ਪ੍ਰਸ਼ਨ ਡੱਬੀ
◼ ਹੋਰ ਦੇਸ਼ਾਂ ਵਿਚ ਰਹਿੰਦੇ ਆਪਣੇ ਲੋੜਵੰਦ ਭਰਾਵਾਂ ਦੀ ਮਦਦ ਕਰਨ ਲਈ ਦਾਨ ਦੇਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?
ਅਸੀਂ ਕਈ ਵਾਰ ਸੁਣਦੇ ਹਾਂ ਕਿ ਕਿਸੇ ਦੇਸ਼ ਵਿਚ ਸਾਡੇ ਭੈਣ-ਭਰਾ ਅਤਿਆਚਾਰਾਂ, ਕੁਦਰਤੀ ਆਫ਼ਤਾਂ ਜਾਂ ਹੋਰ ਸੰਕਟਾਂ ਕਰਕੇ ਮੰਦਹਾਲੀ ਦਾ ਸਾਮ੍ਹਣਾ ਕਰ ਰਹੇ ਹਨ। ਅਜਿਹੇ ਮੌਕਿਆਂ ਤੇ ਕੁਝ ਭੈਣ-ਭਰਾਵਾਂ ਨੇ ਉਸ ਦੇਸ਼ ਦੇ ਬ੍ਰਾਂਚ ਆਫਿਸ ਨੂੰ ਪੈਸਾ ਭੇਜ ਕੇ ਦਰਖ਼ਾਸਤ ਕੀਤੀ ਹੈ ਕਿ ਇਹ ਪੈਸਾ ਕਿਸੇ ਖ਼ਾਸ ਮਸੀਹੀ ਨੂੰ ਦਿੱਤਾ ਜਾਵੇ ਜਾਂ ਕਿਸੇ ਖ਼ਾਸ ਕਲੀਸਿਯਾ ਜਾਂ ਉਸਾਰੀ ਯੋਜਨਾ ਲਈ ਵਰਤਿਆ ਜਾਵੇ।—2 ਕੁਰਿੰ. 8:1-4.
ਸਾਥੀ ਵਿਸ਼ਵਾਸੀਆਂ ਪ੍ਰਤੀ ਚਿੰਤਾ ਅਤੇ ਪਿਆਰ ਜ਼ਾਹਰ ਕਰਨਾ ਪ੍ਰਸ਼ੰਸਾਯੋਗ ਹੈ। ਪਰ ਹੋ ਸਕਦਾ ਕਿ ਅਸੀਂ ਜਿਨ੍ਹਾਂ ਭਰਾਵਾਂ ਲਈ ਦਾਨ ਭੇਜਦੇ ਹਾਂ, ਉਨ੍ਹਾਂ ਨਾਲੋਂ ਦੂਸਰਿਆਂ ਨੂੰ ਮਦਦ ਦੀ ਜ਼ਿਆਦਾ ਲੋੜ ਹੋਵੇ। ਕਈ ਵਾਰ ਅਸੀਂ ਜਿਸ ਲੋੜ ਦੀ ਪੂਰਤੀ ਲਈ ਦਾਨ ਭੇਜਦੇ ਹਾਂ, ਉਹ ਲੋੜ ਪਹਿਲਾਂ ਹੀ ਪੂਰੀ ਹੋ ਚੁੱਕੀ ਹੁੰਦੀ ਹੈ। ਇਸ ਤੋਂ ਇਲਾਵਾ, ਜਦੋਂ ਅਸੀਂ ਵਿਸ਼ਵ-ਵਿਆਪੀ ਪ੍ਰਚਾਰ ਕੰਮ, ਕਿੰਗਡਮ ਹਾਲ ਫ਼ੰਡ ਜਾਂ ਸੰਕਟ ਵਿਚ ਪਏ ਭਰਾਵਾਂ ਦੀ ਰਾਹਤ ਲਈ ਪੈਸੇ ਆਪਣੇ ਦੇਸ਼ ਦੇ ਬ੍ਰਾਂਚ ਆਫਿਸ ਨੂੰ ਭੇਜਦੇ ਹਾਂ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਹ ਪੈਸਾ ਦਾਨਕਰਤਾ ਦੀ ਇੱਛਾ ਮੁਤਾਬਕ ਹੀ ਵਰਤਿਆ ਜਾਵੇਗਾ।
