ਯਹੋਵਾਹ ਦੀ ਵਡਿਆਈ ਕਰਨ ਵਿਚ ਦੂਸਰਿਆਂ ਦੀ ਮਦਦ ਕਰੋ
1 ਦੁਨੀਆਂ ਭਰ ਵਿਚ ਲੋਕਾਂ ਨੂੰ ਇਕ ਜ਼ਰੂਰੀ ਸੰਦੇਸ਼ ਦਿੱਤਾ ਜਾ ਰਿਹਾ ਹੈ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ!” (ਪਰ. 14:6, 7) ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਇਹ ਸੰਦੇਸ਼ ਸੁਣਾ ਰਹੇ ਹਾਂ। ਲੋਕਾਂ ਨੂੰ ਯਹੋਵਾਹ ਬਾਰੇ ਕੀ ਜਾਣਨ ਦੀ ਲੋੜ ਹੈ ਜਿਸ ਕਾਰਨ ਉਹ ਉਸ ਤੋਂ ਡਰਨ ਅਤੇ ਉਸ ਦੀ ਭਗਤੀ ਕਰਨ?
2 ਉਸ ਦਾ ਨਾਂ: ਅੱਜ ਕਈ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ, ਇਸ ਲਈ ਲੋਕਾਂ ਨੂੰ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਪਛਾਣ ਕਰਨ ਲਈ ਉਸ ਦਾ ਨਾਂ ਜਾਣਨ ਦੀ ਲੋੜ ਹੈ। (ਬਿਵ. 4:35; 1 ਕੁਰਿੰ. 8:5, 6) ਬਾਈਬਲ ਲਿਖਣ ਵਾਲਿਆਂ ਨੇ ਇਸ ਵਿਚ ਯਹੋਵਾਹ ਦੇ ਮਹਾਨ ਨਾਂ ਦਾ 7,000 ਤੋਂ ਜ਼ਿਆਦਾ ਵਾਰ ਜ਼ਿਕਰ ਕੀਤਾ। ਭਾਵੇਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਗੱਲਬਾਤ ਵਿਚ ਇਹ ਨਾਂ ਕਦੋਂ ਤੇ ਕਿੱਦਾਂ ਇਸਤੇਮਾਲ ਕਰਦੇ ਹਾਂ, ਪਰ ਸਾਨੂੰ ਪਰਮੇਸ਼ੁਰ ਦੇ ਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਇਸ ਨੂੰ ਇਸਤੇਮਾਲ ਕਰਨ ਤੋਂ ਡਰਨਾ ਚਾਹੀਦਾ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੀ ਮਨੁੱਖਜਾਤੀ ਉਸ ਦਾ ਨਾਂ ਜਾਣੇ।—ਜ਼ਬੂ. 83:18.
3 ਉਸ ਦੀ ਸ਼ਖ਼ਸੀਅਤ: ਯਹੋਵਾਹ ਦੀ ਵਡਿਆਈ ਕਰਨ ਲਈ ਲੋਕਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿੱਦਾਂ ਦਾ ਪਰਮੇਸ਼ੁਰ ਹੈ। ਸਾਨੂੰ ਉਨ੍ਹਾਂ ਨੂੰ ਯਹੋਵਾਹ ਦੇ ਬੇਮਿਸਾਲ ਪਿਆਰ, ਉੱਤਮ ਬੁੱਧੀ, ਸੰਪੂਰਣ ਨਿਆਂ ਅਤੇ ਮਹਾਂ ਸ਼ਕਤੀ ਬਾਰੇ ਦੱਸਣਾ ਚਾਹੀਦਾ ਹੈ ਤੇ ਉਸ ਦੀ ਦਿਆਲਤਾ, ਭਲਿਆਈ ਅਤੇ ਦੂਜੇ ਮਹਾਨ ਗੁਣਾਂ ਬਾਰੇ ਵੀ ਸਿਖਾਉਣਾ ਚਾਹੀਦਾ ਹੈ। (ਕੂਚ 34:6, 7) ਉਨ੍ਹਾਂ ਲਈ ਪਰਮੇਸ਼ੁਰ ਦਾ ਆਦਰਮਈ ਭੈ ਰੱਖਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਇਹ ਜਾਣਨ ਦੀ ਵੀ ਲੋੜ ਹੈ ਕਿ ਜ਼ਿੰਦਗੀ ਹਾਸਲ ਕਰਨ ਲਈ ਉਨ੍ਹਾਂ ਉੱਤੇ ਯਹੋਵਾਹ ਦੀ ਕਿਰਪਾ-ਦ੍ਰਿਸ਼ਟੀ ਹੋਣੀ ਬਹੁਤ ਜ਼ਰੂਰੀ ਹੈ।—ਜ਼ਬੂ. 89:7.
4 ਪਰਮੇਸ਼ੁਰ ਦੇ ਨੇੜੇ ਜਾਣਾ: ਪਰਮੇਸ਼ੁਰ ਦੇ ਨਿਆਂ ਦੇ ਦਿਨ ਵਿੱਚੋਂ ਬਚਣ ਲਈ, ਲੋਕਾਂ ਨੂੰ ਨਿਹਚਾ ਨਾਲ ਯਹੋਵਾਹ ਦਾ ਨਾਂ ਲੈਣਾ ਚਾਹੀਦਾ ਹੈ। (ਰੋਮੀ. 10:13, 14; 2 ਥੱਸ. 1:8) ਇਸ ਤਰ੍ਹਾਂ ਕਰਨ ਲਈ ਸਿਰਫ਼ ਪਰਮੇਸ਼ੁਰ ਦੇ ਨਾਂ ਅਤੇ ਗੁਣਾਂ ਨੂੰ ਜਾਣਨਾ ਹੀ ਕਾਫ਼ੀ ਨਹੀਂ ਹੈ। ਸਾਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂਕਿ ਉਹ ਯਹੋਵਾਹ ਨਾਲ ਇਕ ਨਜ਼ਦੀਕੀ ਰਿਸ਼ਤਾ ਕਾਇਮ ਕਰ ਸਕਣ ਅਤੇ ਪੂਰੇ ਦਿਲ ਨਾਲ ਉਸ ਉੱਤੇ ਭਰੋਸਾ ਰੱਖ ਸਕਣ। (ਕਹਾ. 3:5, 6) ਜਦੋਂ ਉਹ ਪਰਮੇਸ਼ੁਰ ਦੇ ਗਿਆਨ ਨੂੰ ਲਾਗੂ ਕਰਨਗੇ, ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨਗੇ ਅਤੇ ਉਸ ਦੀ ਮਦਦ ਨੂੰ ਅਨੁਭਵ ਕਰਨਗੇ, ਤਾਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਉਹ ਯਹੋਵਾਹ ਨਾਲ ਰਿਸ਼ਤਾ ਕਾਇਮ ਕਰ ਸਕਣਗੇ।—ਜ਼ਬੂ. 34:8.
5 ਆਓ ਆਪਾਂ ਪੂਰੇ ਜੋਸ਼ ਨਾਲ ਪਰਮੇਸ਼ੁਰ ਦੇ ਨਾਂ ਦਾ ਪ੍ਰਚਾਰ ਕਰੀਏ ਅਤੇ ਦੂਸਰਿਆਂ ਦੀ ਮਦਦ ਕਰੀਏ ਕਿ ਉਹ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਅਤੇ ਉਸ ਤੋਂ ਡਰਨ। ਹੋ ਸਕਦਾ ਹੈ ਕਿ ਸਾਡੀ ਮਿਹਨਤ ਸਦਕਾ ਹੋਰ ਬਹੁਤ ਸਾਰੇ ਲੋਕ ਯਹੋਵਾਹ ਨੂੰ ਜਾਣ ਲੈਣ ਅਤੇ “ਮੁਕਤੀ ਦਾਤਾ ਪਰਮੇਸ਼ੁਰ” ਵਜੋਂ ਉਸ ਦੀ ਵਡਿਆਈ ਕਰਨ।—ਜ਼ਬੂ. 25:5.