“ਸ਼ੁਭ ਕਰਮਾਂ ਵਿੱਚ ਧਨੀ” ਹੋਵੋ
1 ਗਰਮਜੋਸ਼ੀ ਨਾਲ ਪ੍ਰਚਾਰ ਕਰਨ ਦੇ ਆਪਣੇ ਆਖ਼ਰੀ ਸਾਲਾਂ ਦੌਰਾਨ, ਪੌਲੁਸ ਰਸੂਲ ਨੇ ਅਕਸਰ ਤਿਮੋਥਿਉਸ ਅਤੇ ਤੀਤੁਸ ਨਾਲ ਕੰਮ ਕੀਤਾ ਸੀ। ਉਸ ਨੇ ਦੋਨਾਂ ਨੂੰ ਇੱਕੋ ਜਿਹੇ ਉਤਸ਼ਾਹਜਨਕ ਸ਼ਬਦ ਲਿਖੇ। ਉਸ ਨੇ ਤੀਤੁਸ ਨੂੰ ਕਿਹਾ ਕਿ “ਜਿਨ੍ਹਾਂ ਪਰਮੇਸ਼ੁਰ ਦੀ ਪਰਤੀਤ ਕੀਤੀ ਹੈ,” ਉਨ੍ਹਾਂ ਨੂੰ ‘ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣਾ’ ਚਾਹੀਦਾ ਹੈ। (ਤੀਤੁ. 3:8) ਉਸ ਨੇ ਤਿਮੋਥਿਉਸ ਨੂੰ ਕਿਹਾ ਕਿ ਜਿਹੜੇ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਨ, ਉਨ੍ਹਾਂ ਨੂੰ “ਸ਼ੁਭ ਕਰਮਾਂ ਵਿੱਚ ਧਨੀ” ਹੋਣਾ ਚਾਹੀਦਾ ਹੈ। (1 ਤਿਮੋ. 6:17, 18) ਇਹ ਸਾਡੇ ਸਾਰਿਆਂ ਲਈ ਵੀ ਵਧੀਆ ਸਲਾਹ ਹੈ! ਪਰ ਕਿਹੜੀ ਗੱਲ ਸਾਨੂੰ ਆਪਣੀ ਜ਼ਿੰਦਗੀ ਵਿਚ ਸ਼ੁਭ ਕਰਮ ਕਰਨ ਲਈ ਪ੍ਰੇਰੇਗੀ? ਅਤੇ ਆਉਣ ਵਾਲੇ ਦਿਨਾਂ ਵਿਚ ਅਸੀਂ ਕਿਹੜੇ ਖ਼ਾਸ ਕੰਮ ਕਰ ਸਕਦੇ ਹਾਂ?
2 ਯਹੋਵਾਹ ਵਿਚ ਸਾਡਾ ਵਿਸ਼ਵਾਸ ਅਤੇ ਉਸ ਲਈ ਸਾਡਾ ਪਿਆਰ ਅਤੇ ਉਸ ਨੇ ਸਾਨੂੰ ਜੋ ਸ਼ਾਨਦਾਰ ਉਮੀਦ ਦਿੱਤੀ ਹੈ, ਇਹ ਸਭ ਗੱਲਾਂ ਸਾਨੂੰ ਸਹੀ ਕੰਮਾਂ ਵਿਚ ਧਨੀ ਹੋਣ ਦੀ ਪ੍ਰੇਰਣਾ ਦਿੰਦੀਆਂ ਹਨ। (1 ਤਿਮੋ. 6:19; ਤੀਤੁ. 2:11) ਸਾਲ ਦੇ ਖ਼ਾਸਕਰ ਇਸ ਸਮੇਂ ਦੌਰਾਨ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਇਸ ਲਈ ਧਰਤੀ ਉੱਤੇ ਭੇਜਿਆ ਤਾਂਕਿ ਯਿਸੂ ਆਪਣੇ ਪਿਤਾ ਨੂੰ ਦੋਸ਼ ਤੋਂ ਮੁਕਤ ਕਰ ਸਕੇ ਅਤੇ ਸਾਰੇ ਨਿਹਚਾਵਾਨ ਇਨਸਾਨਾਂ ਲਈ ਜ਼ਿੰਦਗੀ ਦਾ ਰਾਹ ਖੋਲ੍ਹੇ। (ਮੱਤੀ 20:28; ਯੂਹੰ. 