ਅਚਾਨਕ ਕੋਈ ਸੰਕਟ ਪੈਦਾ ਹੋ ਜਾਣ ਤੇ ਤੁਰੰਤ ਮਦਦ ਕਰਨ ਲਈ ਸਾਰੀਆਂ ਬ੍ਰਾਂਚਾਂ ਵਿਚ ਭਰਾਵਾਂ ਨੂੰ ਪੂਰੀ-ਪੂਰੀ ਸਿਖਲਾਈ ਦਿੱਤੀ ਗਈ ਹੈ। ਇਹੋ ਜਿਹੇ ਮੌਕਿਆਂ ਤੇ ਬ੍ਰਾਂਚਾਂ ਪ੍ਰਬੰਧਕ ਸਭਾ ਨੂੰ ਹਾਲਾਤ ਬਾਰੇ ਪੂਰੀ ਖ਼ਬਰ ਦਿੰਦੀਆਂ ਹਨ। ਜੇ ਹੋਰ ਮਦਦ ਦੀ ਲੋੜ ਹੋਵੇ, ਤਾਂ ਪ੍ਰਬੰਧਕ ਸਭਾ ਗੁਆਂਢੀ ਦੇਸ਼ਾਂ ਦੀਆਂ ਬ੍ਰਾਂਚਾਂ ਨੂੰ ਮਦਦ ਕਰਨ ਲਈ ਕਹਿ ਸਕਦੀ ਹੈ ਜਾਂ ਮੁੱਖ ਦਫ਼ਤਰ ਆਪ ਮਾਲੀ ਤੌਰ ਤੇ ਮਦਦ ਕਰਦਾ ਹੈ।—2 ਕੁਰਿੰ. 8:14, 15.
ਇਸ ਲਈ ਜੇ ਕੋਈ ਵਿਸ਼ਵ-ਵਿਆਪੀ ਪ੍ਰਚਾਰ ਕੰਮ ਲਈ, ਹੋਰ ਦੇਸ਼ਾਂ ਵਿਚ ਚੱਲ ਰਹੀਆਂ ਉਸਾਰੀ ਯੋਜਨਾਵਾਂ ਲਈ ਜਾਂ ਸੰਕਟਗ੍ਰਸਤ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਦਾਨ ਭੇਜਣਾ ਚਾਹੁੰਦਾ ਹੈ, ਤਾਂ ਉਸ ਨੂੰ ਪੈਸੇ ਆਪਣੇ ਦੇਸ਼ ਦੇ ਬ੍ਰਾਂਚ ਆਫਿਸ ਨੂੰ ਭੇਜਣੇ ਚਾਹੀਦੇ ਹਨ। ਦਾਨ ਕਲੀਸਿਯਾ ਦੁਆਰਾ ਜਾਂ ਸਿੱਧਾ ਬ੍ਰਾਂਚ ਆਫਿਸ ਨੂੰ ਭੇਜਿਆ ਜਾ ਸਕਦਾ ਹੈ। ਇਸ ਤਰ੍ਹਾਂ, ਪ੍ਰਬੰਧਕ ਸਭਾ ਦੁਆਰਾ ਕੀਤੇ ਗਏ ਇੰਤਜ਼ਾਮਾਂ ਰਾਹੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਨੀਆਂ ਭਰ ਦੇ ਭੈਣ-ਭਰਾਵਾਂ ਦੀਆਂ ਲੋੜਾਂ ਨੂੰ ਵਧੀਆ ਤਰੀਕੇ ਨਾਲ ਪੂਰਾ ਕਰ ਸਕੇਗਾ।—ਮੱਤੀ 24:45-47; 1 ਕੁਰਿੰ. 14:33, 40.