ਘਰ-ਘਰ ਪ੍ਰਚਾਰ ਕਰੋ
1. ਘਰ-ਘਰ ਪ੍ਰਚਾਰ ਕਰਨ ਸੰਬੰਧੀ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ ਤੇ ਕਿਉਂ?
1 “ਵੱਖੋ-ਵੱਖਰੇ ਤਰੀਕਿਆਂ ਨਾਲ ਸੱਚਾਈ ਫੈਲਾਉਣ ਵਿਚ ਮਾਹਰ ਭੈਣ-ਭਰਾ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਮਲੈਨਿਅਲ ਡੌਨ ਕਿਤਾਬਾਂ ਦੀ ਮਦਦ ਨਾਲ ਘਰ-ਘਰ ਪ੍ਰਚਾਰ ਕਰਨਾ ਹੁਣ ਤਕ ਦਾ ਸਭ ਤੋਂ ਕਾਰਗਰ ਤਰੀਕਾ ਰਿਹਾ ਹੈ।” ਇਹ ਟਿੱਪਣੀ 1 ਜੁਲਾਈ 1893 ਦੇ ਜ਼ਾਯੰਸ ਵਾਚ ਟਾਵਰ ਵਿਚ ਕੀਤੀ ਗਈ ਸੀ ਜਿਸ ਵਿਚ ਘਰ-ਘਰ ਪ੍ਰਚਾਰ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਗਿਆ ਸੀ। ਘਰ-ਘਰ ਪ੍ਰਚਾਰ ਕਰਨਾ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀ ਪਛਾਣ ਬਣ ਗਈ ਹੈ। ਪਰ ਹੁਣ ਕੁਝ ਦੇਸ਼ਾਂ ਵਿਚ ਲੋਕਾਂ ਦਾ ਘਰਾਂ ਵਿਚ ਮਿਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਤਾਂ ਫਿਰ ਕੀ ਇਹ ਤਰੀਕਾ ਅਜੇ ਵੀ ਕਾਰਗਰ ਹੈ?
2. ਕੀ ਘਰ-ਘਰ ਪ੍ਰਚਾਰ ਕਰਨ ਦਾ ਬਾਈਬਲ ਵਿਚ ਕੋਈ ਆਧਾਰ ਦਿੱਤਾ ਗਿਆ ਹੈ?
2 ਬਾਈਬਲ ਤੇ ਆਧਾਰਿਤ ਕਾਰਗਰ ਤਰੀਕਾ: ਘਰ-ਘਰ ਪ੍ਰਚਾਰ ਕਰਨ ਦਾ ਆਧਾਰ ਬਾਈਬਲ ਵਿਚ ਦਿੱਤਾ ਗਿਆ ਹੈ। ਯਿਸੂ ਨੇ ਆਪਣੇ 70 ਚੇਲਿਆਂ ਨੂੰ ਹਿਦਾਇਤਾਂ ਦੇਣ ਤੋਂ ਬਾਅਦ ਦੋ-ਦੋ ਕਰ ਕੇ ਘਰਾਂ ਵਿਚ ਪ੍ਰਚਾਰ ਕਰਨ ਭੇਜਿਆ ਸੀ। (ਲੂਕਾ 10:5-7) ਬਾਈਬਲ ਦੱਸਦੀ ਹੈ ਕਿ ਯਿਸੂ ਦੀ ਮੌਤ ਤੋਂ ਥੋੜ੍ਹੇ ਚਿਰ ਬਾਅਦ ਉਸ ਦੇ ਚੇਲੇ ‘ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਦੇ ਅਰ ਖੁਸ਼ ਖਬਰੀ ਸੁਣਾਉਂਦੇ ਸਨ।’ (ਰਸੂ. 5:42) ਪੌਲੁਸ ਰਸੂਲ ਨੇ ਵੀ ਜੋਸ਼ ਨਾਲ ਘਰ-ਘਰ ਪ੍ਰਚਾਰ ਕੀਤਾ ਸੀ।—ਰਸੂ. 20:20.
3. ਘਰ-ਘਰ ਪ੍ਰਚਾਰ ਕਰਨ ਦੇ ਕਿਹੜੇ ਕੁਝ ਫ਼ਾਇਦੇ ਹਨ?
