ਪ੍ਰਸ਼ਨ ਡੱਬੀ
◼ ਜੇ ਇਕ ਵਿਅਕਤੀ ਲੰਮੇ ਸਮੇਂ ਤੋਂ ਪ੍ਰਚਾਰ ਜਾਂ ਸਭਾਵਾਂ ਵਿਚ ਨਹੀਂ ਆਉਂਦਾ, ਤਾਂ ਖ਼ੁਸ਼ ਖ਼ਬਰੀ ਦਾ ਫਿਰ ਤੋਂ ਪ੍ਰਚਾਰਕ ਬਣਨ ਲਈ ਉਸ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ?
ਜਦੋਂ ਇਕ ਗ਼ੈਰ-ਸਰਗਰਮ ਵਿਅਕਤੀ ਵਾਕਈ ਯਹੋਵਾਹ ਦੀ ਦਿਲੋਂ ਸੇਵਾ ਕਰਨ ਦਾ ਸਬੂਤ ਦਿੰਦਾ ਹੈ, ਤਾਂ ਇਹ ਸਾਡੇ ਸਾਰਿਆਂ ਲਈ ਖ਼ੁਸ਼ੀ ਦਾ ਕਾਰਨ ਹੁੰਦਾ ਹੈ। (ਲੂਕਾ 15:4-6) ਹੋ ਸਕਦਾ ਹੈ ਕਿ ਉਸ ਵਿਅਕਤੀ ਨੇ ਵਿਰੋਧ ਜਾਂ ਜ਼ਿੰਦਗੀ ਵਿਚ ਆਉਣ ਵਾਲੇ ਦਬਾਵਾਂ ਕਰਕੇ ਬਾਈਬਲ ਪੜ੍ਹਨੀ, ਸਭਾਵਾਂ ਵਿਚ ਆਉਣਾ ਤੇ ਪ੍ਰਚਾਰ ਵਿਚ ਜਾਣਾ ਛੱਡ ਦਿੱਤਾ ਹੋਵੇ। ਅਜਿਹੇ ਵਿਅਕਤੀ ਦੀ ਅਧਿਆਤਮਿਕ ਤਰੱਕੀ ਕਰਨ ਵਿਚ ਵਧੀਆ ਤਰੀਕੇ ਨਾਲ ਮਦਦ ਕਿਵੇਂ ਕੀਤੀ ਜਾ ਸਕਦੀ ਹੈ?
ਸਾਨੂੰ ਸਾਰਿਆਂ ਨੂੰ ਉਸ ਵਿਅਕਤੀ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਅਸੀਂ ਉਸ ਨੂੰ ਸੱਚਾ ਮਸੀਹੀ ਪਿਆਰ ਕਰਦੇ ਹਾਂ। ਬਜ਼ੁਰਗ ਜਲਦੀ ਹੀ ਪਤਾ ਲਾਉਣਗੇ ਕਿ ਉਸ ਦੀਆਂ ਖ਼ਾਸ ਅਧਿਆਤਮਿਕ ਲੋੜਾਂ ਕਿਹੜੀਆਂ ਹਨ। (ਯਾਕੂ. 5:14, 15) ਜੇ ਉਹ ਥੋੜ੍ਹੇ ਸਮੇਂ ਤੋਂ ਹੀ ਗ਼ੈਰ-ਸਰਗਰਮ ਹੈ, ਤਾਂ ਇਕ ਤਜਰਬੇਕਾਰ ਭੈਣ-ਭਰਾ ਉਸ ਵਿਅਕਤੀ ਨੂੰ ਪ੍ਰਚਾਰ ਵਿਚ ਮੁੜ ਸਰਗਰਮ ਹੋਣ ਲਈ ਮਦਦ ਦੇ ਸਕਦਾ ਹੈ। ਪਰ ਜੇ ਉਸ ਵਿਅਕਤੀ ਨੇ ਲੰਮੇ ਸਮੇਂ ਤੋਂ ਕਲੀਸਿਯਾ ਦੇ ਨਾਲ ਮੇਲ-ਜੋਲ ਕਰਨਾ ਛੱਡਿਆ ਹੋਇਆ ਹੈ, ਤਾਂ ਸ਼ਾਇਦ ਉਹ ਨੂੰ ਹੋਰ ਜ਼ਿਆਦਾ ਮਦਦ ਦੀ ਲੋੜ ਪਵੇਗੀ। ਉਸ ਵਿਅਕਤੀ ਦੀ ਨਿਹਚਾ ਅਤੇ ਕਦਰਦਾਨੀ ਵਧਾਉਣ ਲਈ ਇਹ ਚੰਗਾ ਹੋਵੇਗਾ ਕਿ ਉਸ ਨਾਲ ਕਿਸੇ ਢੁਕਵੇਂ ਪ੍ਰਕਾਸ਼ਨ ਵਿੱਚੋਂ ਬਾਈਬਲ ਸਟੱਡੀ ਕੀਤੀ ਜਾਵੇ। ਇਸ ਮਾਮਲੇ ਵਿਚ ਸੇਵਾ ਨਿਗਾਹਬਾਨ ਸਟੱਡੀ ਕਰਾਉਣ ਲਈ ਇਕ ਕਾਬਲ ਭੈਣ-ਭਰਾ ਦਾ ਇੰਤਜ਼ਾਮ ਕਰੇਗਾ। (ਇਬ. 5:12-14; ਨਵੰਬਰ 