ਸਬਰ ਨਾਲ ਦੌੜਦੇ ਰਹਿਣ ਵਿਚ ਪ੍ਰਚਾਰ ਸਾਡੀ ਮਦਦ ਕਰਦਾ ਹੈ
1 ਪਰਮੇਸ਼ੁਰ ਦਾ ਬਚਨ ਸਾਨੂੰ ਉਤਸ਼ਾਹਿਤ ਕਰਦਾ ਹੈ ਕਿ ਅਸੀਂ “ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।” (ਇਬ. 12:1) ਜਿਵੇਂ ਇਕ ਦੌੜਾਕ ਨੂੰ ਮੁਕਾਬਲਾ ਜਿੱਤਣ ਲਈ ਸਬਰ ਤੋਂ ਕੰਮ ਲੈਣਾ ਪੈਂਦਾ ਹੈ, ਉਸੇ ਤਰ੍ਹਾਂ ਸਾਨੂੰ ਸਦਾ ਦੀ ਜ਼ਿੰਦਗੀ ਦਾ ਇਨਾਮ ਜਿੱਤਣ ਲਈ ਸਬਰ ਤੋਂ ਕੰਮ ਲੈਣ ਦੀ ਲੋੜ ਹੈ। (ਇਬ. 10:36) ਸਬਰ ਨਾਲ ਦੌੜਦੇ ਰਹਿਣ ਵਿਚ ਪ੍ਰਚਾਰ ਸਾਡੀ ਕਿਵੇਂ ਮਦਦ ਕਰ ਸਕਦਾ ਹੈ?—ਮੱਤੀ 24:13.
2 ਅਧਿਆਤਮਿਕ ਤੌਰ ਤੇ ਮਜ਼ਬੂਤ ਹੁੰਦੇ ਹਾਂ: ਬਾਈਬਲ ਵਿੱਚੋਂ ਨਵੀਂ ਦੁਨੀਆਂ ਦੇ ਸ਼ਾਨਦਾਰ ਵਾਅਦੇ ਬਾਰੇ ਹੋਰਨਾਂ ਨੂੰ ਦੱਸਣ ਨਾਲ ਸਾਡੀ ਆਪਣੀ ਉਮੀਦ ਪੱਕੀ ਹੁੰਦੀ ਹੈ। (1 ਥੱਸ. 5:8) ਪ੍ਰਚਾਰ ਵਿਚ ਬਾਕਾਇਦਾ ਹਿੱਸਾ ਲੈਣ ਨਾਲ ਸਾਨੂੰ ਸਿੱਖੀਆਂ ਸੱਚਾਈਆਂ ਬਾਰੇ ਦੂਜਿਆਂ ਨੂੰ ਦੱਸਣ ਦਾ ਮੌਕਾ ਮਿਲਦਾ ਹੈ। ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਨਾਲ ਅਸੀਂ ਅਧਿਆਤਮਿਕ ਤੌਰ ਤੇ ਮਜ਼ਬੂਤ ਹੁੰਦੇ ਹਾਂ।
3 ਦੂਜਿਆਂ ਨੂੰ ਚੰਗੀ ਤਰ੍ਹਾਂ ਸਿਖਾਉਣ ਲਈ ਜ਼ਰੂਰੀ ਹੈ ਕਿ ਅਸੀਂ ਖ਼ੁਦ ਬਾਈਬਲ ਦੀਆਂ ਸੱਚਾਈਆਂ ਨੂੰ ਚੰਗੀ ਤਰ੍ਹਾਂ ਸਮਝੀਏ। ਰਿਸਰਚ ਕਰਨ ਦੇ ਨਾਲ-ਨਾਲ ਸਾਨੂੰ ਜਾਣਕਾਰੀ ਤੇ ਮਨਨ ਵੀ ਕਰਨਾ ਚਾਹੀਦਾ ਹੈ। ਜਦੋਂ ਅਸੀਂ ਆਪ ਸਿੱਖਣ ਲਈ ਸਖ਼ਤ ਮਿਹਨਤ ਕਰਦੇ ਹਾਂ, ਤਾਂ ਇਸ ਨਾਲ ਸਾਡਾ ਗਿਆਨ ਵਧਦਾ ਹੈ, ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਤੇ ਸਾਡੇ ਵਿਚ ਅਧਿਆਤਮਿਕ ਕੰਮਾਂ ਲਈ ਜੋਸ਼ ਪੈਦਾ ਹੁੰਦਾ ਹੈ। (ਕਹਾ. 2:3-5) ਇਸ ਤਰ੍ਹਾਂ ਦੂਜਿਆਂ ਦੀ ਮਦਦ ਕਰਨ ਨਾਲ ਅਸੀਂ ਖ਼ੁਦ ਵੀ ਮਜ਼ਬੂਤ ਹੁੰਦੇ ਹਾਂ।—1 ਤਿਮੋ. 4:15, 16.
