ਮਾਪਿਓ—ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣੋ
1 ਪਰਮੇਸ਼ੁਰ ਦਾ ਬਚਨ ਸਾਨੂੰ ਦੱਸਦਾ ਹੈ ਕਿ ‘ਧਰਮੀ ਦਾ ਪਿਉ [ਅਤੇ ਮਾਂ] ਅੱਤ ਖੁਸ਼ ਹੋਣਗੇ।’ (ਕਹਾ. 23:24, 25) ਉਨ੍ਹਾਂ ਮਾਪਿਆਂ ਨੂੰ ਕਿੰਨੀ ਹੀ ਵੱਡੀ ਬਰਕਤ ਮਿਲੀ ਹੈ ਜੋ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਬਣੇ ਹਨ! ਇਕ ਸ਼ਾਖ਼ਾ ਸਮਿਤੀ ਦੇ ਮੈਂਬਰ ਨੇ ਆਪਣੇ ਮਾਪਿਆਂ ਬਾਰੇ ਦੱਸਿਆ: “ਸੱਚਾਈ ਹੀ ਉਨ੍ਹਾਂ ਦੀ ਜ਼ਿੰਦਗੀ ਸੀ ਅਤੇ ਮੈਂ ਵੀ ਇਸ ਨੂੰ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦਾ ਸੀ।” ਬੱਚੇ ਆਪਣੇ ਮਾਤਾ-ਪਿਤਾ ਵਿਚ ਕੀ ਦੇਖਦੇ ਹਨ?
2 ਚੰਗੀਆਂ ਆਦਤਾਂ ਅਤੇ ਡੂੰਘਾ ਆਦਰ: ਮਾਤਾ-ਪਿਤਾ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਵਿਚ ਚੰਗੇ ਗੁਣ ਪੈਦਾ ਕਰਨ। ਚੰਗੀਆਂ ਆਦਤਾਂ ਸਿਰਫ਼ ਜ਼ਬਾਨੀ ਹਿਦਾਇਤਾਂ ਦੁਆਰਾ ਹੀ ਨਹੀਂ, ਬਲਕਿ ਧਿਆਨ ਨਾਲ ਦੇਖਣ ਅਤੇ ਰੀਸ ਕਰਨ ਨਾਲ ਵੀ ਸਿੱਖੀਆਂ ਜਾਂਦੀਆਂ ਹਨ। ਇਸ ਲਈ, ਤੁਸੀਂ ਖ਼ੁਦ ਕਿਸ ਤਰ੍ਹਾਂ ਦੀਆਂ ਆਦਤਾਂ ਦਿਖਾਉਂਦੇ ਹੋ? ਕੀ ਤੁਹਾਡੇ ਬੱਚੇ ਤੁਹਾਨੂੰ ਇਹ ਕਹਿੰਦੇ ਹੋਏ ਸੁਣਦੇ ਹਨ, “ਐਕਸਕਿਊਜ਼ ਮੀਂ,” “ਪਲੀਜ਼” ਅਤੇ “ਥੈਂਕਯੂ”? ਕੀ ਪਰਿਵਾਰ ਵਿਚ ਤੁਸੀਂ ਇਕ ਦੂਜੇ ਦਾ ਡੂੰਘਾ ਆਦਰ ਕਰਦੇ ਹੋ? ਜਦੋਂ ਦੂਜੇ ਗੱਲ-ਬਾਤ ਕਰਦੇ ਹਨ ਤਾਂ ਕੀ ਤੁਸੀਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹੋ? ਜਦੋਂ ਤੁਹਾਡੇ ਬੱਚੇ ਤੁਹਾਡੇ ਨਾਲ ਗੱਲ ਕਰਦੇ ਹਨ, ਤਾਂ ਕੀ ਤੁਸੀਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਹੋ? ਕੀ ਤੁਸੀਂ ਇਹ ਚੰਗੇ ਗੁਣ ਰਾਜ-ਗ੍ਰਹਿ ਅਤੇ ਘਰ ਦੋਵੇਂ ਥਾਵਾਂ ਤੇ ਦਿਖਾਉਂਦੇ ਹੋ?
