ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 7/15 ਸਫ਼ੇ 24-25
  • ਫ਼ਿਲਿੱਪੁਸ—ਇਕ ਜੋਸ਼ੀਲਾ ਪ੍ਰਚਾਰਕ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਫ਼ਿਲਿੱਪੁਸ—ਇਕ ਜੋਸ਼ੀਲਾ ਪ੍ਰਚਾਰਕ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਨਵੇਂ ਖੇਤਰਾਂ ਵਿਚ ਪ੍ਰਚਾਰ ਸ਼ੁਰੂ ਕਰਨਾ
  • ਫ਼ਿਲਿੱਪੁਸ ਦੇ ਹੋਰ ਸਨਮਾਨ
  • ‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਣੀ
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਪਾਇਨੀਅਰਾਂ ਵਰਗਾ ਜੋਸ਼ ਦਿਖਾਓ
    ਸਾਡੀ ਰਾਜ ਸੇਵਕਾਈ—2004
  • ਆਮ ਗੱਲਬਾਤ ਦੇ ਲਹਿਜੇ ਵਿਚ ਬੋਲੋ
    ਪਿਆਰ ਦਿਖਾਓ​—ਚੇਲੇ ਬਣਾਓ
  • ਬਾਈਬਲ ਨੂੰ ਸਮਝਣ ਲਈ ਮਦਦ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 7/15 ਸਫ਼ੇ 24-25

ਫ਼ਿਲਿੱਪੁਸ—ਇਕ ਜੋਸ਼ੀਲਾ ਪ੍ਰਚਾਰਕ

ਬਾਈਬਲ ਵਿਚ ਅਜਿਹਿਆਂ ਆਦਮੀਆਂ ਅਤੇ ਔਰਤਾਂ ਦੇ ਕਈ ਬਿਰਤਾਂਤ ਹਨ ਜਿਨ੍ਹਾਂ ਦੀ ਨਿਹਚਾ ਰੀਸ ਕਰਨ ਯੋਗ ਹੈ। ਪਹਿਲੀ ਸਦੀ ਦੇ ਮਸੀਹੀ ਮਿਸ਼ਨਰੀ ਫ਼ਿਲਿੱਪੁਸ ਵੱਲ ਧਿਆਨ ਦਿਓ। ਉਹ ਇਕ ਰਸੂਲ ਤਾਂ ਨਹੀਂ ਸੀ, ਪਰ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰਨ ਵਿਚ ਉਹ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਗਿਆ ਸੀ। ਦਰਅਸਲ, ਉਹ “ਇੰਜੀਲ ਦੇ ਪਰਚਾਰਕ” ਵਜੋਂ ਜਾਣਿਆ ਜਾਂਦਾ ਸੀ। (ਰਸੂਲਾਂ ਦੇ ਕਰਤੱਬ 21:8) ਫ਼ਿਲਿੱਪੁਸ ਨੂੰ ਇਸ ਤਰ੍ਹਾਂ ਕਿਉਂ ਸੱਦਿਆ ਗਿਆ ਸੀ? ਅਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?

ਬਾਈਬਲੀ ਰਿਕਾਰਡ ਵਿਚ ਫ਼ਿਲਿੱਪੁਸ ਦਾ ਜ਼ਿਕਰ ਪੰਤੇਕੁਸਤ 33 ਸਾ.ਯੁ. ਤੋਂ ਥੋੜ੍ਹੀ ਦੇਰ ਬਾਅਦ ਹੁੰਦਾ ਹੈ। ਉਸ ਸਮੇਂ ਤੇ ਯੂਨਾਨੀ-ਯਹੂਦੀਆਂ ਨੇ ਇਬਰਾਨੀਆਂ ਬਾਰੇ ਬੁੜਬੁੜਾਉਣਾ ਸ਼ੁਰੂ ਕੀਤਾ, ਇਹ ਦਾਅਵਾ ਕਰਦੇ ਹੋਏ ਕਿ ਉਹ ਦਿਨ-ਦਿਨ ਦੀ ਭੋਜਨ ਵੰਡਾਈ ਵਿਚ ਉਨ੍ਹਾਂ ਦੀਆਂ ਵਿਧਵਾਵਾਂ ਦੀ ਸੁਧ ਨਹੀਂ ਲੈਂਦੇ ਸਨ। ਇਸ ਮਾਮਲੇ ਨੂੰ ਸੁਧਾਰਨ ਲਈ, ਰਸੂਲਾਂ ਨੇ “ਸੱਤ ਨੇਕ ਨਾਮ ਆਦਮੀਆਂ” ਨੂੰ ਨਿਯੁਕਤ ਕੀਤਾ। ਉਨ੍ਹਾਂ ਚੁਣਿਆਂ ਹੋਇਆਂ ਵਿਚਕਾਰ ਫ਼ਿਲਿੱਪੁਸ ਵੀ ਸੀ।—ਰਸੂਲਾਂ ਦੇ ਕਰਤੱਬ 6:1-6.

