ਬਾਈਬਲ ਵਿੱਚੋਂ ਕੁਝ ਪੜ੍ਹ ਕੇ ਸੁਣਾਓ
1. ਪ੍ਰਚਾਰ ਵਿਚ ਜਾਣ ਤੋਂ ਪਹਿਲਾਂ ਤੁਸੀਂ ਕਿਵੇਂ ਤਿਆਰੀ ਕਰ ਸਕਦੇ ਹੋ?
1 ਅਸੀਂ ਭਾਵੇਂ ਜਿਹੜਾ ਵੀ ਸਾਹਿੱਤ ਪੇਸ਼ ਕਰਨ ਦੀ ਸੋਚ ਰਹੇ ਹਾਂ, ਚੰਗਾ ਹੋਵੇਗਾ ਜੇ ਅਸੀਂ ਕੋਈ ਢੁਕਵੀਂ ਆਇਤ ਚੁਣ ਕੇ ਘਰ-ਸੁਆਮੀ ਨੂੰ ਪੜ੍ਹ ਕੇ ਸੁਣਾਈਏ। (ਇਬ. 4:12) ਸਾਹਿੱਤ ਵਿੱਚੋਂ ਹੀ ਕੋਈ ਹਵਾਲਾ ਚੁਣ ਕੇ ਬਾਈਬਲ ਵਿੱਚੋਂ ਇਸ ਨੂੰ ਪੜ੍ਹਨਾ ਫ਼ਾਇਦੇਮੰਦ ਹੋਵੇਗਾ ਕਿਉਂਕਿ ਤੁਸੀਂ ਆਇਤ ਉੱਤੇ ਚਰਚਾ ਕਰਨ ਮਗਰੋਂ ਆਸਾਨੀ ਨਾਲ ਸਾਹਿੱਤ ਪੇਸ਼ ਕਰ ਸਕੋਗੇ। ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਆਇਤ ਪੜ੍ਹ ਕੇ ਸੁਣਾਉਣ ਨਾਲ ਉਨ੍ਹਾਂ ਦੇ ਦਿਲਾਂ ਉੱਤੇ ਡੂੰਘਾ ਅਸਰ ਪੈ ਸਕਦਾ ਹੈ। ਗ਼ੈਰ-ਮਸੀਹੀ ਧਰਮਾਂ ਦੇ ਲੋਕ ਅਤੇ ਉਹ ਲੋਕ ਵੀ ਜਿਹੜੇ ਈਸਾਈਆਂ ਨੂੰ ਪਸੰਦ ਨਹੀਂ ਕਰਦੇ, ਆਮ ਤੌਰ ਤੇ ਬਾਈਬਲ ਦਾ ਆਦਰ ਕਰਦੇ ਹਨ।
2. (ੳ) ਅਸੀਂ ਕਿਵੇਂ ਬਾਈਬਲ ਦੀ ਆਇਤ ਪੜ੍ਹ ਕੇ ਗੱਲਬਾਤ ਸ਼ੁਰੂ ਕਰ ਸਕਦੇ ਹਾਂ? (ਅ) ਤੁਹਾਡੇ ਇਲਾਕੇ ਵਿਚ ਲੋਕ ਕਿਹੜੇ ਬਾਈਬਲ ਵਿਸ਼ਿਆਂ ਵਿਚ ਦਿਲਚਸਪੀ ਰੱਖਦੇ ਹਨ?
2 ਆਇਤ ਪੜ੍ਹ ਕੇ ਗੱਲ ਸ਼ੁਰੂ ਕਰੋ: ਕੁਝ ਪ੍ਰਕਾਸ਼ਕ ਗੱਲਬਾਤ ਸ਼ੁਰੂ ਕਰਨ ਲਈ ਘਰ-ਸੁਆਮੀ ਨੂੰ ਕਹਿੰਦੇ ਹਨ ਕਿ ਉਹ ਇਕ ਆਇਤ ਬਾਰੇ ਉਨ੍ਹਾਂ ਦੀ ਰਾਇ ਜਾਣਨੀ ਚਾਹੁੰਦੇ ਹਨ। ਫਿਰ ਉਹ ਆਇਤ ਪੜ੍ਹਦੇ ਹਨ। ਇਸ ਤਰ੍ਹਾਂ ਉਹ ਸਿੱਧੇ ਹੀ ਘਰ-ਸੁਆਮੀ ਦਾ ਧਿਆਨ ਪਰਮੇਸ਼ੁਰ ਦੇ ਬਚਨ ਵੱਲ ਖਿੱਚਦੇ ਹਨ। ਕੀ ਤੁਸੀਂ ਆਪਣੇ ਇਲਾਕੇ ਵਿਚ ਅੱਗੇ ਦਿੱਤੇ ਸੁਝਾਅ ਵਰਤ ਸਕਦੇ ਹੋ?
