ਬ੍ਰਾਂਚ ਤੋਂ ਚਿੱਠੀ
ਪਿਆਰੇ ਭੈਣੋ ਤੇ ਭਰਾਵੋ:
ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਪਿਛਲੇ ਕੁਝ ਸਾਲਾਂ ਤੋਂ ਸੰਗਠਨ ਵਿਚ ਆਈਆਂ ਤਬਦੀਲੀਆਂ ਦੀ ਹਿਮਾਇਤ ਕਰ ਰਹੇ ਹੋ।
1 ਸਤੰਬਰ 2006 ਤੋਂ ਜ਼ਿਲ੍ਹਿਆਂ ਦੀ ਵੰਡ ਸੰਬੰਧੀ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਤਾਂਕਿ ਸਰਕਟ ਸੰਮੇਲਨਾਂ ਦੀ ਦੇਖ-ਰੇਖ ਸਥਾਨਕ ਭਾਸ਼ਾ ਬੋਲਣ ਵਾਲਾ ਜ਼ਿਲ੍ਹਾ ਨਿਗਾਹਬਾਨ ਕਰ ਸਕੇ। ਜ਼ਿਲ੍ਹਾ 1 ਵਿਚ ਅੰਗ੍ਰੇਜ਼ੀ ਸਰਕਟ ਸ਼ਾਮਲ ਹੋਵੇਗਾ, ਜ਼ਿਲ੍ਹਾ 2 ਵਿਚ ਹਿੰਦੀ ਤੇ ਉੱਤਰੀ ਭਾਰਤ ਦੀਆਂ ਭਾਸ਼ਾਵਾਂ ਦੇ ਸਰਕਟ, ਜ਼ਿਲ੍ਹਾ 3 ਵਿਚ ਕੰਨੜ, ਤਾਮਿਲ ਤੇ ਤੇਲਗੂ ਭਾਸ਼ਾਵਾਂ ਦੇ ਸਰਕਟ ਅਤੇ ਜ਼ਿਲ੍ਹਾ 4 ਵਿਚ ਸਾਰੇ ਮਲਿਆਲਮ ਸਰਕਟ ਹੋਣਗੇ।
ਵੱਡੇ-ਵੱਡੇ ਸ਼ਹਿਰਾਂ ਵੱਲ ਵੀ ਖ਼ਾਸ ਧਿਆਨ ਦੇਣ ਦੇ ਜਤਨ ਕੀਤੇ ਗਏ ਹਨ ਜਿਨ੍ਹਾਂ ਵਿਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਨਤੀਜੇ ਵਜੋਂ, ਇੱਕੋ ਇਲਾਕੇ ਵਿਚ ਇਕ ਤੋਂ ਜ਼ਿਆਦਾ ਕਲੀਸਿਯਾਵਾਂ ਕੰਮ ਕਰਨਗੀਆਂ ਤੇ ਹਰ ਕਲੀਸਿਯਾ ਆਪਣੀ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰੇਗੀ।
ਇਸ ਨਵੇਂ ਪ੍ਰਬੰਧ ਨੂੰ ਆਪਣਾ ਪੂਰਾ ਯੋਗਦਾਨ ਦੇਣ ਨਾਲ ਅਸੀਂ ਸਾਰੇ ਹੋਰ ਚੰਗੀ ਤਰ੍ਹਾਂ ਯਹੋਵਾਹ ਦੀ ਮਰਜ਼ੀ ਪੂਰੀ ਕਰ ਸਕਾਂਗੇ। ਇਸ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇਗੀ ਕਿ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਦੂਜੀਆਂ ਭਾਸ਼ਾਵਾਂ ਦੇ ਲੋਕ ਮਿਲਦੇ ਹਨ ਜੋ ਹੋਰ ਜਾਣਨਾ ਚਾਹੁੰਦੇ ਹਨ।—ਜ਼ਬੂ. 40:8.
ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਨਵੇਂ ਲੋਕਾਂ ਦੇ ਆਉਣ ਨਾਲ ਹੋਰ ਕਿੰਗਡਮ ਹਾਲ ਬਣਾਉਣ ਦੀ ਲੋੜ ਪਵੇਗੀ। ਭਾਰਤ ਦੇ ਕਈ ਹਿੱਸਿਆਂ ਵਿਚ ਕਿੰਗਡਮ ਹਾਲ ਬਣਾਉਣ ਵਿਚ ਭੈਣਾਂ-ਭਰਾਵਾਂ ਨੂੰ ਆਪਣੀ ਤਾਕਤ ਅਤੇ ਪੈਸੇ ਨੂੰ ਵਰਤਦਿਆਂ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ ਹੈ। ਹਾਲਾਂਕਿ ਸਾਡੀ ਆਰਥਿਕ ਹਾਲਤ ਸੁਧਰੀ ਨਹੀਂ ਹੈ, ਫਿਰ ਵੀ ਭੈਣਾਂ-ਭਰਾਵਾਂ ਵੱਲੋਂ ਵਧ-ਚੜ੍ਹ ਕੇ ਦਿੱਤੇ ਦਾਨ ਸਦਕਾ ਹੋਰ ਕਿੰਗਡਮ ਹਾਲ ਬਣਾਏ ਜਾ ਰਹੇ ਹਨ। ਜਿਉਂ-ਜਿਉਂ ਕਲੀਸਿਯਾਵਾਂ ਜ਼ਮੀਨ ਖ਼ਰੀਦਣ ਅਤੇ ਉਸਾਰੀ ਕਰਨ ਦਾ ਖ਼ਰਚਾ ਚੁੱਕ ਰਹੀਆਂ ਹਨ, ਯਹੋਵਾਹ ਦੀ ਬਰਕਤ ਨਾਲ ਕਿੰਗਡਮ ਹਾਲ ਬਣਾਉਣ ਦਾ ਕੰਮ ਚੱਲਦਾ ਰਹੇਗਾ।—ਗਲਾ. 6:5; ਜ਼ਬੂ. 127:1.
ਤੁਹਾਡੇ ਭਰਾ,
ਭਾਰਤ ਬ੍ਰਾਂਚ ਆਫਿਸ