ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਚੇਤੇ ਰੱਖੋ
1. ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਸਾਨੂੰ ਕਿਉਂ ਮਦਦ ਕਰਨੀ ਚਾਹੀਦੀ ਹੈ?
1 ਕੀ ਤੁਸੀਂ ਕਿਸੇ ਭੈਣ ਜਾਂ ਭਰਾ ਨੂੰ ਜਾਣਦੇ ਹੋ ਜੋ ਯਹੋਵਾਹ ਦੀ ਸੇਵਾ ਵਿਚ ਢਿੱਲਾ ਪੈ ਗਿਆ ਹੈ? ਹੋ ਸਕਦਾ ਕਿ ਉਹ ਹੁਣ ਸਭਾਵਾਂ ਵਿਚ ਨਹੀਂ ਆਉਂਦਾ ਜਾਂ ਉਸ ਨੇ ਕਲੀਸਿਯਾ ਨਾਲ ਸੰਗਤ ਕਰਨੀ ਛੱਡ ਦਿੱਤੀ ਹੈ। ਘਰ-ਘਰ ਦੀ ਸੇਵਕਾਈ ਕਰਦਿਆਂ ਅਜਿਹੇ ਕਿਸੇ ਭੈਣ ਜਾਂ ਭਰਾ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ। ਸਾਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਉਹ ਅਜੇ ਵੀ ਸਾਡਾ ਭਰਾ ਜਾਂ ਭੈਣ ਹੈ। ਸੋ ਸਾਨੂੰ ਉਸ ਲਈ ਪਿਆਰ ਜ਼ਾਹਰ ਕਰਨਾ ਚਾਹੀਦਾ ਹੈ ਤੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ ਆਪਣੇ ਭੈਣਾਂ-ਭਰਾਵਾਂ ਕੋਲ ਅਤੇ ਸਾਡੀਆਂ “ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ” ਕੋਲ ਵਾਪਸ ਮੁੜ ਆਵੇ।—1 ਪਤ. 2:25.
2. ਢਿੱਲੇ ਪੈ ਚੁੱਕੇ ਭੈਣ-ਭਰਾਵਾਂ ਨੂੰ ਅਸੀਂ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ?
2 ਉਨ੍ਹਾਂ ਵਿਚ ਰੁਚੀ ਲਓ: ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਫ਼ੋਨ ਕਰ ਕੇ ਜਾਂ ਘਰ ਜਾ ਕੇ ਮਿਲਣ ਨਾਲ ਅਸੀਂ ਉਨ੍ਹਾਂ ਨੂੰ ਭਰੋਸਾ ਦਿੰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਭੁੱਲੇ ਨਹੀਂ ਹਾਂ। ਅਸੀਂ ਉਨ੍ਹਾਂ ਨੂੰ ਕੀ ਕਹਿ ਸਕਦੇ ਹਾਂ? ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਨ੍ਹਾਂ ਬਾਰੇ ਸੋਚ ਰਹੇ ਸਾਂ। ਇਹ ਸੁਣ ਕੇ ਉਨ੍ਹਾਂ ਨੂੰ ਹੌਸਲਾ ਮਿਲੇਗਾ। ਖ਼ੁਸ਼ਗਵਾਰ ਤੇ ਉਤਸ਼ਾਹਜਨਕ ਵਿਸ਼ਿਆਂ ਉੱਤੇ ਗੱਲਬਾਤ ਕਰੋ। (ਫਿਲਿ. 4:8) ਮੀਟਿੰਗ ਵਿਚ ਸਿੱਖੀ ਕੋਈ ਗੱਲ ਵੀ ਸਾਂਝੀ ਕੀਤੀ ਜਾ ਸਕਦੀ ਹੈ। ਜਾਂ ਅਸੀਂ ਉਨ੍ਹਾਂ ਨੂੰ ਅਗਲੀ ਮੀਟਿੰਗ ਜਾਂ ਸੰਮੇਲਨ ਵਿਚ ਆਉਣ ਦਾ ਸੱਦਾ ਦੇ ਸਕਦੇ ਹਾਂ। ਜੇ ਉਹ ਚਾਹੁਣ, ਤਾਂ ਅਸੀਂ ਉਨ੍ਹਾਂ ਲਈ ਸੀਟ ਰੱਖ ਸਕਦੇ ਹਾਂ ਜਾਂ ਉਨ੍ਹਾਂ ਦੇ ਆਉਣ-ਜਾਣ ਦਾ ਵੀ ਪ੍ਰਬੰਧ ਕਰ ਸਕਦੇ ਹਾਂ।
3. ਢਿੱਲੀ ਪੈ ਚੁੱਕੀ ਇਕ ਭੈਣ ਦੀ ਕਿਵੇਂ ਮਦਦ ਕੀਤੀ ਗਈ ਸੀ?
