ਕੀ ਤੁਸੀਂ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਿਆਂ ਕਰ ਰਹੇ ਹੋ?
1 ਰਸੂਲਾਂ ਦੇ ਕਰਤੱਬ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਯਿਸੂ ਦੇ ਚੇਲਿਆਂ ਨੇ ਲੋਕਾਂ ਨੂੰ “ਚੰਗੀ ਤਰ੍ਹਾਂ ਸਾਖੀ” ਦੇ ਕੇ ਆਪਣੀ ਸੇਵਕਾਈ ਨੂੰ ਪੂਰਿਆਂ ਕੀਤਾ। (ਰਸੂ. 2:40; 8:25; 28:23, ਨਿ ਵ) ਪੌਲੁਸ ਰਸੂਲ ਦਾ ਵੀ ਇਹੀ ਮਕਸਦ ਸੀ। (ਰਸੂ. 20:24) ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਹੋਣ ਦੇ ਨਾਤੇ ਕੀ ਤੁਹਾਡਾ ਵੀ ਇਹੀ ਮਕਸਦ ਨਹੀਂ ਹੈ? ਤੁਸੀਂ ਆਪਣੀ ਸੇਵਕਾਈ ਨੂੰ ਕਿਵੇਂ ਚੰਗੀ ਤਰ੍ਹਾਂ ਪੂਰਿਆਂ ਕਰ ਸਕਦੇ ਹੋ?
2 ਪੇਸ਼ਕਾਰੀ ਤਿਆਰ ਕਰੋ: ਸੇਵਕਾਈ ਵਿਚ ਅਸਰਦਾਰ ਗਵਾਹੀ ਦੇਣ ਲਈ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਖ਼ਾਸਕਰ ਰਸਾਲੇ ਦਿੰਦੇ ਸਮੇਂ ਤਿਆਰੀ ਕਰਨੀ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦਾ ਵਿਸ਼ਾ ਬਦਲਦਾ ਰਹਿੰਦਾ ਹੈ। ਸਾਡੀ ਰਾਜ ਸੇਵਕਾਈ ਵਿਚ ਇਸ ਅੰਕ ਤੋਂ ਇਕ ਖ਼ਾਸ ਕਾਲਮ ਸ਼ਾਮਲ ਕੀਤਾ ਗਿਆ ਹੈ ਜੋ ਸਾਨੂੰ ਪੇਸ਼ਕਾਰੀਆਂ ਚੰਗੀ ਤਰ੍ਹਾਂ ਤਿਆਰ ਕਰਨ ਵਿਚ ਮਦਦ ਕਰੇਗਾ। ਇਹ ਲੇਖ ਦੇ ਖੱਬੇ ਪਾਸੇ ਦਿੱਤਾ ਗਿਆ ਹੈ ਜਿਸ ਵਿਚ ਨਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੂੰ ਪੇਸ਼ ਕਰਨ ਲਈ ਕੁਝ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ। ਹਰੇਕ ਅੰਕ ਵਿੱਚੋਂ ਇਕ ਢੁਕਵੇਂ ਵਿਸ਼ੇ ਨੂੰ ਉਜਾਗਰ ਕੀਤਾ ਜਾਵੇਗਾ ਜੋ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਵੇਗਾ। ਤੁਸੀਂ ਇਨ੍ਹਾਂ ਛੋਟੀਆਂ-ਛੋਟੀਆਂ ਪੇਸ਼ਕਾਰੀਆਂ ਨੂੰ ਵਰਤ ਕੇ ਕਿਵੇਂ ਗੱਲਬਾਤ ਅੱਗੇ ਵਧਾ ਸਕਦੇ ਹੋ?
