ਪ੍ਰਸ਼ਨ ਡੱਬੀ
◼ ਮੀਟਿੰਗਾਂ ਵਿਚ ਤੇ ਪ੍ਰਚਾਰ ਕਰਦਿਆਂ ਮੋਬਾਇਲ ਫ਼ੋਨ ਦੀ ਵਰਤੋਂ ਬਾਰੇ ਬਾਈਬਲ ਦੇ ਕਿਹੜੇ ਅਸੂਲ ਲਾਗੂ ਹੁੰਦੇ ਹਨ?
“ਹਰੇਕ ਕੰਮ ਦਾ ਇੱਕ ਸਮਾ ਹੈ।” (ਉਪ. 3:1): ਮੋਬਾਇਲ ਰਾਹੀਂ ਅਸੀਂ ਕਿਸੇ ਵੀ ਸਮੇਂ ʼਤੇ ਕਿਸੇ ਨੂੰ ਵੀ ਫ਼ੋਨ ਜਾਂ ਮੈਸਿਜ ਕਰ ਸਕਦੇ ਹਾਂ। ਪਰ ਅਜਿਹੇ ਮੌਕੇ ਹੁੰਦੇ ਹਨ ਜਦੋਂ ਮਸੀਹੀ ਭੈਣ-ਭਰਾ ਨਹੀਂ ਚਾਹੁੰਦੇ ਕਿ ਫ਼ੋਨ ਰਾਹੀਂ ਉਨ੍ਹਾਂ ਦਾ ਧਿਆਨ ਭਟਕੇ। ਮਿਸਾਲ ਲਈ, ਅਸੀਂ ਮੀਟਿੰਗਾਂ ਵਿਚ ਯਹੋਵਾਹ ਦੀ ਭਗਤੀ ਕਰਦੇ ਹਾਂ, ਉੱਥੇ ਸਿੱਖਦੇ ਹਾਂ ਅਤੇ ਇਕ-ਦੂਸਰੇ ਦਾ ਹੌਸਲਾ ਵਧਾਉਂਦੇ ਹਾਂ। (ਬਿਵ. 31:12; ਜ਼ਬੂ. 22:22; ਰੋਮੀ. 1:11, 12) ਇਹ ਚੰਗਾ ਹੋਵੇਗਾ ਜੇ ਅਸੀਂ ਮੀਟਿੰਗ ਵਿਚ ਆਪਣਾ ਫ਼ੋਨ ਬੰਦ ਕਰੀਏ ਤੇ ਬਾਅਦ ਵਿਚ ਮੈਸਿਜ ਦੇਖੀਏ। ਜੇ ਕਿਸੇ ਐਮਰਜੈਂਸੀ ਹੋਣ ਕਾਰਨ ਤੁਸੀਂ ਆਪਣਾ ਫ਼ੋਨ ਬੰਦ ਨਹੀਂ ਕਰ ਸਕਦੇ, ਤਾਂ ਚੰਗਾ ਹੋਵੇਗਾ ਕਿ ਤੁਸੀਂ ਇਸ ਦੀ ਸੈਟਿੰਗ ਇਸ ਤਰ੍ਹਾਂ ਕਰੋ ਜਿਸ ਨਾਲ ਦੂਸਰਿਆਂ ਦਾ ਧਿਆਨ ਨਾ ਭਟਕੇ।
‘ਸਭ ਕੁਝ ਖ਼ੁਸ਼ ਖ਼ਬਰੀ ਦੀ ਖ਼ਾਤਰ ਕਰੋ।’ (1 ਕੁਰਿੰ. 9:23): ਕਈ ਵਾਰ ਪ੍ਰਚਾਰ ʼਤੇ ਫ਼ੋਨ ਰੱਖਣ ਦਾ ਫ਼ਾਇਦਾ ਹੋ ਸਕਦਾ ਹੈ। ਮਿਸਾਲ ਲਈ, ਜਿਹੜਾ ਭਰਾ ਪ੍ਰਚਾਰ ਕੰਮ ਦੀ ਅਗਵਾਈ ਕਰਦਾ ਹੈ, ਉਹ ਸ਼ਾਇਦ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਪਤਾ ਕਰੇ ਜੋ ਹੋਰ ਇਲਾਕੇ ਵਿਚ ਪ੍ਰਚਾਰ ਕਰ ਰਹੇ ਹੋਣ। ਪ੍ਰਚਾਰ ਕਰਦਿਆਂ ਜਦੋਂ ਸਾਨੂੰ ਲੱਗੇ ਕਿ ਲੋਕ ਸਾਡੇ ʼਤੇ ਹਮਲਾ ਕਰ ਸਕਦੇ ਹਨ, ਤਾਂ ਅਸੀਂ ਇਕਦਮ ਦੂਜੇ ਭੈਣ-ਭਰਾਵਾਂ ਨੂੰ ਫ਼ੋਨ ਰਾਹੀਂ ਖ਼ਬਰ ਦੇ ਸਕਦੇ ਹਾਂ। ਅਸੀਂ ਬਜ਼ੁਰਗਾਂ ਨੂੰ ਵੀ ਖ਼ਬਰ ਦੇ ਸਕਦੇ ਹਾਂ ਜਦੋਂ ਭੀੜ ਸਾਡੇ ʼਤੇ ਹਮਲਾ ਕਰੇ ਜਾਂ ਪੁਲਿਸ ਸਾਡੇ ਕੰਮ ਵਿਚ ਰੁਕਾਵਟ ਪਾਵੇ। ਭੈਣ-ਭਰਾ ਕਈ ਵਾਰ ਦਿਲਚਸਪੀ ਰੱਖਣ ਵਾਲਿਆਂ ਜਾਂ ਆਪਣੀ ਬਾਈਬਲ ਸਟੱਡੀ ਨੂੰ ਮਿਲਣ ਤੋਂ ਪਹਿਲਾਂ ਫ਼ੋਨ ਕਰਦੇ ਹਨ, ਖ਼ਾਸ ਕਰਕੇ ਜੇ ਉਹ ਦੂਰ ਰਹਿੰਦੇ ਹਨ। ਜੇ ਸਾਡੇ ਕੋਲ ਫ਼ੋਨ ਹੈ, ਤਾਂ ਸਾਨੂੰ ਇਸ ਦੀ ਸਹੀ ਸੈਟਿੰਗ ਕਰਨੀ ਚਾਹੀਦੀ ਹੈ ਤਾਂਕਿ ਲੋਕਾਂ ਨਾਲ ਗੱਲ ਕਰਦਿਆਂ ਫ਼ੋਨ ਨਾ ਵੱਜੇ। (2 ਕੁਰਿੰ. 6:3) ਜਦੋਂ ਤੁਸੀਂ ਹੋਰ ਭੈਣਾਂ-ਭਰਾਵਾਂ ਦੀ ਉਡੀਕ ਕਰਦੇ ਹੋ, ਤਾਂ ਆਪਣੇ ਦੋਸਤਾਂ ਨੂੰ ਫ਼ੋਨ ਕਰਨ ਜਾਂ ਮੈਸਿਜ ਭੇਜਣ ਦੀ ਬਜਾਇ ਆਪਣਾ ਧਿਆਨ ਪ੍ਰਚਾਰ ਕੰਮ ʼਤੇ ਲਾਈ ਰੱਖੋ ਤੇ ਆਪਣੇ ਨਾਲ ਆਏ ਹੋਏ ਭੈਣ-ਭਰਾਵਾਂ ਨਾਲ ਗੱਲਬਾਤ ਕਰੋ।
ਦੂਸਰਿਆਂ ਦੇ ਭਲੇ ਬਾਰੇ ਸੋਚੇ। (1 ਕੁਰਿੰ. 10:24; ਫ਼ਿਲਿ. 2:4): ਸਾਨੂੰ ਇਹ ਸੋਚ ਕੇ ਪ੍ਰਚਾਰ ਵਿਚ ਲੇਟ ਨਹੀਂ ਜਾਣਾ ਚਾਹੀਦਾ ਕਿ ਅਸੀਂ ਦੂਜਿਆਂ ਨੂੰ ਫ਼ੋਨ ਕਰ ਕੇ ਜਾਂ ਮੈਸਿਜ ਭੇਜ ਕੇ ਪੁੱਛ ਸਕਦੇ ਹਾਂ ਕਿ ਉਹ ਕਿਸ ਇਲਾਕੇ ਵਿਚ ਪ੍ਰਚਾਰ ਕਰ ਰਹੇ ਹਨ। ਜਦੋਂ ਅਸੀਂ ਲੇਟ ਹੁੰਦੇ ਹਾਂ, ਤਾਂ ਅਕਸਰ ਦੁਬਾਰਾ ਜੋੜੇ ਬਣਾਉਣੇ ਪੈਂਦੇ ਹਨ। ਇਹ ਸੱਚ ਹੈ ਕਿ ਕਈ ਵਾਰ ਕਿਸੇ ਕਾਰਨ ਕਰਕੇ ਅਸੀਂ ਲੇਟ ਹੋ ਸਕਦੇ ਹਾਂ। ਪਰ ਜੇ ਅਸੀਂ ਸਮੇਂ ਸਿਰ ਪਹੁੰਚਣ ਦੀ ਆਦਤ ਬਣਾਈਏ, ਤਾਂ ਅਸੀਂ ਯਹੋਵਾਹ ਲਈ, ਉਸ ਭਰਾ ਲਈ ਜੋ ਪ੍ਰਚਾਰ ਦੀ ਅਗਵਾਈ ਕਰਦਾ ਹੈ ਤੇ ਆਪਣੇ ਭੈਣਾਂ-ਭਰਾਵਾਂ ਲਈ ਕਦਰ ਦਿਖਾਵਾਂਗੇ।