◼ “ਜੇ ਤੁਹਾਡੇ ਕੋਲ ਇਹੋ ਜਿਹੀਆਂ ਤਬਦੀਲੀਆਂ ਲਿਆਉਣ ਦੀ ਤਾਕਤ ਹੁੰਦੀ, ਤਾਂ ਕੀ ਤੁਸੀਂ ਇੱਦਾਂ ਕਰਦੇ?” ਪਰਕਾਸ਼ ਦੀ ਪੋਥੀ 21:4 ਪੜ੍ਹੋ।
◼ “ਕੀ ਤੁਸੀਂ ਕਦੇ ਸੋਚਿਆ ਕਿ ਦੁਨੀਆਂ ਦੇ ਹਾਲਾਤ ਕਿਉਂ ਵਿਗੜਦੇ ਜਾ ਰਹੇ ਹਨ?” 2 ਤਿਮੋਥਿਉਸ 3:1-5 ਪੜ੍ਹੋ।
◼ “ਜੇ ਸਾਰੇ ਲੋਕ ਇਸ ਸਲਾਹ ਤੇ ਚੱਲਣ, ਤਾਂ ਕੀ ਦੁਨੀਆਂ ਵਿਚ ਅਮਨ-ਚੈਨ ਨਹੀਂ ਹੋਵੇਗਾ?” ਮੱਤੀ 7:12 ਪੜ੍ਹੋ।
◼ “ਅੱਜ ਦੇ ਹਾਲਾਤ ਬਹੁਤ ਹੀ ਖ਼ਰਾਬ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਕਦੇ ਇਨ੍ਹਾਂ ਆਇਤਾਂ ਵਿਚ ਦੱਸੇ ਹਾਲਾਤਾਂ ਵਿਚ ਜੀ ਸਕਣਗੇ?” ਜ਼ਬੂਰਾਂ ਦੀ ਪੋਥੀ 37:10, 11 ਪੜ੍ਹੋ।
◼ “ਅੱਜ ਦਿਨ-ਬ-ਦਿਨ ਬੀਮਾਰੀਆਂ ਵਧਦੀਆਂ ਜਾ ਰਹੀਆਂ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਵਾਅਦਾ ਕਦੇ ਪੂਰਾ ਹੋਵੇਗਾ?” ਯਸਾਯਾਹ 33:24 ਪੜ੍ਹੋ।
◼ “ਕੀ ਤੁਸੀਂ ਕਦੇ ਇਸ ਆਇਤ ਬਾਰੇ ਸੁਣਿਆ ਹੈ ਜਿਸ ਵਿਚ ਇਕ ਨਵੀਂ ਸਰਕਾਰ ਬਾਰੇ ਦੱਸਿਆ ਹੈ?” ਦਾਨੀਏਲ 2:44 ਪੜ੍ਹੋ।
◼ “ਕੀ ਤੁਸੀਂ ਕਦੇ ਰੱਬ ਨੂੰ ਇਹ ਸਵਾਲ ਪੁੱਛਿਆ ਹੈ?” ਅੱਯੂਬ 21:7 ਪੜ੍ਹੋ।
◼ “ਸਾਡੇ ਜਿਹੜੇ ਅਜ਼ੀਜ਼ ਮਰ ਚੁੱਕੇ ਹਨ, ਕੀ ਅਸੀਂ ਕਦੇ ਉਨ੍ਹਾਂ ਨੂੰ ਦੁਬਾਰਾ ਮਿਲ ਸਕਾਂਗੇ?” ਯੂਹੰਨਾ 5:28, 29 ਪੜ੍ਹੋ।
◼ “ਕੀ ਮਰ ਚੁੱਕੇ ਲੋਕ ਜਾਣਦੇ ਹਨ ਕਿ ਅਸੀਂ ਕੀ ਕਰ ਰਹੇ ਹਾਂ?” ਉਪਦੇਸ਼ਕ ਦੀ ਪੋਥੀ 9:5 ਪੜ੍ਹੋ।