3:16) 28 ਮਾਰਚ ਨੂੰ ਯਿਸੂ ਦੀ ਮੌਤ ਦੇ ਸਮਾਰਕ ਸਮਾਰੋਹ ਵਿਚ ਇਸ ਬਾਰੇ ਸਾਫ਼-ਸਾਫ਼ ਦੱਸਿਆ ਜਾਵੇਗਾ। ਸਦਾ ਦੀ ਜ਼ਿੰਦਗੀ ਹਾਸਲ ਕਰਨ ਦੀ ਆਪਣੀ ਆਸ਼ਾ ਤੋਂ ਕੀ ਅਸੀਂ “ਸ਼ੁਭ ਕਰਮਾਂ ਵਿੱਚ ਧਨੀ” ਹੋਣ ਲਈ ਆਪਣੀ ਪੁਰਜ਼ੋਰ ਕੋਸ਼ਿਸ਼ ਕਰਨ ਵਾਸਤੇ ਪ੍ਰੇਰਿਤ ਨਹੀਂ ਹੁੰਦੇ? ਹਾਂ, ਜ਼ਰੂਰ ਹੁੰਦੇ ਹਾਂ! ਅਸੀਂ ਹੁਣ ਕਿਹੜੇ ਕਰਮ ਕਰ ਸਕਦੇ ਹਾਂ?
3 ਮਾਰਚ ਅਤੇ ਬਾਅਦ ਦੇ ਮਹੀਨਿਆਂ ਵਿਚ ਸ਼ੁਭ ਕਰਮ: ਅਸੀਂ ਸਮਾਰਕ ਵਿਚ ਜ਼ਰੂਰ ਹਾਜ਼ਰ ਹੋਵਾਂਗੇ ਜੋ ਯਹੋਵਾਹ ਦੇ ਗਵਾਹਾਂ ਲਈ ਸਾਲ ਦੀ ਸਭ ਤੋਂ ਮਹੱਤਵਪੂਰਣ ਘਟਨਾ ਹੈ। (ਲੂਕਾ 22:19) ਪਰ ਅਸੀਂ ਉਸ ਮੌਕੇ ਦੀ ਖ਼ੁਸ਼ੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ। ਯੀਅਰ ਬੁੱਕ 2002 ਵਿਚ ਦਿੱਤੀ ਸੇਵਾ ਰਿਪੋਰਟ ਦੇਖੋ। ਤੁਸੀਂ ਦੇਖੋਗੇ ਕਿ ਪਿਛਲੇ ਸਾਲ ਬਹੁਤ ਸਾਰੇ ਦੇਸ਼ਾਂ ਵਿਚ ਸਮਾਰਕ ਵਿਚ ਆਏ ਲੋਕਾਂ ਦੀ ਗਿਣਤੀ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਨਾਲੋਂ ਤਿੰਨ, ਚਾਰ, ਪੰਜ ਗੁਣਾ ਜਾਂ ਉਸ ਤੋਂ ਵੀ ਜ਼ਿਆਦਾ ਸੀ। ਸੱਚ-ਮੁੱਚ ਉੱਥੇ ਕਲੀਸਿਯਾਵਾਂ ਦੇ ਸਾਰੇ ਭੈਣ-ਭਰਾਵਾਂ ਨੇ ਆਪਣੇ ਖੇਤਰ ਵਿਚ ਸਮਾਰਕ ਦੇ ਸੱਦਾ-ਪੱਤਰ ਵੰਡਣ ਲਈ ਸਖ਼ਤ ਮਿਹਨਤ ਕੀਤੀ ਹੋਣੀ। ਇਸ ਲਈ, ਲੋਕਾਂ ਨੂੰ ਸਮਾਰਕ ਵਿਚ ਸੱਦਣ ਅਤੇ ਉਨ੍ਹਾਂ ਨੂੰ ਮੁਕਤੀ ਦੀ ਆਸ਼ਾ ਬਾਰੇ ਸਿਖਾਉਣ ਲਈ ਅਸੀਂ ਹੁਣ ਤੋਂ ਲੈ ਕੇ 28 ਮਾਰਚ ਤਕ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਾਂ।