ਇਹ ਸੱਤ ਮਨੁੱਖ “ਨੇਕ ਨਾਮ” ਵਾਲੇ ਸਨ। ਜੇਮਜ਼ ਮੌਫ਼ਟ ਦਾ ਤਰਜਮਾ ਵੀ ਇਸੇ ਤਰ੍ਹਾਂ ਕਹਿੰਦਾ ਹੈ। ਜੀ ਹਾਂ, ਉਨ੍ਹਾਂ ਦੀ ਨਿਯੁਕਤੀ ਦੇ ਸਮੇਂ ਉਹ ਧਰਮੀ ਮਨੁੱਖਾਂ ਵਜੋਂ ਜਾਣੇ ਜਾਂਦੇ ਸਨ ਜੋ ਕਿ ਵਿਵਹਾਰਕ ਮਾਮਲਿਆਂ ਵਿਚ ਵੀ ਸਮਝਦਾਰ ਸਨ। ਇਹ ਉਨ੍ਹਾਂ ਬਾਰੇ ਵੀ ਸੱਚ ਹੈ ਜੋ ਅੱਜ ਮਸੀਹੀ ਨਿਗਾਹਬਾਨਾਂ ਵਜੋਂ ਕੰਮ ਕਰਦੇ ਹਨ। ਅਜਿਹੇ ਮਨੁੱਖ ਕਾਹਲੀ ਨਾਲ ਨਿਯੁਕਤ ਨਹੀਂ ਕੀਤੇ ਜਾਂਦੇ। (1 ਤਿਮੋਥਿਉਸ 5:22) ‘ਬਾਹਰ ਵਾਲਿਆਂ ਦੇ ਕੋਲੋਂ ਉਨ੍ਹਾਂ ਦੀ ਨੇਕਨਾਮੀ ਹੋਣੀ’ ਚਾਹੀਦੀ ਹੈ, ਅਤੇ ਸੰਗੀ ਮਸੀਹੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਸੀਲ ਸੁਭਾਅ ਅਤੇ ਸੁਰਤ ਵਾਲੇ ਹਨ।—1 ਤਿਮੋਥਿਉਸ 3:2, 3, 7; ਫ਼ਿਲਿੱਪੀਆਂ 4:5.

ਜ਼ਾਹਰ ਹੈ ਕਿ ਫ਼ਿਲਿੱਪਸ ਨੇ ਯਰੂਸ਼ਲਮ ਵਿਚ ਆਪਣੇ ਸੌਂਪੇ ਗਏ ਕੰਮ ਨੂੰ ਚੰਗੀ ਤਰ੍ਹਾਂ ਕੀਤਾ। ਲੇਕਿਨ, ਸਖ਼ਤ ਸਤਾਹਟ ਦੀ ਲਹਿਰ ਜਲਦੀ ਹੀ ਸ਼ੁਰੂ ਹੋ ਗਈ ਅਤੇ ਇਸ ਨੇ ਮਸੀਹ ਦੇ ਪੈਰੋਕਾਰਾਂ ਨੂੰ ਖਿੰਡਾ ਦਿੱਤਾ। ਦੂਸਰਿਆਂ ਵਾਂਗ ਫ਼ਿਲਿੱਪੁਸ ਵੀ ਸ਼ਹਿਰੋਂ ਚਲਾ ਗਿਆ, ਲੇਕਿਨ ਉਸ ਦੀ ਸੇਵਕਾਈ ਖ਼ਤਮ ਨਹੀਂ ਹੋਈ ਸੀ। ਥੋੜ੍ਹੀ ਦੇਰ ਵਿਚ, ਉਹ ਨਵੇਂ ਖੇਤਰ, ਸਾਮਰਿਯਾ, ਵਿਚ ਪ੍ਰਚਾਰ ਕਰਨ ਵਿਚ ਮਗਨ ਹੋ ਗਿਆ।—ਰਸੂਲਾਂ ਦੇ ਕਰਤੱਬ 8:1-5.

