ਖੁੱਲ੍ਹੇ ਦਿਲ ਨਾਲ ਬੀਜਣ ਦੁਆਰਾ ਬਹੁਤ ਸਾਰੀਆਂ ਅਸੀਸਾਂ ਮਿਲਦੀਆਂ ਹਨ
1 ਅਸੀਂ ਸਾਰੇ ਹੀ ਉਨ੍ਹਾਂ ਸ਼ਾਨਦਾਰ ਵਾਅਦਿਆਂ ਦੀ ਪੂਰਤੀ ਦੇਖਣ ਲਈ ਬਹੁਤ ਉਤਾਵਲੇ ਹਾਂ ਜਿਹੜੇ ਪਰਮੇਸ਼ੁਰ ਦੇ ਬਚਨ ਵਿਚ ਦੱਸੇ ਗਏ ਹਨ। ਹੁਣ ਵੀ ਯਹੋਵਾਹ ਸਾਨੂੰ ਬਹੁਤ ਸਾਰੀਆਂ ਅਸੀਸਾਂ ਦਿੰਦਾ ਹੈ ਜੋ ਸਾਡੀ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਭਰ ਦਿੰਦੀਆਂ ਹਨ। ਪਰ ਸਾਨੂੰ ਕਿੰਨੀਆਂ ਕੁ ਅਸੀਸਾਂ ਮਿਲਦੀਆਂ ਹਨ, ਇਹ ਕਾਫ਼ੀ ਹੱਦ ਤਕ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੀ ਮਿਹਨਤ ਕਰਦੇ ਹਾਂ। ਪੌਲੁਸ ਰਸੂਲ ਨੇ ਕਿਹਾ ਸੀ ਕਿ “ਜਿਹੜਾ ਖੁਲ੍ਹੇ ਦਿਲ ਬੀਜਦਾ ਹੈ ਉਹ ਖੁਲ੍ਹੇ ਦਿਲ ਵੱਢੇਗਾ।” (2 ਕੁਰਿੰ. 9:6) ਅਸੀਂ ਦੋ ਗੱਲਾਂ ਵਿਚ ਇਸ ਸਿਧਾਂਤ ਨੂੰ ਲਾਗੂ ਕਰ ਸਕਦੇ ਹਾਂ।
2 ਸਾਡੀ ਸੇਵਕਾਈ: ਜਦੋਂ ਅਸੀਂ ਹਰ ਮੌਕੇ ਤੇ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਾਂ, ਤਾਂ ਸਾਨੂੰ ਕਈ ਅਸੀਸਾਂ ਮਿਲਦੀਆਂ ਹਨ। (ਕਹਾ. 3:27, 28) ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਭੈਣ-ਭਰਾ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈ ਕੇ ਅਤੇ ਸਹਿਯੋਗੀ ਜਾਂ ਨਿਯਮਿਤ ਪਾਇਨੀਅਰੀ ਕਰ ਕੇ ਖੁੱਲ੍ਹੇ ਦਿਲ ਨਾਲ ਬੀਜ ਰਹੇ ਹਨ। ਜਿਹੜੇ ਲੋਕ ਸਾਡੀਆਂ ਗੱਲਾਂ ਸੁਣਦੇ ਹਨ, ਉਨ੍ਹਾਂ ਸਾਰਿਆਂ ਨੂੰ ਦੁਬਾਰਾ ਮਿਲਣ ਅਤੇ ਮੌਕਾ ਪਾ ਕੇ ਬਾਈਬਲ ਸਟੱਡੀ ਪੇਸ਼ ਕਰਨ ਦੁਆਰਾ ਅਸੀਂ ਸਾਰੇ ਖੁੱਲ੍ਹੇ ਦਿਲ ਨਾਲ ਬੀਜ ਸਕਦੇ ਹਾਂ। (ਰੋਮੀ. 12:11) ਇਨ੍ਹਾਂ ਤਰੀਕਿਆਂ ਨਾਲ ਮਿਹਨਤ ਕਰ ਕੇ ਸਾਨੂੰ ਵਧੀਆ ਤਜਰਬੇ ਹਾਸਲ ਹੁੰਦੇ ਹਨ ਅਤੇ ਸੇਵਕਾਈ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।
