ਯਹੋਵਾਹ ਦੇ ਨੇੜੇ ਰਹੋ ਕਿਤਾਬ ਦੇ ਅਧਿਐਨ ਤੋਂ ਫ਼ਾਇਦਾ ਲਓ
1 “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਵਿਚ ਯਹੋਵਾਹ ਦੇ ਨੇੜੇ ਰਹੋ ਕਿਤਾਬ ਹਾਸਲ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ ਸੀ। ਬਹੁਤ ਸਾਰੇ ਭੈਣ-ਭਰਾਵਾਂ ਨੇ ਛੇਤੀ ਹੀ ਇਹ ਕਿਤਾਬ ਪੜ੍ਹ ਲਈ ਸੀ। ਕਈਆਂ ਨੂੰ ਸਾਲ 2003 ਦੇ ਵਰ੍ਹਾ-ਪਾਠ ਤੋਂ ਇਹ ਕਿਤਾਬ ਪੜ੍ਹਨ ਦੀ ਹੱਲਾ-ਸ਼ੇਰੀ ਮਿਲੀ ਜੋ ਕਹਿੰਦਾ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.
2 ਮਾਰਚ ਵਿਚ ਅਸੀਂ ਕਲੀਸਿਯਾ ਪੁਸਤਕ ਅਧਿਐਨ ਵਿਚ ਯਹੋਵਾਹ ਦੇ ਨੇੜੇ ਰਹੋ ਕਿਤਾਬ ਦਾ ਅਧਿਐਨ ਸ਼ੁਰੂ ਕਰਾਂਗੇ। ਅਸੀਂ ਇਸ ਕਿਤਾਬ ਦੇ ਅਧਿਐਨ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਚੰਗੀ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਹਰ ਹਫ਼ਤੇ ਅਧਿਐਨ ਵਿਚ ਥੋੜ੍ਹੇ-ਥੋੜ੍ਹੇ ਪੈਰੇ ਪੜ੍ਹੇ ਜਾਣਗੇ ਅਤੇ ਇਕ ਅਧਿਆਇ ਨੂੰ ਦੋ ਹਫ਼ਤਿਆਂ ਵਿਚ ਪੂਰਾ ਕੀਤਾ ਜਾਵੇਗਾ। ਇਸ ਨਾਲ ਤੁਹਾਨੂੰ ਖੁੱਲ੍ਹ ਕੇ ਜਵਾਬ ਦੇਣ ਲਈ ਕਾਫ਼ੀ ਸਮਾਂ ਮਿਲੇਗਾ ਜੋ ਤੁਸੀਂ ਸਾਮੱਗਰੀ ਦਾ ਅਧਿਐਨ ਅਤੇ ਮਨਨ ਕਰ ਕੇ ਤਿਆਰ ਕੀਤੇ ਹੋਣਗੇ। ਇਸ ਤੋਂ ਇਲਾਵਾ, ਜਿਨ੍ਹਾਂ ਹਫ਼ਤਿਆਂ ਵਿਚ ਅਧਿਆਇ ਦਾ ਆਖ਼ਰੀ ਹਿੱਸਾ ਪੜ੍ਹਿਆ ਜਾਵੇਗਾ, ਉਨ੍ਹਾਂ ਹਫ਼ਤਿਆਂ ਲਈ ਘੱਟ ਪੈਰੇ ਹੋਣਗੇ ਤਾਂਕਿ ਅਧਿਆਇ ਦੇ ਆਖ਼ਰ ਵਿਚ ਦਿੱਤੀ ਡੱਬੀ ਉੱਤੇ ਚਰਚਾ ਕਰਨ ਲਈ ਸਮਾਂ ਮਿਲੇ।