ਨਵੇਂ ਖੇਤਰਾਂ ਵਿਚ ਪ੍ਰਚਾਰ ਸ਼ੁਰੂ ਕਰਨਾ

ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਦੇ ਚੇਲੇ “ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ” ਪ੍ਰਚਾਰ ਕਰਨਗੇ। (ਰਸੂਲਾਂ ਦੇ ਕਰਤੱਬ 1:8) ਸਾਮਰਿਯਾ ਵਿਚ ਪ੍ਰਚਾਰ ਕਰ ਕੇ ਫ਼ਿਲਿੱਪੁਸ ਉਨ੍ਹਾਂ ਸ਼ਬਦਾਂ ਦੀ ਪੂਰਤੀ ਵਿਚ ਹਿੱਸਾ ਲੈ ਰਿਹਾ ਸੀ। ਆਮ ਤੌਰ ਤੇ, ਯਹੂਦੀ ਸਾਮਰੀਆਂ ਨੂੰ ਬਹੁਤ ਨੀਚ ਸਮਝਦੇ ਸਨ। ਲੇਕਿਨ ਫ਼ਿਲਿੱਪੁਸ ਨੇ ਇਨ੍ਹਾਂ ਲੋਕਾਂ ਬਾਰੇ ਪਹਿਲਾਂ ਹੀ ਰਾਇ ਨਹੀਂ ਬਣਾਈ ਸੀ ਅਤੇ ਉਸ ਦੀ ਨਿਰਪੱਖਤਾ ਕਾਰਨ ਉਸ ਨੂੰ ਬਰਕਤ ਮਿਲੀ। ਜੀ ਹਾਂ, ਕਈਆਂ ਸਾਮਰੀਆਂ ਨੇ ਬਪਤਿਸਮਾ ਲਿਆ, ਜਿਨ੍ਹਾਂ ਵਿਚ ਸ਼ਮਊਨ ਨਾਂ ਦਾ ਇਕ ਬੰਦਾ ਸੀ ਜੋ ਪਹਿਲਾਂ ਜਾਦੂਗਰ ਹੁੰਦਾ ਸੀ।—ਰਸੂਲਾਂ ਦੇ ਕਰਤੱਬ 8:6-13.

ਕੁਝ ਸਮੇਂ ਬਾਅਦ, ਯਹੋਵਾਹ ਦੇ ਦੂਤ ਨੇ ਫ਼ਿਲਿੱਪੁਸ ਨੂੰ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਣ ਵਾਲੇ ਉਜੜੇ ਰਸਤੇ ਤੇ ਜਾਣ ਲਈ ਕਿਹਾ। ਉੱਥੇ ਫ਼ਿਲਿੱਪੁਸ ਨੇ ਇਕ ਰਥ ਨੂੰ ਦੇਖਿਆ ਜਿਸ ਵਿਚ ਇਕ ਇਥੋਪੀਆਈ ਸਰਕਾਰੀ ਕਰਮਚਾਰੀ ਯਸਾਯਾਹ ਨਬੀ ਦੀ ਪੋਥੀ ਵਿੱਚੋਂ ਉੱਚੀ-ਉੱਚੀ ਪੜ੍ਹ ਰਿਹਾ ਸੀ। ਫ਼ਿਲਿੱਪੁਸ ਉਸ ਰਥ ਦੇ ਨਾਲ-ਨਾਲ ਦੌੜਨ ਲੱਗ ਪਿਆ ਅਤੇ ਉਸ ਨੇ ਗੱਲਬਾਤ ਸ਼ੁਰੂ ਕੀਤੀ। ਭਾਵੇਂ ਕਿ ਉਹ ਇਥੋਪੀਆਈ ਬੰਦਾ ਇਕ ਨਵਧਰਮੀ ਸੀ ਜਿਸ ਕੋਲ ਪਰਮੇਸ਼ੁਰ ਅਤੇ ਸ਼ਾਸਤਰ ਬਾਰੇ ਥੋੜ੍ਹਾ-ਬਹੁਤਾ ਗਿਆਨ ਸੀ, ਉਸ ਨੇ ਨਿਮਰਤਾ ਨਾਲ ਸਵੀਕਾਰ ਕੀਤਾ ਕਿ ਜਿਹੜੀਆਂ ਗੱਲਾਂ ਉਹ ਪੜ੍ਹ ਰਿਹਾ ਸੀ ਉਨ੍ਹਾਂ ਨੂੰ ਸਮਝਣ ਲਈ ਉਸ ਨੂੰ ਮਦਦ ਚਾਹੀਦੀ ਸੀ। ਇਸ ਲਈ, ਉਸ ਨੇ ਫ਼ਿਲਿੱਪੁਸ ਨੂੰ ਰਥ ਤੇ ਉਸ ਨਾਲ ਬੈਠਣ ਲਈ ਕਿਹਾ। ਗਵਾਹੀ ਦੇਣ ਤੋਂ ਬਾਅਦ ਉਹ ਪਾਣੀ ਕੋਲ ਪਹੁੰਚੇ। “ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” ਇਥੋਪੀਆਈ ਬੰਦੇ ਨੇ ਪੁੱਛਿਆ। ਫ਼ਿਲਿੱਪੁਸ ਨੇ ਫ਼ੌਰਨ ਉਸ ਨੂੰ ਬਪਤਿਸਮਾ ਦੇ ਦਿੱਤਾ ਅਤੇ ਉਹ ਬੰਦਾ ਆਨੰਦ ਨਾਲ ਆਪਣੇ ਰਾਹ ਚੱਲਿਆ ਗਿਆ। ਸੰਭਵ ਹੈ ਕਿ ਇਸ ਨਵੇਂ ਚੇਲੇ ਨੇ ਆਪਣੇ ਦੇਸ਼ ਵਿਚ ਜਾ ਕੇ ਖ਼ੁਸ਼ ਖ਼ਬਰੀ ਸੁਣਾਈ ਹੋਵੇਗੀ।—ਰਸੂਲਾਂ ਦੇ ਕਰਤੱਬ 8:26-39.

