ਖੁੱਲ੍ਹ-ਦਿਲੇ ਬਣੋ ਅਤੇ ਦੂਸਰਿਆਂ ਦਾ ਭਲਾ ਕਰੋ
1 ਤਬਿਥਾ ਉਰਫ਼ ਦੋਰਕਸ “ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ।” (ਰਸੂ. 9:36, 39) ਉਸ ਦੀ ਦਰਿਆ-ਦਿਲੀ ਕਰਕੇ ਉਹ ਆਪਣੇ ਮਸੀਹੀ ਭੈਣ-ਭਰਾਵਾਂ ਅਤੇ ਯਹੋਵਾਹ ਪਰਮੇਸ਼ੁਰ ਦੋਨਾਂ ਦੀ ਪਿਆਰੀ ਸੀ। ਇਬਰਾਨੀਆਂ 13:16 ਸਾਨੂੰ ਸਲਾਹ ਦਿੰਦਾ ਹੈ: “ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।” ਅੱਜ ਅਸੀਂ ਕਿਵੇਂ ਖੁੱਲ੍ਹੇ ਦਿਲ ਨਾਲ ਦੂਸਰਿਆਂ ਦਾ ਭਲਾ ਕਰ ਸਕਦੇ ਹਾਂ?
2 ਦੂਸਰਿਆਂ ਦੀ ਮਦਦ ਕਰਨ ਦਾ ਇਕ ਤਰੀਕਾ ਹੈ ‘ਆਪਣੇ ਮਾਲ’ ਵਿੱਚੋਂ ਕੁਝ ਉਨ੍ਹਾਂ ਨਾਲ ਸਾਂਝਾ ਕਰਨਾ। (ਕਹਾ. 3:9) ਅਸੀਂ ਰਾਜ ਦੇ ਕੰਮਾਂ ਲਈ ਜੋ ਦਾਨ ਦਿੰਦੇ ਹਾਂ, ਉਸ ਨਾਲ ਦੁਨੀਆਂ ਭਰ ਵਿਚ ਕਿੰਗਡਮ ਹਾਲ, ਅਸੈਂਬਲੀ ਹਾਲ ਅਤੇ ਬ੍ਰਾਂਚ ਆਫਿਸ ਬਣਾਏ ਜਾਂਦੇ ਹਨ। ਇਸ ਤਰ੍ਹਾਂ, ਸਾਡੀ ਦਰਿਆ-ਦਿਲੀ ਕਰਕੇ ਲੱਖਾਂ ਲੋਕ ਪਰਮੇਸ਼ੁਰੀ ਸਿੱਖਿਆ ਲੈਂਦੇ ਹਨ ਅਤੇ ਭੈਣਾਂ-ਭਰਾਵਾਂ ਦੀ ਉਸਾਰੂ ਸੰਗਤ ਦਾ ਆਨੰਦ ਮਾਣਦੇ ਹਨ।
3 ਦੂਸਰਿਆਂ ਨੂੰ ਦਿਲਾਸਾ ਦਿਓ: ਕੁਦਰਤੀ ਆਫ਼ਤਾਂ ਆਉਣ ਤੇ ਯਹੋਵਾਹ ਦੇ ਸੇਵਕ ‘ਭਲਾ ਕਰਨ’ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਹ ਨਾ ਕੇਵਲ ਆਪਣੇ ਗੁਰਭਾਈਆਂ ਦੀ, ਸਗੋਂ ਦੂਸਰਿਆਂ ਦੀ ਵੀ ਮਦਦ ਕਰਦੇ ਹਨ। (ਗਲਾ. 6:10) ਮਿਸਾਲ ਲਈ, ਕੁਝ ਸਾਲ ਪਹਿਲਾਂ ਫਰਾਂਸ ਵਿਚ ਇਕ ਰਸਾਇਣ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋਇਆ ਸੀ। ਫੈਕਟਰੀ ਦੇ ਲਾਗੇ ਰਹਿੰਦੇ ਇਕ ਮਸੀਹੀ ਜੋੜੇ ਨੇ ਦੱਸਿਆ: “ਕੁਝ ਹੀ ਸਮੇਂ ਵਿਚ ਸਾਡੇ ਭੈਣ-ਭਰਾਵਾਂ ਨੇ ਆ ਕੇ ਸਾਡਾ ਅਪਾਰਟਮੈਂਟ ਅਤੇ ਨਾਲ ਦਿਆਂ ਅਪਾਰਟਮੈਂਟਾਂ ਨੂੰ ਸਾਫ਼ ਕਰਨ ਵਿਚ ਸਾਡੀ ਮਦਦ ਕੀਤੀ। ਸਾਡੇ ਗੁਆਂਢੀ ਇੰਨੇ ਸਾਰੇ ਲੋਕਾਂ ਨੂੰ ਮਦਦ ਕਰਦੇ ਦੇਖ ਕੇ ਬੜੇ ਹੈਰਾਨ ਹੋਏ।” ਇਕ ਹੋਰ ਭੈਣ ਨੇ ਕਿਹਾ: “ਬਜ਼ੁਰਗਾਂ ਨੇ ਆ ਕੇ ਸਾਡੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਸਾਡਾ ਹੌਸਲਾ ਵਧਾ ਕੇ ਸਾਨੂੰ ਭੌਤਿਕ ਚੀਜ਼ਾਂ ਨਾਲੋਂ ਵੀ ਕਿਤੇ ਜ਼ਿਆਦਾ ਕੀਮਤੀ ਚੀਜ਼ ਦਿੱਤੀ।”
4 ਅਸੀਂ ਕਈ ਤਰੀਕਿਆਂ ਨਾਲ ਦੂਸਰਿਆਂ ਦਾ ਭਲਾ ਕਰ ਸਕਦੇ ਹਾਂ, ਪਰ ਉਨ੍ਹਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਨੂੰ ਸੱਚਾਈ ਦਾ ਬਹੁਮੁੱਲਾ ਗਿਆਨ ਦੇਣਾ। ਇਹ ਗਿਆਨ ਲੈਣ ਨਾਲ ਉਨ੍ਹਾਂ ਨੂੰ “ਸਦੀਪਕ ਜੀਵਨ ਦੀ ਆਸ” ਮਿਲਦੀ ਹੈ ਜਿਸ ਦਾ ਵਾਅਦਾ ਯਹੋਵਾਹ ਪਰਮੇਸ਼ੁਰ ਕਰਦਾ ਹੈ। (ਤੀਤੁ. 1:1, 2) ਬਾਈਬਲ ਦਾ ਸੰਦੇਸ਼ ਸੁਣ ਕੇ ਉਨ੍ਹਾਂ ਸਾਰਿਆਂ ਨੂੰ ਦਿਲਾਸਾ ਮਿਲਦਾ ਹੈ ਜੋ ਦੁਨੀਆਂ ਦੇ ਭੈੜੇ ਹਾਲਾਤਾਂ ਅਤੇ ਆਪਣੇ ਪਾਪਾਂ ਉੱਤੇ ਸੋਗ ਮਨਾਉਂਦੇ ਹਨ। (ਮੱਤੀ 5:4) ਇਸ ਲਈ ਜਿੰਨਾ ਹੋ ਸਕੇ, ਆਓ ਆਪਾਂ ਖੁੱਲ੍ਹ-ਦਿਲੀ ਨਾਲ ਦੂਸਰਿਆਂ ਦਾ ਭਲਾ ਕਰੀਏ।—ਕਹਾ. 3:27.