4 ਅਪ੍ਰੈਲ ਦੌਰਾਨ ਸਕੂਲ ਬੰਦ ਹੋਣ ਕਰਕੇ ਬੱਚੇ ਅਤੇ ਮਾਪੇ ਤਣਾਅ ਤੋਂ ਮੁਕਤ ਹੁੰਦੇ ਹਨ ਤੇ ਉਨ੍ਹਾਂ ਕੋਲ ਕਾਫ਼ੀ ਵਿਹਲਾ ਸਮਾਂ ਹੁੰਦਾ ਹੈ। ਅਸੀਂ “ਸ਼ੁਭ ਕਰਮਾਂ ਵਿੱਚ ਧਨੀ” ਹੋਣ ਲਈ ਇਨ੍ਹਾਂ ਸੁਖਾਵੇਂ ਮੌਕਿਆਂ ਦੀ ਕਿਵੇਂ ਚੰਗੀ ਵਰਤੋਂ ਕਰ ਸਕਦੇ ਹਾਂ? “ਸ਼ੁਭ ਕਰਮਾਂ ਵਿੱਚ ਸਰਗਰਮ” ਹੋ ਕੇ ਅਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਕੰਮ ਵਿਚ ਜੋਸ਼ ਨਾਲ ਬਾਕਾਇਦਾ ਹਿੱਸਾ ਲੈ ਕੇ। (ਤੀਤੁ. 2:14; ਮੱਤੀ 24:14) ਜੇ ਤੁਸੀਂ ਮਾਰਚ ਵਿਚ ਸਹਿਯੋਗੀ ਪਾਇਨੀਅਰੀ ਨਹੀਂ ਕਰ ਸਕੇ, ਤਾਂ ਕੀ ਤੁਸੀਂ ਅਪ੍ਰੈਲ ਜਾਂ ਮਈ ਵਿਚ ਕਰ ਸਕਦੇ ਹੋ? ਜੇ ਤੁਸੀਂ ਮਾਰਚ ਵਿਚ ਪਾਇਨੀਅਰੀ ਕਰ ਰਹੇ ਹੋ, ਤਾਂ ਕੀ ਤੁਸੀਂ ਇਸ ਨੂੰ ਜਾਰੀ ਰੱਖ ਸਕਦੇ ਹੋ?
5 ਨੌਕਰੀ ਕਰਨ ਵਾਲੇ ਕੁਝ ਭੈਣ-ਭਰਾ ਦੇਖਦੇ ਹਨ ਕਿ ਉਹ ਕੰਮ ਤੇ ਜਾਂਦੇ ਸਮੇਂ ਸੜਕ ਗਵਾਹੀ ਦੇਣ ਜਾਂ ਸਵੇਰੇ ਜਲਦੀ ਖੁੱਲ੍ਹਣ ਵਾਲੀਆਂ ਦੁਕਾਨਾਂ ਜਾਂ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਨਾਲ ਗੱਲ ਕਰ ਕੇ ਪ੍ਰਚਾਰ ਕੰਮ ਵਿਚ ਘੰਟਾ ਕੁ ਲਾ ਸਕਦੇ ਹਨ। ਕਈ ਭੈਣ-ਭਰਾ ਆਪਣੀ ਦੁਪਹਿਰ ਦੀ ਛੁੱਟੀ ਦੇ ਸਮੇਂ ਗਵਾਹੀ ਦਿੰਦੇ ਹਨ। ਕਈ ਤਾਂ ਉਸ ਸਮੇਂ ਦੌਰਾਨ ਆਪਣੇ ਕਿਸੇ ਸਹਿਕਰਮੀ ਨਾਲ ਬਾਈਬਲ ਸਟੱਡੀ ਵੀ ਕਰਦੇ ਹਨ। ਜਦੋਂ ਸਕੂਲ ਖੁੱਲ੍ਹੇ ਹੁੰਦੇ ਹਨ ਉਦੋਂ ਵੀ ਕਈ ਭੈਣਾਂ ਜਿਹੜੀਆਂ ਨੌਕਰੀ ਨਹੀਂ ਕਰਦੀਆਂ, ਖੇਤਰ ਸੇਵਕਾਈ ਲਈ ਸਮਾਂ ਕੱਢਦੀਆਂ ਹਨ। ਇਸ ਦਾ ਮਤਲਬ ਹੈ ਕਿ ਸਕੂਲ ਬੰਦ ਹੋਣ ਤੇ ਉਹ ਹੋਰ ਵੀ ਜ਼ਿਆਦਾ ਸਮਾਂ ਕੱਢ ਸਕਣਗੀਆਂ। ਆਪਣੇ ਘਰੇਲੂ ਕੰਮਾਂ-ਕਾਰਾਂ ਨੂੰ ਨਿਬੇੜਨ ਲਈ ਕੁਝ ਦਿਨ ਜ਼ਰਾ ਜਲਦੀ ਉੱਠਣ ਨਾਲ ਉਹ ਦਿਨ ਵੇਲੇ ਪ੍ਰਚਾਰ ਕਰਨ ਤੇ ਸਟੱਡੀਆਂ ਕਰਾਉਣ ਵਿਚ ਜ਼ਿਆਦਾ ਸਮਾਂ ਬਿਤਾ ਸਕਣਗੀਆਂ।—ਅਫ਼. 5:15, 16.