3 ਪਹਿਲੇ ਅਧਿਆਇ ਤੋਂ ਛੁੱਟ ਬਾਕੀ ਸਾਰੇ ਅਧਿਆਵਾਂ ਵਿਚ “ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ” ਨਾਮਕ ਡੱਬੀ ਦਿੱਤੀ ਗਈ ਹੈ। ਅਧਿਆਇ ਦੇ ਆਖ਼ਰੀ ਪੈਰੇ ਤੇ ਚਰਚਾ ਕਰਨ ਤੋਂ ਬਾਅਦ, ਪੁਸਤਕ ਅਧਿਐਨ ਨਿਗਾਹਬਾਨ ਗਰੁੱਪ ਨਾਲ ਇਸ ਡੱਬੀ ਤੇ ਚਰਚਾ ਕਰੇਗਾ। ਉਹ ਭੈਣ-ਭਰਾਵਾਂ ਨੂੰ ਡੱਬੀ ਵਿਚ ਦਿੱਤੀਆਂ ਆਇਤਾਂ ਬਾਰੇ ਆਪਣੇ ਵਿਚਾਰ ਦੱਸਣ ਦਾ ਉਤਸ਼ਾਹ ਦੇਵੇਗਾ। (ਕਹਾ. 20:5) ਡੱਬੀ ਵਿਚ ਦਿੱਤੇ ਸਵਾਲ ਪੁੱਛਣ ਤੋਂ ਇਲਾਵਾ, ਉਹ ਵਿਚ-ਵਿਚ ਇਸ ਤਰ੍ਹਾਂ ਦੇ ਸਵਾਲ ਵੀ ਪੁੱਛ ਸਕਦਾ ਹੈ: “ਇਸ ਜਾਣਕਾਰੀ ਤੋਂ ਤੁਹਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ? ਇਸ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ? ਤੁਸੀਂ ਇਸ ਜਾਣਕਾਰੀ ਨੂੰ ਦੂਜਿਆਂ ਦੀ ਮਦਦ ਕਰਨ ਲਈ ਕਿਵੇਂ ਵਰਤ ਸਕਦੇ ਹੋ?” ਵਾਧੂ ਸਵਾਲ ਪੁੱਛਣ ਦਾ ਟੀਚਾ ਭੈਣ-ਭਰਾਵਾਂ ਨੂੰ ਪਰਖਣਾ ਨਹੀਂ ਹੈ, ਸਗੋਂ ਇਸ ਨਾਲ ਉਨ੍ਹਾਂ ਨੂੰ ਖੁੱਲ੍ਹ ਕੇ ਦਿਲੋਂ ਜਵਾਬ ਦੇਣ ਦਾ ਮੌਕਾ ਮਿਲੇਗਾ।
4 ਯਹੋਵਾਹ ਦੇ ਨੇੜੇ ਰਹੋ ਕਿਤਾਬ ਦੂਜੇ ਪ੍ਰਕਾਸ਼ਨਾਂ ਤੋਂ ਬਿਲਕੁਲ ਵੱਖਰੀ ਹੈ। ਹਾਲਾਂਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਗਏ ਸਾਰੇ ਪ੍ਰਕਾਸ਼ਨ ਯਹੋਵਾਹ ਦੀ ਮਹਿਮਾ ਕਰਦੇ ਹਨ, ਪਰ ਇਸ ਪੂਰੀ ਕਿਤਾਬ ਵਿਚ ਸ਼ੁਰੂ ਤੋਂ ਲੈ ਕੇ ਅੰਤ ਤਕ ਯਹੋਵਾਹ ਦੇ ਗੁਣਾਂ ਉੱਤੇ ਹੀ ਚਰਚਾ ਕੀਤੀ ਗਈ ਹੈ। (ਮੱਤੀ 24:45-47) ਇਸ ਕਿਤਾਬ ਦਾ ਅਧਿਐਨ ਕਰਨ ਦਾ ਸਾਡੇ ਕੋਲ ਕਿੰਨਾ ਵਧੀਆ ਮੌਕਾ ਹੈ! ਯਹੋਵਾਹ ਦੀ ਸ਼ਖ਼ਸੀਅਤ ਬਾਰੇ ਡੂੰਘਾ ਗਿਆਨ ਲੈਣ ਨਾਲ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਇਸ ਕਿਤਾਬ ਦਾ ਅਧਿਐਨ ਕਰਨ ਨਾਲ ਅਸੀਂ ਆਪਣੇ ਸਵਰਗੀ ਪਿਤਾ ਦੇ ਹੋਰ ਨੇੜੇ ਜਾਵਾਂਗੇ ਅਤੇ ਇਸ ਤਰ੍ਹਾਂ ਕਰਨ ਵਿਚ ਦੂਜਿਆਂ ਦੀ ਵੀ ਮਦਦ ਕਰ ਸਕਾਂਗੇ।