ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣਾ
1. ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਮੁਢਲੇ ਮਸੀਹੀਆਂ ਨੇ ਕੀ ਕੀਤਾ ਸੀ?
1 ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੇ ਤਨ-ਮਨ ਲਾ ਕੇ ਰਾਜ ਦਾ ਸੰਦੇਸ਼ ਫੈਲਾਇਆ ਸੀ। ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਵਧੀਆ ਜ਼ਰੀਏ ਇਸਤੇਮਾਲ ਕੀਤੇ। ਮਸੀਹੀ ਬਾਈਬਲ ਲਿਖਾਰੀਆਂ ਨੇ ਆਮ ਯੂਨਾਨੀ ਭਾਸ਼ਾ ਵਿਚ ਪਵਿੱਤਰ ਲਿਖਤਾਂ ਲਿਖੀਆਂ ਸਨ ਜੋ ਉਸ ਸਮੇਂ ਰੋਮੀ ਸਾਮਰਾਜ ਦੀ ਅੰਤਰਰਾਸ਼ਟਰੀ ਭਾਸ਼ਾ ਸੀ। ਇਸ ਤੋਂ ਇਲਾਵਾ, ਹੋ ਸਕਦਾ ਹੈ ਕਿ ਦੂਜੀ ਤੇ ਤੀਜੀ ਸਦੀ ਦੇ ਜੋਸ਼ੀਲੇ ਪ੍ਰਚਾਰਕਾਂ ਨੇ ਲਪੇਟਵੀਆਂ ਪੱਤਰੀਆਂ ਦੀ ਬਜਾਇ ਕਿਤਾਬ-ਰੂਪੀ ਬਾਈਬਲ (ਕੋਡੈਕਸ) ਵਰਤਣੀ ਸ਼ੁਰੂ ਕੀਤੀ ਸੀ ਕਿਉਂਕਿ ਇਸ ਵਿੱਚੋਂ ਹਵਾਲੇ ਲੱਭਣੇ ਆਸਾਨ ਸਨ।
2, 3. (ੳ) ਅੱਜ ਯਸਾਯਾਹ 60:16 ਕਿਵੇਂ ਪੂਰਾ ਹੋ ਰਿਹਾ ਹੈ? (ਅ) ਸੱਚੀ ਭਗਤੀ ਨੂੰ ਫੈਲਾਉਣ ਲਈ ਤਕਨਾਲੋਜੀ ਨੂੰ ਕਿਵੇਂ ਵਰਤਿਆ ਜਾ ਰਿਹਾ ਹੈ?
2 ਤਕਨਾਲੋਜੀ ਦੀ ਵਰਤੋਂ: ਯਸਾਯਾਹ ਨਬੀ ਰਾਹੀਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ: “ਤੂੰ ਕੌਮਾਂ ਦਾ ਦੁੱਧ ਚੁੰਘੇਂਗੀ।” (ਯਸਾ. 60:16) ਇਸ ਭਵਿੱਖਬਾਣੀ ਦੀ ਪੂਰਤੀ ਅਨੁਸਾਰ ਅੱਜ ਯਹੋਵਾਹ ਦੇ ਗਵਾਹ ਕੌਮਾਂ ਦੇ ਕੀਮਤੀ ਸਾਧਨ ਵਰਤ ਕੇ ਪ੍ਰਚਾਰ ਦਾ ਕੰਮ ਕਰ ਰਹੇ ਹਨ। ਮਿਸਾਲ ਲਈ, ਆਵਾਜ਼ਾਂ ਵਾਲੀਆਂ ਫ਼ਿਲਮਾਂ ਦੇ ਪ੍ਰਚਲਿਤ ਹੋਣ ਤੋਂ ਬਹੁਤ ਸਾਲ ਪਹਿਲਾਂ 1914 ਵਿਚ ਹੀ ਬਾਈਬਲ ਵਿਦਿਆਰਥੀਆਂ ਨੇ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਅੱਠ ਘੰਟੇ ਦੀ ਫ਼ਿਲਮ ਵਿਚ ਚੱਲਦੀਆਂ-ਫਿਰਦੀਆਂ ਤਸਵੀਰਾਂ ਅਤੇ ਸਲਾਈਡਾਂ ਦਿਖਾਈਆਂ ਜਾਂਦੀਆਂ ਸਨ। ਇਹ ਰੰਗੀਨ ਫ਼ਿਲਮ ਸੀ ਜਿਸ ਵਿਚ ਆਵਾਜ਼ ਵੀ ਭਰੀ ਗਈ ਸੀ। ਇਸ ਫ਼ਿਲਮ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਸ਼ਾਲੀ ਗਵਾਹੀ ਦਿੱਤੀ।
3 ਅੱਜ ਪਰਮੇਸ਼ੁਰ ਦੇ ਲੋਕ ਸੈਂਕੜੇ ਭਾਸ਼ਾਵਾਂ ਵਿਚ ਬਾਈਬਲਾਂ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਤਿਆਰ ਕਰਨ ਤੇ ਛਾਪਣ ਲਈ ਕੰਪਿਊਟਰਾਈਜ਼ਡ ਯੰਤਰ ਅਤੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀਆਂ ਮਸ਼ੀਨਾਂ ਵਰਤਦੇ ਹਨ। ਆਵਾਜਾਈ ਦੇ ਤੇਜ਼ ਸਾਧਨਾਂ ਦੇ ਜ਼ਰੀਏ ਇਸ ਸਾਹਿੱਤ ਨੂੰ ਦੁਨੀਆਂ ਦੇ 235 ਦੇਸ਼ਾਂ ਵਿਚ ਲੋਕਾਂ ਤਕ ਪਹੁੰਚਾਇਆ ਜਾਂਦਾ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਬਾਈਬਲ ਦੀ ਸੱਚਾਈ ਪਹੁੰਚਾਉਣ ਲਈ ਯਹੋਵਾਹ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਆਪਣੇ ਸੇਵਕਾਂ ਨੂੰ ਤਕਨਾਲੋਜੀ ਦਾ ਚੰਗਾ ਇਸਤੇਮਾਲ ਕਰਨ ਲਈ ਪ੍ਰੇਰਦਾ ਹੈ।
4. ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਕੁਝ ਭੈਣ-ਭਰਾਵਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਹਨ?
