ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bt ਅਧਿ. 7 ਸਫ਼ੇ 52-59
  • ‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਣੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਣੀ
  • ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਜਿਹੜੇ ਚੇਲੇ ਖਿੰਡ-ਪੁੰਡ ਗਏ ਸਨ” (ਰਸੂ. 8:4-8)
  • “ਮੈਨੂੰ ਵੀ ਇਹ ਅਧਿਕਾਰ ਦਿਓ” (ਰਸੂ. 8:9-25)
  • “ਜੋ ਤੂੰ ਪੜ੍ਹ ਰਿਹਾ ਹੈਂ, ਕੀ ਉਹ ਤੈਨੂੰ ਸਮਝ ਵੀ ਆਉਂਦਾ ਹੈ?” (ਰਸੂ. 8:26-40)
  • ਫ਼ਿਲਿੱਪੁਸ—ਇਕ ਜੋਸ਼ੀਲਾ ਪ੍ਰਚਾਰਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਪਾਇਨੀਅਰਾਂ ਵਰਗਾ ਜੋਸ਼ ਦਿਖਾਓ
    ਸਾਡੀ ਰਾਜ ਸੇਵਕਾਈ—2004
  • ਕੀ ਤੁਸੀਂ ਜਾਣਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਬਾਈਬਲ ਨੂੰ ਸਮਝਣ ਲਈ ਮਦਦ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
bt ਅਧਿ. 7 ਸਫ਼ੇ 52-59

ਅਧਿਆਇ 7

‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਣੀ

ਪ੍ਰਚਾਰਕ ਵਜੋਂ ਫ਼ਿਲਿੱਪੁਸ ਚੰਗੀ ਮਿਸਾਲ ਕਾਇਮ ਕਰਦਾ ਹੈ

ਰਸੂਲਾਂ ਦੇ ਕੰਮ 8:4-40 ਵਿੱਚੋਂ

1, 2. ਪਹਿਲੀ ਸਦੀ ਵਿਚ ਖ਼ੁਸ਼ ਖ਼ਬਰੀ ਦੇ ਪ੍ਰਚਾਰ ਨੂੰ ਰੋਕਣ ਦੇ ਜਤਨਾਂ ਦਾ ਉਲਟਾ ਅਸਰ ਕਿਵੇਂ ਪਿਆ?

ਮਸੀਹੀਆਂ ਉੱਤੇ ਜ਼ੁਲਮਾਂ ਦਾ ਝੱਖੜ ਝੁੱਲਣ ਲੱਗ ਪੈਂਦਾ ਹੈ ਤੇ ਸੌਲੁਸ ਮੰਡਲੀ ʼਤੇ “ਕਹਿਰ ਢਾਹੁਣ” ਲੱਗਦਾ ਹੈ। (ਰਸੂ. 8:3) ਚੇਲੇ ਜਾਨ ਬਚਾਉਣ ਲਈ ਭੱਜ ਜਾਂਦੇ ਹਨ ਅਤੇ ਕੁਝ ਨੂੰ ਸ਼ਾਇਦ ਲੱਗਦਾ ਹੈ ਕਿ ਸੌਲੁਸ ਮਸੀਹੀ ਧਰਮ ਦਾ ਖੁਰਾ-ਖੋਜ ਮਿਟਾਉਣ ਵਿਚ ਸਫ਼ਲ ਹੋ ਜਾਵੇਗਾ। ਪਰ ਮਸੀਹੀਆਂ ਦੇ ਖਿੰਡ-ਪੁੰਡ ਜਾਣ ਨਾਲ ਜੋ ਹੁੰਦਾ ਹੈ, ਉਸ ਬਾਰੇ ਕਿਸੇ ਨੇ ਕਦੀ ਸੋਚਿਆ ਵੀ ਨਹੀਂ ਸੀ। ਕੀ ਹੁੰਦਾ ਹੈ?

2 ਜਿਨ੍ਹਾਂ ਇਲਾਕਿਆਂ ਵਿਚ ਚੇਲੇ ਖਿੰਡ-ਪੁੰਡ ਗਏ, ਉੱਥੇ ਉਨ੍ਹਾਂ ਨੇ “ਬਚਨ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨਾ ਸ਼ੁਰੂ ਕਰ ਦਿੱਤਾ। (ਰਸੂ. 8:4) ਅਤਿਆਚਾਰ ਪਰਮੇਸ਼ੁਰ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕੇ! ਅਸਲ ਵਿਚ ਇਨ੍ਹਾਂ ਕਾਰਨ ਰਾਜ ਦਾ ਸੰਦੇਸ਼ ਫੈਲਿਆ। ਵਿਰੋਧੀਆਂ ਨੇ ਚੇਲਿਆਂ ਨੂੰ ਭੱਜਣ ਲਈ ਮਜਬੂਰ ਕੀਤਾ ਜਿਸ ਕਰਕੇ ਦੂਰ-ਦੁਰਾਡੀਆਂ ਥਾਵਾਂ ʼਤੇ ਵੀ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ। ਅੱਗੇ ਚੱਲ ਕੇ ਅਸੀਂ ਦੇਖਾਂਗੇ ਕਿ ਮੌਜੂਦਾ ਸਮਿਆਂ ਵਿਚ ਵੀ ਇਸੇ ਤਰ੍ਹਾਂ ਹੋਇਆ ਹੈ।

“ਜਿਹੜੇ ਚੇਲੇ ਖਿੰਡ-ਪੁੰਡ ਗਏ ਸਨ” (ਰਸੂ. 8:4-8)

3. (ੳ) ਫ਼ਿਲਿੱਪੁਸ ਕੌਣ ਸੀ? (ਅ) ਸਾਮਰਿਯਾ ਵਿਚ ਜ਼ਿਆਦਾ ਪ੍ਰਚਾਰ ਕਿਉਂ ਨਹੀਂ ਹੋਇਆ ਸੀ, ਪਰ ਯਿਸੂ ਨੇ ਉਸ ਇਲਾਕੇ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?

3 “ਜਿਹੜੇ ਚੇਲੇ ਖਿੰਡ-ਪੁੰਡ ਗਏ ਸਨ,” ਉਨ੍ਹਾਂ ਵਿਚ ਫ਼ਿਲਿੱਪੁਸ ਵੀ ਸੀ।a (ਰਸੂ. 8:4; “‘ਪ੍ਰਚਾਰਕ’ ਫ਼ਿਲਿੱਪੁਸ” ਨਾਂ ਦੀ ਡੱਬੀ ਦੇਖੋ।) ਉਹ ਸਾਮਰਿਯਾ ਸ਼ਹਿਰ ਚਲਾ ਗਿਆ ਜਿੱਥੇ ਜ਼ਿਆਦਾ ਪ੍ਰਚਾਰ ਨਹੀਂ ਹੋਇਆ ਸੀ ਕਿਉਂਕਿ ਯਿਸੂ ਨੇ ਇਕ ਵਾਰ ਰਸੂਲਾਂ ਨੂੰ ਹਿਦਾਇਤ ਦਿੱਤੀ ਸੀ: “ਤੁਸੀਂ ਗ਼ੈਰ-ਯਹੂਦੀ ਲੋਕਾਂ ਕੋਲ ਨਾ ਜਾਣਾ ਅਤੇ ਨਾ ਹੀ ਕਿਸੇ ਸਾਮਰੀ ਸ਼ਹਿਰ ਵਿਚ ਜਾਣਾ, ਪਰ ਤੁਸੀਂ ਸਿਰਫ਼ ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਣਾ।” (ਮੱਤੀ 10:5, 6) ਯਿਸੂ ਨੂੰ ਪਤਾ ਸੀ ਕਿ ਸਮਾਂ ਆਉਣ ਤੇ ਸਾਮਰਿਯਾ ਵਿਚ ਚੰਗੀ ਤਰ੍ਹਾਂ ਗਵਾਹੀ ਦਿੱਤੀ ਜਾਵੇਗੀ ਕਿਉਂਕਿ ਸਵਰਗ ਜਾਣ ਤੋਂ ਪਹਿਲਾਂ ਉਸ ਨੇ ਕਿਹਾ ਸੀ: “ਤੁਸੀਂ ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।”​—ਰਸੂ. 1:8.

4. ਫ਼ਿਲਿੱਪੁਸ ਦੇ ਪ੍ਰਚਾਰ ਪ੍ਰਤੀ ਸਾਮਰੀ ਲੋਕਾਂ ਨੇ ਕਿਹੋ ਜਿਹਾ ਹੁੰਗਾਰਾ ਭਰਿਆ ਅਤੇ ਕਿਉਂ?

