ਪ੍ਰਚਾਰ ਵਿਚ ਆਪਣੀ ਖ਼ੁਸ਼ੀ ਨੂੰ ਵਧਾਓ
1 ਖ਼ੁਸ਼ ਖ਼ਬਰੀ ਸਾਂਝੀ ਕਰਨ ਦੀ ਖ਼ੁਸ਼ੀ—ਕੀ ਤੁਸੀਂ ਇਸ ਨੂੰ ਆਪਣੀ ਸੇਵਕਾਈ ਵਿਚ ਮਹਿਸੂਸ ਕਰਦੇ ਹੋ? ਜੇ ਅਸੀਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਇਹ ਬੁਰੀ ਦੁਨੀਆਂ ਸਾਡੇ ਵਿਚ ਡਰ ਪੈਦਾ ਕਰ ਸਕਦੀ ਹੈ ਜਿਸ ਕਰਕੇ ਅਸੀਂ ਪ੍ਰਚਾਰ ਨਹੀਂ ਕਰ ਪਾਵਾਂਗੇ ਤੇ ਸਾਨੂੰ ਇਸ ਕੰਮ ਤੋਂ ਖ਼ੁਸ਼ੀ ਨਹੀਂ ਮਿਲੇਗੀ। ਜਿਸ ਖੇਤਰ ਵਿਚ ਲੋਕ ਸਾਡੀ ਗੱਲ ਨਹੀਂ ਸੁਣਦੇ, ਉੱਥੇ ਕੰਮ ਕਰਨ ਨਾਲ ਅਸੀਂ ਨਿਰਾਸ਼ ਵੀ ਹੋ ਸਕਦੇ ਹਾਂ। ਪ੍ਰਚਾਰ ਵਿਚ ਆਪਣੀ ਖ਼ੁਸ਼ੀ ਨੂੰ ਵਧਾਉਣ ਲਈ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ?
2 ਸਹੀ ਰਵੱਈਆ ਰੱਖੋ: ਸਹੀ ਰਵੱਈਆ ਰੱਖਣ ਨਾਲ ਸਾਨੂੰ ਆਪਣੀ ਖ਼ੁਸ਼ੀ ਵਧਾਉਣ ਵਿਚ ਮਦਦ ਮਿਲਦੀ ਹੈ। ਸਹੀ ਰਵੱਈਆ ਰੱਖਣ ਦਾ ਇਕ ਤਰੀਕਾ ਹੈ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹੋਣ ਦੇ ਆਪਣੇ ਅਨੋਖੇ ਸਨਮਾਨ ਉੱਤੇ ਮਨਨ ਕਰਨਾ। (1 ਕੁਰਿੰ. 3:9) ਇਸ ਕੰਮ ਨੂੰ ਪੂਰਾ ਕਰਨ ਵਿਚ ਯਿਸੂ ਵੀ ਸਾਡਾ ਸਾਥ ਦਿੰਦਾ ਹੈ। (ਮੱਤੀ 28:20) ਉਹ ਆਪਣੇ ਦੂਤਾਂ ਦੀ ਫ਼ੌਜ ਰਾਹੀਂ ਸਾਡੀ ਮਦਦ ਕਰਦਾ ਹੈ। (ਮੱਤੀ 13:41, 49) ਤਾਂ ਫਿਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਡੇ ਜਤਨਾਂ ਨੂੰ ਸੇਧ ਦਿੰਦਾ ਹੈ। (ਪਰ. 14:6, 7) ਇਸ ਲਈ ਭਾਵੇਂ ਲੋਕ ਸਾਡੀ ਗੱਲ ਸੁਣਨ ਜਾਂ ਨਾ ਸੁਣਨ, ਪਰ ਸਾਨੂੰ ਇਸ ਗੱਲ ਦੀ ਜ਼ਿਆਦਾ ਖ਼ੁਸ਼ੀ ਹੈ ਕਿ ਯਹੋਵਾਹ, ਯਿਸੂ ਅਤੇ ਦੂਤ ਸਾਡੀ ਮਿਹਨਤ ਤੋਂ ਬਹੁਤ ਖ਼ੁਸ਼ ਹੁੰਦੇ ਹਨ।
3 ਚੰਗੀ ਤਿਆਰੀ ਕਰੋ: ਚੰਗੀ ਤਿਆਰੀ ਵੀ ਸਾਡੀ ਖ਼ੁਸ਼ੀ ਵਿਚ ਵਾਧਾ ਕਰਦੀ ਹੈ। ਪ੍ਰਚਾਰ ਵਾਸਤੇ ਤਿਆਰੀ ਕਰਨ ਵਿਚ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ। ਲੋਕਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਨਵੇਂ ਰਸਾਲਿਆਂ ਜਾਂ ਮਹੀਨੇ ਦੀ ਸਾਹਿੱਤ ਪੇਸ਼ਕਸ਼ ਵਿੱਚੋਂ ਕੁਝ ਮੁੱਦੇ ਲੱਭਣ ਲਈ ਕੁਝ ਹੀ ਮਿੰਟ ਲੱਗਦੇ ਹਨ। ਸਾਡੀ ਰਾਜ ਸੇਵਕਾਈ ਵਿਚ “ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ” ਵਿੱਚੋਂ ਇਕ ਪੇਸ਼ਕਾਰੀ ਚੁਣੋ। ਜਨਵਰੀ 2002 ਦੇ ਅੰਤਰ-ਪੱਤਰ ਵਿਚ “ਖੇਤਰ ਸੇਵਕਾਈ ਲਈ ਪੇਸ਼ਕਾਰੀਆਂ,” ਜਾਂ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਵਿੱਚੋਂ ਇਕ ਪ੍ਰਭਾਵਕਾਰੀ ਪ੍ਰਸਤਾਵਨਾ ਦੇਖੋ। ਜੇ ਤੁਹਾਨੂੰ ਪਤਾ ਹੈ ਕਿ ਲੋਕ ਆਮ ਤੌਰ ਤੇ ਕੀ ਇਤਰਾਜ਼ ਕਰਦੇ ਹਨ, ਤਾਂ ਅਜਿਹੇ ਜਵਾਬ ਦੀ ਤਿਆਰੀ ਕਰੋ ਜੋ ਉਨ੍ਹਾਂ ਦੇ ਇਤਰਾਜ਼ ਨੂੰ ਦੂਰ ਕਰਦੇ ਹੋਏ ਕਿਸੇ ਦਿਲਚਸਪ ਵਿਸ਼ੇ ਵੱਲ ਉਨ੍ਹਾਂ ਦਾ ਧਿਆਨ ਖਿੱਚੇ। ਇਸ ਤਰ੍ਹਾਂ ਕਰਨ ਵਿਚ ਇਹ ਪੁਸਤਿਕਾ ਬੜੀ ਮਦਦਗਾਰ ਹੈ। ਇਨ੍ਹਾਂ ਪ੍ਰਕਾਸ਼ਨਾਂ ਨੂੰ ਵਰਤਣ ਨਾਲ ਸਾਡੇ ਵਿਚ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰਨ ਦਾ ਹੌਸਲਾ ਪੈਦਾ ਹੋਵੇਗਾ।
4 ਸੱਚੇ ਦਿਲੋਂ ਪ੍ਰਾਰਥਨਾ ਕਰੋ: ਹਮੇਸ਼ਾ ਖ਼ੁਸ਼ ਰਹਿਣ ਵਾਸਤੇ ਪ੍ਰਾਰਥਨਾ ਕਰਨੀ ਬੜੀ ਜ਼ਰੂਰੀ ਹੈ। ਕਿਉਂਕਿ ਅਸੀਂ ਯਹੋਵਾਹ ਦਾ ਕੰਮ ਕਰ ਰਹੇ ਹਾਂ, ਇਸ ਲਈ ਸਾਨੂੰ ਉਸ ਦੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਸ ਦਾ ਇਕ ਫਲ ਹੈ ਆਨੰਦ। (ਗਲਾ. 5:22) ਯਹੋਵਾਹ ਸਾਨੂੰ ਪ੍ਰਚਾਰ ਕਰਦੇ ਰਹਿਣ ਦਾ ਬਲ ਦੇਵੇਗਾ। (ਫ਼ਿਲਿ. 4:13) ਆਪਣੀ ਸੇਵਕਾਈ ਬਾਰੇ ਪ੍ਰਾਰਥਨਾ ਕਰਨ ਨਾਲ ਸਾਨੂੰ ਪ੍ਰਚਾਰ ਦੌਰਾਨ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਵੀ ਸਹੀ ਨਜ਼ਰੀਆ ਰੱਖਣ ਵਿਚ ਮਦਦ ਮਿਲ ਸਕਦੀ ਹੈ। (ਰਸੂ. 13:52; 1 ਪਤ. 4:13, 14) ਜੇ ਸਾਨੂੰ ਪ੍ਰਚਾਰ ਕਰਦਿਆਂ ਡਰ ਲੱਗਦਾ ਹੈ, ਤਾਂ ਪ੍ਰਾਰਥਨਾ ਸਾਡੀ ਜੋਸ਼ ਅਤੇ ਖ਼ੁਸ਼ੀ ਨਾਲ ਪ੍ਰਚਾਰ ਕਰਦੇ ਰਹਿਣ ਵਿਚ ਮਦਦ ਕਰ ਸਕਦੀ ਹੈ।—ਰਸੂ. 4:31.