4 ਪ੍ਰਚਾਰ ਦਾ ਕੰਮ ‘ਪਰਮੇਸ਼ੁਰ ਦੇ ਸ਼ਸਤ੍ਰ ਬਸਤ੍ਰਾਂ’ ਦਾ ਹਿੱਸਾ ਹੈ ਜਿਨ੍ਹਾਂ ਦੀ ਸਾਨੂੰ ਸ਼ਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦਾ ਦ੍ਰਿੜ੍ਹਤਾ ਨਾਲ ਸਾਮ੍ਹਣਾ ਕਰਨ ਲਈ ਜ਼ਰੂਰਤ ਹੈ। (ਅਫ਼. 6:10-13, 15) ਪਰਮੇਸ਼ੁਰੀ ਕੰਮਾਂ ਵਿਚ ਰੁੱਝੇ ਰਹਿਣ ਨਾਲ ਸਾਨੂੰ ਚੰਗੀਆਂ ਗੱਲਾਂ ਤੇ ਧਿਆਨ ਲਾਈ ਰੱਖਣ ਵਿਚ ਮਦਦ ਮਿਲਦੀ ਹੈ ਤੇ ਅਸੀਂ ਸ਼ਤਾਨ ਦੀ ਦੁਨੀਆਂ ਦੇ ਰੰਗ ਵਿਚ ਰੰਗੇ ਜਾਣ ਤੋਂ ਬਚੇ ਰਹਿੰਦੇ ਹਾਂ। (ਕੁਲੁ. 3:2) ਦੂਜਿਆਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿਖਾਉਂਦੇ ਰਹਿਣ ਨਾਲ ਸਾਨੂੰ ਚੇਤਾ ਰਹਿੰਦਾ ਹੈ ਕਿ ਅਸੀਂ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਹੈ।—1 ਪਤ. 2:12.
5 ਪਰਮੇਸ਼ੁਰ ਤਾਕਤ ਦਿੰਦਾ ਹੈ: ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਨਾਲ ਅਸੀਂ ਯਹੋਵਾਹ ਤੇ ਭਰੋਸਾ ਰੱਖਣਾ ਸਿੱਖਦੇ ਹਾਂ। (2 ਕੁਰਿੰ. 4:1, 7) ਇਹ ਕਿੰਨੀ ਵਧੀਆ ਗੱਲ ਹੈ ਸਾਡੇ ਲਈ! ਯਹੋਵਾਹ ਤੇ ਭਰੋਸਾ ਰੱਖਣ ਨਾਲ ਅਸੀਂ ਨਾ ਸਿਰਫ਼ ਆਪਣੀ ਸੇਵਕਾਈ ਪੂਰੀ ਕਰਨ ਲਈ ਤਿਆਰ ਹੁੰਦੇ ਹਾਂ, ਸਗੋਂ ਜ਼ਿੰਦਗੀ ਵਿਚ ਆਉਣ ਵਾਲੀ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਵੀ ਤਿਆਰ ਹੁੰਦੇ ਹਾਂ। (ਫ਼ਿਲਿ. 4:11-13) ਜੀ ਹਾਂ, ਸਬਰ ਨਾਲ ਦੌੜਦੇ ਰਹਿਣ ਲਈ ਯਹੋਵਾਹ ਤੇ ਪੂਰਾ ਭਰੋਸਾ ਰੱਖਣਾ ਸਿੱਖਣਾ ਬਹੁਤ ਜ਼ਰੂਰੀ ਹੈ। (ਜ਼ਬੂ. 55:22) ਪ੍ਰਚਾਰ ਕਈ ਤਰੀਕਿਆਂ ਨਾਲ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ।