ਕਿਸੇ ਰਿਸ਼ਤੇਦਾਰ ਦੇ ਛੇਕੇ ਜਾਣ ਤੇ ਮਸੀਹੀ ਵਫ਼ਾਦਾਰੀ ਦਿਖਾਓ
1. ਕਿਸ ਤਰ੍ਹਾਂ ਦੇ ਹਾਲਾਤ ਵਿਚ ਇਕ ਮਸੀਹੀ ਦੀ ਵਫ਼ਾਦਾਰੀ ਪਰਖੀ ਜਾ ਸਕਦੀ ਹੈ?
1 ਪਰਿਵਾਰ ਦੇ ਮੈਂਬਰਾਂ ਵਿਚ ਬਹੁਤ ਹੀ ਗੂੜ੍ਹਾ ਪਿਆਰ ਹੋ ਸਕਦਾ ਹੈ। ਇਸ ਲਈ, ਇਕ ਮਸੀਹੀ ਦੀ ਨਿਹਚਾ ਉਦੋਂ ਪਰਖੀ ਜਾ ਸਕਦੀ ਹੈ ਜਦੋਂ ਉਸ ਦਾ ਵਿਆਹੁਤਾ ਸਾਥੀ, ਪੁੱਤਰ ਜਾਂ ਧੀ, ਮਾਤਾ ਜਾਂ ਪਿਤਾ ਜਾਂ ਕੋਈ ਹੋਰ ਨਜ਼ਦੀਕੀ ਰਿਸ਼ਤੇਦਾਰ ਕਲੀਸਿਯਾ ਵਿੱਚੋਂ ਛੇਕਿਆ ਜਾਂਦਾ ਹੈ ਜਾਂ ਉਹ ਆਪਣੇ ਆਪ ਨੂੰ ਕਲੀਸਿਯਾ ਤੋਂ ਵੱਖ ਕਰ ਲੈਂਦਾ ਹੈ। (ਮੱਤੀ 10:37) ਵਫ਼ਾਦਾਰ ਮਸੀਹੀਆਂ ਨੂੰ ਅਜਿਹੇ ਰਿਸ਼ਤੇਦਾਰ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਉਹ ਤੁਹਾਡੇ ਘਰ ਵਿਚ ਹੀ ਰਹਿੰਦਾ ਹੈ? ਪਹਿਲਾਂ, ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। ਬਾਈਬਲ ਵਿਚ ਦਿੱਤੇ ਸਿਧਾਂਤ ਛੇਕੇ ਗਏ ਵਿਅਕਤੀਆਂ ਅਤੇ ਆਪਣੇ ਆਪ ਨੂੰ ਕਲੀਸਿਯਾ ਤੋਂ ਵੱਖ ਕਰਨ ਵਾਲੇ ਵਿਅਕਤੀਆਂ ਦੋਨਾਂ ਉੱਤੇ ਲਾਗੂ ਹੁੰਦੇ ਹਨ।
2. ਬਾਈਬਲ ਦੇ ਅਨੁਸਾਰ, ਮਸੀਹੀਆਂ ਨੂੰ ਕਲੀਸਿਯਾ ਵਿੱਚੋਂ ਛੇਕੇ ਗਏ ਵਿਅਕਤੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
2 ਛੇਕੇ ਗਏ ਵਿਅਕਤੀਆਂ ਨਾਲ ਕਿਵੇਂ ਪੇਸ਼ ਆਈਏ: ਪਰਮੇਸ਼ੁਰ ਦਾ ਬਚਨ ਮਸੀਹੀਆਂ ਨੂੰ ਹੁਕਮ ਦਿੰਦਾ ਹੈ ਕਿ ਉਹ ਕਲੀਸਿਯਾ ਵਿੱਚੋਂ ਛੇਕੇ ਗਏ ਵਿਅਕਤੀਆਂ ਨਾਲ ਕੋਈ ਮੇਲ ਨਾ ਰੱਖਣ: “ਜੇ ਕੋਈ ਭਰਾ ਸਦਾ ਕੇ ਹਰਾਮਕਾਰ ਯਾ ਲੋਭੀ ਯਾ ਮੂਰਤੀ ਪੂਜਕ ਯਾ ਗਾਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ। . . . ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।” (1 ਕੁਰਿੰ. 5:11, 13) ਮੱਤੀ 18:17 ਵਿਚ ਕਹੇ ਗਏ ਯਿਸੂ ਦੇ ਸ਼ਬਦ ਵੀ ਇਸ ਮਾਮਲੇ ਨੂੰ ਸਮਝਣ ਵਿਚ ਸਾਡੀ ਮਦਦ ਕਰਦੇ ਹਨ: “[ਛੇਕਿਆ ਗਿਆ ਵਿਅਕਤੀ] ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।” ਯਿਸੂ ਦੇ ਸਰੋਤੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਸ ਸਮੇਂ ਦੇ ਯਹੂਦੀ ਲੋਕ ਪਰਾਈਆਂ ਕੌਮਾਂ ਦੇ ਲੋਕਾਂ ਨਾਲ ਕੋਈ ਸੰਬੰਧ ਨਹੀਂ ਰੱਖਦੇ ਸਨ ਅਤੇ ਉਹ ਮਸੂਲੀਏ ਨੂੰ ਤਾਂ ਅਛੂਤ ਸਮਝਦੇ ਸਨ। ਇਸ ਲਈ ਯਿਸੂ ਆਪਣੇ ਚੇਲਿਆਂ ਨੂੰ ਛੇਕੇ ਗਏ ਵਿਅਕਤੀਆਂ ਨਾਲ ਸੰਗਤੀ ਨਾ ਕਰਨ ਦੀ ਹਿਦਾਇਤ ਦੇ ਰਿਹਾ ਸੀ।—ਪਹਿਰਾਬੁਰਜ (ਅੰਗ੍ਰੇਜ਼ੀ), 15 ਸਤੰਬਰ 1981, ਸਫ਼ੇ 18-20 ਦੇਖੋ।
3, 4. ਛੇਕੇ ਗਏ ਜਾਂ ਆਪਣੇ ਆਪ ਨੂੰ ਕਲੀਸਿਯਾ ਤੋਂ ਵੱਖ ਕਰਨ ਵਾਲੇ ਵਿਅਕਤੀਆਂ ਨਾਲ ਸਾਨੂੰ ਕਿਸ ਤਰ੍ਹਾਂ ਦਾ ਮੇਲ-ਜੋਲ ਬਿਲਕੁਲ ਨਹੀਂ ਰੱਖਣਾ ਚਾਹੀਦਾ?
3 ਇਸ ਦਾ ਮਤਲਬ ਹੈ ਕਿ ਕਲੀਸਿਯਾ ਵਿੱਚੋਂ ਛੇਕੇ ਗਏ ਵਿਅਕਤੀ ਨਾਲ ਵਫ਼ਾਦਾਰ ਮਸੀਹੀ ਅਧਿਆਤਮਿਕ ਤੌਰ ਤੇ ਕੋਈ ਮੇਲ-ਜੋਲ ਨਹੀਂ ਰੱਖਣਗੇ। ਪਰ ਇਸ ਵਿਚ ਹੋਰ ਗੱਲਾਂ ਵੀ ਸ਼ਾਮਲ ਹਨ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਸਾਨੂੰ ‘ਇਹੋ ਜਿਹੇ ਨਾਲ ਰੋਟੀ ਵੀ ਨਹੀਂ ਖਾਣੀ’ ਚਾਹੀਦੀ। (1 ਕੁਰਿੰ. 5:11) ਇਸ ਲਈ ਸਾਨੂੰ ਛੇਕੇ ਗਏ ਵਿਅਕਤੀ ਨਾਲ ਆਮ ਮੌਕਿਆਂ ਤੇ ਵੀ ਸੰਗਤੀ ਨਹੀਂ ਕਰਨੀ ਚਾਹੀਦੀ। ਇਸ ਦਾ ਮਤਲਬ ਹੈ ਕਿ ਅਸੀਂ ਉਸ ਨਾਲ ਖੇਡਾਂ ਵਿਚ ਹਿੱਸਾ ਨਹੀਂ ਲਵਾਂਗੇ ਜਾਂ ਉਸ ਨਾਲ ਪਿਕਨਿਕ ਤੇ, ਪਾਰਟੀ ਵਿਚ, ਫ਼ਿਲਮ ਦੇਖਣ ਜਾਂ ਸ਼ਾਪਿੰਗ ਕਰਨ ਲਈ ਨਹੀਂ ਜਾਵਾਂਗੇ ਅਤੇ ਨਾ ਹੀ ਉਸ ਨਾਲ ਘਰ ਵਿਚ ਜਾਂ ਹੋਟਲ ਵਿਚ ਰੋਟੀ ਖਾਵਾਂਗੇ।
4 ਛੇਕੇ ਗਏ ਵਿਅਕਤੀ ਨਾਲ ਗੱਲ ਕਰਨ ਬਾਰੇ ਕੀ? ਬਾਈਬਲ ਹਰ ਇਕ ਸਥਿਤੀ ਬਾਰੇ ਨਹੀਂ ਦੱਸਦੀ ਹੈ, ਤਾਂ ਵੀ 2 ਯੂਹੰਨਾ 10 ਯਹੋਵਾਹ ਦੇ ਵਿਚਾਰ ਜਾਣਨ ਵਿਚ ਸਾਡੀ ਮਦਦ ਕਰਦਾ ਹੈ: “ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁਖ ਮਨਾਓ।” ਇਸ ਉੱਤੇ ਟਿੱਪਣੀ ਕਰਦੇ ਹੋਏ ਪਹਿਰਾਬੁਰਜ, 15 ਸਤੰਬਰ 1981, ਸਫ਼ਾ 25 ਕਹਿੰਦਾ ਹੈ: “ਕਿਸੇ ਨੂੰ ‘ਨਮਸਤੇ’ ਕਹਿਣਾ ਅਕਸਰ ਉਸ ਨਾਲ ਗੱਲਬਾਤ ਕਰਨ ਅਤੇ ਦੋਸਤੀ ਕਰਨ ਦਾ ਪਹਿਲਾ ਕਦਮ ਹੁੰਦਾ ਹੈ। ਕੀ ਅਸੀਂ ਛੇਕੇ ਗਏ ਵਿਅਕਤੀ ਵੱਲ ਇਹ ਪਹਿਲਾ ਕਦਮ ਚੁੱਕਣਾ ਚਾਹਾਂਗੇ?”
5. ਛੇਕੇ ਜਾਣ ਤੇ ਇਕ ਵਿਅਕਤੀ ਕਿਹੜੇ ਵਿਸ਼ੇਸ਼-ਸਨਮਾਨ ਗੁਆ ਬੈਠਦਾ ਹੈ?
5 ਪਹਿਰਾਬੁਰਜ ਦੇ ਇਸੇ ਅੰਕ ਦੇ ਸਫ਼ਾ 31 ਤੇ ਲਿਖਿਆ ਹੈ: “ਹਕੀਕਤ ਤਾਂ ਇਹ ਹੈ ਕਿ ਜਦੋਂ ਇਕ ਮਸੀਹੀ ਪਾਪ ਕਰਦਾ ਹੈ ਅਤੇ ਕਲੀਸਿਯਾ ਵਿੱਚੋਂ ਛੇਕਿਆ ਜਾਂਦਾ ਹੈ, ਤਾਂ ਉਹ ਬਹੁਤ ਸਾਰੇ ਵਿਸ਼ੇਸ਼-ਸਨਮਾਨ ਗੁਆ ਬੈਠਦਾ ਹੈ: ਪਰਮੇਸ਼ੁਰ ਨਾਲ ਚੰਗਾ ਰਿਸ਼ਤਾ; . . . ਭਰਾਵਾਂ ਤੇ ਮਸੀਹੀ ਰਿਸ਼ਤੇਦਾਰਾਂ ਦੀ ਸੁਖਾਵੀਂ ਸੰਗਤੀ।”
6. ਕੀ ਛੇਕੇ ਗਏ ਵਿਅਕਤੀ ਦੇ ਘਰ ਦੇ ਮਸੀਹੀ ਮੈਂਬਰਾਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਉਸ ਤੋਂ ਪੂਰੀ ਤਰ੍ਹਾਂ ਨਾਤਾ ਤੋੜ ਲੈਣ? ਸਮਝਾਓ।
6 ਘਰ ਵਿਚ: ਕੀ ਇਸ ਦਾ ਇਹ ਮਤਲਬ ਹੈ ਕਿ ਛੇਕੇ ਗਏ ਵਿਅਕਤੀ ਦੇ ਘਰ ਦੇ ਮਸੀਹੀ ਮੈਂਬਰ ਉਸ ਨਾਲ ਬਿਲਕੁਲ ਗੱਲ ਨਹੀਂ ਕਰਨਗੇ ਅਤੇ ਨਾ ਹੀ ਉਸ ਨਾਲ ਖਾਣਾ ਖਾਣਗੇ ਜਾਂ ਸੰਗਤੀ ਕਰਨਗੇ? ਪਹਿਰਾਬੁਰਜ (ਅੰਗ੍ਰੇਜ਼ੀ), 15 ਅਪ੍ਰੈਲ 1991, ਸਫ਼ਾ 22 ਦਾ ਫੁਟਨੋਟ ਕਹਿੰਦਾ ਹੈ: “ਭਾਵੇਂ ਮਸੀਹੀ ਪਰਿਵਾਰ ਦਾ ਇਕ ਮੈਂਬਰ ਛੇਕਿਆ ਜਾਂਦਾ ਹੈ, ਫਿਰ ਵੀ ਉਹ ਉਸ ਪਰਿਵਾਰ ਦੇ ਮੈਂਬਰ ਵਜੋਂ ਆਮ ਘਰੇਲੂ ਕੰਮਾਂ-ਕਾਰਾਂ ਵਿਚ ਹਿੱਸਾ ਲਵੇਗਾ।” ਇਸ ਲਈ, ਇਹ ਫ਼ੈਸਲਾ ਕਰਨਾ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਭੋਜਨ ਵੇਲੇ ਜਾਂ ਘਰ ਦੇ ਦੂਸਰੇ ਕੰਮਾਂ-ਕਾਰਾਂ ਦੌਰਾਨ ਛੇਕੇ ਗਏ ਮੈਂਬਰ ਨਾਲ ਕਿਸ ਹੱਦ ਤਕ ਸੰਗਤੀ ਰੱਖਣਗੇ। ਪਰ ਉਹ ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਕਿ ਘਰ ਦੇ ਇਕ ਮੈਂਬਰ ਨੂੰ ਛੇਕੇ ਜਾਣ ਨਾਲ ਪਰਿਵਾਰ ਉੱਤੇ ਕੋਈ ਫ਼ਰਕ ਨਹੀਂ ਪਿਆ ਹੈ।
7. ਜਦੋਂ ਘਰ ਦਾ ਕੋਈ ਮੈਂਬਰ ਛੇਕਿਆ ਜਾਂਦਾ ਹੈ, ਤਾਂ ਅਧਿਆਤਮਿਕ ਗਤੀਵਿਧੀਆਂ ਦੇ ਸੰਬੰਧ ਵਿਚ ਕਿਹੜੀ ਤਬਦੀਲੀ ਹੁੰਦੀ ਹੈ?