ਸਾਮਰੀਆਂ ਅਤੇ ਇਥੋਪੀਆਈ ਸਰਕਾਰੀ ਕਰਮਚਾਰੀ ਦੇ ਸੰਬੰਧ ਵਿਚ ਫ਼ਿਲਿੱਪੁਸ ਦੀ ਸੇਵਕਾਈ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸੇ ਕੌਮ ਜਾਂ ਨਸਲ ਦੇ ਲੋਕ, ਜਾਂ ਸਮਾਜ ਵਿਚ ਜਾਣੇ-ਪਛਾਣੇ ਲੋਕ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਨਹੀਂ ਲੈਣਗੇ। ਇਸ ਦੀ ਬਜਾਇ, ਸਾਨੂੰ ਰਾਜ ਦਾ ਸੰਦੇਸ਼ “ਸਭਨਾਂ” ਨੂੰ ਦੱਸਣਾ ਚਾਹੀਦਾ ਹੈ। (1 ਕੁਰਿੰਥੀਆਂ 9:19-23) ਜੇਕਰ ਅਸੀਂ ਸਾਰਿਆਂ ਨੂੰ ਪ੍ਰਚਾਰ ਕਰਨ ਲਈ ਤਿਆਰ ਹਾਂ, ਤਾਂ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤੋਂ ਪਹਿਲਾਂ-ਪਹਿਲਾਂ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦੇ ਕੰਮ ਵਿਚ ਯਹੋਵਾਹ ਸਾਨੂੰ ਵਰਤ ਸਕਦਾ ਹੈ।—ਮੱਤੀ 28:19, 20.