3 ਘਰ-ਘਰ ਪ੍ਰਚਾਰ ਕਰਨਾ ਅੱਜ ਵੀ ਖ਼ੁਸ਼ ਖ਼ਬਰੀ ਫੈਲਾਉਣ ਦਾ ਇਕ ਅਹਿਮ ਤਰੀਕਾ ਮੰਨਿਆ ਜਾਂਦਾ ਹੈ। ਇਸ ਨਾਲ ਅਸੀਂ “ਲਾਇਕ” ਲੋਕਾਂ ਨੂੰ ਯੋਜਨਾਬੱਧ ਤਰੀਕੇ ਨਾਲ ਲੱਭ ਸਕਦੇ ਹਾਂ। (ਮੱਤੀ 10:11) ਘਰਾਂ ਵਿਚ ਲੋਕਾਂ ਨੂੰ ਆਮ ਤੌਰ ਤੇ ਫੁਰਸਤ ਹੁੰਦੀ ਹੈ। ਉਨ੍ਹਾਂ ਨਾਲ ਆਮੋ-ਸਾਮ੍ਹਣੇ ਗੱਲ ਕਰਨ, ਉਨ੍ਹਾਂ ਦੀ ਗੱਲ ਸੁਣਨ, ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਅਤੇ ਆਲੇ-ਦੁਆਲੇ ਨੂੰ ਦੇਖਣ ਨਾਲ ਸਾਨੂੰ ਉਨ੍ਹਾਂ ਦੀਆਂ ਰੁਚੀਆਂ ਤੇ ਫ਼ਿਕਰਾਂ ਦਾ ਪਤਾ ਲੱਗਦਾ ਹੈ। ਸਾਨੂੰ ਉਨ੍ਹਾਂ ਨਾਲ ਢੁਕਵੇਂ ਵਿਸ਼ਿਆਂ ਤੇ ਗੱਲਬਾਤ ਕਰਨ ਦਾ ਵਧੀਆ ਮੌਕਾ ਮਿਲਦਾ ਹੈ।
4. ਅਸੀਂ ਹੋਰ ਪ੍ਰਭਾਵਕਾਰੀ ਤਰੀਕੇ ਨਾਲ ਘਰ-ਘਰ ਪ੍ਰਚਾਰ ਕਿਵੇਂ ਕਰ ਸਕਦੇ ਹਾਂ?
4 ਤਬਦੀਲੀਆਂ ਕਰੋ: ਪੌਲੁਸ ਰਸੂਲ “ਇੰਜੀਲ ਦੇ ਨਮਿੱਤ” ਕੋਈ ਵੀ ਤਬਦੀਲੀ ਕਰਨ ਲਈ ਤਿਆਰ ਸੀ। (1 ਕੁਰਿੰ. 9:23) ਅਸੀਂ ਸ਼ਾਇਦ ਆਪਣੀ ਸਮਾਂ-ਸਾਰਣੀ ਨੂੰ ਬਦਲ ਕੇ ਉਸ ਸਮੇਂ ਪ੍ਰਚਾਰ ਕਰ ਸਕਦੇ ਹਾਂ ਜਦ ਜ਼ਿਆਦਾ ਤੋਂ ਜ਼ਿਆਦਾ ਲੋਕ ਘਰਾਂ ਵਿਚ ਮਿਲਣਗੇ ਜਿਵੇਂ ਸ਼ਾਮ ਨੂੰ, ਸ਼ਨੀਵਾਰ-ਐਤਵਾਰ ਜਾਂ ਛੁੱਟੀ ਵਾਲੇ ਦਿਨ। ਉਨ੍ਹਾਂ ਘਰਾਂ ਦਾ ਰਿਕਾਰਡ ਰੱਖੋ ਜਿਨ੍ਹਾਂ ਵਿਚ ਲੋਕ ਨਹੀਂ ਮਿਲਦੇ ਤੇ ਫਿਰ ਕਿਸੇ ਹੋਰ ਦਿਨ ਜਾਂ ਸਮੇਂ ਤੇ ਉਨ੍ਹਾਂ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ।
5. ਬੀਮਾਰ ਭੈਣਾਂ-ਭਰਾਵਾਂ ਨੂੰ ਘਰ-ਘਰ ਪ੍ਰਚਾਰ ਕਰਨ ਵਿਚ ਕਿਵੇਂ ਸ਼ਾਮਲ ਕੀਤਾ ਸਕਦਾ ਹੈ?