3 ਇਕ ਭੈਣ 20 ਸਾਲ ਯਹੋਵਾਹ ਦੀ ਸੇਵਾ ਵਿਚ ਢਿੱਲੀ ਪਈ ਰਹੀ। ਇਕ ਦਿਨ ਇਕ ਪ੍ਰਕਾਸ਼ਕ ਘਰ-ਘਰ ਦੀ ਸੇਵਕਾਈ ਕਰਦੇ ਸਮੇਂ ਉਸ ਦੇ ਘਰ ਗਈ। ਭਾਵੇਂ ਕਿ ਢਿੱਲੀ ਪਈ ਭੈਣ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਨਹੀਂ ਸੀ, ਫਿਰ ਵੀ ਪ੍ਰਕਾਸ਼ਕ ਭੈਣ ਉਸ ਨੂੰ ਦੁਬਾਰਾ ਮਿਲਣ ਗਈ ਅਤੇ ਉਸ ਨੂੰ ਕਈ ਨਵੇਂ ਰਸਾਲੇ ਦਿੱਤੇ। ਫਿਰ ਜ਼ਿਲ੍ਹਾ ਸੰਮੇਲਨ ਵਿਚ ਜਾਣ ਤੋਂ ਬਾਅਦ ਇਸ ਪ੍ਰਕਾਸ਼ਕ ਭੈਣ ਨੇ ਉਸ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ। ਹੌਲੀ-ਹੌਲੀ ਇਹ ਭੈਣ ਫਿਰ ਤੋਂ ਯਹੋਵਾਹ ਦੀ ਸੇਵਾ ਕਰਨ ਲੱਗ ਪਈ।
4. ਲੰਬੇ ਅਰਸੇ ਬਾਅਦ ਸਭਾਵਾਂ ਵਿਚ ਆਉਣ ਵਾਲੇ ਭਰਾ ਜਾਂ ਭੈਣ ਨਾਲ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
4 ਜਦੋਂ ਕੋਈ ਵਾਪਸ ਆਉਂਦਾ ਹੈ: ਜਦੋਂ ਕੋਈ ਭਰਾ ਲੰਬੇ ਅਰਸੇ ਮਗਰੋਂ ਸਭਾਵਾਂ ਵਿਚ ਆਉਂਦਾ ਹੈ, ਤਾਂ ਸਾਨੂੰ ਉਸ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਯਾਦ ਕਰੋ ਕਿ ਯਿਸੂ ਆਪਣੇ ਚੇਲਿਆਂ ਨਾਲ ਕਿਵੇਂ ਪੇਸ਼ ਆਇਆ ਸੀ, ਹਾਲਾਂਕਿ ਉਹ ਇਕ ਵਾਰ ਉਸ ਨੂੰ ਮੁਸੀਬਤ ਵੇਲੇ ਛੱਡ ਕੇ ਭੱਜ ਗਏ ਸਨ। ਯਿਸੂ ਨੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਆਪਣੇ ‘ਭਾਈ’ ਕਿਹਾ ਤੇ ਉਨ੍ਹਾਂ ਵਿਚ ਭਰੋਸਾ ਜ਼ਾਹਰ ਕੀਤਾ। ਉਸ ਨੇ ਉਨ੍ਹਾਂ ਨੂੰ ਜ਼ਰੂਰੀ ਕੰਮ ਦੀ ਜ਼ਿੰਮੇਵਾਰੀ ਵੀ ਸੌਂਪੀ। (ਮੱਤੀ 28:10, 18, 19) ਕੁਝ ਹੀ ਸਮੇਂ ਬਾਅਦ ਇਹੋ ਚੇਲੇ ਪੂਰੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਸਨ।—ਰਸੂ. 5:42.