3 ਇਨ੍ਹਾਂ ਪੇਸ਼ਕਾਰੀਆਂ ਵਿੱਚੋਂ ਕੋਈ ਇਕ ਪੇਸ਼ਕਾਰੀ ਚੁਣੋ ਜੋ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੇ ਖੇਤਰ ਵਿਚ ਜ਼ਿਆਦਾ ਪ੍ਰਭਾਵਕਾਰੀ ਰਹੇਗੀ। ਇਸ ਵਿਚ ਜ਼ਿਕਰ ਕੀਤੇ ਗਏ ਲੇਖ ਨੂੰ ਧਿਆਨ ਨਾਲ ਪੜ੍ਹੋ ਅਤੇ ਖ਼ਾਸ ਮੁੱਦਿਆਂ ਉੱਤੇ ਗੌਰ ਕਰੋ ਜੋ ਲੋਕਾਂ ਦੀ ਦਿਲਚਸਪੀ ਨੂੰ ਜਗਾਉਣਗੇ। ਲੇਖ ਵਿੱਚੋਂ ਬਾਈਬਲ ਦਾ ਇਕ ਹਵਾਲਾ ਚੁਣੋ ਜੋ ਤੁਹਾਡੀ ਗੱਲਬਾਤ ਦੇ ਵਿਸ਼ੇ ਨਾਲ ਢੁਕਦਾ ਹੋਵੇ ਅਤੇ ਇਹ ਤੁਸੀਂ ਘਰ-ਸੁਆਮੀ ਲਈ ਪੜ੍ਹ ਸਕਦੇ ਹੋ। ਅਖ਼ੀਰ ਵਿਚ ਘਰ-ਸੁਆਮੀ ਨੂੰ ਰਸਾਲਾ ਪੜ੍ਹਨ ਲਈ ਉਤਸ਼ਾਹਿਤ ਕਰੋ ਤੇ ਜੇ ਢੁਕਵਾਂ ਹੋਵੇ ਤਾਂ ਥੋੜ੍ਹੇ ਸ਼ਬਦਾਂ ਵਿਚ ਕਹੋ ਕਿ ਜੇ ਉਹ ਚਾਹੇ, ਤਾਂ ਉਹ ਯਹੋਵਾਹ ਦੇ ਗਵਾਹਾਂ ਦੇ ਸੰਸਾਰ ਭਰ ਵਿਚ ਕੀਤੇ ਜਾਂਦੇ ਕੰਮ ਲਈ ਚੰਦਾ ਦੇ ਸਕਦਾ ਹੈ। ਹੁਣ ਆਪਣੀ ਪੇਸ਼ਕਾਰੀ ਦੀ ਰੀਹਰਸਲ ਕਰੋ।
4 ਬਾਈਬਲ ਨੂੰ ਵਰਤਣ ਦੀ ਯੋਜਨਾ ਬਣਾਓ: ਚੰਗੀ ਤਰ੍ਹਾਂ ਤਿਆਰੀ ਕਰਨ ਨਾਲ ਤੁਸੀਂ ਅਕਸਰ ਆਪਣੀ ਪੇਸ਼ਕਾਰੀ ਵਿਚ ਬਾਈਬਲ ਦਾ ਇਕ ਹਵਾਲਾ ਸ਼ਾਮਲ ਕਰ ਸਕਦੇ ਹੋ। ਸਭ ਤੋਂ ਪਹਿਲਾਂ, ਸਾਨੂੰ ਆਪਣੇ ਖੇਤਰ ਵਿਚ ਬੋਲੀ ਜਾਂਦੀ ਭਾਸ਼ਾ ਵਿਚ ਪੂਰੀ ਬਾਈਬਲ ਨਾਲ ਲੈ ਕੇ ਜਾਣੀ ਚਾਹੀਦੀ ਹੈ। ਫਿਰ, ਜੇ ਸਾਡੇ ਇਲਾਕੇ ਵਿਚ ਲੋਕ ਬਾਈਬਲ ਦੇ ਵਿਰੁੱਧ ਨਹੀਂ ਹਨ, ਤਾਂ ਅਸੀਂ ਬਾਈਬਲ ਨੂੰ ਵਰਤ ਕੇ ਆਪਣੀ ਗੱਲਬਾਤ ਸ਼ੁਰੂ ਕਰ ਸਕਦੇ ਹਾਂ। ਦੋਸਤਾਨਾ ਅੰਦਾਜ਼ ਵਿਚ ਨਮਸਕਾਰ ਕਰਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ:
◼ “ਅਸੀਂ ਲੋਕਾਂ ਨੂੰ ਪੁੱਛ ਰਹੇ ਹਾਂ ਕਿ ਉਹ ਇਸ ਗੱਲ ਵਿਚ ਵਿਸ਼ਵਾਸ ਕਰਦੇ ਹਨ ਜਾਂ ਨਹੀਂ . . .” ਉਤਪਤ 1:1 ਪੜ੍ਹੋ ਤੇ ਫਿਰ ਪੁੱਛੋ: “ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?” ਜੇ ਉਹ ਵਿਅਕਤੀ ਸਹਿਮਤ ਹੁੰਦਾ ਹੈ, ਤਾਂ ਫਿਰ ਕਹੋ: “ਮੈਂ ਵੀ ਇਸ ਨਾਲ ਸਹਿਮਤ ਹਾਂ। ਪਰ ਕੀ ਤੁਸੀਂ ਸੋਚਦੇ ਹੋ ਕਿ ਜੇ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ, ਤਾਂ ਬੁਰਾਈ ਲਈ ਵੀ ਉਹੀ ਜ਼ਿੰਮੇਵਾਰ ਹੈ?” ਉਸ ਵਿਅਕਤੀ ਦਾ ਜਵਾਬ ਜਾਣਨ ਤੋਂ ਬਾਅਦ ਉਪਦੇਸ਼ਕ ਦੀ ਪੋਥੀ 7:29 ਪੜ੍ਹੋ। ਗਿਆਨ ਕਿਤਾਬ ਦਾ ਸਫ਼ਾ 71 ਖੋਲ੍ਹੋ ਅਤੇ ਦੂਜਾ ਪੈਰਾ ਪੜ੍ਹੋ। ਉਸ ਵਿਅਕਤੀ ਨੂੰ ਕਿਤਾਬ ਪੜ੍ਹਨ ਲਈ ਉਤਸ਼ਾਹਿਤ ਕਰੋ। ਜੇ ਘਰ-ਸੁਆਮੀ ਉਤਪਤ 1:1 ਵਿਚ ਦਿੱਤੇ ਹਵਾਲੇ ਨਾਲ ਸਹਿਮਤ ਨਹੀਂ ਹੁੰਦਾ, ਤਾਂ ਉਸ ਨੂੰ ਸ੍ਰਿਸ਼ਟੀ (ਅੰਗ੍ਰੇਜ਼ੀ) ਕਿਤਾਬ ਦੀ ਜਾਂਚ ਕਰਨ ਲਈ ਕਹੋ।
5 ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਕੋਲ ਵਾਪਸ ਜਾਓ: ਤੁਸੀਂ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਾ ਨਹੀਂ ਕਰ ਸਕਦੇ ਜੇ ਤੁਸੀਂ ਦਿਲਚਸਪੀ ਰੱਖਣ ਵਾਲੇ ਲੋਕਾਂ ਕੋਲ ਵਾਪਸ ਨਹੀਂ ਜਾਂਦੇ। ਚੰਗੀ ਗੱਲਬਾਤ ਹੋਣ ਤੋਂ ਬਾਅਦ ਜੇ ਤੁਸੀਂ ਕਿਸੇ ਨੂੰ ਰਸਾਲਾ ਜਾਂ ਕੋਈ ਹੋਰ ਸਾਹਿੱਤ ਦਿੱਤਾ ਹੈ, ਤਾਂ ਉਸ ਵਿਅਕਤੀ ਦਾ ਨਾਂ ਅਤੇ ਪਤਾ ਲੈਣਾ ਨਾ ਭੁੱਲੋ। ਛੇਤੀ ਵਾਪਸ ਜਾ ਕੇ ਉਸ ਵਿਅਕਤੀ ਦੀ ਦਿਲਚਸਪੀ ਵਧਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰੋ। ਉਸ ਨੂੰ ਬਾਈਬਲ ਅਧਿਐਨ ਦੀ ਪੇਸ਼ਕਸ਼ ਜ਼ਰੂਰ ਕਰੋ।
6 ਪਹਿਲੀ ਸਦੀ ਦੇ ਚੇਲੇ ਜਾਣਦੇ ਸਨ ਕਿ ਯਿਸੂ ਨੇ ਉਨ੍ਹਾਂ ਨੂੰ ‘ਚੰਗੀ ਤਰ੍ਹਾਂ ਸਾਖੀ ਦੇਣ’ ਦਾ ਹੁਕਮ ਦਿੱਤਾ ਸੀ। (ਰਸੂ. 10:42) ਇਹੀ ਹੁਕਮ ਸਾਡੇ ਉੱਤੇ ਵੀ ਲਾਗੂ ਹੁੰਦਾ ਹੈ ਕਿਉਂਕਿ ਇਹੀ ਇਕ ਤਰੀਕਾ ਹੈ ਜਿਸ ਰਾਹੀਂ ਅਸੀਂ ਚੇਲੇ ਬਣਾ ਸਕਦੇ ਹਾਂ। (ਮੱਤੀ 28:19, 20) ਆਓ ਆਪਾਂ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਿਆਂ ਕਰਨ ਦੀ ਪੂਰੀ ਵਾਹ ਲਾਈਏ।—2 ਤਿਮੋ. 4:5.