4 ਫ਼ਿਲਿੱਪੁਸ ਨੇ ਦੇਖਿਆ ਕਿ ਸਾਮਰਿਯਾ ਵਿਚ ‘ਫ਼ਸਲ ਵਾਢੀ ਲਈ ਪੱਕ ਚੁੱਕੀ ਸੀ।’ (ਯੂਹੰ. 4:35) ਉੱਥੇ ਰਹਿੰਦੇ ਲੋਕਾਂ ਲਈ ਉਸ ਦਾ ਸੰਦੇਸ਼ ਗਰਮੀ ਵਿਚ ਹਵਾ ਦੇ ਠੰਢੇ ਬੁੱਲੇ ਵਾਂਗ ਸੀ ਅਤੇ ਅਸੀਂ ਇਸ ਦਾ ਕਾਰਨ ਸਮਝ ਸਕਦੇ ਹਾਂ। ਯਹੂਦੀ ਲੋਕ ਸਾਮਰੀ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਰੱਖਦੇ ਸਨ ਅਤੇ ਕਈ ਤਾਂ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ। ਪਰ ਸਾਮਰੀ ਲੋਕਾਂ ਨੇ ਦੇਖਿਆ ਕਿ ਖ਼ੁਸ਼ ਖ਼ਬਰੀ ਦਾ ਸੰਦੇਸ਼ ਭੇਦ-ਭਾਵ ਦੀਆਂ ਕੰਧਾਂ ਟੱਪ ਕੇ ਸਾਰਿਆਂ ਨੂੰ ਉਮੀਦ ਦਿੰਦਾ ਸੀ। ਇਹ ਸੰਦੇਸ਼ ਫ਼ਰੀਸੀਆਂ ਦੀ ਸਿੱਖਿਆ ਤੋਂ ਬਿਲਕੁਲ ਵੱਖਰਾ ਸੀ ਜੋ ਸਾਮਰੀ ਲੋਕਾਂ ਨਾਲ ਪੱਖਪਾਤ ਕਰਦੇ ਸਨ! ਸਾਮਰੀ ਲੋਕਾਂ ਨੂੰ ਜੋਸ਼ ਅਤੇ ਨਿਰਪੱਖਤਾ ਨਾਲ ਗਵਾਹੀ ਦੇ ਕੇ ਫ਼ਿਲਿੱਪੁਸ ਨੇ ਦਿਖਾਇਆ ਕਿ ਉਸ ਨੇ ਆਪਣੇ ਉੱਤੇ ਪੱਖਪਾਤ ਦਾ ਪਰਛਾਵਾਂ ਨਹੀਂ ਪੈਣ ਦਿੱਤਾ ਸੀ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਸਾਮਰੀ ਲੋਕਾਂ ਦੀਆਂ ਭੀੜਾਂ ਦੀਆਂ ਭੀੜਾਂ “ਇਕ ਮਨ ਹੋ ਕੇ” ਉਸ ਦਾ ਸੰਦੇਸ਼ ਸੁਣਦੀਆਂ ਸਨ।​—ਰਸੂ. 8:6.

5-7. ਮਿਸਾਲਾਂ ਦਿਓ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮਸੀਹੀਆਂ ਦੇ ਖਿੰਡ-ਪੁੰਡ ਜਾਣ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਇਆ।

5 ਪਹਿਲੀ ਸਦੀ ਵਾਂਗ ਅੱਜ ਵੀ ਅਤਿਆਚਾਰ ਪਰਮੇਸ਼ੁਰ ਦੇ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕੇ ਹਨ। ਅਕਸਰ ਇੱਦਾਂ ਹੋਇਆ ਹੈ ਕਿ ਜਦੋਂ ਵੀ ਮਸੀਹੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਮਜਬੂਰ ਕੀਤਾ ਗਿਆ ਜਾਂ ਜੇਲ੍ਹਾਂ ਵਿਚ ਸੁੱਟਿਆ ਗਿਆ, ਤਾਂ ਉਨ੍ਹਾਂ ਨੇ ਨਵੀਂ ਜਗ੍ਹਾ ਜਾ ਕੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਇਆ ਹੈ। ਉਦਾਹਰਣ ਲਈ, ਦੂਸਰੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਨਾਜ਼ੀ ਤਸ਼ੱਦਦ ਕੈਂਪਾਂ ਵਿਚ ਜੋਸ਼ ਨਾਲ ਗਵਾਹੀ ਦਿੱਤੀ। ਇਕ ਕੈਂਪ ਵਿਚ ਗਵਾਹਾਂ ਨੂੰ ਮਿਲਣ ਵਾਲੇ ਇਕ ਯਹੂਦੀ ਨੇ ਕਿਹਾ: “ਜਿਹੜੇ ਕੈਦੀ ਯਹੋਵਾਹ ਦੇ ਗਵਾਹ ਸਨ, ਉਨ੍ਹਾਂ ਦੇ ਬੁਲੰਦ ਹੌਸਲੇ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਦੀ ਨਿਹਚਾ ਬਾਈਬਲ ʼਤੇ ਆਧਾਰਿਤ ਹੈ ਤੇ ਮੈਂ ਵੀ ਗਵਾਹ ਬਣ ਗਿਆ।”

6 ਕੁਝ ਅਤਿਆਚਾਰੀਆਂ ਨੂੰ ਵੀ ਖ਼ੁਸ਼ ਖ਼ਬਰੀ ਸੁਣਾਈ ਗਈ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ। ਮਿਸਾਲ ਲਈ, ਜਦੋਂ ਫ਼ਰੰਸ ਡੈਸ਼ ਨੂੰ ਆਸਟ੍ਰੀਆ ਦੇ ਗੂਜ਼ਨ ਤਸ਼ੱਦਦ ਕੈਂਪ ਵਿਚ ਘੱਲਿਆ ਗਿਆ ਸੀ, ਤਾਂ ਉਸ ਨੇ ਕੈਂਪ ਦੇ ਇਕ ਅਫ਼ਸਰ ਨਾਲ ਬਾਈਬਲ ਸਟੱਡੀ ਕੀਤੀ। ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਦੋਵੇਂ ਜਣੇ ਕਈ ਸਾਲਾਂ ਬਾਅਦ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਵਿਚ ਦੁਬਾਰਾ ਮਿਲੇ ਅਤੇ ਹੁਣ ਉਹ ਦੋਵੇਂ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਸਨ!

7 ਅਤਿਆਚਾਰ ਹੋਣ ਕਰਕੇ ਜਦੋਂ ਮਸੀਹੀਆਂ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਭੱਜਣਾ ਪਿਆ, ਤਾਂ ਉਦੋਂ ਵੀ ਕੁਝ ਇਸੇ ਤਰ੍ਹਾਂ ਹੋਇਆ। ਮਿਸਾਲ ਲਈ, 1970 ਦੇ ਦਹਾਕੇ ਵਿਚ ਮਲਾਵੀ ਦੇ ਯਹੋਵਾਹ ਦੇ ਗਵਾਹਾਂ ਨੂੰ ਭੱਜ ਕੇ ਮੋਜ਼ਾਮਬੀਕ ਜਾਣਾ ਪਿਆ। ਉੱਥੇ ਜਾ ਕੇ ਉਨ੍ਹਾਂ ਨੇ ਮੋਜ਼ਾਮਬੀਕ ਦੇ ਲੋਕਾਂ ਨੂੰ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ। ਜਦੋਂ ਮੋਜ਼ਾਮਬੀਕ ਵਿਚ ਵਿਰੋਧ ਦੀ ਲਹਿਰ ਉੱਠੀ, ਤਾਂ ਵੀ ਪ੍ਰਚਾਰ ਦਾ ਕੰਮ ਚੱਲਦਾ ਰਿਹਾ। ਭਰਾ ਫ਼ਰਾਂਸੀਸਕੋ ਕੋਆਨਾ ਕਹਿੰਦਾ ਹੈ: “ਪ੍ਰਚਾਰ ਕਰਨ ਕਰਕੇ ਸਾਨੂੰ ਕੁਝ ਜਣਿਆਂ ਨੂੰ ਕਈ ਵਾਰ ਗਿਰਫ਼ਤਾਰ ਕੀਤਾ ਗਿਆ, ਪਰ ਜਦੋਂ ਕਈਆਂ ਨੇ ਰਾਜ ਦੇ ਸੰਦੇਸ਼ ਨੂੰ ਕਬੂਲ ਕੀਤਾ, ਤਾਂ ਸਾਨੂੰ ਯਕੀਨ ਸੀ ਕਿ ਪਰਮੇਸ਼ੁਰ ਸਾਡੀ ਮਦਦ ਕਰ ਰਿਹਾ ਸੀ, ਜਿਵੇਂ ਉਸ ਨੇ ਪਹਿਲੀ ਸਦੀ ਦੇ ਮਸੀਹੀਆਂ ਦੀ ਕੀਤੀ ਸੀ।”

8. ਰਾਜਨੀਤਿਕ ਅਤੇ ਆਰਥਿਕ ਤਬਦੀਲੀਆਂ ਦਾ ਪ੍ਰਚਾਰ ਦੇ ਕੰਮ ʼਤੇ ਕੀ ਅਸਰ ਪਿਆ ਹੈ?

8 ਸਿਰਫ਼ ਅਤਿਆਚਾਰਾਂ ਕਰਕੇ ਹੀ ਹੋਰ ਥਾਵਾਂ ʼਤੇ ਮਸੀਹੀ ਧਰਮ ਨਹੀਂ ਫੈਲਿਆ। ਹਾਲ ਹੀ ਦੇ ਦਹਾਕਿਆਂ ਵਿਚ ਰਾਜਨੀਤਿਕ ਅਤੇ ਆਰਥਿਕ ਤਬਦੀਲੀਆਂ ਹੋਣ ਕਰਕੇ ਵੀ ਕਈ ਭਾਸ਼ਾਵਾਂ ਤੇ ਕੌਮਾਂ ਦੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਨ ਦਾ ਮੌਕਾ ਮਿਲਿਆ ਹੈ। ਜਿਹੜੇ ਦੇਸ਼ ਯੁੱਧ ਦੀ ਲਪੇਟ ਵਿਚ ਹਨ ਅਤੇ ਗ਼ਰੀਬੀ ਦੀ ਮਾਰ ਸਹਿ ਰਹੇ ਹਨ, ਉੱਥੋਂ ਕਈ ਲੋਕ ਹੋਰ ਦੇਸ਼ਾਂ ਨੂੰ ਭੱਜ ਗਏ ਜਿੱਥੇ ਹਾਲਾਤ ਠੀਕ ਹਨ। ਉੱਥੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਈ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਸ਼ਰਨਾਰਥੀਆਂ ਦੇ ਆਉਣ ਨਾਲ ਵਿਦੇਸ਼ੀ ਭਾਸ਼ਾਵਾਂ ਵਿਚ ਪ੍ਰਚਾਰ ਹੋਣਾ ਸ਼ੁਰੂ ਹੋਇਆ ਹੈ। ਕੀ ਤੁਸੀਂ ਆਪਣੇ ਇਲਾਕੇ ਵਿਚ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਭਾਸ਼ਾਵਾਂ ਦੇ ਲੋਕਾਂ” ਨੂੰ ਗਵਾਹੀ ਦੇਣ ਦੀ ਕੋਸ਼ਿਸ਼ ਕਰ ਰਹੇ ਹੋ?​—ਪ੍ਰਕਾ. 7:9.

“ਮੈਨੂੰ ਵੀ ਇਹ ਅਧਿਕਾਰ ਦਿਓ” (ਰਸੂ. 8:9-25)

ਸ਼ਮਊਨ ਜੋ ਪਹਿਲਾਂ ਇਕ ਜਾਦੂਗਰ ਸੀ, ਪੈਸਿਆਂ ਦੀ ਥੈਲੀ ਲਈ ਇਕ ਰਸੂਲ ਕੋਲ ਆਉਂਦਾ ਹੈ। ਉਸ ਰਸੂਲ ਨੇ ਇਕ ਮਸੀਹੀ ਭਰਾ ਦੇ ਮੋਢੇ ʼਤੇ ਹੱਥ ਰੱਖੇ ਹੋਏ ਹਨ। ਪਿੱਛੇ ਇਕ ਹੋਰ ਮਸੀਹੀ ਭਰਾ ਇਕ ਅਪਾਹਜ ਕੁੜੀ ਨੂੰ ਠੀਕ ਕਰ ਰਿਹਾ ਹੈ। ਇਹ ਦੇਖ ਕੇ ਲੋਕ ਖ਼ੁਸ਼ ਹੋ ਜਾਂਦੇ ਹਨ।

‘ਜਦੋਂ ਸ਼ਮਊਨ ਨੇ ਦੇਖਿਆ ਕਿ ਰਸੂਲਾਂ ਵੱਲੋਂ ਹੱਥ ਰੱਖਣ ਨਾਲ ਪਵਿੱਤਰ ਸ਼ਕਤੀ ਮਿਲ ਜਾਂਦੀ ਸੀ, ਤਾਂ ਸ਼ਮਊਨ ਨੇ ਉਨ੍ਹਾਂ ਨੂੰ ਪੈਸੇ ਦੇਣੇ’ ਚਾਹੇ।​—ਰਸੂਲਾਂ ਦੇ ਕੰਮ 8:18

9. ਸ਼ਮਊਨ ਕੌਣ ਸੀ ਅਤੇ ਕਿਹੜੀ ਗੱਲ ਨੇ ਉਸ ਨੂੰ ਫ਼ਿਲਿੱਪੁਸ ਵੱਲ ਖਿੱਚਿਆ?

9 ਫ਼ਿਲਿੱਪੁਸ ਨੇ ਸਾਮਰਿਯਾ ਵਿਚ ਬਹੁਤ ਸਾਰੀਆਂ ਨਿਸ਼ਾਨੀਆਂ ਦਿਖਾਈਆਂ। ਮਿਸਾਲ ਲਈ, ਉਸ ਨੇ ਅਪਾਹਜ ਲੋਕਾਂ ਨੂੰ ਠੀਕ ਕੀਤਾ ਅਤੇ ਲੋਕਾਂ ਵਿੱਚੋਂ ਦੁਸ਼ਟ ਦੂਤ ਵੀ ਕੱਢੇ। (ਰਸੂ. 8:6-8) ਫ਼ਿਲਿੱਪੁਸ ਦੇ ਚਮਤਕਾਰਾਂ ਨੂੰ ਦੇਖ ਕੇ ਖ਼ਾਸ ਤੌਰ ਤੇ ਇਕ ਆਦਮੀ ਬਹੁਤ ਪ੍ਰਭਾਵਿਤ ਹੋਇਆ। ਉਹ ਜਾਦੂਗਰ ਸ਼ਮਊਨ ਸੀ ਜਿਸ ਦਾ ਲੋਕਾਂ ਵਿਚ ਬੜਾ ਇੱਜ਼ਤ-ਮਾਣ ਸੀ। ਉਸ ਬਾਰੇ ਲੋਕ ਕਹਿੰਦੇ ਸਨ: “ਇਹ ਆਦਮੀ ਤਾਂ ਪਰਮੇਸ਼ੁਰ ਦੀ ਮਹਾਂਸ਼ਕਤੀ ਹੈ।” ਪਰ ਸ਼ਮਊਨ ਨੇ ਪਰਮੇਸ਼ੁਰ ਦੀ ਅਸਲੀ ਮਹਾਂਸ਼ਕਤੀ ਉਦੋਂ ਦੇਖੀ ਜਦੋਂ ਉਸ ਨੇ ਫ਼ਿਲਿੱਪੁਸ ਨੂੰ ਚਮਤਕਾਰ ਕਰਦਿਆਂ ਦੇਖਿਆ ਅਤੇ ਉਹ ਮਸੀਹੀ ਬਣ ਗਿਆ। (ਰਸੂ. 8:9-13) ਪਰ ਬਾਅਦ ਵਿਚ ਉਸ ਦੀ ਪਰਖ ਹੋਈ ਕਿ ਉਹ ਕਿਸ ਇਰਾਦੇ ਨਾਲ ਮਸੀਹੀ ਬਣਿਆ ਸੀ। ਕਿਵੇਂ?

10. (ੳ) ਸਾਮਰਿਯਾ ਵਿਚ ਪਤਰਸ ਅਤੇ ਯੂਹੰਨਾ ਨੇ ਕੀ ਕੀਤਾ? (ਅ) ਜਦ ਸ਼ਮਊਨ ਨੇ ਦੇਖਿਆ ਕਿ ਪਤਰਸ ਅਤੇ ਯੂਹੰਨਾ ਦੇ ਹੱਥ ਰੱਖਦਿਆਂ ਹੀ ਨਵੇਂ ਚੇਲਿਆਂ ਨੂੰ ਪਵਿੱਤਰ ਸ਼ਕਤੀ ਮਿਲ ਰਹੀ ਸੀ, ਤਾਂ ਉਸ ਨੇ ਕੀ ਕੀਤਾ?

10 ਜਦੋਂ ਯਰੂਸ਼ਲਮ ਵਿਚ ਰਸੂਲਾਂ ਨੂੰ ਪਤਾ ਲੱਗਾ ਕਿ ਸਾਮਰਿਯਾ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕ ਖ਼ੁਸ਼ ਖ਼ਬਰੀ ਨੂੰ ਕਬੂਲ ਕਰ ਰਹੇ ਸਨ, ਤਾਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਨੂੰ ਉੱਥੇ ਘੱਲਿਆ। (“ਪਤਰਸ ‘ਰਾਜ ਦੀਆਂ ਚਾਬੀਆਂ’ ਵਰਤਦਾ ਹੈ” ਨਾਂ ਦੀ ਡੱਬੀ ਦੇਖੋ।) ਉੱਥੇ ਪਹੁੰਚ ਕੇ ਦੋਵਾਂ ਰਸੂਲਾਂ ਨੇ ਨਵੇਂ ਚੇਲਿਆਂ ਉੱਤੇ ਆਪਣੇ ਹੱਥ ਰੱਖੇ ਜਿਸ ਕਰਕੇ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੀ।b ਜਦੋਂ ਸ਼ਮਊਨ ਨੇ ਇਹ ਦੇਖਿਆ, ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਉਸ ਨੇ ਰਸੂਲਾਂ ਨੂੰ ਕਿਹਾ: “ਮੈਨੂੰ ਵੀ ਇਹ ਅਧਿਕਾਰ ਦਿਓ ਤਾਂਕਿ ਜਿਸ ਉੱਤੇ ਮੈਂ ਹੱਥ ਰੱਖਾਂ, ਉਸ ਨੂੰ ਪਵਿੱਤਰ ਸ਼ਕਤੀ ਮਿਲ ਜਾਵੇ।” ਉਹ ਇਹ ਪਵਿੱਤਰ ਦਾਤ ਖ਼ਰੀਦਣ ਲਈ ਉਨ੍ਹਾਂ ਨੂੰ ਪੈਸੇ ਵੀ ਦੇਣ ਲਈ ਤਿਆਰ ਸੀ।​—ਰਸੂ. 8:14-19.

11. ਪਤਰਸ ਨੇ ਸ਼ਮਊਨ ਨੂੰ ਕਿਹੜੀ ਤਾੜਨਾ ਦਿੱਤੀ ਅਤੇ ਸ਼ਮਊਨ ਨੇ ਕੀ ਕੀਤਾ?

