ਪਾਇਨੀਅਰਾਂ ਵਰਗਾ ਜੋਸ਼ ਦਿਖਾਓ
1. ਪਾਇਨੀਅਰਾਂ ਵਰਗਾ ਜੋਸ਼ ਦਿਖਾਉਣ ਦਾ ਕੀ ਮਤਲਬ ਹੈ?
1 ਭਾਵੇਂ ਸਾਰੇ ਪ੍ਰਕਾਸ਼ਕ ਪਾਇਨੀਅਰੀ ਨਹੀਂ ਕਰ ਸਕਦੇ, ਪਰ ਉਹ ਪਾਇਨੀਅਰਾਂ ਵਰਗਾ ਜੋਸ਼ ਜ਼ਰੂਰ ਦਿਖਾ ਸਕਦੇ ਹਨ। ਉਹ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਹੁਕਮ ਮੰਨਣ ਦੀ ਗਹਿਰੀ ਇੱਛਾ ਰੱਖਦੇ ਹਨ। (ਮੱਤੀ 28:19, 20; ਰਸੂ. 18:5) ਉਹ ਲੋਕਾਂ ਦੀ ਪਰਵਾਹ ਕਰਦੇ ਹਨ ਅਤੇ ਆਪਣੀ ਸੇਵਕਾਈ ਪੂਰੀ ਕਰਨ ਲਈ ਕਈ ਕੁਰਬਾਨੀਆਂ ਕਰਦੇ ਹਨ। (ਮੱਤੀ 9:36; ਰਸੂ. 20:24) ਦੂਸਰਿਆਂ ਨੂੰ ਸੱਚਾਈ ਸਿਖਾਉਣ ਲਈ ਯਹੋਵਾਹ ਦੇ ਸੇਵਕ ਕੁਝ ਵੀ ਕਰਨ ਲਈ ਤਿਆਰ ਹਨ। (1 ਕੁਰਿੰ. 9:19-23) ਆਓ ਆਪਾਂ ਫਿਲਿੱਪੁਸ ਨਾਂ ਦੇ ਪਹਿਲੀ ਸਦੀ ਦੇ ਪ੍ਰਚਾਰਕ ਦੀ ਮਿਸਾਲ ਤੇ ਗੌਰ ਕਰੀਏ ਜਿਸ ਨੇ ਪੂਰੇ ਜੋਸ਼ ਨਾਲ ਪ੍ਰਚਾਰ ਕੀਤਾ।
2. ਬਜ਼ੁਰਗ ਤੇ ਸਹਾਇਕ ਸੇਵਕ ਪ੍ਰਚਾਰ ਵਿਚ ਫਿਲਿੱਪੁਸ ਦੀ ਨਕਲ ਕਿਵੇਂ ਕਰ ਸਕਦੇ ਹਨ?
2 ਪ੍ਰਚਾਰ ਕਰਨਾ ਅਤੇ ਸਿਖਾਉਣਾ: ਫਿਲਿੱਪੁਸ ਕੋਲ ਕਲੀਸਿਯਾ ਵਿਚ ਕਾਫ਼ੀ ਵੱਡੀਆਂ ਜ਼ਿੰਮੇਵਾਰੀਆਂ ਸਨ। (ਰਸੂ. 6:1-6) ਪਰ ਉਹ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਾ ਸੀ। (ਰਸੂ. 8:40) ਇਸ ਲਈ ਅੱਜ ਬਜ਼ੁਰਗ ਤੇ ਸਹਾਇਕ ਸੇਵਕ ਕਲੀਸਿਯਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਨਾਲ-ਨਾਲ ਪ੍ਰਚਾਰ ਵਿਚ ਅਗਵਾਈ ਕਰ ਕੇ ਪਾਇਨੀਅਰਾਂ ਵਰਗਾ ਜੋਸ਼ ਦਿਖਾ ਸਕਦੇ ਹਨ। ਇਸ ਨਾਲ ਕਲੀਸਿਯਾ ਨੂੰ ਪੂਰੇ ਜੋਸ਼ ਨਾਲ ਪ੍ਰਚਾਰ ਕਰਨ ਦਾ ਹੌਸਲਾ ਮਿਲਦਾ ਹੈ।—ਰੋਮੀ. 12:11.
3. ਮੁਸ਼ਕਲ ਸਮਿਆਂ ਵਿਚ ਅਸੀਂ ਪਾਇਨੀਅਰਾਂ ਵਰਗਾ ਜੋਸ਼ ਕਿਵੇਂ ਦਿਖਾ ਸਕਦੇ ਹਾਂ?
3 ਇਸਤੀਫ਼ਾਨ ਦੀ ਮੌਤ ਤੋਂ ਬਾਅਦ ਮਸੀਹੀਆਂ ਉੱਤੇ ਬਹੁਤ ਅਤਿਆਚਾਰ ਹੋਣ ਲੱਗੇ ਜਿਸ ਕਰਕੇ ਉਹ ਖਿੱਲਰ-ਪੁੱਲਰ ਗਏ। ਪਰ ਫਿਲਿੱਪੁਸ ਪ੍ਰਚਾਰ ਕਰਦਾ ਰਿਹਾ ਅਤੇ ਉਸ ਨੇ ਸਾਮਰੀ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਵਿਚ ਅਹਿਮ ਭੂਮਿਕਾ ਨਿਭਾਈ। (ਰਸੂ. 8:1, 4-6, 12, 14-17) ਅਸੀਂ ਵੀ ਮੁਸ਼ਕਲ ਸਮਿਆਂ ਵਿਚ ਲਗਾਤਾਰ ਪ੍ਰਚਾਰ ਕਰ ਕੇ ਅਤੇ ਹਰ ਮੌਕੇ ਤੇ ਸਾਰਿਆਂ ਨੂੰ ਗਵਾਹੀ ਦੇ ਕੇ ਉਸ ਦੀ ਮਿਸਾਲ ਦੀ ਰੀਸ ਕਰ ਸਕਦੇ ਹਾਂ।—ਯੂਹੰ. 4:9.
4. ਇਕ ਸਿੱਖਿਅਕ ਦੇ ਤੌਰ ਤੇ ਫਿਲਿੱਪੁਸ ਨੇ ਕਿਹੜੀ ਉਦਾਹਰਣ ਸਾਡੇ ਸਾਮ੍ਹਣੇ ਰੱਖੀ?
4 ਫਿਲਿੱਪੁਸ ਪਰਮੇਸ਼ੁਰ ਦਾ ਬਚਨ ਸਿਖਾਉਣ ਵਿਚ ਕਿੰਨਾ ਮਾਹਰ ਸੀ, ਇਹ ਗੱਲ ਇਥੋਪੀਆਈ ਖੋਜੇ ਦੇ ਮਸੀਹੀ ਬਣਨ ਦੇ ਬਿਰਤਾਂਤ ਤੋਂ ਪਤਾ ਲੱਗਦੀ ਹੈ। (ਰਸੂ. 8:26-38) ਬਾਈਬਲ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਸਿੱਖਣ ਅਤੇ “ਲਿਖਤਾਂ ਵਿੱਚੋਂ” ਤਰਕ ਕਰਨਾ ਸਿੱਖਣ ਨਾਲ ਵੀ ਅਸੀਂ ਪਾਇਨੀਅਰਾਂ ਵਰਗਾ ਜੋਸ਼ ਦਿਖਾ ਸਕਦੇ ਹਾਂ। (ਰਸੂ. 17:2, 3) ਫਿਲਿੱਪੁਸ ਵਾਂਗ ਅਸੀਂ ਵੀ ਹਰ ਢੁਕਵੇਂ ਮੌਕੇ ਤੇ ਹਰ ਜਗ੍ਹਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ।
5. ਆਪਣੇ ਬੱਚਿਆਂ ਵਿਚ ਪਾਇਨੀਅਰਾਂ ਵਰਗਾ ਜੋਸ਼ ਪੈਦਾ ਕਰਨ ਵਿਚ ਕਿਹੜੀ ਚੀਜ਼ ਮਾਪਿਆਂ ਦੀ ਮਦਦ ਕਰ ਸਕਦੀ ਹੈ?
