ਦੂਸਰਿਆਂ ਨੂੰ ਪਵਿੱਤਰ ਬੋਲ ਬੋਲਣਾ ਸਿਖਾਓ
1 ਯਹੋਵਾਹ ਦੇ ਗਵਾਹ ਕਈ ‘ਕੌਮਾਂ, ਗੋਤਾਂ, ਉੱਮਤਾਂ ਅਤੇ ਭਾਖਿਆਂ’ ਵਿੱਚੋਂ ਆਏ ਹਨ, ਪਰ ਫਿਰ ਵੀ ਉਨ੍ਹਾਂ ਵਿਚ ਏਕਾ ਹੈ ਅਤੇ ਉਹ ਇਕ ਸੱਚੇ ਅੰਤਰਰਾਸ਼ਟਰੀ ਭਾਈਚਾਰੇ ਦਾ ਹਿੱਸਾ ਹਨ। (ਪਰ. 7:9) ਇਹ ਅੱਜ ਦੀ ਵੰਡੀ ਹੋਈ ਦੁਨੀਆਂ ਵਿਚ ਇਕ ਬਹੁਤ ਹੀ ਅਚੰਭੇ ਵਾਲੀ ਗੱਲ ਹੈ। ਸਾਡੇ ਵਿਚ ਕਿਉਂ ਏਕਾ ਹੈ? ਕਿਉਂਕਿ ਸਾਡੀ ‘ਭਾਸ਼ਾ ਬਦਲ ਦਿੱਤੀ ਗਈ ਹੈ ਕਿ ਅਸੀਂ ਪਵਿੱਤਰ ਬੋਲ ਬੋਲੀਏ।’—ਸਫ਼. 3:9, ਪਵਿੱਤਰ ਬਾਈਬਲ ਨਵਾਂ ਅਨੁਵਾਦ।
2 ਸ਼ਾਨਦਾਰ ਅਸਰ: ਇਹ ਪਵਿੱਤਰ ਬੋਲ ਕੀ ਹੈ? ਇਹ ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਗਈ ਯਹੋਵਾਹ ਅਤੇ ਉਸ ਦੇ ਮਕਸਦਾਂ (ਖ਼ਾਸਕਰ ਪਰਮੇਸ਼ੁਰ ਦੇ ਰਾਜ) ਬਾਰੇ ਸੱਚਾਈ ਦੀ ਸਹੀ ਸਮਝ ਹੈ। ਜਿਵੇਂ ਯਿਸੂ ਨੇ ਦੱਸਿਆ ਸੀ, ਇਹ ਸੱਚਾਈ ਅੱਜ ਧਰਤੀ ਉੱਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਰੀਏ ਸਾਰਿਆਂ ਨੂੰ ਸੁਣਾਈ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ “ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ” ਦੇ ਲੋਕ ਸੱਚੇ ਧਰਮ ਨੂੰ ਅਪਣਾ ਰਹੇ ਹਨ।—ਮੱਤੀ 24:45; ਜ਼ਕ. 8:23.
