ਸਾਡੀ ਸੇਵਕਾਈ—ਅਨਮੋਲ ਖ਼ਜ਼ਾਨਾ
1 ਪੌਲੁਸ ਰਸੂਲ ਪਰਮੇਸ਼ੁਰ ਦਾ ਬੇਹੱਦ ਸ਼ੁਕਰਗੁਜ਼ਾਰ ਸੀ ਕਿ ਉਸ ਨੇ ਉਸ ਨੂੰ ਪ੍ਰਚਾਰ ਕਰਨ ਦਾ ਸਨਮਾਨ ਬਖ਼ਸ਼ਿਆ ਸੀ। ਉਸ ਲਈ ਇਹ ਸੇਵਕਾਈ ਕਿਸੇ ਅਨਮੋਲ ‘ਖ਼ਜ਼ਾਨੇ’ ਨਾਲੋਂ ਘੱਟ ਨਹੀਂ ਸੀ। (2 ਕੁਰਿੰ. 4:7) ਇਸ ਸੇਵਕਾਈ ਨੂੰ ਪੂਰਾ ਕਰਨ ਲਈ ਉਸ ਨੇ ਕਈ ਮੁਸ਼ਕਲਾਂ ਤੇ ਸਤਾਹਟਾਂ ਨੂੰ ਖਿੜੇ ਮੱਥੇ ਸਹਿ ਲਿਆ। ਉਹ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਿਆਂ ਥੱਕਦਾ ਨਹੀਂ ਸੀ। ਪ੍ਰਚਾਰ ਦਾ ਕੰਮ ਕਰਦਿਆਂ ਉਸ ਨੇ ਜਲ-ਥਲ ਰਾਹੀਂ ਸੈਂਕੜੇ ਮੀਲ ਸਫ਼ਰ ਤੈ ਕੀਤਾ ਤੇ ਕਈ ਖ਼ਤਰਿਆਂ ਦਾ ਸਾਮ੍ਹਣਾ ਕੀਤਾ। ਸਾਡੇ ਬਾਰੇ ਕੀ? ਕੀ ਅਸੀਂ ਪੌਲੁਸ ਦੀ ਰੀਸ ਕਰਦਿਆਂ ਦਿਖਾ ਸਕਦੇ ਹਾਂ ਕਿ ਅਸੀਂ ਵੀ ਸੇਵਕਾਈ ਦੀ ਗਹਿਰੀ ਕਦਰ ਕਰਦੇ ਹਾਂ? (ਰੋਮੀ. 11:13) ਅਸੀਂ ਕਿਉਂ ਕਹਿੰਦੇ ਹਾਂ ਕਿ ਸਾਡੀ ਸੇਵਕਾਈ ਅਨਮੋਲ ਖ਼ਜ਼ਾਨਾ ਹੈ?
2 ਇਕ ਉੱਤਮ ਖ਼ਜ਼ਾਨਾ: ਧਨ-ਦੌਲਤ ਅਕਸਰ ਲੜਾਈ-ਝਗੜੇ ਅਤੇ ਹੋਰ ਮੁਸੀਬਤਾਂ ਦੀ ਜੜ੍ਹ ਹੁੰਦੀ ਹੈ। ਇਹ ਸਾਨੂੰ ਜ਼ਿੰਦਗੀ ਨਹੀਂ ਦੇ ਸਕਦੀ। ਦੂਜੇ ਪਾਸੇ, ਸਾਡੀ ਸੇਵਕਾਈ ਤੋਂ ਸਾਨੂੰ ਅਤੇ ਹੋਰਨਾਂ ਨੂੰ ਸਦੀਵੀ ਲਾਭ ਹੁੰਦੇ ਹਨ। (1 ਤਿਮੋ. 4:16) ਇਸ ਰਾਹੀਂ ਸੱਚੇ ਦਿਲ ਵਾਲੇ ਲੋਕ ਯਹੋਵਾਹ ਦਾ ਗਿਆਨ ਲੈਂਦੇ ਹਨ, ਉਸ ਦੀ ਇੱਛਾ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਦਲਦੇ ਹਨ ਅਤੇ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਹਾਸਲ ਕਰਨ ਦੀ ਪੱਕੀ ਉਮੀਦ ਮਿਲਦੀ ਹੈ। (ਰੋਮੀ. 10:13-15) ਇਸ ਤੋਂ ਇਲਾਵਾ, ਅਸੀਂ ਵੀ ਆਪਣੀ ਸੇਵਕਾਈ ਦੀ ਦਿਲੋਂ ਕਦਰ ਕਰ ਕੇ ਆਪਣੀ ਜ਼ਿੰਦਗੀ ਮਕਸਦ ਭਰੀ ਬਣਾਉਂਦੇ ਹਾਂ। ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸ ਕੇ ਸਾਨੂੰ ਬੜੀ ਸੰਤੁਸ਼ਟੀ ਮਿਲਦੀ ਹੈ ਅਤੇ ਸੁਨਹਿਰੇ ਭਵਿੱਖ ਦੀ ਪੱਕੀ ਉਮੀਦ ਉੱਤੇ ਸਾਡਾ ਭਰੋਸਾ ਪੱਕਾ ਹੁੰਦਾ ਹੈ।—1 ਕੁਰਿੰ. 15:58.
3 ਇਸ ਖ਼ਜ਼ਾਨੇ ਦੀ ਕਦਰ ਕਰੋ: ਕਿਸੇ ਚੀਜ਼ ਨੂੰ ਅਸੀਂ ਕਿੰਨੀ ਕੁ ਕੀਮਤੀ ਸਮਝਦੇ ਹਾਂ, ਇਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਸ ਤੇ ਕਿੰਨਾ ਕੁ ਖ਼ਰਚ ਕਰਨ ਲਈ ਤਿਆਰ ਹਾਂ। ਯਹੋਵਾਹ ਦੀ ਪ੍ਰਸ਼ੰਸਾ ਕਰਨ ਲਈ ਆਪਣਾ ਸਮਾਂ ਤੇ ਤਾਕਤ ਖ਼ਰਚ ਕਰਨਾ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ! (ਅਫ਼. 5:16, 17) ਅਸੀਂ ਆਪਣਾ ਸਮਾਂ ਜਿਨ੍ਹਾਂ ਕੰਮਾਂ ਵਿਚ ਲਾਉਂਦੇ ਹਾਂ, ਉਸ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਭੌਤਿਕ ਚੀਜ਼ਾਂ ਨਾਲੋਂ ਅਧਿਆਤਮਿਕ ਗੱਲਾਂ ਨੂੰ ਜ਼ਿਆਦਾ ਜ਼ਰੂਰੀ ਸਮਝਦੇ ਹਾਂ। ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਅਨਮੋਲ ਸੰਦੇਸ਼ ਦਿੰਦੇ ਹਾਂ, ਸੋ ਸਾਨੂੰ ਪੂਰੇ ਜੋਸ਼ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਲਈ ਅਸੀਂ ਖ਼ੁਸ਼ ਖ਼ਬਰੀ ਸੁਣਾਉਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਣਾ ਚਾਹਾਂਗੇ।
4 ਆਮ ਤੌਰ ਤੇ ਅਨਮੋਲ ਖ਼ਜ਼ਾਨੇ ਨੂੰ ਲੁਕੋ ਕੇ ਨਹੀਂ ਰੱਖਿਆ ਜਾਂਦਾ, ਸਗੋਂ ਇਸ ਦੀ ਨੁਮਾਇਸ਼ ਲਾਈ ਜਾਂਦੀ ਹੈ ਤਾਂਕਿ ਲੋਕ ਇਸ ਨੂੰ ਦੇਖ ਸਕਣ। ਜੇ ਅਸੀਂ ਅਨਮੋਲ ਖ਼ਜ਼ਾਨੇ ਵਾਂਗ ਵਾਕਈ ਆਪਣੀ ਸੇਵਕਾਈ ਦੀ ਕਦਰ ਕਰਦੇ ਹਾਂ, ਤਾਂ ਇਹ ਗੱਲ ਸਾਰਿਆਂ ਨੂੰ ਨਜ਼ਰ ਆਉਣੀ ਚਾਹੀਦੀ ਹੈ। (ਮੱਤੀ 5:14-16) ਆਓ ਆਪਾਂ ਆਪਣੀ ਸੇਵਕਾਈ ਦੀ ਦਿਲੋਂ ਕਦਰ ਕਰੀਏ ਅਤੇ ਪੌਲੁਸ ਰਸੂਲ ਦੀ ਰੀਸ ਕਰਦਿਆਂ ਹਰ ਮੌਕੇ ਤੇ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਈਏ। ਇਸ ਤਰ੍ਹਾਂ ਅਸੀਂ ਦਿਖਾਵਾਂਗੇ ਕਿ ਸਾਨੂੰ ਆਪਣੀ ਸੇਵਕਾਈ ਤੇ ਮਾਣ ਹੈ।