ਪਰਮੇਸ਼ੁਰ ਦਾ ਕੰਮ ਕਰਨ ਲਈ ਅੱਗੇ ਆਉਣ ਵਾਲਿਆਂ ਨੂੰ ਬਰਕਤਾਂ ਮਿਲਦੀਆਂ ਹਨ
1. ਪਰਮੇਸ਼ੁਰ ਦਾ ਕੰਮ ਕਰਨ ਲਈ ਦਾਊਦ ਤੇ ਨਹਮਯਾਹ ਕਿਵੇਂ ਅੱਗੇ ਆਏ ਸਨ?
1 ਜਦ ਗੋਲਿਅਥ ਨੇ ਇਸਰਾਏਲ ਨੂੰ ਜੰਗ ਲਈ ਲਲਕਾਰਿਆ ਸੀ, ਉਦੋਂ ਕੋਈ ਵੀ ਸੈਨਿਕ ਉਸ ਦਾ ਮੁਕਾਬਲਾ ਕਰਨ ਲਈ ਅੱਗੇ ਆ ਸਕਦਾ ਸੀ। ਪਰ ਇਸ ਦੇ ਉਲਟ ਇਕ ਭੇਡਾਂ ਚਾਰਨ ਵਾਲਾ ਮੁੰਡਾ ਅੱਗੇ ਆਇਆ ਜਿਸ ਨੇ ਕਦੇ ਕੋਈ ਯੁੱਧ-ਵਿੱਦਿਆ ਨਹੀਂ ਲਈ ਸੀ। (1 ਸਮੂ. 17:32) ਜਦ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਯਹੂਦੀ ਯਰੂਸ਼ਲਮ ਪਰਤੇ, ਤਾਂ ਉਨ੍ਹਾਂ ਨੇ ਸ਼ਹਿਰ ਦੀਆਂ ਕੰਧਾਂ ਨਹੀਂ ਬਣਾਈਆਂ। ਉਦੋਂ ਫ਼ਾਰਸ ਦੇ ਪਾਤਸ਼ਾਹ ਦਾ ਇਕ ਸਾਕੀ ਆਪਣਾ ਉੱਚਾ ਰੁਤਬਾ ਛੱਡ ਕੇ ਇਸ ਕੰਮ ਨੂੰ ਪੂਰਾ ਕਰਨ ਲਈ ਅੱਗੇ ਆਇਆ। (ਨਹ. 2:5) ਪਰਮੇਸ਼ੁਰ ਦਾ ਕੰਮ ਕਰਨ ਲਈ ਆਪਣੀ ਇੱਛਾ ਨਾਲ ਅੱਗੇ ਆਉਣ ਵਾਲੇ ਇਨ੍ਹਾਂ ਦੋਹਾਂ ਆਦਮੀਆਂ ਦਾਊਦ ਤੇ ਨਹਮਯਾਹ ਨੂੰ ਯਹੋਵਾਹ ਨੇ ਬਰਕਤਾਂ ਦਿੱਤੀਆਂ।—1 ਸਮੂ. 17:45, 50; ਨਹ. 6:15, 16.
2. ਮਸੀਹੀਆਂ ਨੂੰ ਦੂਜਿਆਂ ਦੀ ਮਦਦ ਕਰਨ ਵਿਚ ਪਹਿਲ ਕਿਉਂ ਕਰਨੀ ਚਾਹੀਦੀ ਹੈ?
