ਸਾਨੂੰ ਯਹੋਵਾਹ ਦੇ ਅਧਿਕਾਰ ਦਾ ਆਦਰ ਕਰਨਾ ਚਾਹੀਦਾ ਹੈ
ਜਦੋਂ ਤੁਸੀਂ ਪ੍ਰਾਚੀਨ ਇਸਰਾਏਲ ਦੇ ਕੋਰਹ, ਦਾਥਾਨ ਅਤੇ ਅਬੀਰਾਮ ਦਾ ਨਾਂ ਸੁਣਦੇ ਹੋ, ਤਾਂ ਤੁਹਾਡੇ ਮਨ ਵਿਚ ਕਿਹੜਾ ਖ਼ਿਆਲ ਆਉਂਦਾ ਹੈ? ਬਗਾਵਤ! ਕਿਸ ਦੇ ਖ਼ਿਲਾਫ਼ ਬਗਾਵਤ? ਪਰਮੇਸ਼ੁਰ ਦੇ ਅਧਿਕਾਰ ਦੇ ਖ਼ਿਲਾਫ਼ ਬਗਾਵਤ। ਗਿਣਤੀ ਦੀ ਕਿਤਾਬ ਦੇ 16ਵੇਂ ਅਧਿਆਇ ਵਿਚ ਇਸ ਬਗਾਵਤ ਦਾ ਅਤੇ ਇਸ ਦੇ ਭਿਆਨਕ ਸਿੱਟਿਆਂ ਦਾ ਬਿਰਤਾਂਤ ਦਿੱਤਾ ਗਿਆ ਹੈ। ਇਸ ਘਟਨਾ ਬਾਰੇ 1 ਅਗਸਤ 2002, ਪਹਿਰਾਬੁਰਜ ਦੇ “ਵਫ਼ਾਦਾਰੀ ਨਾਲ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਹੋਵੋ” ਨਾਮਕ ਲੇਖ ਵਿਚ ਚਰਚਾ ਕੀਤੀ ਗਈ ਹੈ। ਕਿਉਂ ਨਾ ਤੁਸੀਂ ਇਸ ਲੇਖ ਨੂੰ ਪੜ੍ਹੋ ਅਤੇ ਫਿਰ ਯਹੋਵਾਹ ਦੇ ਅਧਿਕਾਰ ਦਾ ਆਦਰ ਕਰੋ ਨਾਮਕ ਵਿਡਿਓ ਦੇਖੋ। ਇਸ ਵਿਡਿਓ ਵਿਚ ਦਿਖਾਇਆ ਗਿਆ ਹੈ ਕਿ ਦੁਨੀਆਂ-ਜਹਾਨ ਦੇ ਪਾਤਸ਼ਾਹ ਯਹੋਵਾਹ ਖ਼ਿਲਾਫ਼ ਕੋਰਹ ਨੇ ਬਗਾਵਤ ਕੀਤੀ ਜਿਸ ਕਰਕੇ ਉਸ ਦੀ ਆਪਣੇ ਪੁੱਤਰਾਂ (ਜੋ ਯਹੋਵਾਹ ਦੇ ਵਫ਼ਾਦਾਰ ਸਨ) ਨਾਲ ਤਕਰਾਰ ਹੋਈ। (ਗਿਣ. 26:9-11) ਇਸ ਸੱਚੀ ਕਹਾਣੀ ਉੱਤੇ ਆਧਾਰਿਤ ਵਿਡਿਓ ਦੇਖ ਕੇ ਸਾਨੂੰ ਸਾਰਿਆਂ ਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਪ੍ਰੇਰਣਾ ਮਿਲੇਗੀ।
ਵਿਡਿਓ ਦੇਖਦੇ ਸਮੇਂ ਧਿਆਨ ਦਿਓ ਕਿ ਕੋਰਹ ਤੇ ਉਸ ਦੇ ਬਾਗ਼ੀ ਸਾਥੀਆਂ ਨੇ ਕਿਵੇਂ ਛੇ ਗੱਲਾਂ ਵਿਚ ਬੇਵਫ਼ਾਈ ਕੀਤੀ ਸੀ: (1) ਉਨ੍ਹਾਂ ਨੇ ਪਰਮੇਸ਼ੁਰ ਦੇ ਅਧਿਕਾਰ ਦਾ ਕਿਵੇਂ ਨਿਰਾਦਰ ਕੀਤਾ? (2) ਉਨ੍ਹਾਂ ਦੇ ਬਗਾਵਤ ਕਰਨ ਵਿਚ ਹੰਕਾਰ, ਈਰਖਾ ਅਤੇ ਉੱਚੀ ਪਦਵੀ ਹਾਸਲ ਕਰਨ ਦੇ ਲਾਲਚ ਨੇ ਕੀ ਭੂਮਿਕਾ ਨਿਭਾਈ? (3) ਉਨ੍ਹਾਂ ਨੇ ਯਹੋਵਾਹ ਵੱਲੋਂ ਠਹਿਰਾਏ ਆਗੂਆਂ ਦੀਆਂ ਕਿਹੜੀਆਂ ਖਾਮੀਆਂ ਨੂੰ ਉਛਾਲਿਆ ਸੀ? (4) ਉਨ੍ਹਾਂ ਨੂੰ ਬੁੜ-ਬੁੜ ਕਰਨ ਦੀ ਆਦਤ ਕਿਵੇਂ ਪੈ ਗਈ ਸੀ? (5) ਉਹ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਸਨਮਾਨ ਤੋਂ ਅਸੰਤੁਸ਼ਟ ਕਿਉਂ ਹੋ ਗਏ ਸਨ? (6) ਉਨ੍ਹਾਂ ਨੇ ਕਿਵੇਂ ਪਰਮੇਸ਼ੁਰ ਦੀ ਬਜਾਇ ਆਪਣੇ ਦੋਸਤਾਂ ਤੇ ਪਰਿਵਾਰ ਪ੍ਰਤੀ ਜ਼ਿਆਦਾ ਵਫ਼ਾਦਾਰੀ ਦਿਖਾਈ?
