ਪ੍ਰਸ਼ਨ ਡੱਬੀ
◼ ਮੋਬਾਈਲ ਫ਼ੋਨ ਅਤੇ ਇਲੈਕਟ੍ਰਾਨਿਕ ਪੇਜਰ ਦੀ ਵਰਤੋਂ ਕਰਨ ਸੰਬੰਧੀ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
ਇਨ੍ਹਾਂ ਚੀਜ਼ਾਂ ਨਾਲ ਅਸੀਂ ਲਗਭਗ ਕਿਸੇ ਵੀ ਥਾਂ ਤੋਂ ਦੂਸਰਿਆਂ ਨਾਲ ਸੰਪਰਕ ਕਾਇਮ ਕਰ ਸਕਦੇ ਹਾਂ। ਭਾਵੇਂ ਇਹ ਬਹੁਤ ਲਾਭਦਾਇਕ ਹਨ, ਪਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਗ਼ਲਤ ਸਮਿਆਂ ਤੇ ਮੋਬਾਈਲ ਫ਼ੋਨ ਤੇ ਪੇਜਰ ਇਸਤੇਮਾਲ ਨਾ ਕਰੀਏ ਤੇ ਇਨ੍ਹਾਂ ਨੂੰ ਆਪਣੀ ਸੇਵਕਾਈ ਜਾਂ ਮਸੀਹੀ ਸਭਾਵਾਂ ਵਿਚ ਰੁਕਾਵਟ ਨਾ ਬਣਨ ਦੇਈਏ। ਇਹ ਕਿੱਦਾਂ ਰੁਕਾਵਟ ਬਣ ਸਕਦੇ ਹਨ?
ਜ਼ਰਾ ਸੋਚੋ ਕਿ ਜੇ ਪ੍ਰਚਾਰ ਕਰਦੇ ਸਮੇਂ ਸਾਡਾ ਮੋਬਾਈਲ ਫ਼ੋਨ ਜਾਂ ਪੇਜਰ ਵੱਜਣ ਲੱਗ ਪਵੇ, ਤਾਂ ਇਸ ਦਾ ਦੂਸਰਿਆਂ ਉੱਤੇ ਕੀ ਅਸਰ ਪਵੇਗਾ। ਘਰ-ਸੁਆਮੀ ਕੀ ਸੋਚੇਗਾ? ਜੇ ਅਸੀਂ ਉਸ ਨਾਲ ਗੱਲ ਕਰਨੀ ਛੱਡ ਕੇ ਫ਼ੋਨ ਉੱਤੇ ਗੱਲ ਕਰਨ ਲੱਗਾਂਗੇ, ਤਾਂ ਉਸ ਉੱਤੇ ਕੀ ਅਸਰ ਪਵੇਗਾ? ਅਸੀਂ ਅਜਿਹਾ ਕੁਝ ਵੀ ਨਹੀਂ ਕਰਨਾ ਚਾਹਾਂਗੇ ਜੋ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਨ ਤੋਂ ਰੋਕ ਦੇਵੇ। (2 ਕੁਰਿੰ. 6:3) ਇਸ ਲਈ, ਜੇ ਸਾਡੇ ਕੋਲ ਮੋਬਾਈਲ ਫ਼ੋਨ ਜਾਂ ਪੇਜਰ ਹੈ, ਤਾਂ ਸਾਨੂੰ ਇਸ ਨੂੰ ਇਸ ਤਰੀਕੇ ਨਾਲ ਸੈੱਟ ਕਰਨਾ ਚਾਹੀਦਾ ਹੈ ਕਿ ਇਹ ਸਾਡੇ ਪ੍ਰਚਾਰ ਦੇ ਕੰਮ ਵਿਚ ਰੁਕਾਵਟ ਨਾ ਪਾਵੇ।
ਪਰ ਜੇ ਸਾਡਾ ਸਾਥੀ ਘਰ-ਸੁਆਮੀ ਨੂੰ ਗਵਾਹੀ ਦੇ ਰਿਹਾ ਹੈ, ਤਾਂ ਕੀ ਅਸੀਂ ਫ਼ੋਨ ਇਸਤੇਮਾਲ ਕਰ ਸਕਦੇ ਹਾਂ? ਜੇ ਅਸੀਂ ਪ੍ਰਚਾਰ ਦੇ ਕੰਮ ਲਈ ਸਮਾਂ ਮਿਥਿਆ ਹੈ, ਤਾਂ ਕੀ ਸਾਨੂੰ ਇਸ ਸਮੇਂ ਦੌਰਾਨ ਪ੍ਰਚਾਰ ਦੇ ਕੰਮ ਉੱਤੇ ਆਪਣਾ ਧਿਆਨ ਨਹੀਂ ਲਾਉਣਾ ਚਾਹੀਦਾ? ਆਪਣੀ ਇਸ ਪਵਿੱਤਰ ਸੇਵਾ ਲਈ ਆਦਰ ਦਿਖਾਉਂਦੇ ਹੋਏ, ਕਿਰਪਾ ਕਰ ਕੇ ਆਪਣਾ ਨਿੱਜੀ ਕੰਮ ਜਾਂ ਦੋਸਤਾਂ ਨਾਲ ਗੱਲਾਂ-ਬਾਤਾਂ ਕਿਸੇ ਹੋਰ ਸਮੇਂ ਤੇ ਕਰੋ। (ਰੋਮੀ. 12:7) ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਫ਼ੋਨ ਰਾਹੀਂ ਦੂਸਰਿਆਂ ਨੂੰ ਗਵਾਹੀ ਨਹੀਂ ਦੇ ਸਕਦੇ ਜਾਂ ਕਿਸੇ ਨਾਲ ਪੁਨਰ-ਮੁਲਾਕਾਤ ਕਰਨ ਦਾ ਬੰਦੋਬਸਤ ਨਹੀਂ ਕਰ ਸਕਦੇ।
