ਸਹੀ ਸਮੇਂ ਤੇ ਮਦਦ
1 ਜਦੋਂ ਪਤਰਸ ਰਸੂਲ ਨੇ ਦੇਖਿਆ ਕਿ ਭੈਣ-ਭਰਾਵਾਂ ਨੂੰ ਹੌਸਲੇ ਦੀ ਲੋੜ ਸੀ, ਤਾਂ ਉਸ ਦੀ ਇਸ ਚਿੰਤਾ ਨੇ ਉਸ ਨੂੰ ਆਪਣੇ ਭੈਣ-ਭਰਾਵਾਂ ਨੂੰ ਬੜੇ ਪਿਆਰ ਨਾਲ ਲੋੜੀਂਦੀਆਂ ਗੱਲਾਂ ਚੇਤੇ ਕਰਾਉਣ ਅਤੇ ਹੌਸਲਾ ਦੇਣ ਲਈ ਪ੍ਰੇਰਿਆ। (2 ਪਤ. 1:12, 13; 3:1) ਉਸ ਨੇ “ਨਿਹਚਾਵਾਨ” ਭੈਣ-ਭਰਾਵਾਂ ਨੂੰ ਅਧਿਆਤਮਿਕ ਗੁਣ ਪੈਦਾ ਕਰਦੇ ਰਹਿਣ ਲਈ ਕਿਹਾ ਤਾਂਕਿ ਉਹ ‘ਪ੍ਰਭੁ ਯਿਸੂ ਮਸੀਹ ਦੇ ਗਿਆਨ ਵਿੱਚ ਆਲਸੀ ਅਤੇ ਨਿਸਫਲ’ ਨਾ ਹੋ ਜਾਣ। (2 ਪਤ. 1:1, 5-8) ਪਤਰਸ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ ਤਾਂਕਿ ਉਹ ਯਹੋਵਾਹ ਵੱਲੋਂ ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਾ ਕਰ ਕੇ ਪਰਮੇਸ਼ੁਰ ਦੇ “ਅੱਗੇ ਨਿਰਮਲ ਅਤੇ ਨਿਹਕਲੰਕ” ਠਹਿਰਨ। (2 ਪਤ. 1:10, 11; 3:14) ਬਹੁਤ ਸਾਰੇ ਭੈਣ-ਭਰਾਵਾਂ ਲਈ ਉਸ ਦਾ ਇਹ ਹੌਸਲਾ ਸਹੀ ਸਮੇਂ ਤੇ ਸਹੀ ਮਦਦ ਸਾਬਤ ਹੋਇਆ।
2 ਉਸੇ ਤਰ੍ਹਾਂ ਅੱਜ ਮਸੀਹੀ ਨਿਗਾਹਬਾਨ ਵੀ ਪਰਮੇਸ਼ੁਰ ਦੇ ਲੋਕਾਂ ਦੀ ਚਿੰਤਾ ਕਰਦੇ ਹਨ। ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਯਹੋਵਾਹ ਦੇ ਕਈ ਸੇਵਕ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ। (2 ਤਿਮੋ. 3:1) ਆਪਣੀਆਂ ਆਰਥਿਕ, ਪਰਿਵਾਰਕ ਜਾਂ ਨਿੱਜੀ ਸਮੱਸਿਆਵਾਂ ਕਾਰਨ ਕੁਝ ਭੈਣ-ਭਰਾ ਸ਼ਾਇਦ ਦਾਊਦ ਵਾਂਗ ਮਹਿਸੂਸ ਕਰਨ: “ਅਣਗਿਣਤ ਬੁਰਿਆਈਆਂ ਨੇ ਮੇਰੇ ਦੁਆਲੇ ਘੇਰਾ ਪਾ ਲਿਆ, ਮੇਰੀਆਂ ਬਦੀਆਂ ਨੇ ਮੈਨੂੰ ਆਣ ਫੜਿਆ ਹੈ, ਅਤੇ ਮੈਂ ਨਿਗਾਹ ਨਹੀਂ ਉਠਾ ਸੱਕਦਾ। ਓਹ ਤਾਂ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ, ਅਤੇ ਮੇਰਾ ਦਿਲ ਥੋਥਾ ਹੋ ਗਿਆ।” (ਜ਼ਬੂ. 40:12) ਇਹ ਸਮੱਸਿਆਵਾਂ ਉਨ੍ਹਾਂ ਉੱਤੇ ਇੰਨਾ ਬੋਝ ਪਾ ਸਕਦੀਆਂ ਹਨ ਕਿ ਉਹ ਅਧਿਆਤਮਿਕ ਜ਼ਿੰਮੇਵਾਰੀਆਂ ਪ੍ਰਤੀ ਲਾਪਰਵਾਹ ਹੋ ਕੇ ਪ੍ਰਚਾਰ ਵਿਚ ਹਿੱਸਾ ਲੈਣਾ ਛੱਡ ਸਕਦੇ ਹਨ। ਪਰ ਮੁਸ਼ਕਲਾਂ ਹੋਣ ਦੇ ਬਾਵਜੂਦ, ਉਹ ‘ਯਹੋਵਾਹ ਦੇ ਹੁਕਮ ਨਹੀਂ ਭੁੱਲਦੇ।’ (ਜ਼ਬੂ. 119:176) ਬਜ਼ੁਰਗਾਂ ਲਈ ਇਹੀ ਸਹੀ ਸਮਾਂ ਹੈ ਜਦੋਂ ਉਹ ਇਨ੍ਹਾਂ ਭੈਣ-ਭਰਾਵਾਂ ਦੀ ਲੋੜੀਂਦੀ ਮਦਦ ਕਰ ਸਕਦੇ ਹਨ।—ਯਸਾ. 32:1, 2.
3 ਇਹ ਲੋੜ ਪੂਰੀ ਕਰਨ ਲਈ, ਬਜ਼ੁਰਗਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਅਜਿਹੇ ਭੈਣ-ਭਰਾਵਾਂ ਦੀ ਮਦਦ ਵਾਸਤੇ ਖ਼ਾਸ ਜਤਨ ਕਰਨ ਜੋ ਪ੍ਰਚਾਰ ਵਿਚ ਹਿੱਸਾ ਨਹੀਂ ਲੈ ਰਹੇ। ਇਹ ਜਤਨ ਹੁਣ ਤੋਂ ਹੀ ਕੀਤੇ ਜਾ ਰਹੇ ਹਨ ਜੋ ਮਾਰਚ ਮਹੀਨੇ ਦੇ ਅਖ਼ੀਰ ਤਕ ਚੱਲਦੇ ਰਹਿਣਗੇ। ਪੁਸਤਕ ਅਧਿਐਨ ਨਿਗਾਹਬਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਪ੍ਰਚਾਰ ਵਿਚ ਨਾ ਆਉਣ ਵਾਲੇ ਭੈਣ-ਭਰਾਵਾਂ ਨੂੰ ਮਿਲ ਕੇ ਉਨ੍ਹਾਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਤਾਂਕਿ ਉਹ ਕਲੀਸਿਯਾ ਨਾਲ ਮਿਲ ਕੇ ਫਿਰ ਤੋਂ ਜੋਸ਼ ਨਾਲ ਪ੍ਰਚਾਰ ਕਰ ਸਕਣ। ਜੇ ਕਿਸੇ ਭੈਣ-ਭਰਾ ਨੂੰ ਬਾਈਬਲ ਅਧਿਐਨ ਕਰਾਉਣ ਦੀ ਲੋੜ ਹੈ, ਤਾਂ ਇਸ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਲਈ ਦੂਜੇ ਪ੍ਰਕਾਸ਼ਕਾਂ ਦੀ ਮਦਦ ਲਈ ਜਾ ਸਕਦੀ ਹੈ। ਜੇ ਤੁਹਾਨੂੰ ਕਿਸੇ ਪ੍ਰਕਾਸ਼ਕ ਨਾਲ ਅਧਿਐਨ ਕਰਨ ਲਈ ਕਿਹਾ ਜਾਂਦਾ ਹੈ, ਤਾਂ ਤੁਸੀਂ ਹਮਦਰਦੀ ਦਿਖਾਉਂਦੇ ਹੋਏ ਦਿਆਲੂ ਤਰੀਕੇ ਨਾਲ ਉਸ ਨੂੰ ਉਤਸ਼ਾਹਿਤ ਕਰ ਕੇ ਉਸ ਦੀ ਬਹੁਤ ਮਦਦ ਕਰ ਸਕਦੇ ਹੋ।
4 ਜਦੋਂ ਕੋਈ ਫਿਰ ਤੋਂ ਕਲੀਸਿਯਾ ਨਾਲ ਮਿਲ ਕੇ ਪ੍ਰਚਾਰ ਵਿਚ ਹਿੱਸਾ ਲੈਣ ਲੱਗ ਪੈਂਦਾ ਹੈ, ਤਾਂ ਸਾਰੀ ਕਲੀਸਿਯਾ ਨੂੰ ਖ਼ੁਸ਼ੀ ਹੁੰਦੀ ਹੈ। (ਲੂਕਾ 15:6) ਪ੍ਰਚਾਰ ਵਿਚ ਨਾ ਆਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਦੇ ਸਾਡੇ ਜਤਨ ਸੱਚ-ਮੁੱਚ “ਟਿਕਾਣੇ ਸਿਰ ਆਖੇ ਹੋਏ ਬਚਨ” ਸਾਬਤ ਹੋ ਸਕਦੇ ਹਨ।—ਕਹਾ. 25:11.