3 ਰਾਜ ਦੇ ਕੰਮਾਂ ਵਿਚ ਯੋਗਦਾਨ ਪਾਉਣਾ: ਪੌਲੁਸ ਨੇ ਦਾਨ ਦੇਣ ਬਾਰੇ ਗੱਲ ਕਰਦੇ ਸਮੇਂ ‘ਖੁਲ੍ਹੇ ਦਿਲ ਬੀਜਣ’ ਦਾ ਜ਼ਿਕਰ ਕੀਤਾ ਸੀ। (2 ਕੁਰਿੰ. 9:6, 7, 11, 13) ਅੱਜ ਅਸੀਂ ਰਾਜ ਦੇ ਕੰਮਾਂ ਵਿਚ ਸਰੀਰਕ ਅਤੇ ਮਾਲੀ ਤੌਰ ਤੇ ਯੋਗਦਾਨ ਦੇ ਸਕਦੇ ਹਾਂ। ਅਸੀਂ ਕਿੰਗਡਮ ਹਾਲਾਂ ਅਤੇ ਅਸੈਂਬਲੀ ਹਾਲਾਂ ਨੂੰ ਬਣਾਉਣ ਵਿਚ ਮਦਦ ਕਰ ਸਕਦੇ ਹਾਂ। ਇਨ੍ਹਾਂ ਦੀ ਸਾਫ਼-ਸਫ਼ਾਈ ਤੇ ਸਾਂਭ-ਸੰਭਾਲ ਵਿਚ ਵੀ ਅਸੀਂ ਮਦਦ ਕਰ ਸਕਦੇ ਹਾਂ ਕਿਉਂਕਿ ਇੱਥੇ ਅਸੀਂ ਸੱਚੀ ਭਗਤੀ ਕਰਦੇ ਹਾਂ। ਇਸ ਤੋਂ ਇਲਾਵਾ, ਅਸੀਂ ਆਪਣੀ ਕਲੀਸਿਯਾ ਦੇ ਖ਼ਰਚੇ ਪੂਰੇ ਕਰਨ ਅਤੇ ਪੂਰੀ ਦੁਨੀਆਂ ਵਿਚ ਹੋ ਰਹੇ ਰਾਜ-ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਲਈ ਵੀ ਚੰਦਾ ਦੇ ਸਕਦੇ ਹਾਂ। ਜਦੋਂ ਅਸੀਂ ਸਾਰੇ ਆਪਣਾ ਫ਼ਰਜ਼ ਪੂਰਾ ਕਰਦੇ ਹਾਂ, ਤਾਂ ਇਸ ਪਰਮੇਸ਼ੁਰੀ ਕੰਮ ਉੱਤੇ ਯਹੋਵਾਹ ਦੀਆਂ ਭਰਪੂਰ ਅਸੀਸਾਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ।—ਮਲਾ. 3:10; ਲੂਕਾ 6:38.
4 ਪਰਮੇਸ਼ੁਰ ਦਾ ਬਚਨ ਸਾਨੂੰ “ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ” ਦੀ ਤਾਕੀਦ ਕਰਦਾ ਹੈ। ਇਸ ਸਲਾਹ ਉੱਤੇ ਚੱਲ ਕੇ ਅਸੀਂ ਨਾ ਸਿਰਫ਼ ਹੁਣ ਬਹੁਤ ਸਾਰੀਆਂ ਅਸੀਸਾਂ ਦਾ ਆਨੰਦ ਮਾਣਦੇ ਹਾਂ, ਸਗੋਂ ਅਸੀਂ ‘ਅਗਾਹਾਂ ਲਈ ਅਤੇ ਅਸਲ ਜੀਵਨ ਲਈ ਵੀ ਇੱਕ ਚੰਗੀ ਨੀਂਹ ਆਪਣੇ ਲਈ ਧਰਦੇ ਹਾਂ।’—1 ਤਿਮੋ. 6:18, 19.