11 ਪਤਰਸ ਨੇ ਸਖ਼ਤੀ ਨਾਲ ਸ਼ਮਊਨ ਨੂੰ ਤਾੜਿਆ। ਉਸ ਨੇ ਕਿਹਾ: “ਤੂੰ ਅਤੇ ਤੇਰੇ ਚਾਂਦੀ ਦੇ ਪੈਸੇ ਨਾਸ਼ ਹੋ ਜਾਣ ਕਿਉਂਕਿ ਤੂੰ ਉਸ ਦਾਤ ਨੂੰ ਪੈਸਿਆਂ ਨਾਲ ਖ਼ਰੀਦਣ ਬਾਰੇ ਸੋਚਿਆ ਜੋ ਪਰਮੇਸ਼ੁਰ ਮੁਫ਼ਤ ਵਿਚ ਦਿੰਦਾ ਹੈ। ਤੇਰਾ ਇਸ ਕੰਮ ਵਿਚ ਕੋਈ ਹਿੱਸਾ ਜਾਂ ਸਾਂਝ ਨਹੀਂ ਹੈ ਕਿਉਂਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੇਰਾ ਦਿਲ ਸਾਫ਼ ਨਹੀਂ ਹੈ।” ਪਤਰਸ ਨੇ ਸ਼ਮਊਨ ਨੂੰ ਤੋਬਾ ਕਰਨ ਅਤੇ ਮਾਫ਼ੀ ਲਈ ਪ੍ਰਾਰਥਨਾ ਕਰਨ ਵਾਸਤੇ ਕਿਹਾ। ਪਤਰਸ ਨੇ ਕਿਹਾ: “ਆਪਣੀ ਬੁਰੀ ਸੋਚ ਨੂੰ ਬਦਲ ਅਤੇ ਯਹੋਵਾਹ ਨੂੰ ਫ਼ਰਿਆਦ ਕਰ ਕਿ ਜੇ ਹੋ ਸਕੇ, ਤਾਂ ਉਹ ਤੈਨੂੰ ਮਾਫ਼ ਕਰ ਦੇਵੇ।” ਸ਼ਮਊਨ ਬੁਰਾ ਇਨਸਾਨ ਨਹੀਂ ਸੀ; ਉਹ ਉਹੀ ਕਰਨਾ ਚਾਹੁੰਦਾ ਸੀ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਸੀ, ਪਰ ਉਸ ਦੀ ਸੋਚ ਇਕ ਪਲ ਲਈ ਗ਼ਲਤ ਹੋ ਗਈ ਸੀ। ਇਸ ਲਈ ਉਸ ਨੇ ਰਸੂਲਾਂ ਨੂੰ ਬੇਨਤੀ ਕੀਤੀ: “ਕਿਰਪਾ ਕਰ ਕੇ ਤੁਸੀਂ ਹੀ ਮੇਰੇ ਲਈ ਯਹੋਵਾਹ ਨੂੰ ਫ਼ਰਿਆਦ ਕਰੋ ਕਿ ਤੁਸੀਂ ਜੋ ਕਿਹਾ ਹੈ, ਉਹ ਮੈਨੂੰ ਭੁਗਤਣਾ ਨਾ ਪਵੇ।”​—ਰਸੂ. 8:20-24.

12. ਈਸਾਈ-ਜਗਤ ਵਿਚ ਪਦਵੀਆਂ ਦੀ ਕਿੰਨੀ ਕੁ ਸੌਦੇਬਾਜ਼ੀ ਹੋਈ ਹੈ?

12 ਸ਼ਮਊਨ ਨੂੰ ਦਿੱਤੀ ਪਤਰਸ ਦੀ ਤਾੜਨਾ ਅੱਜ ਮਸੀਹੀਆਂ ਲਈ ਚੇਤਾਵਨੀ ਹੈ ਕਿ ਅਸੀਂ “ਮੰਡਲੀਆਂ ਵਿਚ ਪਦਵੀਆਂ ਦੀ ਸੌਦੇਬਾਜ਼ੀ” ਨਾ ਕਰੀਏ। ਧਰਮ-ਤਿਆਗੀ ਈਸਾਈ-ਜਗਤ ਦਾ ਇਤਿਹਾਸ ਇਹੋ ਜਿਹੀਆਂ ਮਿਸਾਲਾਂ ਨਾਲ ਭਰਿਆ ਹੋਇਆ ਹੈ। ਐਨਸਾਈਕਲੋਪੀਡੀਆ ਬ੍ਰਿਟੈਨਿਕਾ (1878) ਦੇ ਨੌਵੇਂ ਐਡੀਸ਼ਨ ਵਿਚ ਦੱਸਿਆ ਹੈ: “ਪੋਪ ਨੂੰ ਚੁਣਨ ਲਈ ਰੱਖੀਆਂ ਚਰਚ ਦੀਆਂ ਗੁਪਤ ਸਭਾਵਾਂ ਦਾ ਇਤਿਹਾਸ ਪੜ੍ਹ ਕੇ ਇਕ ਵਿਅਕਤੀ ਨੂੰ ਯਕੀਨ ਹੋ ਜਾਂਦਾ ਹੈ ਕਿ ਚਰਚ ਵਿਚ ਰਿਸ਼ਵਤਖ਼ੋਰੀ ਤੋਂ ਬਿਨਾਂ ਕਦੀ ਕਿਸੇ ਪੋਪ ਦੀ ਚੋਣ ਨਹੀਂ ਹੋਈ। ਜ਼ਿਆਦਾ ਕਰਕੇ ਇਨ੍ਹਾਂ ਸਭਾਵਾਂ ਵਿਚ ਬਹੁਤ ਹੀ ਘਟੀਆ ਤੇ ਬੇਸ਼ਰਮ ਤਰੀਕੇ ਨਾਲ ਤੇ ਖੁੱਲ੍ਹੇ-ਆਮ ਸੌਦੇਬਾਜ਼ੀ ਹੋਈ ਹੈ।”

13. ਮਸੀਹੀਆਂ ਨੂੰ ਕਿਹੜੀ ਸੌਦੇਬਾਜ਼ੀ ਦੇ ਫੰਦੇ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ?

13 ਮਸੀਹੀਆਂ ਨੂੰ ਮੰਡਲੀ ਵਿਚ ਸੌਦੇਬਾਜ਼ੀ ਦੇ ਫੰਦੇ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਮਿਸਾਲ ਲਈ, ਮਸੀਹੀਆਂ ਨੂੰ ਚਾਪਲੂਸੀ ਕਰ ਕੇ ਜਾਂ ਤੋਹਫ਼ੇ ਦੇ ਕੇ ਉਨ੍ਹਾਂ ਭਰਾਵਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜਿਹੜੇ ਮੰਡਲੀ ਵਿਚ ਹੋਰ ਸਨਮਾਨ ਦੇ ਸਕਦੇ ਹਨ। ਦੂਸਰੇ ਪਾਸੇ, ਜਿਨ੍ਹਾਂ ਭਰਾਵਾਂ ਕੋਲ ਸਨਮਾਨ ਦੇਣ ਦਾ ਅਧਿਕਾਰ ਹੈ, ਉਨ੍ਹਾਂ ਨੂੰ ਅਮੀਰਾਂ ਦੀ ਤਰਫ਼ਦਾਰੀ ਕਰਨ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਹ ਦੋਵੇਂ ਸੌਦੇਬਾਜ਼ੀ ਦੇ ਮਾਮਲੇ ਹਨ। ਦਰਅਸਲ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਆਪਣੇ ਆਪ ਨੂੰ ‘ਸਭ ਤੋਂ ਛੋਟੇ ਸਮਝਣਾ’ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਸਮਾਂ ਆਉਣ ਤੇ ਪਵਿੱਤਰ ਸ਼ਕਤੀ ਨਾਲ ਉਨ੍ਹਾਂ ਨੂੰ ਸਨਮਾਨ ਦੇਵੇਗਾ। (ਲੂਕਾ 9:48) ਪਰਮੇਸ਼ੁਰ ਦੇ ਸੰਗਠਨ ਵਿਚ ਉਨ੍ਹਾਂ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ ਜਿਹੜੇ “ਆਪਣੀ ਵਡਿਆਈ ਕਰਾਉਣ” ਦੀ ਕੋਸ਼ਿਸ਼ ਕਰਦੇ ਹਨ।​—ਕਹਾ. 25:27.

ਪਤਰਸ “ਰਾਜ ਦੀਆਂ ਚਾਬੀਆਂ” ਵਰਤਦਾ ਹੈ

ਯਿਸੂ ਨੇ ਪਤਰਸ ਨੂੰ ਦੱਸਿਆ ਸੀ: “ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਚਾਬੀਆਂ ਦਿਆਂਗਾ।” (ਮੱਤੀ 16:19) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ? ਉਸ ਦੇ ਕਹਿਣ ਦਾ ਮਤਲਬ ਸੀ ਕਿ ਪਤਰਸ ਵੱਖੋ-ਵੱਖਰੇ ਸਮੂਹਾਂ ਦੇ ਲੋਕਾਂ ਨੂੰ ਗਿਆਨ ਲੈਣ ਅਤੇ ਮਸੀਹ ਦੇ ਰਾਜ ਵਿਚ ਜਾਣ ਦਾ ਮੌਕਾ ਦੇਵੇਗਾ। ਪਤਰਸ ਨੇ ਕਿਨ੍ਹਾਂ ਮੌਕਿਆਂ ਤੇ ਇਹ ਚਾਬੀਆਂ ਵਰਤੀਆਂ ਸਨ?

  • ਪਤਰਸ ਨੇ ਪਹਿਲੀ ਚਾਬੀ ਪੰਤੇਕੁਸਤ 33 ਈਸਵੀ ਵਿਚ ਵਰਤੀ ਸੀ ਜਦੋਂ ਉਸ ਨੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਤੋਬਾ ਕਰਨ ਤੇ ਬਪਤਿਸਮਾ ਲੈਣ ਦੀ ਤਾਕੀਦ ਕੀਤੀ ਸੀ। ਉਸ ਵੇਲੇ ਤਕਰੀਬਨ 3,000 ਲੋਕਾਂ ਨੇ ਬਪਤਿਸਮਾ ਲਿਆ ਅਤੇ ਉਨ੍ਹਾਂ ਨੂੰ ਰਾਜ ਦੇ ਵਾਰਸ ਬਣਨ ਦੀ ਉਮੀਦ ਮਿਲੀ।​—ਰਸੂ. 2:1-41.

  • ਉਸ ਨੇ ਦੂਜੀ ਚਾਬੀ ਇਸਤੀਫ਼ਾਨ ਦੀ ਮੌਤ ਤੋਂ ਕੁਝ ਸਮੇਂ ਬਾਅਦ ਵਰਤੀ ਸੀ। ਉਦੋਂ ਪਤਰਸ ਅਤੇ ਯੂਹੰਨਾ ਨੇ ਬਪਤਿਸਮਾ ਲੈਣ ਵਾਲੇ ਸਾਮਰੀ ਲੋਕਾਂ ʼਤੇ ਆਪਣੇ ਹੱਥ ਰੱਖੇ ਸਨ ਜਿਸ ਤੋਂ ਬਾਅਦ ਉਨ੍ਹਾਂ ਨਵੇਂ ਚੇਲਿਆਂ ਨੂੰ ਪਵਿੱਤਰ ਸ਼ਕਤੀ ਮਿਲੀ ਸੀ।​—ਰਸੂ. 8:14-17.

  • ਪਤਰਸ ਨੇ ਤੀਸਰੀ ਚਾਬੀ 36 ਈਸਵੀ ਵਿਚ ਵਰਤੀ ਸੀ। ਉਸ ਸਾਲ ਉਸ ਨੇ ਬੇਸੁੰਨਤੇ ਗ਼ੈਰ-ਯਹੂਦੀਆਂ ਨੂੰ ਵੀ ਸਵਰਗੀ ਵਿਰਾਸਤ ਪਾਉਣ ਦੀ ਉਮੀਦ ਦਿੱਤੀ। ਇਹ ਉਮੀਦ ਉਸ ਨੇ ਉਦੋਂ ਦਿੱਤੀ ਸੀ ਜਦੋਂ ਉਸ ਨੇ ਕੁਰਨੇਲੀਅਸ ਨੂੰ ਗਵਾਹੀ ਦਿੱਤੀ ਸੀ ਜੋ ਮਸੀਹ ਦਾ ਚੇਲਾ ਬਣਨ ਵਾਲਾ ਪਹਿਲਾ ਬੇਸੁੰਨਤਾ ਗ਼ੈਰ-ਯਹੂਦੀ ਸੀ।​—ਰਸੂ. 10:1-48.

“ਜੋ ਤੂੰ ਪੜ੍ਹ ਰਿਹਾ ਹੈਂ, ਕੀ ਉਹ ਤੈਨੂੰ ਸਮਝ ਵੀ ਆਉਂਦਾ ਹੈ?” (ਰਸੂ. 8:26-40)

14, 15. (ੳ) ਇਥੋਪੀਆ ਤੋਂ ਆਇਆ ਆਦਮੀ ਕੌਣ ਸੀ ਅਤੇ ਫ਼ਿਲਿੱਪੁਸ ਉਸ ਨੂੰ ਕਿਵੇਂ ਮਿਲਿਆ? (ਅ) ਫ਼ਿਲਿੱਪੁਸ ਦਾ ਸੰਦੇਸ਼ ਸੁਣ ਕੇ ਇਥੋਪੀਆ ਦੇ ਆਦਮੀ ਨੇ ਕੀ ਕੀਤਾ ਅਤੇ ਉਸ ਦਾ ਬਪਤਿਸਮਾ ਜਲਦਬਾਜ਼ੀ ਵਿਚ ਚੁੱਕਿਆ ਕਦਮ ਕਿਉਂ ਨਹੀਂ ਸੀ? (ਫੁਟਨੋਟ ਦੇਖੋ।)

14 ਯਹੋਵਾਹ ਦੇ ਦੂਤ ਨੇ ਫ਼ਿਲਿੱਪੁਸ ਨੂੰ ਉਸ ਰਾਹ ʼਤੇ ਜਾਣ ਲਈ ਕਿਹਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਸੀ। ਫ਼ਿਲਿੱਪੁਸ ਦੇ ਮਨ ਵਿਚ ਸ਼ਾਇਦ ਆਇਆ ਹੋਣਾ ਕਿ ਦੂਤ ਨੇ ਉਸ ਨੂੰ ਉੱਥੇ ਜਾਣ ਲਈ ਕਿਉਂ ਕਿਹਾ ਸੀ। ਪਰ ਜਲਦੀ ਪਤਾ ਲੱਗ ਗਿਆ ਕਿਉਂਕਿ ਉਸ ਨੂੰ ਇਥੋਪੀਆ ਦਾ ਰਹਿਣ ਵਾਲਾ ਇਕ ਆਦਮੀ ਮਿਲਿਆ ਜੋ “ਯਸਾਯਾਹ ਨਬੀ ਦੀ ਕਿਤਾਬ ਪੜ੍ਹ ਰਿਹਾ ਸੀ।” (“ਖੋਜਾ ਜਾਂ ਮੰਤਰੀ?” ਨਾਂ ਦੀ ਡੱਬੀ ਦੇਖੋ।) ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਫ਼ਿਲਿੱਪੁਸ ਨੂੰ ਉਸ ਆਦਮੀ ਦੇ ਰਥ ਕੋਲ ਜਾਣ ਲਈ ਕਿਹਾ। ਰਥ ਦੇ ਨਾਲ-ਨਾਲ ਦੌੜਦਿਆਂ ਉਸ ਨੇ ਇਥੋਪੀਆ ਦੇ ਆਦਮੀ ਨੂੰ ਪੁੱਛਿਆ: “ਜੋ ਤੂੰ ਪੜ੍ਹ ਰਿਹਾ ਹੈਂ, ਕੀ ਉਹ ਤੈਨੂੰ ਸਮਝ ਵੀ ਆਉਂਦਾ ਹੈ?” ਉਸ ਆਦਮੀ ਨੇ ਕਿਹਾ: “ਜਦ ਤਕ ਕੋਈ ਮੈਨੂੰ ਨਾ ਸਮਝਾਵੇ, ਤਾਂ ਮੈਨੂੰ ਕਿਵੇਂ ਸਮਝ ਆਵੇਗਾ?”​—ਰਸੂ. 8:26-31.

15 ਇਥੋਪੀਆ ਦੇ ਆਦਮੀ ਨੇ ਫ਼ਿਲਿੱਪੁਸ ਨੂੰ ਆਪਣੇ ਰਥ ਵਿਚ ਚੜ੍ਹਾ ਲਿਆ। ਉਨ੍ਹਾਂ ਵਿਚ ਬਹੁਤ ਵਧੀਆ ਗੱਲਬਾਤ ਹੋਈ। ਯਸਾਯਾਹ ਦੀ ਭਵਿੱਖਬਾਣੀ ਵਿਚ “ਭੇਡ” ਜਾਂ “ਸੇਵਕ” ਦੀ ਪਛਾਣ ਲੰਬੇ ਸਮੇਂ ਤੋਂ ਭੇਤ ਬਣੀ ਹੋਈ ਸੀ। (ਯਸਾ. 53:1-12) ਫ਼ਿਲਿੱਪੁਸ ਨੇ ਉਸ ਆਦਮੀ ਨੂੰ ਸਮਝਾਇਆ ਕਿ ਇਹ ਭਵਿੱਖਬਾਣੀ ਯਿਸੂ ਮਸੀਹ ʼਤੇ ਪੂਰੀ ਹੋਈ ਸੀ। ਪੰਤੇਕੁਸਤ 33 ਈਸਵੀ ਦੇ ਦਿਨ ਬਪਤਿਸਮਾ ਲੈਣ ਵਾਲਿਆਂ ਵਾਂਗ ਇਥੋਪੀਆ ਦੇ ਆਦਮੀ ਨੂੰ ਵੀ ਤੁਰੰਤ ਪਤਾ ਲੱਗ ਗਿਆ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਸੀ। ਉਸ ਨੇ ਫ਼ਿਲਿੱਪੁਸ ਨੂੰ ਕਿਹਾ: “ਦੇਖ! ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?” ਇਥੋਪੀਆ ਦੇ ਆਦਮੀ ਨੇ ਬਿਨਾਂ ਦੇਰ ਕੀਤਿਆਂ ਫ਼ਿਲਿੱਪੁਸ ਤੋਂ ਬਪਤਿਸਮਾ ਲੈ ਲਿਆ!c (“‘ਪਾਣੀ’ ਵਿਚ ਬਪਤਿਸਮਾ” ਨਾਂ ਦੀ ਡੱਬੀ ਦੇਖੋ।) ਬਾਅਦ ਵਿਚ ਪਵਿੱਤਰ ਸ਼ਕਤੀ ਨੇ ਫ਼ਿਲਿੱਪੁਸ ਨੂੰ ਅਸ਼ਦੋਦ ਭੇਜ ਦਿੱਤਾ ਜਿੱਥੇ ਉਸ ਨੇ ਖ਼ੁਸ਼ ਖ਼ਬਰੀ ਸੁਣਾਉਣੀ ਜਾਰੀ ਰੱਖੀ।​—ਰਸੂ. 8:32-40.

ਖੋਜਾ ਜਾਂ ਮੰਤਰੀ?

ਪੰਜਾਬੀ ਦੇ ਵੱਖੋ-ਵੱਖਰੇ ਬਾਈਬਲ ਅਨੁਵਾਦਾਂ ਵਿਚ ਇਥੋਪੀਆ ਦੇ ਆਦਮੀ ਨੂੰ “ਖੋਜਾ” ਜਾਂ “ਖੁਸਰਾ” ਕਿਹਾ ਗਿਆ ਹੈ। (ਰਸੂ. 8:27, OV; ERV) ਇੱਥੇ ਯੂਨਾਨੀ ਸ਼ਬਦ ਇਵਨੁਹੌਸ ਦਾ ਅਨੁਵਾਦ “ਖੋਜਾ” ਜਾਂ “ਖੁਸਰਾ” ਕੀਤਾ ਗਿਆ ਹੈ। ਇਹ ਸ਼ਬਦ ਉਸ ਆਦਮੀ ਨੂੰ ਦਰਸਾਉਂਦਾ ਸੀ ਜਿਸ ਨੂੰ ਨਾਮਰਦ ਬਣਾਇਆ ਗਿਆ ਹੋਵੇ, ਪਰ ਇਹ ਸ਼ਬਦ ਦਰਬਾਰ ਵਿਚ ਉੱਚੇ ਰੁਤਬੇ ਵਾਲੇ ਆਦਮੀ ਲਈ ਵੀ ਵਰਤਿਆ ਜਾਂਦਾ ਸੀ। ਰਾਜੇ ਦੇ ਜ਼ਨਾਨਖ਼ਾਨੇ ਦੀ ਨਿਗਰਾਨੀ ਕਰਨ ਵਾਲੇ ਅਧਿਕਾਰੀ ਨੂੰ ਸ਼ਾਇਦ ਨਾਮਰਦ ਬਣਾਇਆ ਜਾਂਦਾ ਸੀ, ਪਰ ਹੋਰ ਅਧਿਕਾਰੀਆਂ ਜਾਂ ਮੰਤਰੀਆਂ ਨਾਲ ਇਸ ਤਰ੍ਹਾਂ ਨਹੀਂ ਸੀ ਕੀਤਾ ਜਾਂਦਾ, ਜਿਵੇਂ ਰਾਜੇ ਦਾ ਸਾਕੀ ਜਾਂ ਖ਼ਜ਼ਾਨਚੀ। ਇਥੋਪੀਆ ਦਾ ਆਦਮੀ ਖ਼ਜ਼ਾਨਾ ਮੰਤਰੀ ਸੀ ਜਿਸ ਨੂੰ ਫ਼ਿਲਿੱਪੁਸ ਨੇ ਬਪਤਿਸਮਾ ਦਿੱਤਾ ਸੀ।

ਯਹੂਦੀ ਧਰਮ ਅਪਣਾਇਆ ਹੋਣ ਕਰਕੇ ਇਥੋਪੀਆ ਦਾ ਮੰਤਰੀ ਯਹੋਵਾਹ ਦੀ ਭਗਤੀ ਕਰਦਾ ਸੀ। ਇਸੇ ਆਇਤ ਵਿਚ ਦੱਸਿਆ ਗਿਆ ਹੈ ਕਿ ਉਹ ਯਰੂਸ਼ਲਮ ਯਹੋਵਾਹ ਦੀ ਭਗਤੀ ਕਰਨ ਲਈ ਗਿਆ ਸੀ। ਇਸ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਇਥੋਪੀਆ ਦਾ ਆਦਮੀ ਸਰੀਰਕ ਪੱਖੋਂ ਖੁਸਰਾ ਜਾਂ ਖੋਜਾ ਨਹੀਂ ਸੀ ਕਿਉਂਕਿ ਮੂਸਾ ਦੇ ਕਾਨੂੰਨ ਵਿਚ ਨਾਮਰਦ ਆਦਮੀਆਂ ਨੂੰ ਇਜ਼ਰਾਈਲ ਦੀ ਮੰਡਲੀ ਦਾ ਹਿੱਸਾ ਬਣਨ ਤੋਂ ਮਨ੍ਹਾ ਕੀਤਾ ਗਿਆ ਸੀ।​—ਬਿਵ. 23:1.

“ਪਾਣੀ” ਵਿਚ ਬਪਤਿਸਮਾ

ਮਸੀਹੀਆਂ ਨੂੰ ਬਪਤਿਸਮਾ ਕਿਵੇਂ ਦਿੱਤਾ ਜਾਂਦਾ ਹੈ? ਕੁਝ ਲੋਕ ਮੰਨਦੇ ਹਨ ਕਿ ਬਪਤਿਸਮਾ ਦੇਣ ਲਈ ਵਿਅਕਤੀ ਦੇ ਸਿਰ ʼਤੇ ਪਾਣੀ ਪਾਉਣਾ ਜਾਂ ਛਿੜਕਣਾ ਹੀ ਕਾਫ਼ੀ ਹੈ। ਪਰ ਇਥੋਪੀਆ ਦੇ ਮੰਤਰੀ ਨੇ “ਪਾਣੀ” ਵਿਚ ਬਪਤਿਸਮਾ ਲਿਆ ਸੀ। ਬਿਰਤਾਂਤ ਕਹਿੰਦਾ ਹੈ ਕਿ “ਫ਼ਿਲਿੱਪੁਸ ਤੇ ਮੰਤਰੀ ਦੋਵੇਂ ਪਾਣੀ ਵਿਚ ਚਲੇ ਗਏ।” (ਰਸੂ. 8:36, 38) ਜੇ ਸਿਰ ʼਤੇ ਪਾਣੀ ਪਾਉਣਾ ਜਾਂ ਛਿੜਕਣਾ ਹੀ ਕਾਫ਼ੀ ਹੁੰਦਾ, ਤਾਂ ਮੰਤਰੀ ਨੂੰ ਪਾਣੀ ਕੋਲ ਰਥ ਰੋਕਣ ਦੀ ਕੀ ਲੋੜ ਸੀ? ਥੋੜ੍ਹਾ ਜਿਹਾ ਪਾਣੀ ਤਾਂ ਉਹ ਆਪਣੀ ਮਸ਼ਕ ਵਿੱਚੋਂ ਵੀ ਲੈ ਸਕਦਾ ਸੀ ਜੋ ਉਸ ਨੇ ਆਪਣੇ ਨਾਲ ਰੱਖੀ ਹੋਣੀ ਕਿਉਂਕਿ ਉਹ ‘ਸੁੰਨੇ’ ਰਾਹ ʼਤੇ ਸਫ਼ਰ ਕਰ ਰਿਹਾ ਸੀ।​—ਰਸੂ. 8:26.

ਲਿਡਲ ਅਤੇ ਸਕੌਟ ਦੇ ਯੂਨਾਨੀ-ਅੰਗ੍ਰੇਜ਼ੀ ਸ਼ਬਦ-ਕੋਸ਼ ਮੁਤਾਬਕ ਯੂਨਾਨੀ ਸ਼ਬਦ ਬਪਟੀਜ਼ੋ ਦਾ ਮਤਲਬ ਹੈ “ਚੁੱਭੀ ਜਾਂ ਡੁਬਕੀ ਦੇਣੀ।” ਬਾਈਬਲ ਵਿਚ ਜਿੱਥੇ ਕਿਤੇ ਵੀ ਬਪਤਿਸਮੇ ਦਾ ਜ਼ਿਕਰ ਆਉਂਦਾ ਹੈ, ਉੱਥੇ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਪਾਣੀ ਵਿਚ ਚੁੱਭੀ ਜਾਂ ਡੁਬਕੀ ਦੇ ਕੇ ਬਪਤਿਸਮਾ ਦਿੱਤਾ ਗਿਆ ਸੀ। ਯੂਹੰਨਾ 3:23 ਵਿਚ ਦੱਸਿਆ ਹੈ ਕਿ ਯੂਹੰਨਾ “ਸਲੀਮ ਲਾਗੇ ਐਨੋਨ ਨਾਂ ਦੀ ਜਗ੍ਹਾ ਵਿਚ ਬਪਤਿਸਮਾ ਦਿੰਦਾ ਹੁੰਦਾ ਸੀ ਕਿਉਂਕਿ ਉੱਥੇ ਪਾਣੀ ਬਹੁਤ ਸੀ।” ਇਸੇ ਤਰ੍ਹਾਂ ਯਿਸੂ ਦੇ ਬਪਤਿਸਮੇ ਬਾਰੇ ਬਾਈਬਲ ਵਿਚ ਕਿਹਾ ਗਿਆ ਹੈ: ‘ਪਾਣੀ ਵਿੱਚੋਂ ਨਿਕਲਦੇ ਸਾਰ ਯਿਸੂ ਨੇ ਆਕਾਸ਼ ਨੂੰ ਖੁੱਲ੍ਹਦਿਆਂ ਦੇਖਿਆ।’ (ਮਰ. 1:9, 10) ਸੋ ਸੱਚੇ ਮਸੀਹੀਆਂ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਚੁੱਭੀ ਜਾਂ ਡੁਬਕੀ ਦੇ ਕੇ ਬਪਤਿਸਮਾ ਦਿੱਤਾ ਜਾਂਦਾ ਹੈ।

16, 17. ਦੂਤ ਅੱਜ ਪ੍ਰਚਾਰ ਦੇ ਕੰਮ ਵਿਚ ਕਿਵੇਂ ਸ਼ਾਮਲ ਹਨ?