5 ਪਰਿਵਾਰ ਅਤੇ ਕਲੀਸਿਯਾ: ਫਿਲਿੱਪੁਸ ਦੇ ਰਵੱਈਏ ਅਤੇ ਮਿਸਾਲ ਦਾ ਉਸ ਦੀਆਂ ਧੀਆਂ ਉੱਤੇ ਚੰਗਾ ਅਸਰ ਪਿਆ। (ਰਸੂ. 21:9) ਇਸੇ ਤਰ੍ਹਾਂ, ਜਿਹੜੇ ਮਸੀਹੀ ਮਾਪੇ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ, ਉਹ ਆਪਣੇ ਬੱਚਿਆਂ ਨੂੰ ਵੀ ਇਹੋ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। ਪੂਰਾ ਹਫ਼ਤਾ ਕੰਮ ਕਰ ਕੇ ਥੱਕੇ ਹੋਣ ਦੇ ਬਾਵਜੂਦ ਮਾਤਾ-ਪਿਤਾ ਦੂਸਰਿਆਂ ਨੂੰ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰ ਕੇ ਆਪਣੇ ਬੱਚਿਆਂ ਦੇ ਦਿਲਾਂ ਉੱਤੇ ਡੂੰਘਾ ਅਸਰ ਪਾ ਸਕਦੇ ਹਨ।—ਕਹਾ. 22:6.
6. ਅਸੀਂ ਆਪਣੀ ਕਲੀਸਿਯਾ ਦੇ ਪਾਇਨੀਅਰਾਂ ਦੀ ਕਿਵੇਂ ਕਦਰ ਕਰ ਸਕਦੇ ਹਾਂ?
6 ਫਿਲਿੱਪੁਸ ਨੇ ਯਹੋਵਾਹ ਦੇ ਜੋਸ਼ੀਲੇ ਸੇਵਕਾਂ ਪੌਲੁਸ ਅਤੇ ਲੂਕਾ ਦੀ ਪਰਾਹੁਣਚਾਰੀ ਕੀਤੀ। (ਰਸੂ. 21:8, 10) ਅੱਜ ਅਸੀਂ ਜੋਸ਼ੀਲੇ ਮਸੀਹੀਆਂ ਦੀ ਕਿਵੇਂ ਕਦਰ ਕਰ ਸਕਦੇ ਹਾਂ ਅਤੇ ਪ੍ਰਚਾਰ ਵਿਚ ਉਨ੍ਹਾਂ ਦਾ ਸਾਥ ਦੇ ਸਕਦੇ ਹਾਂ? ਜਿਸ ਦਿਨ ਜ਼ਿਆਦਾ ਪ੍ਰਕਾਸ਼ਕ ਸੇਵਕਾਈ ਵਿਚ ਨਹੀਂ ਆਉਂਦੇ, ਉਸ ਦਿਨ ਅਸੀਂ ਪਾਇਨੀਅਰਾਂ ਨਾਲ ਸਵੇਰ ਨੂੰ ਜਾਂ ਸ਼ਾਮ ਨੂੰ ਕੰਮ ਕਰ ਸਕਦੇ ਹਾਂ। (ਫ਼ਿਲਿ. 2:4) ਅਸੀਂ ਉਨ੍ਹਾਂ ਨੂੰ ਆਪਣੇ ਘਰ ਬੁਲਾ ਸਕਦੇ ਹਾਂ। ਜਦੋਂ ਵੀ ਸਾਡੇ ਹਾਲਾਤ ਇਜਾਜ਼ਤ ਦੇਣ, ਆਓ ਆਪਾਂ ਪਾਇਨੀਅਰਾਂ ਵਰਗਾ ਜੋਸ਼ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰੀਏ।