ਪ੍ਰਸ਼ਨ ਡੱਬੀ
◼ ਸਾਨੂੰ ਕਲੀਸਿਯਾ ਵਿਚ ਮਿਲੀ ਜ਼ਿੰਮੇਵਾਰੀ ਕਿਵੇਂ ਨਿਭਾਉਣੀ ਚਾਹੀਦੀ ਹੈ?
ਯਹੋਵਾਹ ਦੇ ਲੋਕ ਮਿਲ ਕੇ ਸਭ ਕੰਮ ਕਰਦੇ ਹਨ ਜਿਸ ਨਾਲ ਕਲੀਸਿਯਾ ਵਿਚ ਸਾਰੇ ਕੰਮ ਤਰਤੀਬ ਨਾਲ ਹੁੰਦੇ ਹਨ। (1 ਕੁਰਿੰ. 14:33, 40) ਜ਼ਰਾ ਗੌਰ ਕਰੋ ਕਿ ਇਕ ਕਲੀਸਿਯਾ ਸਭਾ ਚਲਾਉਣ ਲਈ ਕੀ ਕੁਝ ਕਰਨ ਦੀ ਲੋੜ ਪੈਂਦੀ ਹੈ। ਸਭਾ ਵਿਚ ਭਾਗ ਪੇਸ਼ ਕਰਨ ਤੋਂ ਇਲਾਵਾ, ਕਈ ਭਰਾ ਸਭਾ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲਦੇ ਹਨ। ਕੁਝ ਕੰਮ ਦੂਸਰਿਆਂ ਦੀ ਨਜ਼ਰ ਵਿਚ ਨਹੀਂ ਆਉਂਦੇ, ਪਰ ਉਹ ਵੀ ਬਹੁਤ ਮਹੱਤਵਪੂਰਣ ਹੁੰਦੇ ਹਨ। ਅਸੀਂ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾ ਸਕਦੇ ਹਾਂ?
ਕੰਮ ਕਰਨ ਲਈ ਤਿਆਰ ਰਹੋ। ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਹਨ, ਉਹ ਕੋਈ-ਨਾ-ਕੋਈ ਕੰਮ ਲੱਭ ਹੀ ਲੈਂਦੇ ਹਨ। (ਜ਼ਬੂ. 110:3) ਬੀਮਾਰ ਤੇ ਬੁੱਢੇ ਭੈਣ-ਭਰਾਵਾਂ ਦੀ ਮਦਦ ਕਰੋ। ਕਿੰਗਡਮ ਹਾਲ ਦੀ ਸਫ਼ਾਈ ਕਰਨ ਵਿਚ ਹੱਥ ਵਟਾਓ। ਕਿਸੇ ਦੇ ਕਹੇ ਬਿਨਾਂ ਹੀ ਅਸੀਂ ਕਈ ਕੰਮ ਕਰ ਸਕਦੇ ਹਾਂ। ਬਸ ਸਾਡੇ ਵਿਚ ਮਦਦ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ।
ਹਲੀਮੀ ਨਾਲ ਸੇਵਾ ਕਰੋ। ਹਲੀਮ ਲੋਕ ਦੂਸਰਿਆਂ ਦੀ ਸੇਵਾ ਕਰ ਕੇ ਖ਼ੁਸ਼ ਹੁੰਦੇ ਹਨ। (ਲੂਕਾ 9:48) ਹਲੀਮ ਬਣਨ ਨਾਲ ਅਸੀਂ ਸਿਰਫ਼ ਉੱਨਾ ਹੀ ਕੰਮ ਆਪਣੇ ਹੱਥ ਵਿਚ ਲਵਾਂਗੇ ਜਿੰਨਾ ਅਸੀਂ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਹਲੀਮੀ ਦਾ ਗੁਣ ਸਾਨੂੰ ਆਪਣੀ ਹੱਦ ਵਿਚ ਰਹਿਣ ਵਿਚ ਮਦਦ ਕਰੇਗਾ।—ਕਹਾ. 11:2.
ਭਰੋਸੇਯੋਗ ਬਣੋ। ਪ੍ਰਾਚੀਨ ਇਸਰਾਏਲ ਵਿਚ ਮੂਸਾ ਦੀ ਮਦਦ ਕਰਨ ਲਈ ‘ਸਤਵਾਦੀ ਮਨੁੱਖ’ ਚੁਣੇ ਗਏ ਸਨ। (ਕੂਚ 18:21) ਅੱਜ ਵੀ ਸਤਵਾਦੀ ਹੋਣਾ ਯਾਨੀ ਭਰੋਸੇਯੋਗ ਹੋਣਾ ਜ਼ਰੂਰੀ ਹੈ। ਤੁਹਾਨੂੰ ਜੋ ਵੀ ਕੰਮ ਦਿੱਤਾ ਜਾਂਦਾ ਹੈ, ਉਸ ਨੂੰ ਪੂਰੇ ਦਿਲ ਨਾਲ ਕਰੋ। (ਲੂਕਾ 16:10) ਜੇ ਕਿਸੇ ਮੌਕੇ ਤੇ ਤੁਸੀਂ ਕੋਈ ਕੰਮ ਆਪ ਪੂਰਾ ਨਹੀਂ ਕਰ ਸਕਦੇ, ਤਾਂ ਕਿਸੇ ਹੋਰ ਭਰਾ ਦੀ ਮਦਦ ਲਓ ਤਾਂਕਿ ਉਹ ਤੁਹਾਡੀ ਗ਼ੈਰ-ਹਾਜ਼ਰੀ ਵਿਚ ਉਸ ਕੰਮ ਨੂੰ ਪੂਰਾ ਕਰੇ।
ਦਿਲੋ-ਜਾਨ ਨਾਲ ਕੰਮ ਕਰੋ। ਮਸੀਹੀਆਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਮਾਲਕਾਂ ਲਈ ਦਿਲ ਲਾ ਕੇ ਕੰਮ ਕਰਨ। (ਕੁਲੁ. 3:22-24) ਤਾਂ ਫਿਰ ਪਰਮੇਸ਼ੁਰ ਦੀ ਸੇਵਾ ਵਿਚ ਸਾਨੂੰ ਹੋਰ ਵੀ ਦਿਲ ਲਾ ਕੇ ਕੰਮ ਕਰਨਾ ਚਾਹੀਦਾ ਹੈ। ਕੰਮ ਭਾਵੇਂ ਸਾਨੂੰ ਨੀਵਾਂ ਜਾਂ ਮਾਮੂਲੀ ਲੱਗੇ, ਪਰ ਇਸ ਨੂੰ ਚੰਗੀ ਤਰ੍ਹਾਂ ਕਰਨ ਨਾਲ ਪੂਰੀ ਕਲੀਸਿਯਾ ਨੂੰ ਫ਼ਾਇਦਾ ਹੁੰਦਾ ਹੈ।
ਕਲੀਸਿਯਾ ਦਾ ਕੋਈ ਵੀ ਕੰਮ ਕਰ ਕੇ ਅਸੀਂ ਯਹੋਵਾਹ ਅਤੇ ਆਪਣੇ ਭਰਾਵਾਂ ਲਈ ਪਿਆਰ ਜ਼ਾਹਰ ਕਰਦੇ ਹਾਂ। (ਮੱਤੀ 22:37-39) ਤਾਂ ਫਿਰ ਆਓ ਆਪਾਂ ਆਪਣੀ ਜ਼ਿੰਮੇਵਾਰੀ ਨੂੰ ਵਫ਼ਾਦਾਰੀ ਨਾਲ ਪੂਰਾ ਕਰੀਏ।