3 ਮਜ਼ਬੂਤ ਅਧਿਆਤਮਿਕਤਾ ਅਤੇ ਜੋਸ਼ੀਲੀ ਸੇਵਕਾਈ: ਇਕ ਭਰਾ ਜਿਸ ਨੇ ਪੂਰਣ-ਕਾਲੀ ਸੇਵਾ ਵਿਚ 50 ਤੋਂ ਜ਼ਿਆਦਾ ਸਾਲ ਬਿਤਾਏ ਹਨ, ਯਾਦ ਕਰਦਾ ਹੈ: “ਮੇਰੇ ਮਾਤਾ ਜੀ ਅਤੇ ਪਿਤਾ ਜੀ ਸਭਾਵਾਂ ਲਈ ਕਦਰਦਾਨੀ ਦਿਖਾਉਣ ਵਿਚ ਅਤੇ ਸੇਵਕਾਈ ਵਿਚ ਜੋਸ਼ ਦਿਖਾਉਣ ਵਿਚ ਇਕ ਸ਼ਾਨਦਾਰ ਮਿਸਾਲ ਸਨ।” ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਦਿਖਾਉਂਦੇ ਹੋ ਕਿ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਅਧਿਆਤਮਿਕਤਾ ਨੂੰ ਕਾਇਮ ਰੱਖਣ ਬਾਰੇ ਫ਼ਿਕਰਮੰਦ ਹੋ? ਕੀ ਤੁਸੀਂ ਇਕੱਠੇ ਮਿਲ ਕੇ ਦੈਨਿਕ ਪਾਠ ਉੱਤੇ ਵਿਚਾਰ ਕਰਦੇ ਹੋ? ਕੀ ਤੁਸੀਂ ਬਾਕਾਇਦਾ ਪਰਿਵਾਰਕ ਅਧਿਐਨ ਕਰਦੇ ਹੋ? ਕੀ ਤੁਹਾਡੇ ਬੱਚੇ ਤੁਹਾਨੂੰ ਬਾਈਬਲ ਨੂੰ ਅਤੇ ਸੋਸਾਇਟੀ ਦੇ ਪ੍ਰਕਾਸ਼ਨਾਂ ਨੂੰ ਪੜ੍ਹਦੇ ਹੋਏ ਦੇਖਦੇ ਹਨ? ਜਦੋਂ ਤੁਸੀਂ ਪਰਿਵਾਰ ਦੇ ਲਈ ਪ੍ਰਾਰਥਨਾ ਕਰਦੇ ਹੋ, ਤਾਂ ਬੱਚੇ ਕੀ ਸੁਣਦੇ ਹਨ? ਕੀ ਤੁਸੀਂ ਆਪਣੇ ਬੱਚਿਆਂ ਨਾਲ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਵਾਲੀਆਂ ਗੱਲਾਂ ਕਰਦੇ ਹੋ ਅਤੇ ਸੱਚਾਈ ਤੇ ਕਲੀਸਿਯਾ ਬਾਰੇ ਚੰਗੀਆਂ ਗੱਲਾਂ ਦੀ ਚਰਚਾ ਕਰਦੇ ਹੋ? ਕੀ ਤੁਸੀਂ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋਣ ਅਤੇ ਪੂਰੇ ਪਰਿਵਾਰ ਨਾਲ ਖੇਤਰ ਸੇਵਕਾਈ ਵਿਚ ਹਿੱਸਾ ਲੈਣ ਲਈ ਉਤਸੁਕ ਰਹਿੰਦੇ ਹੋ?
4 ਮਾਪਿਓ, ਧਿਆਨ ਨਾਲ ਦੇਖੋ ਕਿ ਤੁਸੀਂ ਆਪਣੇ ਬੱਚਿਆਂ ਸਾਮ੍ਹਣੇ ਕਿਸ ਤਰ੍ਹਾਂ ਦੀ ਮਿਸਾਲ ਕਾਇਮ ਕਰ ਰਹੇ ਹੋ। ਇਕ ਉੱਤਮ ਮਿਸਾਲ ਕਾਇਮ ਕਰੋ ਅਤੇ ਤੁਹਾਡੇ ਬੱਚੇ ਪੂਰੀ ਜ਼ਿੰਦਗੀ ਇਸ ਉੱਤੇ ਚੱਲਣਗੇ। ਇਕ ਸਫ਼ਰੀ ਨਿਗਾਹਬਾਨ ਦੀ ਪਤਨੀ ਜਿਸ ਦੀ ਉਮਰ ਹੁਣ 70 ਸਾਲ ਤੋਂ ਉੱਪਰ ਹੈ, ਨੇ ਕਿਹਾ: “ਮੈਂ ਅਜੇ ਤਕ ਆਪਣੇ ਪਿਆਰੇ ਮਸੀਹੀ ਮਾਪਿਆਂ ਦੀ ਵਧੀਆ ਮਿਸਾਲ ਤੋਂ ਲਾਭ ਪ੍ਰਾਪਤ ਕਰ ਰਹੀ ਹਾਂ। ਅਤੇ ਮੈਂ ਦਿਲੋਂ ਪ੍ਰਾਰਥਨਾ ਕਰਦੀ ਹਾਂ ਕਿ ਮੈਂ ਵਿਰਸੇ ਵਿਚ ਮਿਲੀ ਇਸ ਮਿਸਾਲ ਉੱਤੇ ਹਮੇਸ਼ਾ-ਹਮੇਸ਼ਾ ਲਈ ਵਧੀਆ ਢੰਗ ਨਾਲ ਚੱਲ ਕੇ ਇਸ ਲਈ ਪੂਰੀ ਕਦਰਦਾਨੀ ਦਿਖਾਵਾਂ।”