਠ ਸਕਣ।
12 ਮਾਪਿਆਂ ਨੂੰ ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵੀ ਆਪਣੇ ਬੱਚਿਆਂ ਦੇ ਆਚਰਣ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ। ਬੱਚਿਆਂ ਨੂੰ ਕਿੰਗਡਮ ਹਾਲ ਦੇ ਅੰਦਰ ਨਹੀਂ ਦੌੜਨਾ ਚਾਹੀਦਾ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਜਾਂ ਦੂਜਿਆਂ ਨੂੰ ਸੱਟ-ਚੋਟ ਲੱਗ ਸਕਦੀ ਹੈ। ਕਿੰਗਡਮ ਹਾਲ ਦੇ ਬਾਹਰ ਆਲੇ-ਦੁਆਲੇ ਦੌੜਨਾ ਵੀ ਖ਼ਤਰਨਾਕ ਹੋ ਸਕਦਾ ਹੈ, ਖ਼ਾਸਕਰ ਸ਼ਾਮ ਨੂੰ ਹਨੇਰੇ ਵਿਚ। ਬਾਹਰ ਖੜ੍ਹੇ ਹੋ ਕੇ ਉੱਚੀ-ਉੱਚੀ ਗੱਲਾਂ ਕਰਨ ਨਾਲ ਗੁਆਂਢੀਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਤੇ ਉਹ ਸਾਡੀ ਭਗਤੀ ਬਾਰੇ ਗ਼ਲਤ ਰਾਇ ਕਾਇਮ ਕਰ ਸਕਦੇ ਹਨ। ਜਿਹੜੇ ਮਾਪੇ ਕਿੰਗਡਮ ਹਾਲ ਦੇ ਅੰਦਰ ਅਤੇ ਬਾਹਰ ਆਪਣੇ ਬੱਚਿਆਂ ਉੱਤੇ ਨਿਗਰਾਨੀ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦੀ ਤਾਰੀਫ਼ ਕੀਤੀ ਜਾਂਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਮਿਲ-ਜੁਲ ਕੇ ਵੱਸਣ ਦੀ ਖ਼ੁਸ਼ੀ ਵਿਚ ਵਾਧਾ ਹੁੰਦਾ ਹੈ।—ਜ਼ਬੂ. 133:1.
13 ਪੁਸਤਕ ਅਧਿਐਨ ਵੇਲੇ: ਅਸੀਂ ਉਨ੍ਹਾਂ ਭੈਣ-ਭਰਾਵਾਂ ਦੀ ਪਰਾਹੁਣਚਾਰੀ ਦੀ ਕਦਰ ਕਰਦੇ ਹਾਂ ਜੋ ਕਲੀਸਿਯਾ ਸਭਾਵਾਂ ਲਈ ਆਪਣੇ ਘਰ ਮੁਹੱਈਆ ਕਰਦੇ ਹਨ। ਇਸ ਲਈ ਜਦੋਂ ਅਸੀਂ ਸਭਾਵਾਂ ਵਿਚ ਜਾਂਦੇ ਹਾਂ, ਤਾਂ ਸਾਨੂੰ ਉਨ੍ਹਾਂ ਦੇ ਘਰ ਲਈ ਆਦਰ ਤੇ ਪਰਵਾਹ ਦਿਖਾਉਣੀ ਚਾਹੀਦੀ ਹੈ। ਸਾਨੂੰ ਫ਼ਰਸ਼ ਜਾਂ ਕਾਲੀਨ ਗੰਦਾ ਕਰਨ ਤੋਂ ਬਚਣ ਲਈ ਅੰਦਰ ਜਾਣ ਤੋਂ ਪਹਿਲਾਂ ਆਪਣੇ ਪੈਰ ਚੰਗੀ ਤਰ੍ਹਾਂ ਪੂੰਝਣੇ ਚਾਹੀਦੇ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਪੁਸਤਕ ਅਧਿਐਨ ਵਾਲੇ ਕਮਰੇ ਦੇ ਅੰਦਰ ਹੀ ਰਹਿਣ। ਜਦ ਕਿ ਗਰੁੱਪ ਸ਼ਾਇਦ ਛੋਟਾ ਹੋਵੇ ਤੇ ਮਾਹੌਲ ਵੀ ਸ਼ਾਇਦ ਕੁਝ-ਕੁਝ ਗ਼ੈਰ-ਰਸਮੀ ਹੋਵੇ, ਫਿਰ ਵੀ ਸਾਨੂੰ ਦੂਜਿਆਂ ਦੇ ਘਰਾਂ ਵਿਚ ਮਨਮਾਨੀ ਨਹੀਂ ਕਰਨੀ ਚਾਹੀਦੀ। ਜੇ ਛੋਟਾ ਬੱਚਾ ਬਾਥਰੂਮ ਜਾਣਾ ਚਾਹੁੰਦਾ ਹੈ, ਤਾਂ ਉਸ ਦੀ ਮਾਤਾ ਜਾਂ ਪਿਤਾ ਨੂੰ ਉਸ ਦੇ ਨਾਲ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਕਿਉਂਕਿ ਪੁਸਤਕ ਅਧਿਐਨ ਇਕ ਸਭਾ ਹੈ, ਇਸ ਲਈ ਸਾਡਾ ਪਹਿਰਾਵਾ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦਾ ਕਿੰਗਡਮ ਹਾਲ ਜਾਂਦੇ ਵੇਲੇ ਹੁੰਦਾ ਹੈ।
14 ਸ਼ਿਸ਼ਟਾਚਾਰ ਜ਼ਰੂਰੀ ਹੈ: ਸ਼ਿਸ਼ਟਾਚਾਰ ਦਿਖਾਉਣ ਨਾਲ ਲੋਕ ਨਾ ਸਿਰਫ਼ ਸਾਡੀ ਸੇਵਕਾਈ ਬਾਰੇ ਚੰਗੀ ਰਾਇ ਰੱਖਣਗੇ, ਸਗੋਂ ਦੂਜਿਆਂ ਨਾਲ ਸਾਡੇ ਚੰਗੇ ਸੰਬੰਧ ਵੀ ਬਣਨਗੇ। (2 ਕੁਰਿੰ. 6:3, 4, 6) ਖ਼ੁਸ਼ਦਿਲ ਪਰਮੇਸ਼ੁਰ ਦੇ ਸੇਵਕ ਹੋਣ ਕਰਕੇ ਸਾਡੇ ਲਈ ਮੁਸਕਰਾਉਣਾ, ਮਿਲਣਸਾਰ ਹੋਣਾ ਅਤੇ ਦੂਜਿਆਂ ਦੀ ਖ਼ੁਸ਼ੀ ਤੇ ਭਲੇ ਲਈ ਨੇਕ ਕੰਮ ਕਰਨੇ ਸੁਭਾਵਕ ਹੋਣੇ ਚਾਹੀਦੇ ਹਨ। ਸ਼ਿਸ਼ਟਾਚਾਰ ਦੇ ਇਹ ਗੁਣ ਪਰਮੇਸ਼ੁਰ ਦੇ ਲੋਕ ਹੋਣ ਵਜੋਂ ਸਾਡੀਆਂ ਜ਼ਿੰਦਗੀਆਂ ਨੂੰ ਸ਼ਿੰਗਾਰਨਗੇ।