ਇਕ-ਦੂਜੇ ਨੂੰ ਉਤਸ਼ਾਹ ਦਿੰਦੇ ਰਹੋ
1 ਪੌਲੁਸ ਰਸੂਲ ਨੇ ਆਪਣੇ ਮਸੀਹੀ ਭੈਣ-ਭਰਾਵਾਂ ਨੂੰ ਮਜ਼ਬੂਤ ਕਰਨ ਲਈ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦਾ ਸੀ। (ਰਸੂ. 14:19-22) ਇਸੇ ਤਰ੍ਹਾਂ, ਅਸੀਂ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਆਪਣੇ ਭੈਣ-ਭਰਾਵਾਂ ਦਾ ਫ਼ਿਕਰ ਕਰਦੇ ਹਾਂ ਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ। ਬਾਈਬਲ ਕਹਿੰਦੀ ਹੈ ਕਿ ਹੋਰਨਾਂ ਵਿਚ ਦਿਲਚਸਪੀ ਲੈਣੀ ਸਿਰਫ਼ ਬਜ਼ੁਰਗਾਂ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। (ਰੋਮੀ. 15:1, 2) ਆਓ ਆਪਾਂ ਦੇਖੀਏ ਕਿ ਕਿਹੜੇ ਦੋ ਤਰੀਕਿਆਂ ਨਾਲ ਅਸੀਂ 1 ਥੱਸਲੁਨੀਕੀਆਂ 5:11 ਵਿਚ ਦਿੱਤੀ ਸਲਾਹ ਉੱਤੇ ਚੱਲ ਸਕਦੇ ਹਾਂ। ਇਸ ਵਿਚ ਲਿਖਿਆ ਹੈ: “ਇਕ ਦੂਜੇ ਨੂੰ ਉਤਸਾਹ ਅਤੇ ਬਲ ਦੇਵੋ।”—ਪਵਿੱਤਰ ਬਾਈਬਲ ਨਵਾਂ ਅਨੁਵਾਦ।
2 ਦੂਜਿਆਂ ਦੀਆਂ ਲੋੜਾਂ ਪਛਾਣੋ: ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਦੋਰਕਸ “ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ।” (ਰਸੂ. 9:36, 39) ਉਸ ਨੇ ਲੋੜਵੰਦਾਂ ਵੱਲ ਧਿਆਨ ਦਿੱਤਾ ਅਤੇ ਆਪਣੀ ਹੈਸੀਅਤ ਅਨੁਸਾਰ ਉਨ੍ਹਾਂ ਦੀ ਮਦਦ ਕੀਤੀ। ਉਸ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਤੁਹਾਨੂੰ ਸ਼ਾਇਦ ਪਤਾ ਲੱਗੇ ਕਿ ਕਿਸੇ ਬਿਰਧ ਭੈਣ ਜਾਂ ਭਰਾ ਨੂੰ ਸਭਾ ਵਿਚ ਆਉਣ ਲਈ ਟ੍ਰਾਂਸਪੋਰਟ ਦੀ ਲੋੜ ਹੈ। ਜਾਂ ਹੋ ਸਕਦਾ ਕਿ ਕਿਸੇ ਦਿਨ ਪਾਇਨੀਅਰ ਨਾਲ ਕੋਈ ਪ੍ਰਚਾਰ ਤੇ ਜਾਣ ਵਾਲਾ ਨਹੀਂ ਹੈ। ਜੇ ਤੁਸੀਂ ਇਸ ਤਰ੍ਹਾਂ ਦੀ ਲੋੜ ਪਛਾਣ ਕੇ ਕਿਸੇ ਭੈਣ ਜਾਂ ਭਰਾ ਦੀ ਮਦਦ ਕਰਦੇ ਹੋ, ਤਾਂ ਸੋਚੋ ਕਿ ਉਸ ਨੂੰ ਕਿੰਨਾ ਉਤਸ਼ਾਹ ਮਿਲੇਗਾ!