7 ਪਰ ਛੇਕੇ ਗਏ ਜਾਂ ਆਪਣੇ ਆਪ ਨੂੰ ਕਲੀਸਿਯਾ ਤੋਂ ਵੱਖ ਕਰਨ ਵਾਲੇ ਵਿਅਕਤੀ ਬਾਰੇ ਪਹਿਰਾਬੁਰਜ, 15 ਸਤੰਬਰ 1981, ਸਫ਼ਾ 28 ਉੱਤੇ ਕਿਹਾ ਗਿਆ ਹੈ: “ਮਸੀਹੀ ਛੇਕੇ ਗਏ ਵਿਅਕਤੀ ਨਾਲ ਸਾਰੇ ਅਧਿਆਤਮਿਕ ਬੰਧਨ ਤੋੜ ਦਿੰਦੇ ਹਨ, ਭਾਵੇਂ ਉਹ ਉਨ੍ਹਾਂ ਦਾ ਰਿਸ਼ਤੇਦਾਰ ਹੋਵੇ ਜਾਂ ਘਰ ਦਾ ਹੀ ਮੈਂਬਰ ਹੋਵੇ। . . . ਇਸ ਦਾ ਮਤਲਬ ਹੈ ਕਿ ਹੁਣ ਛੇਕੇ ਗਏ ਮੈਂਬਰ ਨਾਲ ਪਹਿਲਾਂ ਵਾਂਗ ਅਧਿਆਤਮਿਕ ਮੇਲ-ਜੋਲ ਨਹੀਂ ਰੱਖਿਆ ਜਾਵੇਗਾ। ਮਿਸਾਲ ਲਈ, ਜੇ ਪਤੀ ਕਲੀਸਿਯਾ ਵਿੱਚੋਂ ਛੇਕਿਆ ਜਾਂਦਾ ਹੈ, ਤਾਂ ਉਸ ਦੀ ਪਤਨੀ ਤੇ ਬੱਚੇ ਇਹ ਨਹੀਂ ਚਾਹੁਣਗੇ ਕਿ ਉਹ ਪਰਿਵਾਰਕ ਬਾਈਬਲ ਅਧਿਐਨ ਵਿਚ ਜਾਂ ਬਾਈਬਲ ਪੜ੍ਹਨ ਤੇ ਪ੍ਰਾਰਥਨਾ ਕਰਨ ਵਿਚ ਅਗਵਾਈ ਕਰੇ। ਜੇ ਉਹ ਪ੍ਰਾਰਥਨਾ ਕਰਨੀ ਚਾਹੁੰਦਾ ਹੈ, ਜਿਵੇਂ ਖਾਣਾ ਖਾਣ ਤੋਂ ਪਹਿਲਾਂ, ਤਾਂ ਉਸ ਨੂੰ ਆਪਣੇ ਘਰ ਵਿਚ ਪ੍ਰਾਰਥਨਾ ਕਰਨ ਦਾ ਪੂਰਾ ਹੱਕ ਹੈ। ਪਰ ਬਾਕੀ ਮੈਂਬਰ ਆਪਣੇ ਮਨ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਨ। (ਕਹਾ. 28:9; ਜ਼ਬੂ. 119:145, 146) ਪਰ ਉਦੋਂ ਕੀ ਜਦੋਂ ਪੂਰਾ ਪਰਿਵਾਰ ਬਾਈਬਲ ਪੜ੍ਹਦਾ ਹੈ ਜਾਂ ਬਾਈਬਲ ਅਧਿਐਨ ਕਰਦਾ ਹੈ ਅਤੇ ਛੇਕਿਆ ਗਿਆ ਮੈਂਬਰ ਵੀ ਉਨ੍ਹਾਂ ਨਾਲ ਬੈਠਣਾ ਚਾਹੁੰਦਾ ਹੈ? ਪਰਿਵਾਰ ਦੇ ਮੈਂਬਰ ਉਸ ਨੂੰ ਬੈਠ ਕੇ ਸੁਣਨ ਦੀ ਇਜਾਜ਼ਤ ਦੇ ਸਕਦੇ ਹਨ, ਬਸ਼ਰਤੇ ਕਿ ਉਹ ਉਨ੍ਹਾਂ ਨੂੰ ਸਿਖਾਉਣ ਜਾਂ ਆਪਣੇ ਧਾਰਮਿਕ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰੇ।”
8. ਜੇ ਪਰਿਵਾਰ ਨਾਲ ਰਹਿ ਰਹੇ ਨਾਬਾਲਗ ਪੁੱਤਰ ਜਾਂ ਧੀ ਨੂੰ ਕਲੀਸਿਯਾ ਵਿੱਚੋਂ ਛੇਕਿਆ ਜਾਂਦਾ ਹੈ, ਤਾਂ ਮਸੀਹੀ ਮਾਪਿਆਂ ਦੀ ਉਸ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ?