16 ਅੱਜ ਮਸੀਹੀਆਂ ਨੂੰ ਉਹੀ ਕੰਮ ਕਰਨ ਦਾ ਸਨਮਾਨ ਮਿਲਿਆ ਹੈ ਜੋ ਫ਼ਿਲਿੱਪੁਸ ਕਰ ਰਿਹਾ ਸੀ। ਮਸੀਹੀ ਸਫ਼ਰ ਕਰਦਿਆਂ ਅਤੇ ਹੋਰ ਕਈ ਮੌਕਿਆਂ ʼਤੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਂਦੇ ਹਨ। ਪ੍ਰਚਾਰ ਦੌਰਾਨ ਸਾਨੂੰ ਦਿਲਚਸਪੀ ਰੱਖਣ ਵਾਲੇ ਲੋਕ ਮਿਲਦੇ ਹਨ। ਪਰ ਕਈ ਵਾਰ ਸਾਨੂੰ ਅਜਿਹੇ ਲੋਕ ਮਿਲਦੇ ਹਨ ਜਿਨ੍ਹਾਂ ਨੂੰ ਮਿਲਣਾ ਚਮਤਕਾਰ ਤੋਂ ਘੱਟ ਨਹੀਂ ਹੁੰਦਾ। ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲਣ ਦੀ ਉਮੀਦ ਰੱਖ ਸਕਦੇ ਹਾਂ ਕਿਉਂਕਿ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਦੂਤ ਪ੍ਰਚਾਰ ਦੇ ਕੰਮ ਵਿਚ ਸਾਡੀ ਅਗਵਾਈ ਕਰ ਰਹੇ ਹਨ ਤਾਂਕਿ ਸੰਦੇਸ਼ “ਹਰ ਕੌਮ, ਹਰ ਕਬੀਲੇ, ਹਰ ਭਾਸ਼ਾ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ” ਸੁਣਾਇਆ ਜਾਵੇ। (ਪ੍ਰਕਾ. 14:6) ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਦੂਤ ਪ੍ਰਚਾਰ ਦੇ ਕੰਮ ਵਿਚ ਸੇਧ ਦੇਣਗੇ। ਉਸ ਨੇ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਦਿੰਦਿਆਂ ਕਿਹਾ ਸੀ ਕਿ “ਵਾਢੀ ਦਾ ਸਮਾਂ ਯੁਗ ਦਾ ਆਖ਼ਰੀ ਸਮਾਂ ਹੈ ਅਤੇ ਫ਼ਸਲ ਵੱਢਣ ਵਾਲੇ ਦੂਤ ਹਨ।” ਅੱਗੇ ਉਸ ਨੇ ਕਿਹਾ ਕਿ ਦੂਤ ‘ਉਸ ਦੇ ਰਾਜ ਵਿੱਚੋਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਕੇ’ ਵੱਖ ਕਰਨਗੇ “ਜੋ ਠੋਕਰ ਦਾ ਕਾਰਨ ਬਣਦੀਆਂ ਹਨ ਅਤੇ ਉਨ੍ਹਾਂ ਨੂੰ ਵੀ ਜਿਹੜੇ ਬੁਰੇ ਕੰਮ ਕਰਦੇ ਹਨ।” (ਮੱਤੀ 13:37-41) ਇਸੇ ਸਮੇਂ ਦੌਰਾਨ ਦੂਤ ਸਵਰਗੀ ਰਾਜ ਦੇ ਵਾਰਸਾਂ ਨੂੰ ਅਤੇ ਬਾਅਦ ਵਿਚ “ਹੋਰ ਭੇਡਾਂ” ਦੀ “ਵੱਡੀ ਭੀੜ” ਨੂੰ ਵੀ ਇਕੱਠਾ ਕਰਨਗੇ ਜਿਨ੍ਹਾਂ ਨੂੰ ਉਹ ਆਪਣੇ ਸੰਗਠਨ ਵਿਚ ਲਿਆਉਣਾ ਚਾਹੁੰਦਾ ਹੈ।​—ਪ੍ਰਕਾ. 7:9; ਯੂਹੰ. 6:44, 65; 10:16.

17 ਅਸੀਂ ਅੱਜ ਇਸ ਗੱਲ ਦਾ ਸਬੂਤ ਦੇਖ ਸਕਦੇ ਹਾਂ। ਪ੍ਰਚਾਰ ਦੌਰਾਨ ਸਾਨੂੰ ਕੁਝ ਲੋਕ ਮਿਲਦੇ ਹਨ ਜਿਹੜੇ ਦੱਸਦੇ ਹਨ ਕਿ ਉਹ ਪਰਮੇਸ਼ੁਰ ਨੂੰ ਮਦਦ ਲਈ ਤਰਲੇ ਕਰ ਰਹੇ ਸਨ। ਦੋ ਭੈਣਾਂ ਦੇ ਤਜਰਬੇ ʼਤੇ ਗੌਰ ਕਰੋ ਜੋ ਇਕ ਛੋਟੇ ਬੱਚੇ ਨਾਲ ਪ੍ਰਚਾਰ ਕਰ ਰਹੀਆਂ ਸਨ। ਦੁਪਹਿਰ ਹੋਣ ਤੇ ਉਹ ਪ੍ਰਚਾਰ ਖ਼ਤਮ ਕਰ ਕੇ ਜਾਣ ਹੀ ਵਾਲੀਆਂ ਸਨ, ਪਰ ਬੱਚਾ ਅਗਲੇ ਘਰ ਜਾਣ ਲਈ ਕੁਝ ਜ਼ਿਆਦਾ ਹੀ ਉਤਾਵਲਾ ਸੀ। ਉਸ ਨੇ ਇਕੱਲੇ ਨੇ ਜਾ ਕੇ ਉਸ ਘਰ ਦਾ ਦਰਵਾਜ਼ਾ ਖੜਕਾ ਦਿੱਤਾ! ਇਕ ਤੀਵੀਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਦੋਵਾਂ ਭੈਣਾਂ ਨੇ ਜਾ ਕੇ ਉਸ ਨਾਲ ਗੱਲ ਕੀਤੀ। ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦੋਂ ਤੀਵੀਂ ਨੇ ਦੱਸਿਆ ਕਿ ਉਹ ਹੁਣੇ-ਹੁਣੇ ਪ੍ਰਾਰਥਨਾ ਕਰ ਰਹੀ ਸੀ ਕਿ ਕੋਈ ਆ ਕੇ ਬਾਈਬਲ ਸਮਝਣ ਵਿਚ ਉਸ ਦੀ ਮਦਦ ਕਰੇ। ਫਿਰ ਉਸ ਔਰਤ ਨਾਲ ਬਾਈਬਲ ਸਟੱਡੀ ਸ਼ੁਰੂ ਹੋ ਗਈ।

ਪ੍ਰਚਾਰ ਵਿਚ ਇਕ ਪਤੀ-ਪਤਨੀ ਇਕ ਘਰ ਦੇ ਬਾਹਰ ਖੜ੍ਹੇ ਹੋ ਕੇ ਘੰਟੀ ਵਜਾ ਰਹੇ ਹਨ। ਉਸੇ ਘਰ ਦੇ ਅੰਦਰ ਇਕ ਔਰਤ ਪ੍ਰਾਰਥਨਾ ਕਰ ਰਹੀ ਹੈ।

“ਹੇ ਰੱਬਾ, ਤੂੰ ਜੋ ਕੋਈ ਵੀ ਹੈਂ, ਮੇਰੀ ਮਦਦ ਕਰ”

18. ਸਾਨੂੰ ਆਪਣੀ ਸੇਵਕਾਈ ਨੂੰ ਐਵੇਂ ਕਿਉਂ ਨਹੀਂ ਸਮਝਣਾ ਚਾਹੀਦਾ?

18 ਯਹੋਵਾਹ ਦੇ ਗਵਾਹ ਹੋਣ ਕਰਕੇ ਤੁਹਾਡੇ ਕੋਲ ਦੂਤਾਂ ਨਾਲ ਮਿਲ ਕੇ ਪ੍ਰਚਾਰ ਕਰਨ ਦਾ ਸਨਮਾਨ ਹੈ ਜੋ ਅੱਜ ਵੱਡੇ ਪੈਮਾਨੇ ʼਤੇ ਹੋ ਰਿਹਾ ਹੈ। ਇਸ ਸਨਮਾਨ ਨੂੰ ਐਵੇਂ ਨਾ ਸਮਝੋ। ਜੇ ਤੁਸੀਂ ਜੀ-ਜਾਨ ਨਾਲ ‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਂਦੇ ਰਹੋਗੇ, ਤਾਂ ਤੁਹਾਡੀ ਖ਼ੁਸ਼ੀ ਦੁਗਣੀ-ਚੌਗੁਣੀ ਹੋਵੇਗੀ!​—ਰਸੂ. 8:35.