2 ਅੱਜ ਦੁਨੀਆਂ ਵਿਚ ਸਵੈ-ਇੱਛਾ ਨਾਲ ਭਲੇ ਕੰਮ ਕਰਨ ਵਾਲਿਆਂ ਦੀ ਘਾਟ ਹੈ। ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਲੋਕਾਂ ਦੀ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਹੈ ਅਤੇ ਕਈ ਤਾਂ “ਆਪ ਸੁਆਰਥੀ” ਹਨ। (2 ਤਿਮੋ. 3:1, 2) ਲੋਕ ਆਪਣੇ ਕੰਮਾਂ-ਕਾਰਾਂ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਹ ਲੋੜਵੰਦ ਲੋਕਾਂ ਦੀ ਮਦਦ ਕਰਨ ਬਾਰੇ ਸੋਚਦੇ ਹੀ ਨਹੀਂ। ਪਰ ਅਸੀਂ ਮਸੀਹੀ ਹੋਣ ਦੇ ਨਾਤੇ ਯਿਸੂ ਦੀ ਨਕਲ ਕਰਨੀ ਚਾਹੁੰਦੇ ਹਾਂ ਜੋ ਦੂਜਿਆਂ ਦੀ ਮਦਦ ਕਰਨ ਵਿਚ ਪਹਿਲ ਕਰਦਾ ਸੀ। (ਯੂਹੰ. 5:5-9; 13:12-15; 1 ਪਤ. 2:21) ਅਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਤੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
3. ਸਵੈ-ਇੱਛਾ ਨਾਲ ਅੱਗੇ ਆ ਕੇ ਅਸੀਂ ਕਲੀਸਿਯਾ ਦੀਆਂ ਸਭਾਵਾਂ ਵਿਚ ਕਿਵੇਂ ਯੋਗਦਾਨ ਪਾਉਂਦੇ ਹਾਂ?
3 ਭੈਣਾਂ-ਭਰਾਵਾਂ ਦੀ ਖ਼ਾਤਰ: ਸਭਾ ਦੇ ਜਿਨ੍ਹਾਂ ਭਾਗਾਂ ਵਿਚ ਹਾਜ਼ਰੀਨ ਨਾਲ ਚਰਚਾ ਕੀਤੀ ਜਾਂਦੀ ਹੈ, ਉਨ੍ਹਾਂ ਭਾਗਾਂ ਵਿਚ ਆਪਣੀ ਇੱਛਾ ਨਾਲ ਟਿੱਪਣੀਆਂ ਕਰ ਕੇ ਅਸੀਂ ਭੈਣਾਂ-ਭਰਾਵਾਂ ਨੂੰ “ਆਤਮਕ ਦਾਨ” ਦਿੰਦੇ ਹਾਂ। (ਰੋਮੀ. 1:11) ਟਿੱਪਣੀਆਂ ਕਰਨ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ, ਸੱਚਾਈ ਸਾਡੇ ਦਿਲਾਂ-ਦਿਮਾਗ਼ਾਂ ਵਿਚ ਹੋਰ ਵੀ ਚੰਗੀ ਤਰ੍ਹਾਂ ਬੈਠ ਜਾਂਦੀ ਹੈ ਅਤੇ ਸਾਡੇ ਲਈ ਸਭਾਵਾਂ ਹੋਰ ਵੀ ਮਜ਼ੇਦਾਰ ਬਣ ਜਾਂਦੀਆਂ ਹਨ। (ਜ਼ਬੂ. 26:12) ਜੇ ਕੋਈ ਭੈਣ ਜਾਂ ਭਰਾ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਆਪਣਾ ਭਾਗ ਪੇਸ਼ ਨਹੀਂ ਕਰ ਸਕਦਾ, ਤਾਂ ਅਸੀਂ ਉਸ ਦੀ ਜਗ੍ਹਾ ਇਹ ਭਾਗ ਪੇਸ਼ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਸਿਖਾਉਣ ਦੀ ਕਾਬਲੀਅਤ ਸੁਧਾਰ ਸਕਾਂਗੇ।
4. ਹੋਰ ਕਿਨ੍ਹਾਂ ਗੱਲਾਂ ਵਿਚ ਅਸੀਂ ਪਹਿਲ ਕਰ ਸਕਦੇ ਹਾਂ?
4 ਭਰਾ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਲਈ ਅੱਗੇ ਆ ਸਕਦੇ ਹਨ। (ਯਸਾ. 32:2; 1 ਤਿਮੋ. 3:1) ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਦੇ ਸਾਰੇ ਪ੍ਰਬੰਧ ਵਧੀਆ ਤਰੀਕੇ ਨਾਲ ਕਰਨ ਲਈ ਸਾਰੇ ਹੀ ਵੱਖੋ-ਵੱਖਰੇ ਵਿਭਾਗਾਂ ਵਿਚ ਕੰਮ ਕਰਨ ਲਈ ਅੱਗੇ ਆ ਸਕਦੇ ਹਨ। ਜਦ ਅਸੀਂ ਖ਼ੁਦ ਪਹਿਲ ਕਰ ਕੇ ਸਰਕਟ ਨਿਗਾਹਬਾਨ ਨਾਲ ਪ੍ਰਚਾਰ ਤੇ ਜਾਂਦੇ ਹਾਂ ਜਾਂ ਉਸ ਨੂੰ ਖਾਣੇ ਤੇ ਬੁਲਾਉਂਦੇ ਹਾਂ, ਤਾਂ ਸਾਨੂੰ ‘ਦੋਵੇਂ ਧਿਰਾਂ ਨੂੰ ਉਤਸਾਹ’ ਮਿਲਦਾ ਹੈ। (ਰੋਮੀ. 1:12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਨਾਲੇ ਜਦ ਅਸੀਂ ਅਨਾਥਾਂ, ਵਿਧਵਾਵਾਂ, ਬੀਮਾਰਾਂ, ਛੋਟੇ-ਛੋਟੇ ਬੱਚਿਆਂ ਵਾਲੀਆਂ ਮਾਵਾਂ ਅਤੇ ਕਲੀਸਿਯਾ ਦੇ ਹੋਰਨਾਂ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ ਅਤੇ ਯਹੋਵਾਹ ਸਾਡੇ ਤੇ ਮਿਹਰ ਕਰਦਾ ਹੈ।—ਕਹਾ. 19:17; ਰਸੂ. 20:35.
5. ਕਿੰਗਡਮ ਹਾਲ ਦੇ ਕਿਨ੍ਹਾਂ ਕੰਮਾਂ ਲਈ ਸਵੈ-ਸੇਵਕਾਂ ਦੀ ਲੋੜ ਪੈਂਦੀ ਹੈ?
5 ਕਿੰਗਡਮ ਹਾਲ ਦੀ ਸਫ਼ਾਈ ਕਰਨ ਅਤੇ ਹਾਲ ਨੂੰ ਵਧੀਆ ਹਾਲਤ ਵਿਚ ਰੱਖਣ ਲਈ ਅਸੀਂ ਆਪਣਾ ਸਮਾਂ ਤੇ ਸਹਿਯੋਗ ਦੇ ਸਕਦੇ ਹਾਂ। ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ ਸੱਚਾਈ ਵਿਚ ਆ ਰਹੇ ਹਨ ਜਿਸ ਕਰਕੇ ਨਵੇਂ ਕਿੰਗਡਮ ਹਾਲਾਂ ਤੇ ਇਨ੍ਹਾਂ ਨੂੰ ਬਣਾਉਣ ਲਈ ਸਵੈ-ਸੇਵਕਾਂ ਦੀ ਲੋੜ ਪੈਂਦੀ ਹੈ। ਇਕ ਪਤੀ-ਪਤਨੀ ਪ੍ਰਾਦੇਸ਼ਕ ਨਿਰਮਾਣ ਸਮਿਤੀ (Regional Building Committee) ਦੀ ਮਦਦ ਕਰਨ ਲਈ ਅੱਗੇ ਆਏ ਭਾਵੇਂ ਕਿ ਉਨ੍ਹਾਂ ਨੂੰ ਉਸਾਰੀ ਦੇ ਕੰਮ ਵਿਚ ਕੋਈ ਮਹਾਰਤ ਹਾਸਲ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਤੇ ਹੁਣ ਉਹ ਇੱਟਾਂ ਦੀ ਚਿਣਾਈ ਕਰਦੇ ਹਨ। ਪਤਨੀ ਨੇ ਕਿਹਾ: “ਹੋਰਨਾਂ ਭੈਣਾਂ-ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਨਾਲ ਅਸੀਂ ਗੂੜ੍ਹੇ ਦੋਸਤ ਬਣ ਗਏ ਹਾਂ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਅਸੀਂ ਥੱਕ ਤਾਂ ਜਾਂਦੇ ਹਾਂ, ਪਰ ਅਧਿਆਤਮਿਕ ਤੌਰ ਤੇ ਤਾਜ਼ਾ ਦਮ ਹੁੰਦੇ ਹਾਂ।”
6. ਪ੍ਰਚਾਰ ਸਭ ਤੋਂ ਜ਼ਰੂਰੀ ਕੰਮ ਕਿਉਂ ਹੈ?