ਫ਼ਿਲਿੱਪੁਸ ਦੇ ਹੋਰ ਸਨਮਾਨ

ਇਥੋਪੀਆਈ ਬੰਦੇ ਨੂੰ ਪ੍ਰਚਾਰ ਕਰਨ ਤੋਂ ਬਾਅਦ, ਫ਼ਿਲਿੱਪੁਸ ਨੇ ਅਜ਼ੋਤੁਸ ਵਿਚ ਗਵਾਹੀ ਦਿੱਤੀ, “ਅਰ ਜਦ ਤੀਕੁਰ ਕੈਸਰਿਯਾ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ ਖਬਰੀ ਸੁਣਾਉਂਦਾ ਗਿਆ।” (ਰਸੂਲਾਂ ਦੇ ਕਰਤੱਬ 8:40) ਪਹਿਲੀ ਸਦੀ ਵਿਚ, ਇਨ੍ਹਾਂ ਦੋ ਸ਼ਹਿਰਾਂ ਵਿਚ ਕਾਫ਼ੀ ਗ਼ੈਰ-ਯਹੂਦੀ ਸਨ। ਉੱਤਰ ਨੂੰ ਕੈਸਰਿਯਾ ਵੱਲ ਜਾਂਦੇ ਹੋਏ, ਸੰਭਵ ਹੈ ਕਿ ਫ਼ਿਲਿੱਪੁਸ ਨੇ ਜ਼ਿਆਦਾ ਯਹੂਦੀ ਇਲਾਕਿਆਂ ਵਿਚ ਪ੍ਰਚਾਰ ਕੀਤਾ ਸੀ, ਜਿਵੇਂ ਕਿ ਲੁੱਦਾ ਅਤੇ ਯਾੱਪਾ। ਸ਼ਾਇਦ ਇਸੇ ਕਰਕੇ ਬਾਅਦ ਵਿਚ ਉਨ੍ਹਾਂ ਥਾਵਾਂ ਵਿਚ ਚੇਲੇ ਪਾਏ ਜਾ ਸਕਦੇ ਸਨ।—ਰਸੂਲਾਂ ਦੇ ਕਰਤੱਬ 9:32-43.

ਫ਼ਿਲਿੱਪੁਸ ਬਾਰੇ ਆਖ਼ਰੀ ਜ਼ਿਕਰ ਕੁਝ 20 ਸਾਲ ਬਾਅਦ ਹੁੰਦਾ ਹੈ। ਆਪਣੇ ਤੀਸਰੇ ਮਿਸ਼ਨਰੀ ਸਫ਼ਰ ਦੇ ਅੰਤ ਤੇ, ਪੌਲੁਸ ਤੁਲਮਾਇਸ ਵਿਚ ਰੁਕਿਆ। ‘ਫੇਰ ਅਗਲੇ ਭਲਕ ਅਸੀਂ ਤੁਰ ਕੇ ਕੈਸਰਿਯਾ ਵਿੱਚ ਆਏ ਅਤੇ ਫ਼ਿਲਿੱਪੁਸ ਇੰਜੀਲ ਦੇ ਪਰਚਾਰਕ ਦੇ ਘਰ ਗਏ’ ਪੌਲੁਸ ਦਾ ਹਮਸਫ਼ਰ ਲੂਕਾ ਕਹਿੰਦਾ ਹੈ। ਹੁਣ, ਫ਼ਿਲਿੱਪੁਸ ਦੀਆਂ “ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ।”—ਰਸੂਲਾਂ ਦੇ ਕਰਤੱਬ 21:8, 9.

ਜ਼ਾਹਰ ਹੈ ਕਿ ਫ਼ਿਲਿੱਪੁਸ ਕੈਸਰਿਯਾ ਵਿਚ ਹੀ ਟਿਕ ਗਿਆ ਸੀ। ਲੇਕਿਨ ਉਸ ਨੇ ਆਪਣੀ ਮਿਸ਼ਨਰੀ-ਸਮਾਨ ਮਨੋਬਿਰਤੀ ਨਹੀਂ ਗੁਆਈ ਸੀ, ਕਿਉਂਕਿ ਲੂਕਾ ਉਸ ਨੂੰ ‘ਇੰਜੀਲ ਦਾ ਪਰਚਾਰਕ’ ਸੱਦਦਾ ਹੈ। ਇਹ ਸ਼ਬਦ ਅਕਸਰ ਉਸ ਵਿਅਕਤੀ ਲਈ ਵਰਤੇ ਜਾਂਦੇ ਹਨ ਜੋ ਆਪਣਾ ਘਰ ਛੱਡ ਕੇ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਜਾਂਦਾ ਹੈ ਜਿੱਥੇ ਅੱਗੇ ਪ੍ਰਚਾਰ ਨਹੀਂ ਕੀਤਾ ਗਿਆ ਹੈ। ਇਹ ਗੱਲ ਕਿ ਫ਼ਿਲਿੱਪੁਸ ਦੀਆਂ ਚਾਰ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ ਇਹ ਸੰਕੇਤ ਕਰਦੀ ਹੈ ਕਿ ਉਹ ਆਪਣੇ ਜੋਸ਼ੀਲੇ ਪਿਤਾ ਦੀ ਰੀਸ ਕਰ ਰਹੀਆਂ ਸਨ।