3 ਜਦੋਂ ਲੋਕ ਪਵਿੱਤਰ ਬੋਲ ਬੋਲਣਾ ਸਿੱਖਦੇ ਹਨ, ਤਾਂ ਉਨ੍ਹਾਂ ਦਾ ਦਿਲ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਢਾਲ਼ਣ ਲਈ ਪ੍ਰੇਰਿਤ ਕਰਦਾ ਹੈ। ਉਹ “ਇੱਕੋ ਮਨ ਅਤੇ ਇੱਕੋ ਵਿਚਾਰ” ਦੇ ਹੋਣਾ ਸਿੱਖਦੇ ਹਨ। (1 ਕੁਰਿੰ. 1:10) ਪਰਮੇਸ਼ੁਰ ਦੀ ਸਿੱਖਿਆ ਹਾਸਲ ਕਰਨ ਨਾਲ ਉਹ ਚੰਗਾ ਚਾਲ-ਚਲਣ ਰੱਖਦੇ ਹਨ ਅਤੇ ਮਿੱਠੇ ਤੇ ਸੱਚੇ ਬੋਲ ਬੋਲਦੇ ਹਨ, ਖ਼ਾਸਕਰ ਜਦੋਂ ਉਹ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਨ। (ਤੀਤੁ. 2:7, 8; ਇਬ. 13:15) ਇਨ੍ਹਾਂ ਸ਼ਾਨਦਾਰ ਤਬਦੀਲੀਆਂ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ।
4 ਮਿਸਾਲ ਲਈ, ਜਦੋਂ ਇਕ ਆਦਮੀ ਨੂੰ ਖ਼ੁਸ਼ ਖ਼ਬਰੀ ਸੁਣਾਈ ਗਈ, ਤਾਂ ਉਸ ਨੇ ਕਈ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਸ ਨੂੰ ਬਾਈਬਲ ਵਿੱਚੋਂ ਦਿੱਤੇ ਗਏ। ਉਹ ਇਹ ਸਭ ਕੁਝ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਹਫ਼ਤੇ ਵਿਚ ਦੋ ਵਾਰ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਭਾਵਾਂ ਵਿਚ ਵੀ ਆਉਣਾ ਸ਼ੁਰੂ ਕਰ ਦਿੱਤਾ। ਉਹ ਇਸ ਗੱਲ ਤੋਂ ਬਹੁਤ ਹੈਰਾਨ ਹੋਇਆ ਕਿ ਭਾਵੇਂ ਕਿੰਗਡਮ ਹਾਲ ਵਿਚ ਬਹੁਤ ਸਾਰੇ ਭੈਣ-ਭਰਾ ਉਸ ਨਾਲੋਂ ਵੱਖਰੀ ਜਾਤੀ ਦੇ ਸਨ, ਪਰ ਫਿਰ ਵੀ ਉਨ੍ਹਾਂ ਨੇ ਉਸ ਦਾ ਨਿੱਘਾ ਸੁਆਗਤ ਕੀਤਾ। ਥੋੜ੍ਹੇ ਹੀ ਸਮੇਂ ਵਿਚ ਉਸ ਨੇ ਅਤੇ ਉਸ ਦੀ ਪਤਨੀ ਨੇ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕੀਤੀਆਂ ਅਤੇ ਬਪਤਿਸਮਾ ਲੈ ਲਿਆ। ਹੁਣ ਤਕ ਉਹ ਯਹੋਵਾਹ ਦੀ ਸੇਵਾ ਕਰਨ ਵਿਚ ਲਗਭਗ 40 ਲੋਕਾਂ ਦੀ ਮਦਦ ਕਰ ਚੁੱਕਾ ਹੈ, ਜਿਨ੍ਹਾਂ ਵਿਚ ਉਸ ਦੇ ਪਰਿਵਾਰ ਦੇ ਕਈ ਮੈਂਬਰ ਵੀ ਸ਼ਾਮਲ ਹਨ। ਭਾਵੇਂ ਉਹ ਅਪਾਹਜ ਹੈ, ਫਿਰ ਵੀ ਉਸ ਨੇ ਹਾਲ ਹੀ ਵਿਚ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।
5 ਦੂਸਰਿਆਂ ਨੂੰ ਸਿਖਾਉਣਾ: ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਨੇ ਕਈ ਈਮਾਨਦਾਰ ਲੋਕਾਂ ਨੂੰ ਆਪਣੀ ਸੋਚ ਬਦਲਣ ਅਤੇ ਆਪਣੀ ਜ਼ਿੰਦਗੀ ਦੀ ਜਾਂਚ ਕਰਨ ਲਈ ਮਜਬੂਰ ਕੀਤਾ ਹੈ। ਯਿਸੂ ਵਾਂਗ ਸਾਨੂੰ ਵੀ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਇੱਛਾ ਰੱਖਣੀ ਚਾਹੀਦੀ ਹੈ। ਇਨ੍ਹਾਂ ਸੱਚੇ ਦਿਲ ਵਾਲੇ ਲੋਕਾਂ ਨੂੰ ਪਵਿੱਤਰ ਬੋਲ ਬੋਲਣ ਦੀ ਸਿੱਖਿਆ ਦੇਣ ਲਈ ਸਾਨੂੰ ਉਨ੍ਹਾਂ ਨਾਲ ਪੁਨਰ-ਮੁਲਾਕਾਤਾਂ ਅਤੇ ਬਾਈਬਲ ਸਟੱਡੀਆਂ ਕਰਨੀਆਂ ਚਾਹੀਦੀਆਂ ਹਨ।
6 ਮਸਰੂਫ ਲੋਕਾਂ ਨਾਲ ਦਰਵਾਜ਼ੇ ਤੇ ਹੀ ਖੜ੍ਹੇ ਹੋ ਕੇ ਛੋਟੀ ਜਿਹੀ ਸਟੱਡੀ ਕਰਨੀ ਕਾਫ਼ੀ ਅਸਰਦਾਰ ਸਾਬਤ ਹੋਈ ਹੈ। (km-PJ 5/02 ਸਫ਼ਾ 1) ਕੀ ਤੁਸੀਂ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ? ਘਰ-ਸੁਆਮੀ ਨੂੰ ਮੁੜ ਮਿਲਣ ਦੀ ਤਿਆਰੀ ਵਿਚ ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਉਹ ਪੇਸ਼ਕਾਰੀ ਚੁਣੋ ਜੋ ਉਸ ਲਈ ਢੁਕਵੀਂ ਹੋਵੇ। ਇਸ ਅੰਤਰ-ਪੱਤਰ ਵਿਚ ਕਈ ਪੇਸ਼ਕਾਰੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਿੱਧਾ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਵਿੱਚੋਂ ਅਧਿਐਨ ਸ਼ੁਰੂ ਕਰ ਸਕਦੇ ਹੋ। ਪੇਸ਼ਕਾਰੀ ਦਾ ਚੰਗੀ ਤਰ੍ਹਾਂ ਨਾਲ ਅਭਿਆਸ ਕਰੋ ਤਾਂਕਿ ਤੁਸੀਂ ਪੇਸ਼ਕਾਰੀ ਦੇਣ ਮਗਰੋਂ ਸਿੱਧਾ ਗਿਆਨ ਕਿਤਾਬ ਵਿੱਚੋਂ ਇਕ ਪੈਰੇ ਦੀ ਚਰਚਾ ਸ਼ੁਰੂ ਕਰ ਸਕੋ। ਪੈਰੇ ਵਿੱਚੋਂ ਇਕ-ਦੋ ਆਇਤਾਂ ਚੁਣੋ ਅਤੇ ਫਿਰ ਇਨ੍ਹਾਂ ਨੂੰ ਪੜ੍ਹੋ ਤੇ ਸਮਝਾਓ। ਫਿਰ ਅਖ਼ੀਰ ਵਿਚ ਇਕ ਸਵਾਲ ਪੁੱਛੋ, ਜਿਸ ਦਾ ਜਵਾਬ ਤੁਸੀਂ ਅਗਲੀ ਮੁਲਾਕਾਤ ਤੇ ਅਗਲੇ ਪੈਰੇ ਵਿੱਚੋਂ ਦਿਓਗੇ।
7 ਪਵਿੱਤਰ ਬੋਲ ਬੋਲਣਾ ਸਿੱਖ ਕੇ ਯਹੋਵਾਹ ਦੇ ਲੋਕਾਂ ਨੂੰ ਬਹੁਤ ਸਾਰੀਆਂ ਅਸੀਸਾਂ ਮਿਲ ਰਹੀਆਂ ਹਨ। ਆਓ ਆਪਾਂ ਪੂਰੇ ਜੋਸ਼ ਨਾਲ “ਯਹੋਵਾਹ ਦੇ ਨਾਮ ਨੂੰ ਪੁਕਾਰਨ” ਵਿਚ ਦੂਸਰਿਆਂ ਦੀ ਮਦਦ ਕਰੀਏ, ਤਾਂਕਿ ਉਹ ਵੀ “ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।”—ਸਫ਼. 3:9.