3 ਅਧਿਆਤਮਿਕ ਵਿਸ਼ਿਆਂ ਬਾਰੇ ਗੱਲਬਾਤ ਕਰੋ: ਅਸੀਂ ਆਪਣੀ ਗੱਲਬਾਤ ਦੁਆਰਾ ਵੀ ਦੂਜਿਆਂ ਨੂੰ ਉਤਸ਼ਾਹ ਦੇ ਸਕਦੇ ਹਾਂ। (ਅਫ਼. 4:29) ਇਕ ਤਜਰਬੇਕਾਰ ਬਜ਼ੁਰਗ ਨੇ ਕਿਹਾ: “ਜੇ ਤੁਸੀਂ ਦੂਜਿਆਂ ਨੂੰ ਉਤਸ਼ਾਹ ਦੇਣਾ ਚਾਹੁੰਦੇ ਹਾਂ, ਤਾਂ ਅਧਿਆਤਮਿਕ ਵਿਸ਼ਿਆਂ ਬਾਰੇ ਗੱਲਬਾਤ ਕਰੋ। ਇਸ ਤਰ੍ਹਾਂ ਦੀ ਗੱਲਬਾਤ ਸ਼ੁਰੂ ਕਰਨ ਲਈ ਤੁਸੀਂ ਇਹ ਸੌਖਾ ਜਿਹਾ ਸਵਾਲ ਪੁੱਛ ਸਕਦੇ ਹੋ, ‘ਤੁਸੀਂ ਸੱਚਾਈ ਵਿਚ ਕਿਵੇਂ ਆਏ?’” ਕਲੀਸਿਯਾ ਦੇ ਨੌਜਵਾਨਾਂ ਵਿਚ ਗਹਿਰੀ ਦਿਲਚਸਪੀ ਲਓ। ਨਿਰਾਸ਼ ਜਾਂ ਸ਼ਰਮਾਕਲ ਭੈਣ-ਭਰਾਵਾਂ ਵਿਚ ਰੁਚੀ ਲਓ। (ਕਹਾ. 12:25) ਦੁਨੀਆਂ ਦੇ ਮਨੋਰੰਜਨ ਬਾਰੇ ਗੱਲਾਂ ਕਰਨ ਵਿਚ ਸਮਾਂ ਬਰਬਾਦ ਨਾ ਕਰੋ ਕਿ ਆਪਣੇ ਭੈਣ-ਭਰਾਵਾਂ ਨਾਲ ਅਧਿਆਤਮਿਕ ਵਿਸ਼ਿਆਂ ਬਾਰੇ ਗੱਲ ਕਰਨ ਲਈ ਸਮਾਂ ਹੀ ਨਾ ਬਚੇ।—ਰੋਮੀ. 1:11, 12.
4 ਦੂਜਿਆਂ ਨੂੰ ਉਤਸ਼ਾਹਿਤ ਕਰਨ ਲਈ ਤੁਸੀਂ ਕੀ ਕਹਿ ਸਕਦੇ ਹੋ? ਹਾਲ ਹੀ ਵਿਚ ਕੀ ਤੁਹਾਨੂੰ ਬਾਈਬਲ ਦਾ ਅਧਿਐਨ ਕਰਦੇ ਵੇਲੇ ਕੋਈ ਅਜਿਹਾ ਸਿਧਾਂਤ ਪਤਾ ਲੱਗਾ ਹੈ ਜਿਸ ਕਾਰਨ ਤੁਹਾਡੇ ਦਿਲ ਵਿਚ ਯਹੋਵਾਹ ਲਈ ਸ਼ਰਧਾ ਵਧੀ ਹੈ? ਕੀ ਪਬਲਿਕ ਭਾਸ਼ਣ ਜਾਂ ਪਹਿਰਾਬੁਰਜ ਦੀ ਕੋਈ ਗੱਲ ਸੁਣ ਕੇ ਤੁਹਾਨੂੰ ਉਤਸ਼ਾਹ ਮਿਲਿਆ ਹੈ? ਜਾਂ ਕੀ ਕਿਸੇ ਹੌਸਲਾਦਾਇਕ ਤਜਰਬੇ ਨੇ ਤੁਹਾਡੇ ਦਿਲ ਨੂੰ ਛੋਹਿਆ ਹੈ? ਜੇ ਤੁਸੀਂ ਇਨ੍ਹਾਂ ਅਨਮੋਲ ਗੱਲਾਂ ਨੂੰ ਯਾਦ ਰੱਖੋਗੇ, ਤਾਂ ਦੂਜਿਆਂ ਨੂੰ ਉਤਸ਼ਾਹ ਦੇਣ ਲਈ ਹਮੇਸ਼ਾ ਤੁਹਾਡੇ ਕੋਲ ਕੁਝ-ਨ-ਕੁਝ ਜ਼ਰੂਰ ਹੋਵੇਗਾ।—ਕਹਾ. 2:1; ਲੂਕਾ 6:45.
5 ਮਦਦ ਕਰਨ ਅਤੇ ਆਪਣੀ ਜ਼ਬਾਨ ਨੂੰ ਵਧੀਆ ਤਰੀਕੇ ਨਾਲ ਵਰਤਣ ਦੁਆਰਾ ਆਓ ਆਪਾਂ ਇਕ-ਦੂਜੇ ਨੂੰ ਉਤਸ਼ਾਹ ਦਿੰਦੇ ਰਹੀਏ।—ਕਹਾ. 12:18.