5 ਮੌਕੇ ਪੈਦਾ ਕਰੋ: ਸਾਨੂੰ ਜ਼ਿਆਦਾ ਖ਼ੁਸ਼ੀ ਮਿਲੇਗੀ ਜੇ ਸਾਨੂੰ ਸੇਵਕਾਈ ਵਿਚ ਲੋਕ ਮਿਲਣ ਅਤੇ ਅਸੀਂ ਉਨ੍ਹਾਂ ਨੂੰ ਗਵਾਹੀ ਦੇ ਸਕੀਏ। ਇਸ ਦੇ ਲਈ ਕਿਸੇ ਹੋਰ ਸਮੇਂ ਤੇ ਘਰ-ਘਰ ਜਾਣ ਦਾ ਇੰਤਜ਼ਾਮ ਕਰ ਕੇ ਤੁਹਾਨੂੰ ਜ਼ਿਆਦਾ ਕਾਮਯਾਬੀ ਮਿਲ ਸਕਦੀ ਹੈ। ਤੁਸੀਂ ਸ਼ਾਇਦ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਨੂੰ ਜਾ ਸਕਦੇ ਹੋ। ਤੁਸੀਂ ਰਾਹ ਵਿਚ ਆਉਂਦੇ-ਜਾਂਦੇ, ਖ਼ਰੀਦਦਾਰੀ ਕਰਦੇ ਸਮੇਂ, ਬਸ ਵਿਚ ਸਫ਼ਰ ਕਰਦੇ ਸਮੇਂ ਜਾਂ ਪਾਰਕ ਵਿਚ ਟਹਿਲਦੇ ਸਮੇਂ ਲੋਕਾਂ ਨੂੰ ਮਿਲਦੇ ਹੋ। ਕਿਉਂ ਨਾ ਤੁਸੀਂ ਛੋਟੀ ਜਿਹੀ ਪੇਸ਼ਕਾਰੀ ਤਿਆਰ ਕਰੋ ਅਤੇ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਵਿਚ ਪਹਿਲ ਕਰੋ ਜੋ ਦੇਖਣ ਨੂੰ ਦੋਸਤਾਨਾ ਲੱਗਦੇ ਹਨ? ਜਾਂ ਤੁਸੀਂ ਸ਼ਾਇਦ ਆਪਣੀ ਕੰਮ ਦੀ ਥਾਂ ਤੇ ਜਾਂ ਸਕੂਲ ਵਿਚ ਰੋਜ਼ ਦੂਜਿਆਂ ਨਾਲ ਗੱਲ ਕਰ ਸਕਦੇ ਹੋ। ਤੁਸੀਂ ਦਿਲਚਸਪੀ ਜਗਾਉਣ ਵਾਲੇ ਕਿਸੇ ਬਾਈਬਲ ਵਿਸ਼ੇ ਉੱਤੇ ਗੱਲ ਕਰ ਕੇ ਵੀ ਗਵਾਹੀ ਦੇ ਸਕਦੇ ਹੋ। ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਦੇ ਪਹਿਲੇ ਸਫ਼ੇ ਉੱਤੇ ਵਧੀਆ ਸੁਝਾਅ ਦਿੱਤੇ ਗਏ ਹਨ। ਅਜਿਹੇ ਜਤਨ ਕਰਨ ਨਾਲ ਤੁਹਾਡੀ ਖ਼ੁਸ਼ੀ ਵਿਚ ਕਾਫ਼ੀ ਵਾਧਾ ਹੋ ਸਕਦਾ ਹੈ।
6 ਕਿਉਂਕਿ ਖ਼ੁਸ਼ੀ ਸਾਡੀ ਮੁਸ਼ਕਲ ਹਾਲਾਤਾਂ ਨੂੰ ਸਹਿਣ ਕਰਨ ਵਿਚ ਮਦਦ ਕਰਦੀ ਹੈ, ਇਸ ਲਈ ਇਸ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਉਦੋਂ ਵੱਡਾ ਇਨਾਮ ਮਿਲੇਗਾ ਜਦੋਂ ਇਹ ਫਿਰ ਕਦੀ ਨਾ ਕੀਤਾ ਜਾਣ ਵਾਲਾ ਕੰਮ ਪੂਰਾ ਹੋ ਜਾਵੇਗਾ। ਉਸ ਇਨਾਮ ਨੂੰ ਧਿਆਨ ਵਿਚ ਰੱਖਣ ਨਾਲ ਵੀ ਪ੍ਰਚਾਰ ਵਿਚ ਸਾਡੀ ਖ਼ੁਸ਼ੀ ਵਧ ਸਕਦੀ ਹੈ।—ਮੱਤੀ 25:21.