4 ਜ਼ਿੰਦਗੀ ਵਿਚ ਤਬਦੀਲੀਆਂ: ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਸੱਚੇ ਭਗਤਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਵੀ ਕੀਤੀਆਂ ਹਨ। ਕਈਆਂ ਨੇ ਸਾਦੀ ਜ਼ਿੰਦਗੀ ਜੀਉਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਹ ਪ੍ਰਚਾਰ ਦੇ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈ ਸਕਣ। ਕੁਝ ਉਨ੍ਹਾਂ ਥਾਵਾਂ ਤੇ ਸੇਵਾ ਕਰਨ ਚਲੇ ਗਏ ਹਨ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕਈਆਂ ਨੇ ਆਪਣੀ ਸੇਵਕਾਈ ਵਧਾਉਣ ਲਈ ਨਵੀਂ ਭਾਸ਼ਾ ਸਿੱਖੀ ਹੈ।
5, 6. ਆਪਣੇ ਇਲਾਕੇ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣ ਲਈ ਕੀ ਕੀਤਾ ਜਾ ਸਕਦਾ ਹੈ?
5 ਇਸ ਤੋਂ ਇਲਾਵਾ, ਅਸੀਂ ਜ਼ਿਆਦਾ ਲੋਕਾਂ ਤਕ ਪਹੁੰਚਣ ਲਈ ਉਸ ਸਮੇਂ ਪ੍ਰਚਾਰ ਕਰ ਸਕਦੇ ਹਾਂ ਜਦੋਂ ਲੋਕ ਘਰ ਹੁੰਦੇ ਹਨ। ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਥਾਵਾਂ ਤੇ ਪ੍ਰਚਾਰ ਕਰਾਂਗੇ ਜਿੱਥੇ ਸਾਨੂੰ ਲੋਕ ਮਿਲਣਗੇ। ਜੇ ਦਿਨ ਦੇ ਵੇਲੇ ਤੁਹਾਨੂੰ ਆਪਣੇ ਖੇਤਰ ਵਿਚ ਲੋਕ ਘਰ ਨਹੀਂ ਮਿਲਦੇ, ਤਾਂ ਕੀ ਤੁਸੀਂ ਆਪਣਾ ਸਮਾਂ ਬਦਲ ਕੇ ਸ਼ਾਮ ਨੂੰ ਗਵਾਹੀ ਦੇ ਸਕਦੇ ਹੋ? ਕੀ ਤੁਸੀਂ ਪਬਲਿਕ ਥਾਵਾਂ ਤੇ ਗਵਾਹੀ ਦੇ ਸਕਦੇ ਹੋ? ਕੀ ਤੁਸੀਂ ਫ਼ੋਨ ਰਾਹੀਂ ਅਤੇ ਕਾਰੋਬਾਰੀ ਇਲਾਕੇ ਵਿਚ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ ਹੈ? ਕੀ ਤੁਸੀਂ ਹਰ ਮੌਕੇ ਤੇ ਗਵਾਹੀ ਦੇਣ ਦੀ ਕੋਸ਼ਿਸ਼ ਕਰਦੇ ਹੋ?
6 ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਯਹੋਵਾਹ ਦੇ ਨਾਂ ਅਤੇ ਉਸ ਦੇ ਰਾਜ ਦਾ ਪ੍ਰਚਾਰ ਕਰ ਰਹੇ ਹਾਂ! ਆਓ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਜ਼ਿੰਦਗੀਆਂ ਬਚਾਉਣ ਵਾਲਾ ਸੰਦੇਸ਼ ਦਿੰਦੇ ਰਹੀਏ।—ਮੱਤੀ 28:19, 20.