8 ਜੇ ਪਰਿਵਾਰ ਨਾਲ ਰਹਿ ਰਹੇ ਨਾਬਾਲਗ ਪੁੱਤਰ ਜਾਂ ਧੀ ਨੂੰ ਛੇਕਿਆ ਜਾਂਦਾ ਹੈ, ਤਾਂ ਵੀ ਮਾਪੇ ਉਸ ਦੇ ਪਾਲਣ-ਪੋਸ਼ਣ ਲਈ ਜ਼ਿੰਮੇਵਾਰ ਹੁੰਦੇ ਹਨ। ਪਹਿਰਾਬੁਰਜ (ਅੰਗ੍ਰੇਜ਼ੀ), 15 ਨਵੰਬਰ 1988, ਸਫ਼ਾ 20 ਕਹਿੰਦਾ ਹੈ: “ਠੀਕ ਜਿੱਦਾਂ ਮਾਤਾ-ਪਿਤਾ ਉਸ ਦੀ ਰੋਟੀ, ਕੱਪੜਾ ਅਤੇ ਮਕਾਨ ਦੀ ਲੋੜ ਪੂਰੀ ਕਰਦੇ ਰਹਿਣਗੇ, ਉੱਦਾਂ ਹੀ ਉਹ ਉਸ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਅਤੇ ਅਨੁਸ਼ਾਸਨ ਦੇਣਾ ਵੀ ਜਾਰੀ ਰੱਖਣਗੇ। (ਕਹਾਉਤਾਂ 6:20-22; 29:17) ਇਸ ਲਈ, ਭਾਵੇਂ ਉਹ ਕਲੀਸਿਯਾ ਵਿੱਚੋਂ ਛੇਕਿਆ ਗਿਆ ਹੈ, ਪਰ ਸਨੇਹੀ ਮਾਤਾ-ਪਿਤਾ ਉਸ ਨਾਲ ਬਾਈਬਲ ਅਧਿਐਨ ਕਰਨ ਦਾ ਪ੍ਰਬੰਧ ਕਰ ਸਕਦੇ ਹਨ। ਹੋ ਸਕਦਾ ਹੈ ਕਿ ਮਾਤਾ-ਪਿਤਾ ਦਾ ਉਸ ਇਕੱਲੇ ਨਾਲ ਅਧਿਐਨ ਕਰਨ ਨਾਲ ਉਸ ਨੂੰ ਸਹੀ ਰਾਹ ਉੱਤੇ ਵਾਪਸ ਆਉਣ ਦੀ ਪ੍ਰੇਰਣਾ ਮਿਲੇ। ਜਾਂ ਮਾਪੇ ਸ਼ਾਇਦ ਫ਼ੈਸਲਾ ਕਰਨ ਕਿ ਉਹ ਪਰਿਵਾਰਕ ਅਧਿਐਨ ਵਿਚ ਹਿੱਸਾ ਲੈ ਸਕਦਾ ਹੈ।”—ਪਹਿਰਾਬੁਰਜ, 1 ਅਕਤੂਬਰ 2001, ਸਫ਼ੇ 16-17 ਵੀ ਦੇਖੋ।
9. ਜੇ ਛੇਕਿਆ ਗਿਆ ਰਿਸ਼ਤੇਦਾਰ ਵੱਖਰੇ ਘਰ ਵਿਚ ਰਹਿੰਦਾ ਹੈ, ਤਾਂ ਉਸ ਨਾਲ ਇਕ ਮਸੀਹੀ ਨੂੰ ਕਿਸ ਹੱਦ ਤਕ ਸੰਪਰਕ ਰੱਖਣਾ ਚਾਹੀਦਾ ਹੈ?