5 ਬੀਮਾਰ ਭੈਣ-ਭਰਾ ਵੀ ਘਰ-ਘਰ ਪ੍ਰਚਾਰ ਕਰ ਸਕਦੇ ਹਨ। ਅਸੀਂ ਅਜਿਹੇ ਭੈਣਾਂ-ਭਰਾਵਾਂ ਨੂੰ ਸ਼ਾਇਦ ਨੇੜੇ-ਤੇੜੇ ਦੇ ਘਰਾਂ ਵਿਚ ਜਾਂ ਉਨ੍ਹਾਂ ਘਰਾਂ ਵਿਚ ਪ੍ਰਚਾਰ ਕਰਨ ਲਈ ਲੈ ਜਾ ਸਕਦੇ ਹਾਂ ਜਿੱਥੇ ਪੌੜੀਆਂ ਨਾ ਚੜ੍ਹਨੀਆਂ ਪੈਣ। ਇਸ ਤਰ੍ਹਾਂ ਉਹ ਹੌਲੀ-ਹੌਲੀ ਚੱਲ ਕੇ ਪ੍ਰਚਾਰ ਕਰ ਸਕਣਗੇ। ਇਕ ਭੈਣ ਨੂੰ ਜਲਦੀ ਸਾਹ ਚੜ੍ਹ ਜਾਂਦਾ ਸੀ ਤੇ ਉਹ ਅੱਧੇ ਘੰਟੇ ਵਿਚ ਮਸਾਂ ਇਕ ਘਰ ਕਰ ਪਾਉਂਦੀ ਸੀ। ਪਰ ਪ੍ਰਚਾਰ ਤੋਂ ਬਾਅਦ ਉਸ ਨੂੰ ਇਸ ਗੱਲ ਦੀ ਖ਼ੁਸ਼ੀ ਹੁੰਦੀ ਸੀ ਕਿ ਉਸ ਨੇ ਗਰੁੱਪ ਨਾਲ ਮਿਲ ਕੇ ਪ੍ਰਚਾਰ ਕੀਤਾ।
6. ਸਾਨੂੰ ਬਾਕਾਇਦਾ ਘਰ-ਘਰ ਪ੍ਰਚਾਰ ਕਿਉਂ ਕਰਨਾ ਚਾਹੀਦਾ ਹੈ?
6 ਘਰ-ਘਰ ਪ੍ਰਚਾਰ ਕਰਨ ਕਰਕੇ ਲੋਕ ਸੱਚਾਈ ਵਿਚ ਆ ਰਹੇ ਹਨ। ਇਕ ਭਰਾ ਨੇ ਜਦੋਂ ਇਕ ਘਰ ਦਾ ਦਰਵਾਜ਼ਾ ਖੜਕਾਇਆ, ਤਾਂ ਅੰਦਰੋਂ ਆਵਾਜ਼ ਆਈ: “ਅੰਦਰ ਆ ਜਾਓ। ਮੈਨੂੰ ਪਤਾ ਤੁਸੀਂ ਕੌਣ ਹੋ। ਮੈਂ ਹੁਣੇ ਰੱਬ ਨੂੰ ਦੁਆ ਕੀਤੀ ਕਿ ਉਹ ਮੇਰੀ ਮਦਦ ਕਰਨ ਲਈ ਕਿਸੇ ਨੂੰ ਘੱਲੇ ਤੇ ਫਿਰ ਮੈਂ ਦਰਵਾਜ਼ੇ ਤੇ ਤੁਹਾਡੀ ਦਸਤਕ ਸੁਣੀ। ਰੱਬ ਨੇ ਮੇਰੀ ਸੁਣ ਲਈ ਤੇ ਤੁਹਾਨੂੰ ਘੱਲ ਦਿੱਤਾ।” ਇਹੋ ਜਿਹੇ ਤਜਰਬੇ ਇਸ ਗੱਲ ਦਾ ਸਬੂਤ ਹਨ ਕਿ ਯਹੋਵਾਹ ਘਰ-ਘਰ ਪ੍ਰਚਾਰ ਕਰਨ ਦੇ ਤਰੀਕੇ ਉੱਤੇ ਬਰਕਤ ਪਾ ਰਿਹਾ ਹੈ। (ਮੱਤੀ 11:19) ਆਓ ਆਪਾਂ ਵੀ ਬਾਕਾਇਦਾ ਘਰ-ਘਰ ਪ੍ਰਚਾਰ ਕਰਨ ਦਾ ਪੱਕਾ ਇਰਾਦਾ ਕਰੀਏ।