ਇਸ ਬਾਈਬਲ ਡਰਾਮੇ ਤੋਂ ਅਸੀਂ ਕਈ ਸਬਕ ਸਿੱਖਦੇ ਹਾਂ ਜੋ ਪਰਮੇਸ਼ੁਰ ਦੇ ਅਧਿਕਾਰ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰਨਗੇ: (1) ਕਲੀਸਿਯਾ ਦੇ ਬਜ਼ੁਰਗਾਂ ਦੇ ਫ਼ੈਸਲਿਆਂ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ ਅਤੇ ਕਿਉਂ? (2) ਅਸੀਂ ਆਪਣੇ ਅੰਦਰੋਂ ਮਾੜੀ ਨੀਅਤ ਕਿਵੇਂ ਕੱਢ ਸਕਦੇ ਹਾਂ? (3) ਸਾਡੀ ਅਗਵਾਈ ਕਰਨ ਲਈ ਠਹਿਰਾਏ ਗਏ ਭਰਾਵਾਂ ਦੀਆਂ ਖਾਮੀਆਂ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? (4) ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਦੇਖਦੇ ਹਾਂ ਕਿ ਸਾਨੂੰ ਨੁਕਤਾਚੀਨੀ ਕਰਨ ਦੀ ਭੈੜੀ ਆਦਤ ਪੈ ਗਈ ਹੈ? (5) ਯਹੋਵਾਹ ਦੀ ਸੇਵਾ ਵਿਚ ਸਾਨੂੰ ਮਿਲੇ ਵਿਸ਼ੇਸ਼-ਸਨਮਾਨ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? (6) ਸਾਨੂੰ ਯਹੋਵਾਹ ਦੀ ਬਜਾਇ ਕਿਨ੍ਹਾਂ ਪ੍ਰਤੀ ਜ਼ਿਆਦਾ ਵਫ਼ਾਦਾਰੀ ਨਹੀਂ ਦਿਖਾਉਣੀ ਚਾਹੀਦੀ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਕਦੋਂ ਸਾਡੇ ਲਈ ਔਖਾ ਹੋ ਸਕਦਾ ਹੈ?
ਕਲੀਸਿਯਾ ਵਿਚ ਇਨ੍ਹਾਂ ਸਵਾਲਾਂ ਉੱਤੇ ਚਰਚਾ ਕਰਨ ਮਗਰੋਂ, ਕਿਉਂ ਨਾ ਤੁਸੀਂ ਇਸ ਵਿਡਿਓ ਨੂੰ ਫਿਰ ਤੋਂ ਦੇਖੋ? ਇਸ ਤਰ੍ਹਾਂ ਕਰਨ ਨਾਲ ਇਹ ਗੱਲ ਸਾਡੇ ਦਿਲਾਂ-ਦਿਮਾਗ਼ਾਂ ਵਿਚ ਚੰਗੀ ਤਰ੍ਹਾਂ ਬੈਠ ਜਾਵੇਗੀ ਕਿ ਸਾਨੂੰ ਹਮੇਸ਼ਾ ਯਹੋਵਾਹ ਦੇ ਅਧਿਕਾਰ ਦਾ ਆਦਰ ਕਰਨਾ ਚਾਹੀਦਾ ਹੈ!—ਜ਼ਬੂ. 37:28; ਯਸਾ. 33:22.