1998 ਦੀ ਸਾਡੀ ਰਾਜ ਸੇਵਕਾਈ ਦੀ ਪ੍ਰਸ਼ਨ ਡੱਬੀ ਦੇਖੋ।) ਜੇ ਤੁਸੀਂ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜਿਸ ਨੂੰ ਮਦਦ ਦੀ ਲੋੜ ਹੈ, ਤਾਂ ਆਪਣੀ ਕਲੀਸਿਯਾ ਦੇ ਸੇਵਾ ਨਿਗਾਹਬਾਨ ਨਾਲ ਗੱਲ ਕਰੋ।
ਲੰਮੇ ਸਮੇਂ ਤੋਂ ਗ਼ੈਰ-ਸਰਗਰਮ ਵਿਅਕਤੀ ਨੂੰ ਪ੍ਰਚਾਰ ਵਿਚ ਆਉਣ ਦਾ ਸੱਦਾ ਦੇਣ ਤੋਂ ਪਹਿਲਾਂ, ਇਹ ਚੰਗਾ ਹੋਵੇਗਾ ਕਿ ਦੋ ਬਜ਼ੁਰਗ ਉਸ ਵਿਅਕਤੀ ਨੂੰ ਜਾ ਕੇ ਮਿਲਣ ਅਤੇ ਦੇਖਣ ਕਿ ਕੀ ਉਹ ਰਾਜ ਪ੍ਰਕਾਸ਼ਕ ਬਣਨ ਦੇ ਯੋਗ ਹੈ ਜਾਂ ਨਹੀਂ। ਅਜਿਹੇ ਵਿਅਕਤੀ ਲਈ ਬਜ਼ੁਰਗ ਉਹੀ ਤਰੀਕਾ ਅਪਣਾਉਣਗੇ ਜੋ ਉਹ ਖ਼ੁਸ਼ ਖ਼ਬਰੀ ਦੇ ਨਵੇਂ ਪ੍ਰਚਾਰਕਾਂ ਲਈ ਵਰਤਦੇ ਹਨ। (15 ਨਵੰਬਰ 1988 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦਾ ਸਫ਼ਾ 17 ਦੇਖੋ।) ਗ਼ੈਰ-ਸਰਗਰਮ ਵਿਅਕਤੀ ਦੀ ਇਹ ਦਿਲੀ ਇੱਛਾ ਹੋਣੀ ਚਾਹੀਦੀ ਹੈ ਕਿ ਉਹ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਏ। ਉਸ ਨੂੰ ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 98-9 ਤੇ ਦਿੱਤੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਸਭਾਵਾਂ ਵਿਚ ਲਗਾਤਾਰ ਆਉਣਾ ਚਾਹੀਦਾ ਹੈ।
ਇੰਜ, ਲਗਾਤਾਰ ਅਧਿਆਤਮਿਕ ਕੰਮਾਂ ਵਿਚ ਹਿੱਸਾ ਲੈਣ ਨਾਲ ਕਲੀਸਿਯਾ ਵਿਚ ਵਾਪਸ ਆਇਆ ਵਿਅਕਤੀ ਨਾ ਸਿਰਫ਼ ਯਹੋਵਾਹ ਨਾਲ ਆਪਣਾ ਬਹੁਮੁੱਲਾ ਰਿਸ਼ਤਾ ਗੂੜ੍ਹਾ ਕਰ ਸਕੇਗਾ, ਸਗੋਂ ਸਦੀਪਕ ਜ਼ਿੰਦਗੀ ਦੇ ਰਾਹ ਤੇ ਵੀ ਚੱਲਦਾ ਰਹਿ ਸਕੇਗਾ। (ਮੱਤੀ 7:14; ਇਬ. 10:23-25) ਨਾਲੇ ਜੇ ਉਹ ਆਪਣੇ ਵੱਲੋਂ “ਵੱਡਾ ਜਤਨ” ਕਰੇ ਅਤੇ ਆਪਣੇ ਵਿਚ ਮਸੀਹੀ ਗੁਣ ਪੈਦਾ ਕਰੇ, ਤਾਂ ਉਹ ਇਕ ਮਸੀਹੀ ਚੇਲਾ ਹੋਣ ਦੇ ਨਾਤੇ ਅੱਗੋਂ ਤੋਂ ਕਦੇ ਵੀ ‘ਆਲਸੀ ਅਤੇ ਨਿਸਫਲ’ ਨਹੀਂ ਹੋਵੇਗਾ।—2 ਪਤ. 1:5-8.