9 ਅਲੱਗ ਰਹਿ ਰਹੇ ਰਿਸ਼ਤੇਦਾਰ: 15 ਅਪ੍ਰੈਲ 1988 ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 28 ਤੇ ਕਹਿੰਦਾ ਹੈ: “ਉਦੋਂ ਗੱਲ ਵੱਖਰੀ ਹੁੰਦੀ ਹੈ ਜਦੋਂ ਛੇਕਿਆ ਗਿਆ ਜਾਂ ਆਪਣੇ ਆਪ ਨੂੰ ਕਲੀਸਿਯਾ ਤੋਂ ਅਲੱਗ ਕਰਨ ਵਾਲਾ ਰਿਸ਼ਤੇਦਾਰ ਵੱਖਰੇ ਘਰ ਵਿਚ ਰਹਿੰਦਾ ਹੈ। ਹੋ ਸਕਦਾ ਹੈ ਕਿ ਮਸੀਹੀ ਉਸ ਰਿਸ਼ਤੇਦਾਰ ਨਾਲ ਬਿਲਕੁਲ ਹੀ ਕੋਈ ਸੰਬੰਧ ਨਾ ਰੱਖਣ। ਜੇ ਕਿਸੇ ਘਰੇਲੂ ਮਾਮਲੇ ਕਰਕੇ ਉਸ ਨਾਲ ਗੱਲ ਕਰਨੀ ਵੀ ਪਈ, ਤਾਂ ਉਸ ਨਾਲ ਘੱਟ ਤੋਂ ਘੱਟ ਸੰਪਰਕ ਰੱਖਣਾ ਚਾਹੀਦਾ ਹੈ।” ਇਹ ਪਰਮੇਸ਼ੁਰ ਦੇ ਇਸ ਹੁਕਮ ਦੀ ਇਕਸਾਰਤਾ ਵਿਚ ਹੋਵੇਗਾ ਜੋ ਕਹਿੰਦਾ ਹੈ ਕਿ ਅਸੀਂ ਕਿਸੇ ਵੀ ਤੋਬਾ ਨਾ ਕਰਨ ਵਾਲੇ ਪਾਪੀ ਨਾਲ ਸੰਗਤੀ ਨਾ ਕਰੀਏ। (1 ਕੁਰਿੰ. 5:11) ਜਿੱਥੇ ਤਕ ਹੋ ਸਕੇ, ਵਫ਼ਾਦਾਰ ਮਸੀਹੀ ਅਜਿਹੇ ਰਿਸ਼ਤੇਦਾਰ ਨਾਲ ਸੰਗਤੀ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਕਾਰੋਬਾਰੀ ਮਾਮਲਿਆਂ ਵਿਚ ਵੀ ਉਹ ਉਸ ਨਾਲ ਘੱਟ ਤੋਂ ਘੱਟ ਸੰਪਰਕ ਰੱਖਣਗੇ।—ਪਹਿਰਾਬੁਰਜ, 15 ਸਤੰਬਰ 1981, ਸਫ਼ੇ 29-30 ਵੀ ਦੇਖੋ।
10, 11. ਛੇਕੇ ਗਏ ਰਿਸ਼ਤੇਦਾਰ ਨੂੰ ਮੁੜ ਆਪਣੇ ਘਰ ਰੱਖਣ ਤੋਂ ਪਹਿਲਾਂ ਮਸੀਹੀ ਕਿਨ੍ਹਾਂ ਗੱਲਾਂ ਉੱਤੇ ਵਿਚਾਰ ਕਰੇਗਾ?
10 ਪਹਿਰਾਬੁਰਜ ਵਿਚ ਇਕ ਹੋਰ ਸਥਿਤੀ ਬਾਰੇ ਵੀ ਦੱਸਿਆ ਗਿਆ ਹੈ: “ਹੋ ਸਕਦਾ ਹੈ ਕਿ ਛੇਕਿਆ ਗਿਆ ਪਰਿਵਾਰ ਦਾ ਮੈਂਬਰ ਜਿਵੇਂ ਇਕ ਪੁੱਤਰ, ਮਾਤਾ ਜਾਂ ਪਿਤਾ, ਪਰਿਵਾਰ ਦੇ ਨਾਲ ਨਹੀਂ ਰਹਿੰਦਾ ਹੈ, ਪਰ ਬਾਅਦ ਵਿਚ ਉਹ ਘਰ ਵਾਪਸ ਆਉਣਾ ਚਾਹੁੰਦਾ ਹੈ। ਇਸ ਹਾਲਤ ਵਿਚ ਮਸੀਹੀ ਪਰਿਵਾਰ ਕੀ ਕਰੇਗਾ? ਹਰ ਪਰਿਵਾਰ ਹਾਲਾਤਾਂ ਨੂੰ ਦੇਖਦੇ ਹੋਏ ਫ਼ੈਸਲਾ ਕਰ ਸਕਦਾ ਹੈ। ਮਿਸਾਲ ਲਈ, ਹੋ ਸਕਦਾ ਹੈ ਕਿ ਛੇਕਿਆ ਗਿਆ ਪਿਤਾ ਜਾਂ ਮਾਤਾ ਬਹੁਤ ਬੀਮਾਰ ਹੈ ਜਾਂ ਉਹ ਹੁਣ ਆਰਥਿਕ ਜਾਂ ਸਰੀਰਕ ਤੌਰ ਤੇ ਆਪਣੀ ਦੇਖ-ਭਾਲ ਕਰਨ ਦੇ ਯੋਗ ਨਹੀਂ ਹੈ। ਬਾਈਬਲ ਮੁਤਾਬਕ ਇਹ ਮਸੀਹੀ ਬੱਚਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਮਾਪਿਆਂ ਦੀ ਮਦਦ ਕਰਨ। (1 ਤਿਮੋ. 5:8) . . . ਫ਼ੈਸਲਾ ਕਰਨ ਤੋਂ ਪਹਿਲਾਂ ਪਰਿਵਾਰ ਕੁਝ ਗੱਲਾਂ ਉੱਤੇ ਵਿਚਾਰ ਕਰੇਗਾ। ਮਾਤਾ ਜਾਂ ਪਿਤਾ ਦੀਆਂ ਅਸਲ ਲੋੜਾਂ ਕੀ ਹਨ? ਉਸ ਦਾ ਰਵੱਈਆ ਕਿੱਦਾਂ ਦਾ ਹੈ? ਪਰਿਵਾਰ ਦਾ ਮੁਖੀ ਇਸ ਗੱਲ ਦੀ ਵੀ ਚਿੰਤਾ ਕਰੇਗਾ ਕਿ ਛੇਕੇ ਗਏ ਵਿਅਕਤੀ ਨੂੰ ਆਪਣੇ ਘਰ ਵਿਚ ਰੱਖ ਕੇ ਪਰਿਵਾਰ ਦੀ ਅਧਿਆਤਮਿਕ ਸਿਹਤ ਉੱਤੇ ਕੀ ਅਸਰ ਪਵੇਗਾ।”—ਪਹਿਰਾਬੁਰਜ, 15 ਸਤੰਬਰ 1981, ਸਫ਼ੇ 28-9.