“ਪ੍ਰਚਾਰਕ” ਫ਼ਿਲਿੱਪੁਸ

ਜਦੋਂ ਅਤਿਆਚਾਰਾਂ ਕਰਕੇ ਮਸੀਹ ਦੇ ਚੇਲੇ ਖਿੰਡ-ਪੁੰਡ ਗਏ ਸਨ, ਉਦੋਂ ਫ਼ਿਲਿੱਪੁਸ ਸਾਮਰਿਯਾ ਚਲਾ ਗਿਆ ਸੀ। ਉਸ ਨੇ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ “ਜਦੋਂ ਯਰੂਸ਼ਲਮ ਵਿਚ ਰਸੂਲਾਂ ਨੇ ਸੁਣਿਆ ਕਿ ਸਾਮਰਿਯਾ ਦੇ ਲੋਕ ਪਰਮੇਸ਼ੁਰ ਦੇ ਬਚਨ ਨੂੰ ਮੰਨਣ ਲੱਗ ਪਏ ਸਨ, ਤਾਂ ਰਸੂਲਾਂ ਨੇ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਕੋਲ ਘੱਲਿਆ।” ਨਤੀਜਾ ਇਹ ਹੋਇਆ ਕਿ ਨਵੇਂ ਚੇਲਿਆਂ ਨੂੰ ਪਵਿੱਤਰ ਸ਼ਕਤੀ ਦੀ ਦਾਤ ਮਿਲੀ।​—ਰਸੂ. 8:14-17.

ਫ਼ਿਲਿੱਪੁਸ ਇਥੋਪੀਆ ਦੇ ਮੰਤਰੀ ਨਾਲ ਰਥ ਵਿਚ ਬੈਠਾ ਹੈ।

ਰਸੂਲਾਂ ਦੇ ਕੰਮ ਦੇ 8ਵੇਂ ਅਧਿਆਇ ਤੋਂ ਬਾਅਦ ਬਾਈਬਲ ਵਿਚ ਉਸ ਦਾ ਸਿਰਫ਼ ਇਕ ਵਾਰ ਹੋਰ ਜ਼ਿਕਰ ਕੀਤਾ ਗਿਆ ਹੈ। ਲਗਭਗ 20 ਸਾਲ ਬਾਅਦ ਉਦੋਂ ਉਸ ਦਾ ਜ਼ਿਕਰ ਕੀਤਾ ਗਿਆ ਸੀ ਜਦੋਂ ਪੌਲੁਸ ਆਪਣਾ ਤੀਸਰਾ ਮਿਸ਼ਨਰੀ ਦੌਰਾ ਖ਼ਤਮ ਕਰ ਕੇ ਆਪਣੇ ਸਾਥੀਆਂ ਨਾਲ ਯਰੂਸ਼ਲਮ ਨੂੰ ਵਾਪਸ ਮੁੜ ਰਿਹਾ ਸੀ। ਉਹ ਸਾਰੇ ਤੁਲਮਾਇਸ ਵਿਚ ਸਮੁੰਦਰੀ ਜਹਾਜ਼ ਤੋਂ ਉੱਤਰੇ ਸਨ। ਲੂਕਾ ਦੱਸਦਾ ਹੈ: “ਅਗਲੇ ਦਿਨ ਅਸੀਂ ਤੁਰ ਪਏ ਅਤੇ ਕੈਸਰੀਆ ਵਿਚ ਪਹੁੰਚੇ। ਉੱਥੇ ਅਸੀਂ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਦੇ ਘਰ ਗਏ ਜਿਹੜਾ ਸੱਤਾਂ ਆਦਮੀਆਂ ਵਿੱਚੋਂ ਸੀ। ਅਸੀਂ ਉਸ ਦੇ ਨਾਲ ਰਹੇ। ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਭਵਿੱਖਬਾਣੀਆਂ ਕਰਦੀਆਂ ਸਨ।”​—ਰਸੂ. 21:8, 9.

ਲੱਗਦਾ ਹੈ ਕਿ ਫ਼ਿਲਿੱਪੁਸ ਸਾਮਰਿਯਾ ਵਿਚ ਹੀ ਪੱਕੇ ਤੌਰ ਤੇ ਰਹਿਣ ਲੱਗ ਪਿਆ ਸੀ ਜਿੱਥੇ ਉਹ ਪ੍ਰਚਾਰ ਕਰਨ ਗਿਆ ਸੀ ਅਤੇ ਉੱਥੇ ਉਸ ਨੇ ਘਰ ਵਸਾ ਲਿਆ। ਇਹ ਗੱਲ ਮਹੱਤਵਪੂਰਣ ਹੈ ਕਿ ਲੂਕਾ ਉਸ ਦਾ “ਪ੍ਰਚਾਰਕ” ਦੇ ਤੌਰ ਤੇ ਜ਼ਿਕਰ ਕਰਦਾ ਹੈ। ਬਾਈਬਲ ਵਿਚ ਇੱਥੇ “ਪ੍ਰਚਾਰਕ” ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਸੀ ਜਿਹੜੇ ਆਪਣੇ ਘਰ ਛੱਡ ਕੇ ਨਵੀਆਂ ਥਾਵਾਂ ʼਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਜਾਂਦੇ ਸਨ। ਇਸ ਤੋਂ ਜ਼ਾਹਰ ਹੈ ਕਿ ਪ੍ਰਚਾਰ ਲਈ ਫ਼ਿਲਿੱਪੁਸ ਦਾ ਜੋਸ਼ ਬਰਕਰਾਰ ਰਿਹਾ। ਉਸ ਦੀਆਂ ਚਾਰ ਧੀਆਂ ਸਨ ਜੋ ਭਵਿੱਖਬਾਣੀਆਂ ਕਰਦੀਆਂ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਪਣੇ ਪਰਿਵਾਰ ਨੂੰ ਯਹੋਵਾਹ ਨਾਲ ਪਿਆਰ ਕਰਨਾ ਤੇ ਉਸ ਦੀ ਸੇਵਾ ਕਰਨੀ ਸਿਖਾਈ ਸੀ।

a ਇਹ ਉਹ ਫ਼ਿਲਿੱਪੁਸ ਨਹੀਂ ਹੈ ਜਿਹੜਾ ਯਿਸੂ ਦਾ ਰਸੂਲ ਸੀ। ਇਹ ਉਹ ਫ਼ਿਲਿੱਪੁਸ ਹੈ ਜਿਹੜਾ ਉਨ੍ਹਾਂ ‘ਸੱਤ ਨੇਕਨਾਮ ਆਦਮੀਆਂ’ ਵਿਚ ਸੀ ਜਿਨ੍ਹਾਂ ਨੂੰ ਯਰੂਸ਼ਲਮ ਵਿਚ ਯੂਨਾਨੀ ਬੋਲਣ ਵਾਲੀਆਂ ਅਤੇ ਇਬਰਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਰੋਜ਼ ਭੋਜਨ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸ ਦਾ ਇਸ ਕਿਤਾਬ ਦੇ 5ਵੇਂ ਅਧਿਆਇ ਵਿਚ ਜ਼ਿਕਰ ਕੀਤਾ ਗਿਆ ਹੈ।​—ਰਸੂ. 6:1-6.

b ਜ਼ਾਹਰ ਹੈ ਕਿ ਬਪਤਿਸਮਾ ਲੈਣ ਵੇਲੇ ਨਵੇਂ ਚੇਲਿਆਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਜਾਂਦਾ ਸੀ। ਇਸ ਤਰ੍ਹਾਂ ਉਹ ਭਵਿੱਖ ਵਿਚ ਯਿਸੂ ਨਾਲ ਰਾਜਿਆਂ ਅਤੇ ਪੁਜਾਰੀਆਂ ਵਜੋਂ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖ ਸਕਦੇ ਸਨ। (2 ਕੁਰਿੰ. 1:21, 22; ਪ੍ਰਕਾ. 5:9, 10; 20:6) ਪਰ ਸਾਮਰੀਆਂ ਦੇ ਮਾਮਲੇ ਵਿਚ ਨਵੇਂ ਚੇਲਿਆਂ ਨੂੰ ਬਪਤਿਸਮੇ ਵੇਲੇ ਨਹੀਂ ਚੁਣਿਆ ਗਿਆ ਸੀ। ਬਪਤਿਸਮਾ ਲੈਣ ਵਾਲੇ ਨਵੇਂ ਮਸੀਹੀਆਂ ਨੂੰ ਉਦੋਂ ਹੀ ਪਵਿੱਤਰ ਸ਼ਕਤੀ ਅਤੇ ਚਮਤਕਾਰੀ ਦਾਤਾਂ ਮਿਲੀਆਂ ਜਦੋਂ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਉੱਤੇ ਹੱਥ ਰੱਖੇ ਸਨ।

c ਇਥੋਪੀਆ ਦੇ ਆਦਮੀ ਨੇ ਜਲਦਬਾਜ਼ੀ ਵਿਚ ਕਦਮ ਨਹੀਂ ਚੁੱਕਿਆ ਸੀ। ਉਸ ਨੇ ਯਹੂਦੀ ਧਰਮ ਅਪਣਾਇਆ ਹੋਇਆ ਸੀ, ਇਸ ਲਈ ਉਸ ਨੂੰ ਧਰਮ-ਗ੍ਰੰਥ ਅਤੇ ਮਸੀਹ ਬਾਰੇ ਭਵਿੱਖਬਾਣੀਆਂ ਦਾ ਪਹਿਲਾਂ ਤੋਂ ਹੀ ਗਿਆਨ ਸੀ। ਹੁਣ ਉਸ ਨੂੰ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਬਾਰੇ ਪਤਾ ਲੱਗ ਗਿਆ ਸੀ, ਇਸ ਲਈ ਉਸ ਨੇ ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