ਸਾਨੂੰ ਖ਼ਾਸਕਰ ਗੱਡੀ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਖੋਜ ਕਰਨ ਤੇ ਪਤਾ ਲੱਗਾ ਹੈ ਕਿ ਫ਼ੋਨ ਤੇ ਗੱਲ ਕਰਨ ਨਾਲ ਕਾਰ ਦੁਰਘਟਨਾਵਾਂ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ। ਜੇ ਸਾਡੇ ਦੇਸ਼ ਵਿਚ ਗੱਡੀ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਵਰਤਣਾ ਗ਼ੈਰ-ਕਾਨੂੰਨੀ ਹੈ, ਤਾਂ ਸਾਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।
ਅਸੀਂ ਮਸੀਹੀ ਸਭਾਵਾਂ, ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਵਿਚ ਯਹੋਵਾਹ ਦੀ ਭਗਤੀ ਕਰਨ ਅਤੇ ਉਸ ਤੋਂ ਸਿੱਖਣ ਲਈ ਆਉਂਦੇ ਹਾਂ। ਤਾਂ ਫਿਰ ਕੀ ਸਾਨੂੰ ਇਨ੍ਹਾਂ ਮੌਕਿਆਂ ਦੀ ਪਵਿੱਤਰਤਾ ਦੀ ਕਦਰ ਕਰਦੇ ਹੋਏ ਆਪਣੇ ਮੋਬਾਈਲ ਫ਼ੋਨ ਤੇ ਪੇਜਰ ਨੂੰ ਇਸ ਤਰੀਕੇ ਨਾਲ ਸੈੱਟ ਨਹੀਂ ਕਰਨਾ ਚਾਹੀਦਾ ਕਿ ਇਹ ਸਾਡਾ ਜਾਂ ਦੂਸਰਿਆਂ ਦਾ ਧਿਆਨ ਭੰਗ ਨਾ ਕਰੇ? ਜੇ ਕੋਈ ਬਹੁਤ ਜ਼ਰੂਰੀ ਕੰਮ ਆ ਜਾਵੇ, ਤਾਂ ਸਾਨੂੰ ਹਾਲ ਤੋਂ ਬਾਹਰ ਜਾ ਕੇ ਮੋਬਾਈਲ ਫ਼ੋਨ ਉੱਤੇ ਗੱਲ ਕਰਨੀ ਚਾਹੀਦੀ ਹੈ। ਪਰ ਅਸਲ ਵਿਚ ਸਾਨੂੰ ਸਭਾਵਾਂ ਤੋਂ ਪਹਿਲਾਂ ਜਾਂ ਬਾਅਦ ਵਿਚ ਆਪਣੇ ਨਿੱਜੀ ਮਾਮਲਿਆਂ ਜਾਂ ਕੰਮ ਸੰਬੰਧੀ ਮਾਮਲਿਆਂ ਨਾਲ ਨਜਿੱਠਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।—1 ਕੁਰਿੰ. 10:24.
ਆਓ ਆਪਾਂ ਮੋਬਾਈਲ ਫ਼ੋਨ ਜਾਂ ਹੋਰ ਕਿਸੇ ਇਲੈਕਟ੍ਰਾਨਿਕ ਉਪਕਰਣ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰ ਕੇ ਦੂਸਰਿਆਂ ਲਈ ਅਤੇ ਅਧਿਆਤਮਿਕ ਚੀਜ਼ਾਂ ਲਈ ਗਹਿਰੀ ਕਦਰ ਦਿਖਾਈਏ।