6 ਜੇ ਤੁਸੀਂ ਸਹਿਯੋਗੀ ਪਾਇਨੀਅਰੀ ਨਹੀਂ ਵੀ ਕਰ ਸਕਦੇ, ਤਾਂ ਤੁਸੀਂ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਲਈ ਨਿੱਜੀ ਸਮਾਂ-ਸਾਰਣੀ ਬਣਾ ਸਕਦੇ ਹੋ ਅਤੇ “ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ” ਅਤੇ ਦੂਜਿਆਂ ਨਾਲ ਸੱਚਾਈ “ਵੰਡਣ ਨੂੰ ਤਿਆਰ ਹੋਣ” ਦਾ ਪੂਰਾ ਜਤਨ ਕਰ ਸਕਦੇ ਹੋ।—1 ਤਿਮੋ. 6:18.
7 ਚੇਲੇ ਬਣਾਉਣ ਦੇ ਸ਼ੁਭ ਕਰਮ ਨੂੰ ਚੇਤੇ ਰੱਖੋ: ਹਰ ਸਾਲ ਕਈ ਦਿਲਚਸਪੀ ਰੱਖਣ ਵਾਲੇ ਲੋਕ ਸਮਾਰਕ ਵਿਚ ਆਉਂਦੇ ਹਨ। ਕੀ ਕਲੀਸਿਯਾ ਦੇ ਕੁਝ ਭੈਣ-ਭਰਾ ਉਨ੍ਹਾਂ ਲੋਕਾਂ ਵੱਲ ਧਿਆਨ ਦੇ ਸਕਦੇ ਹਨ ਜੋ ਸਮਾਰਕ ਵਿਚ ਤਾਂ ਆਉਂਦੇ ਹਨ ਪਰ ਸਟੱਡੀ ਨਹੀਂ ਕਰ ਰਹੇ? ਕੀ ਉਨ੍ਹਾਂ ਨੂੰ ਦੁਬਾਰਾ ਮਿਲ ਕੇ ਉਨ੍ਹਾਂ ਦੀ ਅਧਿਆਤਮਿਕ ਤਰੱਕੀ ਕਰਨ ਵਿਚ ਮਦਦ ਕੀਤੀ ਜਾ ਸਕਦੀ ਹੈ? ਸਮਾਰਕ ਵਿਚ ਹਾਜ਼ਰ ਹੋਣ ਵਾਲਿਆਂ ਵਿੱਚੋਂ ਕੁਝ ਲੋਕ ਸ਼ਾਇਦ ਗਵਾਹਾਂ ਦੇ ਰਿਸ਼ਤੇਦਾਰ ਹੋਣ। ਕਈ ਲੋਕਾਂ ਨੇ ਪਹਿਲਾਂ ਸ਼ਾਇਦ ਸਟੱਡੀ ਕੀਤੀ ਹੋਵੇ, ਇਸ ਲਈ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਦੁਬਾਰਾ ਸਟੱਡੀ ਕਰਨ ਅਤੇ ਸਭਾਵਾਂ ਵਿਚ ਬਾਕਾਇਦਾ ਆਉਣ ਲਈ ਸਿਰਫ਼ ਥੋੜ੍ਹੀ ਜਿਹੀ ਹੌਸਲਾ-ਅਫ਼ਜ਼ਾਈ ਦੀ ਹੀ ਲੋੜ ਹੋਵੇ। ਉਨ੍ਹਾਂ ਨੂੰ ਯਹੋਵਾਹ ਦੇ ਸਰਗਰਮ ਸੇਵਕ ਬਣਦੇ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ!