3. ਬਾਈਬਲ ਦੀਆਂ ਆਇਤਾਂ ਨੂੰ ਸਮਝਣ ਵਿਚ ਅਸੀਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
3 ਮਤਲਬ ਸਮਝਾਓ, ਉਦਾਹਰਣਾਂ ਦਿਓ ਅਤੇ ਅਹਿਮੀਅਤ ਦੱਸੋ: ਜੇ ਘਰ-ਸੁਆਮੀ ਗੱਲ ਕਰਨ ਲਈ ਤਿਆਰ ਹੈ, ਤਾਂ ਛੇਤੀ ਗੱਲ ਮੁਕਾਉਣ ਦੀ ਕੋਸ਼ਿਸ਼ ਨਾ ਕਰੋ। ਕੋਈ ਆਇਤ ਪੜ੍ਹਨ ਮਗਰੋਂ ਆਰਾਮ ਨਾਲ ਇਸ ਦਾ ਮਤਲਬ ਸਮਝਾਓ, ਉਦਾਹਰਣਾਂ ਦਿਓ ਅਤੇ ਦੱਸੋ ਕਿ ਇਹ ਆਇਤ ਘਰ-ਸੁਆਮੀ ਲਈ ਕੀ ਅਹਿਮੀਅਤ ਰੱਖਦੀ ਹੈ। (ਨਹ. 8:8) ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਨੂੰ ਸਮਝਣ ਅਤੇ ਕਬੂਲਣ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਚੰਗੀਆਂ ਤਬਦੀਲੀਆਂ ਆ ਸਕਦੀਆਂ ਹਨ।—1 ਥੱਸ. 2:13.
4. ਘਰ-ਸੁਆਮੀ ਨੂੰ ਦੁਬਾਰਾ ਮਿਲਣ ਜਾਣ ਤੇ ਅਸੀਂ ਕਿਵੇਂ ਬਾਈਬਲ ਵਿੱਚੋਂ ਗੱਲਾਂ ਸਾਂਝੀਆਂ ਕਰ ਸਕਦੇ ਹਾਂ?
4 ਘਰ-ਸੁਆਮੀ ਨੂੰ ਦੁਬਾਰਾ ਮਿਲਣ ਤੇ ਵੀ ਬਾਈਬਲ ਵਿੱਚੋਂ ਕੁਝ ਪੜ੍ਹ ਕੇ ਸੁਣਾਓ। ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ: (1) ਕੋਈ ਢੁਕਵੀਂ ਆਇਤ ਚੁਣੋ। (2) ਆਇਤ ਸੰਬੰਧੀ ਕੋਈ ਆਸਾਨ ਸਵਾਲ ਪੁੱਛੋ। ਫਿਰ ਆਇਤ ਪੜ੍ਹੋ। (3) ਆਇਤ ਦਾ ਮਤਲਬ ਸਮਝਾਓ, ਉਦਾਹਰਣ ਦਿਓ ਅਤੇ ਦੱਸੋ ਕਿ ਇਹ ਆਇਤ ਘਰ-ਸੁਆਮੀ ਲਈ ਕੀ ਅਹਿਮੀਅਤ ਰੱਖਦੀ ਹੈ। ਹਰ ਵਾਰ ਘਰ-ਸੁਆਮੀ ਨੂੰ ਮਿਲਣ ਜਾਣ ਤੇ ਉਸ ਨਾਲ ਪਰਮੇਸ਼ੁਰ ਦੇ ਬਚਨ ਵਿੱਚੋਂ ਕੋਈ ਗਿਆਨ ਦੀ ਗੱਲ ਸਾਂਝੀ ਕਰੋ। ਕੀ ਪਤਾ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਜਾਵੇ!