‘ਦਾਨ ਕਰਨ ਵਿਚ ਸਖ਼ੀ ਅਤੇ ਵੰਡਣ ਨੂੰ ਤਿਆਰ ਰਹੋ’
1 ਸਦੀਆਂ ਪਹਿਲਾਂ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਹਿਦਾਇਤ ਦਿੱਤੀ ਕਿ ਉਹ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰੇ ਕਿ “ਓਹ ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ।” (1 ਤਿਮੋ. 6:18) ਪੌਲੁਸ ਨੇ ਮਸੀਹੀਆਂ ਨੂੰ ਇਹ ਵੀ ਚੇਤੇ ਕਰਾਇਆ ਕਿ ਉਹ “ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ” ਨਾ ਭੁੱਲਣ। (ਇਬ. 13:16) ਉਸ ਨੇ ਇਹ ਹਿਦਾਇਤਾਂ ਕਿਉਂ ਦਿੱਤੀਆਂ? ਕਿਉਂਕਿ ਉਹ ਜਾਣਦਾ ਸੀ ਕਿ “ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤ ਪ੍ਰਾਪਤ ਹੋਵੇਗੀ।”—ਰੋਮੀ. 2:10.
2 ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਯਹੋਵਾਹ ਪਰਮੇਸ਼ੁਰ ਸਾਰੀਆਂ ਚੀਜ਼ਾਂ ਦਾ ਮਾਲਕ ਹੈ। (ਪਰ. 4:11) ਯਹੋਵਾਹ ਜਿਸ ਤਰ੍ਹਾਂ ਆਪਣਾ ਮਾਲ ਮਤਾ ਸਾਡੇ ਲਈ ਵਰਤ ਰਿਹਾ ਹੈ, ਅਸੀਂ ਉਸ ਦੀ ਸੱਚ-ਮੁੱਚ ਕਦਰ ਕਰਦੇ ਹਾਂ। ਯਹੋਵਾਹ ਨੂੰ ਪਤਾ ਹੈ ਕਿ ਮਨੁੱਖਜਾਤੀ ਵਿੱਚੋਂ ਬਹੁਤ ਸਾਰੇ ਲੋਕ ਬੇਕਦਰੇ ਹਨ। ਇਸ ਦੇ ਬਾਵਜੂਦ ਅੱਤ ਮਹਾਨ ਆਪਣੀ ਦਰਿਆ-ਦਿਲੀ ਦੇ ਕਾਰਨ ਸਾਨੂੰ ਹਰੇਕ ਚੀਜ਼ ਦਾ ਫ਼ਾਇਦਾ ਉਠਾਉਣ ਦਾ ਮੌਕਾ ਦੇ ਰਿਹਾ ਹੈ ਤਾਂਕਿ ਸਾਡੀ ਜ਼ਿੰਦਗੀ ਚਲਦੀ ਰਹੇ। (ਮੱਤੀ 5:45) ਇੱਥੋਂ ਤਕ ਕਿ ਉਸ ਨੇ ਆਪਣੇ ਸਭ ਤੋਂ ਪਿਆਰੇ ਪੁੱਤਰ ਦੀ ਕੁਰਬਾਨੀ ਦੇ ਦਿੱਤੀ ਤਾਂਕਿ ਅਸੀਂ ਹਮੇਸ਼ਾ-ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕੀਏ। ਤਾਂ ਫਿਰ, ਕੀ ਇਹ ਪਿਆਰ ਸਾਨੂੰ ਮਜਬੂਰ ਨਹੀਂ ਕਰਦਾ ਕਿ ਅਸੀਂ ਵੀ ਦੂਜਿਆਂ ਲਈ ਖੁੱਲ੍ਹੇ ਦਿਲ ਵਾਲੇ ਬਣ ਕੇ ਪਰਮੇਸ਼ੁਰ ਨੂੰ ਆਪਣੀ ਸ਼ੁਕਰਗੁਜ਼ਾਰੀ ਦਿਖਾਈਏ?—2 ਕੁਰਿੰ. 5:14, 15.
3 ਅਸੀਂ ਕੀ ਵੰਡ ਸਕਦੇ ਹਾਂ? ਜੇ ਅਸੀਂ ਆਪਣੇ ਸਾਧਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਦੇ ਹਾਂ, ਤਾਂ ਪਰਮੇਸ਼ੁਰ ਵੀ ਖ਼ੁਸ਼ ਹੁੰਦਾ ਹੈ। ਯਕੀਨਨ ਅਸੀਂ ਦੁਨੀਆਂ ਭਰ ਵਿਚ ਹੋ ਰਹੇ ਰਾਜ ਦੇ ਕੰਮ ਵਿਚ ਰੁਪਏ-ਪੈਸੇ ਅਤੇ ਅਧਿਆਤਮਿਕ ਪੱਖੋਂ ਯੋਗਦਾਨ ਪਾਉਣਾ ਚਾਹੁੰਦੇ ਹਾਂ। ਬੇਸ਼ੱਕ, ਹਰ ਕੋਈ ਖ਼ੁਸ਼ ਖ਼ਬਰੀ ਦੇ ਸਭ ਤੋਂ ਕੀਮਤੀ ਖ਼ਜ਼ਾਨੇ ਦਾ ਮਾਲਕ ਬਣ ਸਕਦਾ ਹੈ, ਕਿਉਂਕਿ ਇਹ “ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ।” (ਰੋਮੀ. 1:16) ਹਰ ਮਹੀਨੇ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਅਤੇ ਖੁੱਲ੍ਹੇ ਦਿਲ ਨਾਲ ਆਪਣੇ ਸਮੇਂ ਤੇ ਸਾਧਨਾਂ ਨੂੰ ਵਰਤ ਕੇ ਅਸੀਂ ਇਹ ਖ਼ਜ਼ਾਨਾ ਦੂਜੇ ਲੋਕਾਂ ਨੂੰ ਵੰਡ ਸਕਦੇ ਹਾਂ। ਇਸ ਨਾਲ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ।
4 ਯਹੋਵਾਹ ਉਦੋਂ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਗ਼ਰੀਬ ਲੋਕਾਂ ਨੂੰ ਮਦਦ ਦਿੰਦੇ ਹਾਂ। ਉਹ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ ਅਤੇ ਸਾਨੂੰ ਚੇਤੇ ਕਰਾਉਂਦਾ ਹੈ: “ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ।” (ਕਹਾ. 11:4; 19:17) ਸਾਡੇ ਕੋਲ ਦੋ ਸ਼ਾਨਦਾਰ ਤਰੀਕੇ ਹਨ ਜਿਸ ਨਾਲ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਖੁੱਲ੍ਹੇ ਦਿਲ ਵਾਲੇ ਇਨਸਾਨ ਹਾਂ ਅਤੇ ਹਮੇਸ਼ਾ ਵੰਡਣ ਲਈ ਤਿਆਰ ਰਹਿੰਦੇ ਹਾਂ। ਇਕ ਤਾਂ ਹੈ ਰਾਜ ਦੇ ਕੰਮਾਂ ਨੂੰ ਰੁਪਏ-ਪੈਸੇ ਨਾਲ ਸਹਿਯੋਗ ਦੇਣਾ ਅਤੇ ਦੂਜਾ ਖ਼ੁਸ਼ ਖ਼ਬਰੀ ਸੁਣਾਉਣ ਵਿਚ ਪੂਰਾ-ਪੂਰਾ ਹਿੱਸਾ ਲੈਣਾ।