8 ਮਾਰਚ ਅਤੇ ਬਾਅਦ ਦੇ ਮਹੀਨਿਆਂ ਦੌਰਾਨ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਨਾਲ ਸਾਨੂੰ ਦਿਲਚਸਪੀ ਰੱਖਣ ਵਾਲੇ ਹੋਰ ਜ਼ਿਆਦਾ ਲੋਕ ਮਿਲਣਗੇ ਜਿਨ੍ਹਾਂ ਨੂੰ ਅਸੀਂ ਦੁਬਾਰਾ ਮਿਲ ਸਕਦੇ ਹਾਂ। ਉਨ੍ਹਾਂ ਨੂੰ ਕੋਈ ਸਵਾਲ ਪੁੱਛੋ ਅਤੇ ਫਿਰ ਇਸ ਸਵਾਲ ਦਾ ਜਵਾਬ ਅਗਲੀ ਵਾਰ ਆ ਕੇ ਦੇਣ ਦਾ ਵਾਅਦਾ ਕਰੋ। ਇਸ ਤਰ੍ਹਾਂ ਕਰਨ ਨਾਲ ਸਾਨੂੰ ਪੁਨਰ-ਮੁਲਾਕਾਤ ਕਰਨ ਦਾ ਮੌਕਾ ਮਿਲ ਜਾਵੇਗਾ। ਛੇਤੀ ਤੋਂ ਛੇਤੀ ਪੁਨਰ-ਮੁਲਾਕਾਤ ਕਰਨ ਨਾਲ ਸਾਨੂੰ ਫ਼ਾਇਦਾ ਹੋਵੇਗਾ। ਜੇ ਪਹਿਲੀ ਮੁਲਾਕਾਤ ਦੌਰਾਨ ਸਟੱਡੀ ਸ਼ੁਰੂ ਨਹੀਂ ਹੁੰਦੀ, ਤਾਂ ਅਸੀਂ ਦੂਸਰੀ ਮੁਲਾਕਾਤ ਦੌਰਾਨ ਜ਼ਰੂਰ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।
9 ਜਦੋਂ ਅਸੀਂ ਸੜਕਾਂ ਤੇ ਗਵਾਹੀ ਦਿੰਦੇ ਹਾਂ, ਤਾਂ ਸਾਨੂੰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੜਕਾਂ ਤੇ ਗਵਾਹੀ ਦਿੰਦੇ ਸਮੇਂ ਕਈ ਪ੍ਰਕਾਸ਼ਕਾਂ ਨੂੰ ਦਿਲਚਸਪੀ ਰੱਖਣ ਵਾਲੇ ਲੋਕਾਂ ਨੇ ਆਪਣੇ ਨਾਂ, ਪਤੇ ਅਤੇ ਟੈਲੀਫ਼ੋਨ ਨੰਬਰ ਦਿੱਤੇ ਹਨ। ਜੇ ਉਹ ਵਿਅਕਤੀ ਤੁਹਾਡੇ ਖੇਤਰ ਵਿਚ ਨਹੀਂ ਰਹਿੰਦਾ, ਤਾਂ ਕਿੰਗਡਮ ਹਾਲ ਵਿੱਚੋਂ “ਇਨ੍ਹਾਂ ਨੂੰ ਮਿਲੋ” [Please Follow Up (S-43)] ਫ਼ਾਰਮ ਲੈ ਕੇ ਭਰੋ ਅਤੇ ਕਲੀਸਿਯਾ ਦੇ ਸੈਕਟਰੀ ਨੂੰ ਦਿਓ। ਉਹ ਇਸ ਨੂੰ ਉਸ ਇਲਾਕੇ ਦੀ ਕਲੀਸਿਯਾ ਨੂੰ ਭੇਜ ਦੇਵੇਗਾ ਜਿਸ ਇਲਾਕੇ ਵਿਚ ਉਹ ਵਿਅਕਤੀ ਰਹਿੰਦਾ ਹੈ। ਜੇ ਸੈਕਟਰੀ ਕੋਲ ਉਸ ਕਲੀਸਿਯਾ ਦਾ ਪਤਾ ਨਹੀਂ ਹੈ, ਤਾਂ ਉਹ ਇਹ ਫ਼ਾਰਮ ਸ਼ਾਖ਼ਾ ਦਫ਼ਤਰ ਨੂੰ ਭੇਜ ਦੇਵੇਗਾ। ਇਸ ਤਰੀਕੇ ਨਾਲ ਉਸ ਵਿਅਕਤੀ ਦੀ ਦਿਲਚਸਪੀ ਵਧਾਈ ਜਾ ਸਕਦੀ ਹੈ।