11 ਪੁੱਤਰ ਜਾਂ ਧੀ ਦੇ ਮਾਮਲੇ ਵਿਚ, ਇਹੋ ਲੇਖ ਅੱਗੇ ਕਹਿੰਦਾ ਹੈ: “ਕਦੇ-ਕਦੇ ਮਸੀਹੀ ਮਾਪਿਆਂ ਨੇ ਛੇਕੇ ਗਏ ਪੁੱਤਰ ਜਾਂ ਧੀ ਨੂੰ ਕੁਝ ਸਮੇਂ ਲਈ ਆਪਣੇ ਨਾਲ ਦੁਬਾਰਾ ਰਹਿਣ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਉਹ ਸਰੀਰਕ ਜਾਂ ਭਾਵਾਤਮਕ ਤੌਰ ਤੇ ਬਹੁਤ ਬੀਮਾਰ ਹੋ ਗਈ ਸੀ। ਪਰ ਮਾਪਿਆਂ ਨੂੰ ਆਪਣੇ ਬੱਚੇ ਦੇ ਹਾਲਾਤਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਕੀ ਛੇਕਿਆ ਗਿਆ ਪੁੱਤਰ ਘਰੋਂ ਬਾਹਰ ਰਹਿ ਰਿਹਾ ਸੀ, ਪਰ ਹੁਣ ਉਸ ਨੂੰ ਪਰਿਵਾਰ ਦੀ ਸਖ਼ਤ ਲੋੜ ਹੈ? ਜਾਂ ਕੀ ਉਹ ਇਸ ਕਾਰਨ ਘਰ ਆਉਣਾ ਚਾਹੁੰਦਾ ਹੈ ਕਿਉਂਕਿ ਉਹ ਆਰਾਮ ਦੀ ਜ਼ਿੰਦਗੀ ਚਾਹੁੰਦਾ ਹੈ? ਉਹ ਕਿੱਦਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਰਵੱਈਆ ਰੱਖਦਾ ਹੈ? ਕੀ ਉਹ ਪਰਿਵਾਰ ਵਿਚ “ਖਮੀਰ” ਤਾਂ ਨਹੀਂ ਮਿਲਾ ਦੇਵੇਗਾ?—ਗਲਾ. 5:9.”
12. ਪਾਪ ਕਰਨ ਵਾਲਿਆਂ ਨੂੰ ਕਲੀਸਿਯਾ ਵਿੱਚੋਂ ਛੇਕਣ ਦੇ ਕੀ ਲਾਭ ਹਨ?
12 ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੇ ਲਾਭ: ਤੋਬਾ ਨਾ ਕਰਨ ਵਾਲੇ ਪਾਪੀਆਂ ਨੂੰ ਕਲੀਸਿਯਾ ਵਿੱਚੋਂ ਛੇਕਣ ਅਤੇ ਉਨ੍ਹਾਂ ਨਾਲ ਕੋਈ ਸੰਬੰਧ ਨਾ ਰੱਖਣ ਦੇ ਬਾਈਬਲੀ ਪ੍ਰਬੰਧ ਦੇ ਅਨੁਸਾਰ ਚੱਲਣਾ ਲਾਭਦਾਇਕ ਹੈ। ਇਸ ਨਾਲ ਕਲੀਸਿਯਾ ਸਾਫ਼ ਰਹਿੰਦੀ ਹੈ ਅਤੇ ਲੋਕ ਦੇਖ ਸਕਦੇ ਹਨ ਕਿ ਅਸੀਂ ਬਾਈਬਲ ਦੇ ਉੱਚੇ ਨੈਤਿਕ ਮਿਆਰਾਂ ਦੀ ਹਿਮਾਇਤ ਕਰਦੇ ਹਾਂ। (1 ਪਤ. 1:14-16) ਇਹ ਸਾਨੂੰ ਬੁਰੇ ਪ੍ਰਭਾਵਾਂ ਤੋਂ ਬਚਾਉਂਦਾ ਹੈ। (ਗਲਾ. 5:7-9) ਨਾਲੇ ਗ਼ਲਤ ਕੰਮ ਕਰਨ ਵਾਲੇ ਵਿਅਕਤੀ ਨੂੰ ਵੀ ਇਸ ਅਨੁਸ਼ਾਸਨ ਤੋਂ ਪੂਰਾ ਲਾਭ ਹਾਸਲ ਕਰਨ ਦਾ ਮੌਕਾ ਮਿਲਦਾ ਹੈ ਕਿਉਂਕਿ ਇਹ ਉਸ ਵਿਚ “ਧਰਮ ਦਾ ਸ਼ਾਂਤੀ-ਦਾਇਕ ਫਲ” ਪੈਦਾ ਕਰ ਸਕਦਾ ਹੈ।—ਇਬ. 12:11.