ਵਰਤਮਾਨ-ਦਿਨ ਦੇ ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਭ ਤੋਂ ਮਹੱਤਵਪੂਰਣ ਚੇਲੇ ਉਨ੍ਹਾਂ ਦੇ ਬੱਚੇ ਹਨ। ਭਾਵੇਂ ਅਜਿਹੇ ਮਾਪਿਆਂ ਨੂੰ ਸ਼ਾਇਦ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਪਰਮੇਸ਼ੁਰ ਦੀ ਸੇਵਾ ਵਿਚ ਖ਼ਾਸ ਸਨਮਾਨ ਵੀ ਛੱਡਣੇ ਪਏ ਹਨ, ਫ਼ਿਲਿੱਪੁਸ ਵਾਂਗ ਉਹ ਪਰਮੇਸ਼ੁਰ ਦੇ ਸੱਚੇ ਸੇਵਕ ਅਤੇ ਮਿਸਾਲੀ ਮਾਪੇ ਬਣ ਸਕਦੇ ਹਨ।—ਅਫ਼ਸੀਆਂ 6:4.

ਪੌਲੁਸ ਅਤੇ ਉਸ ਦੇ ਸਾਥੀਆਂ ਦੀ ਮੁਲਾਕਾਤ ਨੇ ਫ਼ਿਲਿੱਪੁਸ ਦੇ ਪਰਿਵਾਰ ਨੂੰ ਪਰਾਹੁਣਚਾਰੀ ਦਿਖਾਉਣ ਦਾ ਇਕ ਵਧੀਆ ਮੌਕਾ ਦਿੱਤਾ। ਕਲਪਨਾ ਕਰੋ ਕਿ ਉਨ੍ਹਾਂ ਨੇ ਇਕ ਦੂਸਰੇ ਦਾ ਕਿੰਨਾ ਹੌਸਲਾ ਵਧਾਇਆ ਹੋਵੇਗਾ! ਹੋ ਸਕਦਾ ਹੈ ਕਿ ਲੂਕਾ ਨੇ ਇਸੇ ਸਮੇਂ ਤੇ ਫ਼ਿਲਿੱਪੁਸ ਦਿਆਂ ਕੰਮਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ, ਜੋ ਕਿ ਬਾਅਦ ਵਿਚ ਰਸੂਲਾਂ ਦੇ ਕਰਤੱਬ ਦੇ 6ਵੇਂ ਅਤੇ 8ਵੇਂ ਅਧਿਆਵਾਂ ਵਿਚ ਸ਼ਾਮਲ ਕੀਤੀ ਗਈ ਸੀ।

ਯਹੋਵਾਹ ਪਰਮੇਸ਼ੁਰ ਨੇ ਫ਼ਿਲਿੱਪੁਸ ਨੂੰ ਰਾਜ ਹਿਤਾਂ ਨੂੰ ਅੱਗੇ ਵਧਾਉਣ ਲਈ ਬਹੁਤ ਹੀ ਵੱਡੇ ਤਰੀਕੇ ਵਿਚ ਇਸਤੇਮਾਲ ਕੀਤਾ ਸੀ। ਫ਼ਿਲਿੱਪੁਸ ਦੇ ਜੋਸ਼ ਨੇ ਉਸ ਨੂੰ ਨਵੇਂ ਖੇਤਰਾਂ ਵਿਚ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਅਤੇ ਆਪਣੇ ਘਰ ਵਿਚ ਚੰਗਾ ਧਾਰਮਿਕ ਮਾਹੌਲ ਕਾਇਮ ਰੱਖਣ ਵਿਚ ਮਦਦ ਦਿੱਤੀ। ਕੀ ਤੁਸੀਂ ਅਜਿਹੇ ਸਨਮਾਨਾਂ ਅਤੇ ਅਜਿਹੀਆਂ ਬਰਕਤਾਂ ਦਾ ਆਨੰਦ ਮਾਣਨਾ ਚਾਹੁੰਦੇ ਹੋ? ਫਿਰ ਚੰਗਾ ਹੋਵੇਗਾ ਜੇਕਰ ਤੁਸੀਂ ਉਨ੍ਹਾਂ ਗੁਣਾਂ ਦੀ ਰੀਸ ਕਰੋ ਜੋ ਇੰਜੀਲ ਦੇ ਪ੍ਰਚਾਰਕ ਫ਼ਿਲਿੱਪੁਸ ਨੇ ਦਿਖਾਏ ਸਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