ਪਰਮੇਸ਼ੁਰ ਦੇ ਬਚਨ ਨੂੰ ਇਸਤੇਮਾਲ ਕਰੋ
1 ਇਕ ਮੰਤਰੀ ਨੂੰ ਗਵਾਹੀ ਦੇਣ ਲਈ “ਫ਼ਿਲਿੱਪੁਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ [ਇਕ ਖ਼ਾਸ] ਲਿਖਤ ਤੋਂ ਸ਼ੁਰੂ ਕਰ ਕੇ ਯਿਸੂ ਦੀ ਖੁਸ਼ ਖਬਰੀ ਉਸ ਨੂੰ ਸੁਣਾਈ।” (ਰਸੂ. 8:35) ਫ਼ਿਲਿੱਪੁਸ ਨੇ ਉਸ ਵੇਲੇ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ” ਕੀਤਾ। (2 ਤਿਮੋ. 2:15) ਪਰ ਅੱਜ, ਸਰਕਟ ਨਿਗਾਹਬਾਨਾਂ ਨੇ ਦੇਖਿਆ ਹੈ ਕਿ ਬਹੁਤ ਸਾਰੇ ਪ੍ਰਕਾਸ਼ਕ ਗਵਾਹੀ ਦਿੰਦੇ ਸਮੇਂ ਬਾਈਬਲ ਦਾ ਘੱਟ ਹੀ ਇਸਤੇਮਾਲ ਕਰਦੇ ਹਨ। ਕੀ ਤੁਸੀਂ ਸੇਵਕਾਈ ਵਿਚ ਬਾਈਬਲ ਇਸਤੇਮਾਲ ਕਰਦੇ ਹੋ?
2 ਅਸੀਂ ਜੋ ਵੀ ਵਿਸ਼ਵਾਸ ਕਰਦੇ ਹਾਂ ਅਤੇ ਸਿਖਾਉਂਦੇ ਹਾਂ, ਉਸ ਦਾ ਆਧਾਰ ਪਰਮੇਸ਼ੁਰ ਦਾ ਬਚਨ ਹੈ। (2 ਤਿਮੋ. 3:16, 17) ਇਹੀ ਬਚਨ ਲੋਕਾਂ ਨੂੰ ਯਹੋਵਾਹ ਦੇ ਨੇੜੇ ਲਿਆਉਂਦਾ ਹੈ ਤੇ ਉਨ੍ਹਾਂ ਨੂੰ ਜੀਉਣਾ ਸਿਖਾਉਂਦਾ ਹੈ। ਇਸ ਲਈ ਸਿਰਫ਼ ਆਪਣੀ ਦਿਲਚਸਪੀ ਦੇ ਵਿਸ਼ਿਆਂ ਉੱਤੇ ਹੀ ਗੱਲ ਕਰਦੇ ਰਹਿਣ ਦੀ ਬਜਾਇ ਸਾਡੇ ਲਈ ਸੇਵਕਾਈ ਵਿਚ ਬਾਈਬਲ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। (ਇਬ. 4:12) ਜ਼ਿਆਦਾਤਰ ਲੋਕ ਬਾਈਬਲ ਬਾਰੇ ਕੁਝ ਵੀ ਨਹੀਂ ਜਾਣਦੇ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਬਾਈਬਲ ਵਿੱਚੋਂ ਪੜ੍ਹ ਕੇ ਉਨ੍ਹਾਂ ਨੂੰ ਦਿਖਾਈਏ ਕਿ ਇਸ ਵਿਚ ਕਿਹੜੀ ਫ਼ਾਇਦੇਮੰਦ ਸਲਾਹ ਦਿੱਤੀ ਗਈ ਹੈ ਅਤੇ ਇਹ ਇਨਸਾਨਾਂ ਦੇ ਭਵਿੱਖ ਬਾਰੇ ਕੀ ਦੱਸਦੀ ਹੈ।
3 ਸਿੱਧਾ ਬਾਈਬਲ ਤੋਂ ਪੜ੍ਹੋ: ਖੇਤਰ ਸੇਵਕਾਈ ਵਿਚ ਪ੍ਰੀਚਿੰਗ ਬੈਗ ਲੈ ਕੇ ਜਾਣ ਦੀ ਬਜਾਇ ਤੁਸੀਂ ਸ਼ਾਇਦ ਇਕ ਛੋਟੇ ਜਿਹੇ ਬੈਗ ਵਿਚ ਆਪਣਾ ਸਾਹਿੱਤ ਰੱਖ ਸਕਦੇ ਹੋ ਅਤੇ ਬਾਈਬਲ ਨੂੰ ਆਪਣੇ ਹੱਥ ਵਿਚ ਫੜ ਸਕਦੇ ਹੋ। ਫਿਰ ਕਿਸੇ ਵਿਅਕਤੀ ਨਾਲ ਗੱਲ ਕਰਦੇ-ਕਰਦੇ ਸੁਭਾਵਕ ਤਰੀਕੇ ਨਾਲ ਬਾਈਬਲ ਵਿੱਚੋਂ ਆਇਤ ਪੜ੍ਹੋ ਤਾਂਕਿ ਉਸ ਵਿਅਕਤੀ ਨੂੰ ਇਹ ਮਹਿਸੂਸ ਨਾ ਹੋਵੇ ਕਿ ਤੁਸੀਂ ਉਸ ਨੂੰ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਇਸ ਢੰਗ ਨਾਲ ਖੜ੍ਹੇ ਹੋਵੋ ਕਿ ਜਦੋਂ ਤੁਸੀਂ ਬਾਈਬਲ ਵਿੱਚੋਂ ਕੋਈ ਆਇਤ ਪੜ੍ਹੋ, ਤਾਂ ਘਰ-ਸੁਆਮੀ ਵੀ ਤੁਹਾਡੇ ਨਾਲ ਬਾਈਬਲ ਵਿੱਚੋਂ ਦੇਖ ਸਕੇ। ਤੁਸੀਂ ਸ਼ਾਇਦ ਉਸ ਨੂੰ ਇਕ ਆਇਤ ਪੜ੍ਹਨ ਲਈ ਕਹਿ ਸਕਦੇ ਹੋ। ਤੁਹਾਨੂੰ ਪੜ੍ਹਦਿਆਂ ਸੁਣਨ ਦੀ ਬਜਾਇ ਜੇ ਉਹ ਖ਼ੁਦ ਬਾਈਬਲ ਵਿੱਚੋਂ ਪੜ੍ਹਦਾ ਹੈ, ਤਾਂ ਇਸ ਦਾ ਉਸ ਉੱਤੇ ਜ਼ਿਆਦਾ ਡੂੰਘਾ ਪ੍ਰਭਾਵ ਪੈ ਸਕਦਾ ਹੈ। ਉਸ ਆਇਤ ਨੂੰ ਸਮਝਣ ਵਿਚ ਉਸ ਦੀ ਮਦਦ ਕਰਨ ਲਈ ਆਇਤ ਦੇ ਮੁੱਖ ਸ਼ਬਦਾਂ ਉੱਤੇ ਜ਼ੋਰ ਦਿਓ।
4 ਪੇਸ਼ਕਾਰੀ ਵਿਚ ਇਕ ਹਵਾਲਾ ਦਿਖਾਉਣਾ: ਆਪਣੀ ਜਾਣ-ਪਛਾਣ ਕਰਾਉਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ: “ਲੋਕ ਆਪਣੀਆਂ ਜ਼ਿੰਦਗੀਆਂ ਨੂੰ ਸਹੀ ਸੇਧ ਦੇਣ ਲਈ ਵੱਖੋ-ਵੱਖਰੇ ਸੋਮਿਆਂ ਤੋਂ ਸਲਾਹ ਲੈਂਦੇ ਹਨ। ਤੁਹਾਡੇ ਖ਼ਿਆਲ ਵਿਚ ਕੌਣ ਸਾਨੂੰ ਸਹੀ ਸੇਧ ਦੇ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਇਸ ਹਵਾਲੇ ਬਾਰੇ ਤੁਹਾਡਾ ਕੀ ਵਿਚਾਰ ਹੈ? [ਕਹਾਉਤਾਂ 2:6, 7 ਪੜ੍ਹੋ ਤੇ ਜਵਾਬ ਦੀ ਉਡੀਕ ਕਰੋ।] ਮਨੁੱਖੀ ਬੁੱਧ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਜਿਸ ਨਾਲ ਜ਼ਿਆਦਾਤਰ ਲੋਕਾਂ ਨੂੰ ਨਿਰਾਸ਼ਾ ਹੀ ਹੋਈ ਹੈ। ਪਰ ਪਰਮੇਸ਼ੁਰ ਦੀ ਬੁੱਧ ਹਮੇਸ਼ਾ ਭਰੋਸੇਯੋਗ ਤੇ ਫ਼ਾਇਦੇਮੰਦ ਸਾਬਤ ਹੋਈ ਹੈ।” ਫਿਰ ਉਹ ਪ੍ਰਕਾਸ਼ਨ ਦਿਖਾਓ ਜੋ ਤੁਸੀਂ ਪੇਸ਼ ਕਰਨ ਵਾਲੇ ਹੋ ਅਤੇ ਉਸ ਵਿੱਚੋਂ ਇਸ ਦੀ ਇਕ ਉਦਾਹਰਣ ਦਿਓ ਕਿ ਪਰਮੇਸ਼ੁਰ ਦੀ ਬੁੱਧ ਸਾਡੇ ਲਈ ਕਿਵੇਂ ਫ਼ਾਇਦੇਮੰਦ ਹੈ।
5 ਚੰਗੇ ਦਿਲ ਵਾਲੇ ਲੋਕਾਂ ਦੀ ਮਦਦ ਕਰਨ ਲਈ ਯਿਸੂ ਹਵਾਲੇ ਦਿੰਦਾ ਹੁੰਦਾ ਸੀ। (ਲੂਕਾ 24:32) ਪੌਲੁਸ ਵੀ ਜੋ ਗੱਲਾਂ ਸਿਖਾਉਂਦਾ ਸੀ, ਉਨ੍ਹਾਂ ਨੂੰ ਉਹ ਸ਼ਾਸਤਰਵਚਨਾਂ ਦੁਆਰਾ ਸਾਬਤ ਕਰਦਾ ਸੀ। (ਰਸੂ. 17:2, 3) ਇਸੇ ਤਰ੍ਹਾਂ ਅਸੀਂ ਵੀ ਜਦੋਂ ਪਰਮੇਸ਼ੁਰ ਦੇ ਬਚਨ ਦਾ ਇਸਤੇਮਾਲ ਕਰਨ ਵਿਚ ਮਾਹਰ ਹੋ ਜਾਵਾਂਗੇ, ਤਾਂ ਸੇਵਕਾਈ ਵਿਚ ਸਾਡਾ ਹੌਸਲਾ ਵਧੇਗਾ ਅਤੇ ਸਾਨੂੰ ਇਸ ਤੋਂ ਜ਼ਿਆਦਾ ਆਨੰਦ ਮਿਲੇਗਾ।