6 ਪ੍ਰਚਾਰ ਕਰ ਕੇ: ਸਵੈ-ਇੱਛਾ ਨਾਲ ਕੀਤਾ ਜਾਣ ਵਾਲਾ ਸਭ ਤੋਂ ਜ਼ਰੂਰੀ ਕੰਮ ਹੈ ਰਾਜ ਦਾ ਪ੍ਰਚਾਰ। ਜਦ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝਣ ਅਤੇ ਲਾਗੂ ਕਰਨ ਵਿਚ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਮਕਸਦ ਮਿਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਨੁਕਸਾਨਦੇਹ ਆਦਤਾਂ ਤੇ ਕਾਬੂ ਪਾਉਣ ਦੀ ਤਾਕਤ ਮਿਲਦੀ ਹੈ। ਸੁਨਹਿਰੇ ਭਵਿੱਖ ਦੀ ਉਮੀਦ ਦਾ ਪਤਾ ਲੱਗਣ ਤੇ ਉਨ੍ਹਾਂ ਦੇ ਚਿਹਰਿਆਂ ਤੇ ਰੌਣਕ ਆ ਜਾਂਦੀ ਹੈ। ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣ ਨਾਲ ਖ਼ੁਸ਼ੀ ਤਾਂ ਹੁੰਦੀ ਹੀ ਹੈ, ਪਰ ਇਸ ਦੇ ਸਥਾਈ ਫ਼ਾਇਦੇ ਵੀ ਹੁੰਦੇ ਹਨ। (ਯੂਹੰ. 17:3; 1 ਤਿਮੋ. 4:16) ਇਸ ਲਈ ਜੇ ਹਾਲਾਤ ਸਾਥ ਦਿੰਦੇ ਹਨ, ਤਾਂ ਅਸੀਂ ਸ਼ਾਇਦ ਔਗਜ਼ੀਲਰੀ ਜਾਂ ਰੈਗੂਲਰ ਪਾਇਨੀਅਰੀ ਕਰ ਕੇ, ਜ਼ਿਆਦਾ ਲੋੜ ਵਾਲੀਆਂ ਥਾਵਾਂ ਤੇ ਜਾ ਕੇ ਜਾਂ ਹੋਰ ਭਾਸ਼ਾ ਸਿੱਖ ਕੇ ਜ਼ਿਆਦਾ ਪ੍ਰਚਾਰ ਕਰ ਸਕਦੇ ਹਾਂ।
7. ਪਰਮੇਸ਼ੁਰ ਦਾ ਕੰਮ ਕਰਨ ਲਈ ਆਪਣੀ ਇੱਛਾ ਨਾਲ ਅੱਗੇ ਆਉਣਾ ਖ਼ਾਸ ਕਰ ਕੇ ਅੱਜ ਜ਼ਰੂਰੀ ਕਿਉਂ ਹੈ?
7 ਰਾਜਾ ਦਾਊਦ ਨੇ ਭਵਿੱਖਬਾਣੀ ਕੀਤੀ ਸੀ ਕਿ ਜਦ ਮਸੀਹਾ ਰਾਜ ਕਰਨਾ ਸ਼ੁਰੂ ਕਰੇਗਾ, ਉਸ ਵੇਲੇ ਪਰਮੇਸ਼ੁਰ ਦੇ ਲੋਕ ‘ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਨਗੇ।’ (ਜ਼ਬੂ. 110:3) ਯਹੋਵਾਹ ਆਖ਼ਰੀ ਅਧਿਆਤਮਿਕ ਵਾਢੀ ਦੇ ਕੰਮ ਨੂੰ ਤੇਜ਼ ਕਰਦਾ ਜਾ ਰਿਹਾ ਹੈ, ਇਸ ਲਈ ਸਾਡੇ ਅੱਗੇ ਬਹੁਤ ਸਾਰਾ ਕੰਮ ਕਰਨ ਨੂੰ ਪਿਆ ਹੈ ਜਿਸ ਨੂੰ ਕਰਨ ਲਈ ਅਸੀਂ ਅੱਗੇ ਆ ਸਕਦੇ ਹਾਂ। (ਯਸਾ. 60:22) ਕੀ ਤੁਸੀਂ ਇਹ ਕਿਹਾ ਹੈ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ”? (ਯਸਾ. 6:8) ਜੀ ਹਾਂ, ਆਪਣੀ ਇੱਛਾ ਨਾਲ ਅੱਗੇ ਆ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ ਅਤੇ ਬਹੁਤ ਸਾਰੀਆਂ ਬਰਕਤਾਂ ਪਾਉਂਦੇ ਹਾਂ।