5. ਸਾਨੂੰ ਕਿਨ੍ਹਾਂ ਹਾਲਾਤਾਂ ਵਿਚ ਬਜ਼ੁਰਗਾਂ ਨੂੰ ਢਿੱਲੇ ਪਏ ਭੈਣ ਜਾਂ ਭਰਾ ਬਾਰੇ ਦੱਸਣਾ ਚਾਹੀਦਾ ਹੈ?
5 ਲੰਬੇ ਸਮੇਂ ਤੋਂ ਢਿੱਲੇ ਪਏ ਭਰਾ ਜਾਂ ਭੈਣ ਨੂੰ ਬਾਈਬਲ ਸਟੱਡੀ ਕਰਾਉਣ ਦੀ ਪੇਸ਼ਕਸ਼ ਕਰਨ ਜਾਂ ਉਸ ਨੂੰ ਆਪਣੇ ਨਾਲ ਸੇਵਕਾਈ ਵਿਚ ਲੈ ਜਾਣ ਤੋਂ ਪਹਿਲਾਂ ਸਾਨੂੰ ਬਜ਼ੁਰਗਾਂ ਦੀ ਸਲਾਹ ਲੈਣੀ ਚਾਹੀਦੀ ਹੈ। ਜੇ ਘਰ-ਘਰ ਦੀ ਸੇਵਕਾਈ ਵਿਚ ਸਾਨੂੰ ਕੋਈ ਅਜਿਹੀ ਭੈਣ ਜਾਂ ਭਰਾ ਮਿਲਦਾ ਹੈ, ਤਾਂ ਸਾਨੂੰ ਬਜ਼ੁਰਗਾਂ ਨੂੰ ਦੱਸਣਾ ਚਾਹੀਦਾ ਹੈ ਤਾਂਕਿ ਉਹ ਉਸ ਦੀ ਮਦਦ ਕਰ ਸਕਣ।
6. ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਚੁੱਕੇ ਭੈਣ-ਭਰਾਵਾਂ ਦੀ ਮਦਦ ਕਰ ਕੇ ਸਾਨੂੰ ਕਿਹੜੀ ਖ਼ੁਸ਼ੀ ਮਿਲ ਸਕਦੀ ਹੈ?
6 ਬਾਈਬਲ ਵਿਚ ਸਾਫ਼ ਲਿਖਿਆ ਹੈ ਕਿ ਸਿਰਫ਼ ਉਹੀ ਬਚਾਏ ਜਾਣਗੇ ਜੋ ਅੰਤ ਤਕ ਵਫ਼ਾਦਾਰ ਰਹਿਣਗੇ। (ਮੱਤੀ 24:13) ਸੋ ਜੇ ਕੋਈ ਭੈਣ ਜਾਂ ਭਰਾ ਠੋਕਰ ਖਾ ਕੇ ਯਹੋਵਾਹ ਦੀ ਸੇਵਾ ਵਿਚ ਢਿੱਲਾ ਪੈ ਗਿਆ ਹੈ ਜਾਂ ਕਲੀਸਿਯਾ ਤੋਂ ਦੂਰ ਹੋ ਗਿਆ ਹੈ, ਤਾਂ ਸਾਨੂੰ ਉਨ੍ਹਾਂ ਪ੍ਰਤੀ ਚਿੰਤਾ ਜ਼ਾਹਰ ਕਰਨੀ ਚਾਹੀਦੀ ਹੈ। ਜੇ ਅਸੀਂ ਯਹੋਵਾਹ ਦੀ ਰੀਸ ਕਰਦਿਆਂ ਅਜਿਹੇ ਭੈਣ-ਭਰਾਵਾਂ ਵਿਚ ਦਿਲਚਸਪੀ ਲਵਾਂਗੇ ਤੇ ਧੀਰਜ ਨਾਲ ਉਨ੍ਹਾਂ ਦੀ ਮਦਦ ਕਰਾਂਗੇ, ਤਾਂ ਹੋ ਸਕਦਾ ਹੈ ਕਿ ਉਹ ਫਿਰ ਤੋਂ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਲੱਗ ਪੈਣ। ਇਹ ਦੇਖ ਕੇ ਸਾਨੂੰ ਸਾਰਿਆਂ ਨੂੰ ਕਿੰਨੀ ਖ਼ੁਸ਼ੀ ਹੋਵੇਗੀ!—ਲੂਕਾ 15:4-10.