10 ਜੇ ਤੁਹਾਡੇ ਕੋਲ ਵਿਅਕਤੀ ਦਾ ਟੈਲੀਫ਼ੋਨ ਨੰਬਰ ਹੈ ਪਰ ਉਸ ਦੇ ਘਰ ਦਾ ਪਤਾ ਨਹੀਂ ਹੈ, ਤਾਂ ਉਸ ਨੂੰ ਫ਼ੋਨ ਕਰ ਕੇ ਪੁਨਰ-ਮੁਲਾਕਾਤ ਕਰੋ। ਤੁਸੀਂ ਜਿਸ ਵਿਸ਼ੇ ਉੱਤੇ ਚਰਚਾ ਕਰਨੀ ਚਾਹੁੰਦੇ ਹੋ, ਉਸ ਦੀ ਪਹਿਲਾਂ ਹੀ ਤਿਆਰੀ ਕਰੋ। ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਆਪਣੇ ਨੇੜੇ ਰੱਖੋ ਤਾਂਕਿ ਤੁਸੀਂ ਫਟਾਫਟ ਉਸ ਵਿੱਚੋਂ ਦੇਖ ਸਕੋ। ਕੁਝ ਭੈਣ-ਭਰਾਵਾਂ ਨੇ ਟੈਲੀਫ਼ੋਨ ਉੱਤੇ ਲੋਕਾਂ ਨਾਲ ਸਟੱਡੀ ਕਰ ਕੇ ਚੰਗੀ ਸਫ਼ਲਤਾ ਹਾਸਲ ਕੀਤੀ ਹੈ, ਉਨ੍ਹਾਂ ਨਾਲ ਵੀ ਜਿਹੜੇ ਘਰਾਂ ਵਿਚ ਘੱਟ ਹੀ ਮਿਲਦੇ ਸਨ। ਇਕ ਭੈਣ ਘਰ-ਘਰ ਦੀ ਸੇਵਕਾਈ ਕਰਦੇ ਸਮੇਂ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਕੋਲੋਂ ਉਨ੍ਹਾਂ ਦੇ ਟੈਲੀਫ਼ੋਨ ਨੰਬਰ ਲੈਂਦੀ ਹੁੰਦੀ ਸੀ। ਇਸ ਦੇ ਨਤੀਜੇ ਵਜੋਂ ਉਸ ਨੇ ਦੋ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ।
11 ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਮਦਦ ਕਰਨ ਵਿਚ ਬਜ਼ੁਰਗਾਂ ਨੂੰ ਸਹਿਯੋਗ ਦਿਓ: ਬਜ਼ੁਰਗ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਮਦਦ ਕਰਨੀ ਚਾਹੁੰਦੇ ਹਨ। ਉਨ੍ਹਾਂ ਦੀ ਪਿਆਰ ਭਰੀ ਮਦਦ ਨਾਲ ਬਹੁਤ ਸਾਰੇ ਗ਼ੈਰ-ਸਰਗਰਮ ਪ੍ਰਕਾਸ਼ਕਾਂ ਨੇ ਆਪਣੇ ਆਪ ਹੀ ਕਲੀਸਿਯਾ ਸਭਾਵਾਂ ਵਿਚ ਦੁਬਾਰਾ ਆਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਜ਼ਬੂਰ 91 ਵਿਚ ਦੱਸੀ ਗਈ ਅਧਿਆਤਮਿਕ ਸੁਰੱਖਿਆ ਦਾ ਆਨੰਦ ਲੈਣ ਵਾਸਤੇ ਯਹੋਵਾਹ ਦੇ ਸੰਗਠਨ ਨਾਲ ਸੰਗਤੀ ਕਰਨ ਦੀ ਲੋੜ ਨੂੰ ਮਹਿਸੂਸ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਹੁਣ ਖੇਤਰ ਸੇਵਕਾਈ ਵਿਚ ਦੁਬਾਰਾ ਹਿੱਸਾ ਲੈਣ ਲਈ ਤਿਆਰ ਹਨ। ਜੇ ਦੂਸਰੇ ਗ਼ੈਰ-ਸਰਗਰਮ ਪ੍ਰਕਾਸ਼ਕ ਇਸ ਮਹੀਨੇ ਸਮਾਰਕ ਵਿਚ ਆਉਂਦੇ ਹਨ, ਤਾਂ ਉਹ ਸ਼ਾਇਦ ਫਿਰ ਤੋਂ ਬਾਈਬਲ ਅਧਿਐਨ ਕਰਨਾ ਚਾਹੁਣਗੇ। ਜੇ ਇਸ ਤਰ੍ਹਾਂ ਹੈ, ਤਾਂ ਬਜ਼ੁਰਗ ਅਜਿਹੇ ਭੈਣ-ਭਰਾਵਾਂ ਨੂੰ ਅਧਿਐਨ ਕਰਾਉਣ ਲਈ ਕਿਸੇ ਦਾ ਬੰਦੋਬਸਤ ਕਰਨਗੇ। ਜੇ ਤੁਹਾਨੂੰ ਇਸ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਤੁਹਾਡੇ ਸਹਿਯੋਗ ਦੀ ਬੜੀ ਕਦਰ ਕੀਤੀ ਜਾਵੇਗੀ।—ਰੋਮੀ. 15:1, 2.
12 “ਸ਼ੁਭ ਕਰਮ” ਕਰਦੇ ਰਹੋ: ਇਕ ਜਾਂ ਜ਼ਿਆਦਾ ਮਹੀਨਿਆਂ ਲਈ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਬਹੁਤ ਸਾਰੇ ਭੈਣ-ਭਰਾਵਾਂ ਨੇ ਦੇਖਿਆ ਹੈ ਕਿ ਬਾਅਦ ਦੇ ਮਹੀਨਿਆਂ ਵਿਚ ਵੀ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਵਿਚ ਵਾਧਾ ਹੋਇਆ ਹੈ। ਉਹ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮਿਲੇ ਸਨ ਜਿਨ੍ਹਾਂ ਨੂੰ ਉਹ ਦੁਬਾਰਾ ਮਿਲਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਖੇਤਰ ਸੇਵਕਾਈ ਵਿਚ ਜਾਣ ਦਾ ਜ਼ਿਆਦਾ ਜਤਨ ਕੀਤਾ ਤਾਂਕਿ ਉਹ ਦਿਲਚਸਪੀ ਰੱਖਣ ਵਾਲਿਆਂ ਨੂੰ ਦੁਬਾਰਾ ਮਿਲ ਸਕਣ। ਕੁਝ ਭੈਣ-ਭਰਾਵਾਂ ਨੇ ਸਟੱਡੀਆਂ ਸ਼ੁਰੂ ਕੀਤੀਆਂ ਹਨ ਤੇ ਇਸ ਗੱਲ ਨੇ ਉਨ੍ਹਾਂ ਦੀ ਸੇਵਕਾਈ ਵਿਚ ਪਹਿਲਾਂ ਨਾਲੋਂ ਜ਼ਿਆਦਾ ਹਿੱਸਾ ਲੈਣ ਵਿਚ ਮਦਦ ਕੀਤੀ ਹੈ।
