ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਦਾ ਅਧਿਐਨ ਕਰਨਾ
ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਕਿਤਾਬ ਉਨ੍ਹਾਂ ਨਵੇਂ ਲੋਕਾਂ ਨੂੰ ਅਧਿਐਨ ਕਰਾਉਣ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੇ ਗਿਆਨ ਕਿਤਾਬ ਖ਼ਤਮ ਕਰ ਲਈ ਹੈ। ਕਲੀਸਿਯਾ ਪੁਸਤਕ ਅਧਿਐਨ ਵਿਚ ਇਸ ਕਿਤਾਬ ਉੱਤੇ ਚਰਚਾ ਕਰਨ ਨਾਲ ਅਸੀਂ ਇਹ ਕਿਤਾਬ ਸੇਵਕਾਈ ਵਿਚ ਵਰਤਣ ਲਈ ਤਿਆਰ ਹੋਵਾਂਗੇ ਅਤੇ ਯਹੋਵਾਹ ਤੇ ਉਸ ਦੇ ਸੰਗਠਨ ਲਈ ਸਾਡਾ ਪਿਆਰ ਤੇ ਕਦਰ ਵਧੇਗੀ। ਅਸੀਂ ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਦੇ ਅਧਿਐਨ ਤੋਂ ਪੂਰਾ-ਪੂਰਾ ਲਾਭ ਕਿਵੇਂ ਲੈ ਸਕਦੇ ਹਾਂ?
ਅਧਿਐਨ ਕਰਾਉਣਾ: ਅਸੀਂ ਹਰ ਹਫ਼ਤੇ ਇਕ ਪੂਰਾ ਅਧਿਆਇ ਪੜ੍ਹਾਂਗੇ, ਇਸ ਲਈ ਪੁਸਤਕ ਅਧਿਐਨ ਨਿਗਾਹਬਾਨਾਂ ਨੂੰ ਅਧਿਆਇ ਦੇ ਹਰ ਭਾਗ ਲਈ ਸਮਾਂ ਨਿਰਧਾਰਿਤ ਕਰਨ ਦੀ ਲੋੜ ਪਵੇਗੀ। ਸ਼ੁਰੂਆਤੀ ਪੈਰੇ ਪੜ੍ਹਨ ਦੌਰਾਨ ਉਹ ਅਧਿਐਨ ਦੀ ਰਫ਼ਤਾਰ ਤੇਜ਼ ਰੱਖ ਸਕਦੇ ਹਨ ਤਾਂਕਿ ਅਧਿਆਇ ਦੀਆਂ ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਜ਼ਿਆਦਾ ਸਮਾਂ ਦਿੱਤਾ ਜਾ ਸਕੇ ਜੋ ਆਮ ਕਰਕੇ ਬਾਅਦ ਦੇ ਪੈਰਿਆਂ ਵਿਚ ਆਉਂਦੀਆਂ ਹਨ। ਹਰ ਅਧਿਐਨ ਦੇ ਅੰਤ ਵਿਚ ਪੁਨਰ-ਵਿਚਾਰ ਲਈ ਦਿੱਤੀ ਡੱਬੀ ਦੀ ਸੰਖੇਪ ਵਿਚ ਚਰਚਾ ਕਰਨ ਨਾਲ ਹਾਜ਼ਰ ਭੈਣ-ਭਰਾਵਾਂ ਨੂੰ ਮੁੱਖ ਗੱਲਾਂ ਯਾਦ ਰੱਖਣ ਵਿਚ ਮਦਦ ਮਿਲੇਗੀ।
ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਦੇ ਤਕਰੀਬਨ ਅੱਧੇ ਅਧਿਆਵਾਂ ਵਿਚ ਮਨਨ ਅਤੇ ਚਰਚਾ ਕਰਨ ਲਈ ਸਵਾਲ ਦਿੱਤੇ ਗਏ ਹਨ। ਇਸ ਦੀ ਇਕ ਉਦਾਹਰਣ ਸਫ਼ੇ 48-9 ਤੇ ਦੇਖੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਪੈਰਿਆਂ ਦੇ ਨਾਲ-ਨਾਲ ਇਨ੍ਹਾਂ ਸਵਾਲਾਂ ਨੂੰ ਵੀ ਪੜ੍ਹਿਆ ਜਾਵੇ। ਜੇ ਸਮਾਂ ਹੈ, ਤਾਂ ਗਰੁੱਪ ਨਾਲ ਇਨ੍ਹਾਂ ਸਵਾਲਾਂ ਤੇ ਚਰਚੇ ਕਰਦੇ ਸਮੇਂ, ਨਿਗਾਹਬਾਨ ਨੂੰ ਦਿੱਤੇ ਗਏ ਹਵਾਲਿਆਂ ਨੂੰ ਪੜ੍ਹਨਾ ਅਤੇ ਚਰਚਾ ਕਰਨੀ ਚਾਹੀਦੀ ਹੈ।
ਪਹਿਲਾਂ ਤੋਂ ਤਿਆਰੀ: ਸਟੱਡੀ ਦੀ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਸਿਰਫ਼ ਜਵਾਬਾਂ ਥੱਲੇ ਨਿਸ਼ਾਨ ਲਾਉਣੇ ਹੀ ਕਾਫ਼ੀ ਨਹੀਂ ਹਨ। ਅਧਿਆਇ ਵਿਚ ਦਿੱਤੇ ਗਏ ਹਵਾਲਿਆਂ ਉੱਤੇ ਦਿਲੋਂ ਮਨਨ ਕਰਨ ਨਾਲ ਨਾ ਸਿਰਫ਼ ਅਸੀਂ ਟਿੱਪਣੀਆਂ ਤਿਆਰ ਕਰ ਸਕਾਂਗੇ, ਸਗੋਂ ਸਾਡੇ ਮਨ ਵੀ ਤਿਆਰ ਹੋਣਗੇ। (ਅਜ਼. 7:10) ਆਪਾਂ ਸਾਰੇ ਹੀ ਦਿਲੋਂ ਸੰਖੇਪ ਟਿੱਪਣੀਆਂ ਦੇ ਕੇ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰ ਸਕਦੇ ਹਾਂ।—ਰੋਮੀ. 1:11, 12.
ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਦਾ ਅਧਿਐਨ ਕਰਨ ਨਾਲ ਸਾਨੂੰ ਯਹੋਵਾਹ ਦੇ ਨੇੜੇ ਜਾਣ ਵਿਚ ਮਦਦ ਮਿਲੇਗੀ ਅਤੇ ਅਸੀਂ ਨੇਕਦਿਲ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੋਵਾਂਗੇ ਤਾਂਕਿ ਉਹ ਵੀ ਸਾਡੇ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰ ਸਕਣ। (ਜ਼ਬੂ. 95:6; ਯਾਕੂ. 4:8) ਆਓ ਆਪਾਂ ਸਾਰੇ ਇਸ ਵਧੀਆ ਅਧਿਆਤਮਿਕ ਪ੍ਰਬੰਧ ਤੋਂ ਪੂਰਾ-ਪੂਰਾ ਫ਼ਾਇਦਾ ਲਈਏ।