ਗਹਿਰੀ ਕਦਰ!
1 ਹਰ ਥਾਂ ਮਸੀਹੀ ਪਰਿਵਾਰਾਂ ਨੇ ਵਿਡਿਓ ਨੌਜਵਾਨ ਪੁੱਛਦੇ ਹਨ—ਮੈਂ ਚੰਗੇ ਮਿੱਤਰ ਕਿਸ ਤਰ੍ਹਾਂ ਬਣਾ ਸਕਦਾ ਹਾਂ? (ਅੰਗ੍ਰੇਜ਼ੀ) ਲਈ ਗਹਿਰੀ ਕਦਰ ਪ੍ਰਗਟਾਈ ਹੈ। ਅਮਰੀਕਾ ਵਿਚ ਇਕ ਪਿਤਾ ਨੇ ਕਿਹਾ ਕਿ ਇਸ ਵਿਡਿਓ ਨੂੰ ਦੇਖਣ ਤੋਂ ਬਾਅਦ ਉਸ ਦੇ ਮੁੰਡੇ ਚੁੱਪ ਕਰ ਕੇ ਬੈਠ ਗਏ, ਕਿਉਂਕਿ ਉਹ ਵੀ ਉਹੋ ਕੁਝ ਅਨੁਭਵ ਕਰ ਰਹੇ ਸਨ ਜੋ ਉਨ੍ਹਾਂ ਨੇ ਵਿਡਿਓ ਵਿਚ ਦੇਖਿਆ ਸੀ। ਮਲਾਵੀ ਤੋਂ ਇਕ ਰਿਪੋਰਟ ਦੱਸਦੀ ਹੈ ਕਿ ਨੌਜਵਾਨ ਭੈਣ-ਭਰਾਵਾਂ ਨੇ ਵੀ ਇਸ ਦੀ ਕਦਰ ਕੀਤੀ ਹੈ ਕਿਉਂਕਿ ਉਹ ਵੀ ਸਕੂਲ ਵਿਚ ਆਪਣੇ ਹਾਣੀਆਂ ਦੇ ਇਹੋ ਜਿਹੇ ਦਬਾਵਾਂ ਦਾ ਸਾਮ੍ਹਣਾ ਕਰਦੇ ਹਨ। ਜਰਮਨੀ ਵਿਚ ਇਕ ਪਿਤਾ ਨੇ ਵਿਡਿਓ ਬਾਰੇ ਕਿਹਾ: “ਮੈਂ ਇਸ ਵਿਡਿਓ ਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਮੰਨਦਾ ਹਾਂ।” ਇਕ ਨੌਜਵਾਨ ਕੁੜੀ ਨੇ ਕਿਹਾ: “ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਹ ਯਾਦ ਕਰਾਇਆ ਕਿ ਯਹੋਵਾਹ ਮੇਰਾ ਫ਼ਿਕਰ ਕਰਦਾ ਹੈ।” ਨਿਊਜ਼ੀਲੈਂਡ ਵਿਚ ਇਕ ਬਜ਼ੁਰਗ ਨੇ ਰਿਪੋਰਟ ਦਿੱਤੀ: “ਇਸ ਨੇ ਕਲੀਸਿਯਾ ਵਿਚ ਇਕ ਕਿਸ਼ੋਰ ਕੁੜੀ ਦੀ ਜ਼ਿੰਦਗੀ ਦੇ ਰਾਹ ਤੇ ਮੁੜ ਚੱਲਣ ਵਿਚ ਮਦਦ ਕੀਤੀ ਹੈ।” ਇਕ ਵਿਆਹੁਤਾ ਤੀਵੀਂ ਨੇ ਇਸ ਨੂੰ ਦੇਖ ਕੇ ਕਿਹਾ: “ਕਾਸ਼ ਹਰ ਮਸੀਹੀ ਨੌਜਵਾਨ ਇਸ ਵਿਡਿਓ ਨੂੰ ਦੇਖ ਕੇ ਸੱਚਾਈ ਨੂੰ ਦਿਲੋਂ ਅਪਣਾਉਣ ਲਈ ਪ੍ਰੇਰਿਤ ਹੋਵੇ!” ਪਰਿਵਾਰੋ, ਕਿਉਂ ਨਾ ਤੁਸੀਂ ਇਸ ਨੂੰ ਦੁਬਾਰਾ ਦੇਖੋ? ਉਸ ਤੋਂ ਬਾਅਦ ਹੇਠਾਂ ਦਿੱਤੇ ਸਵਾਲਾਂ ਉੱਤੇ ਮਿਲ ਕੇ ਚਰਚਾ ਕਰੋ।
2 ਜਾਣ-ਪਛਾਣ: ਸੱਚਾ ਮਿੱਤਰ ਕੌਣ ਹੁੰਦਾ ਹੈ?—ਕਹਾ. 18:24.
3 ਮਿੱਤਰਤਾ ਦੇ ਰਾਹ ਵਿਚ ਰੁਕਾਵਟਾਂ: ਤੁਸੀਂ ਇਕੱਲੇਪਨ ਦੀ ਭਾਵਨਾ ਉੱਤੇ ਕਿਵੇਂ ਕਾਬੂ ਪਾ ਸਕਦੇ ਹੋ? (ਫ਼ਿਲਿ. 2:4) ਤੁਹਾਨੂੰ ਆਪਣੀ ਸ਼ਖ਼ਸੀਅਤ ਨੂੰ ਸੁਧਾਰਨ ਲਈ ਤਿਆਰ ਕਿਉਂ ਰਹਿਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਕਰਨ ਵਿਚ ਕੌਣ ਤੁਹਾਡੀ ਮਦਦ ਕਰ ਸਕਦਾ ਹੈ? ਕਿਹੜੀ ਗੱਲ ਜ਼ਿਆਦਾ ਮਿੱਤਰ ਬਣਾਉਣ ਦੇ ਮੌਕੇ ਪੈਦਾ ਕਰੇਗੀ ਤੇ ਇਹ ਮਿੱਤਰ ਕਿੱਥੇ ਮਿਲ ਸਕਦੇ ਹਨ?—2 ਕੁਰਿੰ. 6:13.
4 ਪਰਮੇਸ਼ੁਰ ਨਾਲ ਮਿੱਤਰਤਾ: ਤੁਸੀਂ ਯਹੋਵਾਹ ਦੇ ਮਿੱਤਰ ਕਿਵੇਂ ਬਣ ਸਕਦੇ ਹੋ ਤੇ ਇਹ ਫ਼ਾਇਦੇਮੰਦ ਕਿਉਂ ਹੈ? (ਜ਼ਬੂ. 34:8) ਪਰਮੇਸ਼ੁਰ ਨਾਲ ਤੁਹਾਡੀ ਮਿੱਤਰਤਾ ਨੂੰ ਕੌਣ ਪੱਕਾ ਕਰ ਸਕਦਾ ਹੈ?
5 ਬੁਰੇ ਸਾਥੀ: ਬੁਰੇ ਸਾਥੀ ਕੌਣ ਹਨ? (1 ਕੁਰਿੰ. 15:33) ਬੁਰੇ ਸਾਥੀ ਤੁਹਾਨੂੰ ਕਿਵੇਂ ਅਧਿਆਤਮਿਕ ਤਬਾਹੀ ਵੱਲ ਲੈ ਜਾ ਸਕਦੇ ਹਨ? ਬਾਈਬਲ ਵਿਚ ਦੀਨਾਹ ਦੇ ਬਿਰਤਾਂਤ ਤੋਂ ਤੁਸੀਂ ਕੀ ਸਿੱਖਦੇ ਹੋ?—ਉਤ. 34:1, 2, 7, 19.
6 ਆਧੁਨਿਕ ਡਰਾਮਾ: ਤਾਰਾ ਉੱਤੇ ਇਕੱਲੇਪਨ ਦਾ ਕੀ ਅਸਰ ਪਿਆ? ਉਸ ਨੇ ਦੁਨਿਆਵੀ ਨੌਜਵਾਨਾਂ ਨਾਲ ਆਪਣੀ ਮਿੱਤਰਤਾ ਨੂੰ ਕਿਵੇਂ ਜਾਇਜ਼ ਕਿਹਾ? ਉਨ੍ਹਾਂ ਨੇ ਉਸ ਨੂੰ ਕਿਹੜੇ ਖ਼ਤਰੇ ਵਿਚ ਪਾ ਦਿੱਤਾ ਸੀ? ਤਾਰਾ ਦੇ ਮਾਪੇ ਇਸ ਖ਼ਤਰੇ ਨੂੰ ਸਮਝਣ ਵਿਚ ਅਸਫ਼ਲ ਕਿਉਂ ਹੋ ਗਏ ਸਨ, ਪਰ ਉਨ੍ਹਾਂ ਨੇ ਤਾਰਾ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਲਈ ਕਿਹੜਾ ਰਵੱਈਆ ਅਪਣਾਇਆ? ਇਕ ਪਾਇਨੀਅਰ ਭੈਣ ਤਾਰਾ ਦੀ ਸੱਚੀ ਸਹੇਲੀ ਕਿਵੇਂ ਸਾਬਤ ਹੋਈ? ਮਸੀਹੀਆਂ ਨੂੰ ਕਹਾਉਤਾਂ 13:20 ਅਤੇ ਯਿਰਮਿਯਾਹ 17:9 ਉੱਤੇ ਕਿਉਂ ਵਿਚਾਰ ਕਰਨਾ ਚਾਹੀਦਾ ਹੈ? ਤਾਰਾ ਨੇ ਕਿਹੜਾ ਮਹੱਤਵਪੂਰਣ ਸਬਕ ਸਿੱਖਿਆ?
7 ਸਬਕ: ਤੁਸੀਂ ਇਸ ਵਿਡਿਓ ਤੋਂ ਕਿਹੜੇ ਸਬਕ ਸਿੱਖੇ ਹਨ? ਦੂਜਿਆਂ ਦੀ ਮਦਦ ਕਰਨ ਲਈ ਤੁਸੀਂ ਇਸ ਨੂੰ ਕਿਵੇਂ ਵਰਤ ਸਕਦੇ ਹੋ?—ਜ਼ਬੂ. 71:17.