13 ਹੋਰਨਾਂ ਨੂੰ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਜ਼ਿਆਦਾ ਸਮਾਂ ਬਿਤਾ ਕੇ ਐਨੀ ਖ਼ੁਸ਼ੀ ਮਿਲੀ ਕਿ ਉਹ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਕੰਮ ਨੂੰ ਪਹਿਲ ਦੇਣ ਲਈ ਪ੍ਰੇਰਿਤ ਹੋਏ ਹਨ। ਨਤੀਜੇ ਵਜੋਂ, ਕੁਝ ਭੈਣ-ਭਰਾ ਹੁਣ ਆਪਣੇ ਕੰਮ-ਕਾਜ ਵਿਚ ਪਹਿਲਾਂ ਨਾਲੋਂ ਘੱਟ ਸਮਾਂ ਬਿਤਾਉਂਦੇ ਹਨ ਤੇ ਹਰ ਮਹੀਨੇ ਸਹਿਯੋਗੀ ਪਾਇਨੀਅਰੀ ਕਰ ਰਹੇ ਹਨ। ਕਈ ਨਿਯਮਿਤ ਪਾਇਨੀਅਰੀ ਕਰ ਰਹੇ ਹਨ। ਉਨ੍ਹਾਂ ਨੇ ਦੁਨਿਆਵੀ ਚੀਜ਼ਾਂ ਉੱਤੇ ਭਰੋਸਾ ਰੱਖਣ ਦੀ ਬਜਾਇ ਪੂਰੀ ਤਰ੍ਹਾਂ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਹੈ। ਉਨ੍ਹਾਂ ਨੇ ਪਾਇਆ ਹੈ ਕਿ “ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ” ਕਰਕੇ ਉਨ੍ਹਾਂ ਨੂੰ ਯਹੋਵਾਹ ਤੋਂ ਭਰਪੂਰ ਬਰਕਤਾਂ ਮਿਲੀਆਂ ਹਨ ਅਤੇ ਇਸ ਨਾਲ “ਅਸਲ ਜੀਵਨ” ਦਾ ਆਨੰਦ ਲੈਣ ਦੀ ਉਨ੍ਹਾਂ ਦੀ ਉਮੀਦ ਹੋਰ ਪੱਕੀ ਹੋਈ ਹੈ। (1 ਤਿਮੋ. 6:18, 19) ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਜ਼ਿਆਦਾ ਭੈਣ-ਭਰਾ ਪਾਇਨੀਅਰੀ ਕਰਦੇ ਹਨ, ਤਾਂ ਸਾਰੀ ਕਲੀਸਿਯਾ ਨੂੰ ਫ਼ਾਇਦਾ ਹੁੰਦਾ ਹੈ। ਪਾਇਨੀਅਰ ਅਕਸਰ ਆਪਣੇ ਤਜਰਬੇ ਦੱਸਦੇ ਹਨ ਅਤੇ ਦੂਜਿਆਂ ਨੂੰ ਆਪਣੇ ਨਾਲ ਸੇਵਕਾਈ ਵਿਚ ਹਿੱਸਾ ਲੈਣ ਦਾ ਸੱਦਾ ਦਿੰਦੇ ਹਨ। ਇਸ ਨਾਲ ਕਲੀਸਿਯਾ ਵਿਚ ਜ਼ਿਆਦਾ ਅਧਿਆਤਮਿਕ ਮਾਹੌਲ ਪੈਦਾ ਹੋ ਜਾਂਦਾ ਹੈ।
14 ਆਓ ਆਪਾਂ ਸਾਰੇ ਹੀ ਮਸੀਹੀ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈ ਕੇ ਸਮਾਰਕ ਦੇ ਇਨ੍ਹਾਂ ਮਹੀਨਿਆਂ ਵਿਚ ਅਤੇ ਆਉਣ ਵਾਲੇ ਮਹੀਨਿਆਂ ਦੌਰਾਨ ਵੀ “ਸ਼ੁਭ ਕਰਮਾਂ ਵਿੱਚ ਧਨੀ” ਹੋਈਏ। ਆਓ ਆਪਾਂ ਯਹੋਵਾਹ ਦਾ ਧੰਨਵਾਦ ਕਰੀਏ ਕਿ ਉਸ ਨੇ ਸਾਨੂੰ ਨਵੀਂ ਧਰਮੀ ਧਰਤੀ ਉੱਤੇ ਹਮੇਸ਼ਾ ਜਿਉਂਦੇ ਰਹਿਣ ਦੀ ਇੰਨੀ ਵਧੀਆ ਉਮੀਦ ਦਿੱਤੀ ਹੈ।—2 ਪਤ. 3:13.