13. ਇਕ ਪਰਿਵਾਰ ਨੇ ਕਿਹੜੀ ਤਬਦੀਲੀ ਕੀਤੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
13 ਇਕ ਸਰਕਟ ਸੰਮੇਲਨ ਵਿਚ ਭਾਸ਼ਣ ਸੁਣਨ ਮਗਰੋਂ, ਇਕ ਭਰਾ ਤੇ ਉਸ ਦੀ ਭੈਣ ਨੇ ਦੇਖਿਆ ਕਿ ਉਨ੍ਹਾਂ ਨੂੰ ਆਪਣੀ ਮਾਂ ਜੋ ਹੋਰ ਕਿਧਰੇ ਰਹਿੰਦੀ ਸੀ, ਨਾਲ ਆਪਣੇ ਸੰਬੰਧਾਂ ਵਿਚ ਤਬਦੀਲੀ ਕਰਨ ਦੀ ਲੋੜ ਸੀ। ਉਨ੍ਹਾਂ ਦੀ ਮਾਂ ਛੇ ਸਾਲ ਪਹਿਲਾਂ ਕਲੀਸਿਯਾ ਵਿੱਚੋਂ ਛੇਕੀ ਗਈ ਸੀ। ਸੰਮੇਲਨ ਤੋਂ ਤੁਰੰਤ ਬਾਅਦ ਭਰਾ ਨੇ ਆਪਣੀ ਮਾਂ ਨੂੰ ਫ਼ੋਨ ਕੀਤਾ। ਉਸ ਨੇ ਆਪਣੀ ਮਾਂ ਨੂੰ ਆਪਣੇ ਪਿਆਰ ਦਾ ਭਰੋਸਾ ਦਿਲਾਇਆ, ਪਰ ਉਸ ਨੂੰ ਸਮਝਾਇਆ ਕਿ ਉਹ ਅਤੇ ਉਸ ਦੀ ਭੈਣ ਹੁਣ ਅੱਗੋਂ ਉਸ ਨਾਲ ਸਿਰਫ਼ ਉਦੋਂ ਹੀ ਸੰਪਰਕ ਕਾਇਮ ਕਰਨਗੇ ਜਦੋਂ ਕੋਈ ਜ਼ਰੂਰੀ ਪਰਿਵਾਰਕ ਕੰਮ ਹੋਵੇਗਾ। ਕੁਝ ਹੀ ਸਮੇਂ ਬਾਅਦ ਉਨ੍ਹਾਂ ਦੀ ਮਾਂ ਨੇ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਉਹ ਕਲੀਸਿਯਾ ਵਿਚ ਬਹਾਲ ਕੀਤੀ ਗਈ। ਉਸ ਦੇ ਪਤੀ ਨੇ ਵੀ, ਜੋ ਗਵਾਹ ਨਹੀਂ ਸੀ, ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਉਸ ਨੇ ਵੀ ਬਪਤਿਸਮਾ ਲੈ ਲਿਆ।
14. ਸਾਨੂੰ ਵਫ਼ਾਦਾਰੀ ਨਾਲ ਪਾਪੀਆਂ ਨੂੰ ਛੇਕਣ ਦੇ ਪ੍ਰਬੰਧ ਦੇ ਅਨੁਸਾਰ ਕਿਉਂ ਚੱਲਣਾ ਚਾਹੀਦਾ ਹੈ?
14 ਪਾਪੀਆਂ ਨੂੰ ਕਲੀਸਿਯਾ ਵਿੱਚੋਂ ਛੇਕਣ ਦੇ ਬਾਈਬਲੀ ਪ੍ਰਬੰਧ ਦੇ ਅਨੁਸਾਰ ਚੱਲ ਕੇ ਅਸੀਂ ਯਹੋਵਾਹ ਲਈ ਪਿਆਰ ਦਿਖਾਉਂਦੇ ਹਾਂ ਅਤੇ ਉਸ ਨੂੰ ਸ਼ਤਾਨ ਦੇ ਮਿਹਣੇ ਦਾ ਮੂੰਹ ਤੋੜ ਜਵਾਬ ਦਿੰਦੇ ਹਾਂ। (ਕਹਾ. 27:11) ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੀ ਅਸੀਸ ਹਾਸਲ ਕਰਦੇ ਹਾਂ। ਰਾਜਾ ਦਾਊਦ ਨੇ ਯਹੋਵਾਹ ਬਾਰੇ ਲਿਖਿਆ ਸੀ: “ਉਸ ਦੀਆਂ ਵਿਧੀਆਂ ਤੋਂ ਮੈਂ ਮੂੰਹ ਨਹੀਂ ਮੋੜਾਂਗਾ। ਵਫ਼ਾਦਾਰ ਵਿਅਕਤੀ ਨਾਲ ਤੂੰ ਵਫ਼ਾਦਾਰੀ ਕਰੇਂਗਾ।”—2 ਸਮੂ. 22:23, 26, ਨਿ ਵ.